ਪ੍ਰਕਾਸ਼ ਪੱਤਰ 1 - Punjabi Standard Bibleਮੁੱਖਬੰਧ 1 ਇਹ ਯਿਸੂ ਮਸੀਹ ਦਾ ਪ੍ਰਕਾਸ਼ਨ ਹੈ ਜਿਹੜਾ ਪਰਮੇਸ਼ਰ ਨੇ ਉਸ ਨੂੰ ਦਿੱਤਾ ਕਿ ਆਪਣੇ ਦਾਸਾਂ ਉੱਤੇ ਉਹ ਗੱਲਾਂ ਪਰਗਟ ਕਰੇ ਜਿਨ੍ਹਾਂ ਦਾ ਛੇਤੀ ਪੂਰਾ ਹੋਣਾ ਜ਼ਰੂਰੀ ਹੈ। ਉਸ ਨੇ ਆਪਣੇ ਦੂਤ ਨੂੰ ਭੇਜ ਕੇ ਇਸ ਦੇ ਵਿਖੇ ਆਪਣੇ ਦਾਸ ਯੂਹੰਨਾ ਨੂੰ ਦੱਸਿਆ, 2 ਜਿਸ ਨੇ ਪਰਮੇਸ਼ਰ ਦੇ ਵਚਨ ਅਤੇ ਯਿਸੂ ਮਸੀਹ ਦੀ ਗਵਾਹੀ ਦੇ ਵਿਖੇ ਅਰਥਾਤ ਜੋ ਕੁਝ ਉਸ ਨੇ ਵੇਖਿਆ, ਉਸ ਦੀ ਗਵਾਹੀ ਦਿੱਤੀ। 3 ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਦੇ ਵਚਨਾਂ ਨੂੰ ਪੜ੍ਹਦਾ ਹੈ ਅਤੇ ਧੰਨ ਹਨ ਉਹ ਜਿਹੜੇ ਇਸ ਨੂੰ ਸੁਣਦੇ ਅਤੇ ਇਸ ਵਿੱਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ, ਕਿਉਂਕਿ ਸਮਾਂ ਨੇੜੇ ਹੈ। 4 ਯੂਹੰਨਾ ਵੱਲੋਂ ਅਸਿਯਾ ਦੀਆਂ ਸੱਤਾਂ ਕਲੀਸਿਆਵਾਂ ਨੂੰ: ਤੁਹਾਨੂੰ ਉਸ ਦੀ ਵੱਲੋਂ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ ਅਤੇ ਉਨ੍ਹਾਂ ਸੱਤ ਆਤਮਾਵਾਂ ਦੀ ਵੱਲੋਂ ਜੋ ਉਸ ਦੇ ਸਿੰਘਾਸਣ ਦੇ ਸਾਹਮਣੇ ਹਨ, ਕਿਰਪਾ ਅਤੇ ਸ਼ਾਂਤੀ ਮਿਲੇ 5 ਅਤੇ ਯਿਸੂ ਮਸੀਹ ਦੇ ਵੱਲੋਂ ਵੀ ਜਿਹੜਾ ਸੱਚਾ ਗਵਾਹ ਅਤੇ ਮੁਰਦਿਆਂ ਵਿੱਚੋਂ ਜੇਠਾ ਅਤੇ ਧਰਤੀ ਦੇ ਰਾਜਿਆਂ ਦਾ ਸ਼ਾਸਕ ਹੈ। ਉਹ ਜਿਹੜਾ ਸਾਨੂੰ ਪ੍ਰੇਮ ਕਰਦਾ ਹੈ ਅਤੇ ਜਿਸ ਨੇ ਆਪਣੇ ਲਹੂ ਦੇ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਛੁਡਾਇਆ 6 ਅਤੇ ਸਾਨੂੰ ਇੱਕ ਰਾਜ ਅਰਥਾਤ ਆਪਣੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਯਾਜਕ ਬਣਾਇਆ ਹੈ; ਉਸ ਦੀ ਮਹਿਮਾ ਅਤੇ ਪ੍ਰਭੁਤਾ ਯੁਗੋ-ਯੁਗ ਹੁੰਦੀ ਰਹੇ। ਆਮੀਨ। 7 ਵੇਖੋ, ਉਹ ਬੱਦਲਾਂ ਉੱਤੇ ਆਉਂਦਾ ਹੈ ਅਤੇ ਹਰੇਕ ਅੱਖ ਉਸ ਨੂੰ ਵੇਖੇਗੀ ਅਤੇ ਉਹ ਵੀ ਵੇਖਣਗੇ ਜਿਨ੍ਹਾਂ ਉਸ ਨੂੰ ਵਿੰਨ੍ਹਿਆ ਸੀ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਦੇ ਕਾਰਨ ਵਿਰਲਾਪ ਕਰਨਗੀਆਂ। ਹਾਂ, ਆਮੀਨ। 8 ਪ੍ਰਭੂ ਪਰਮੇਸ਼ਰ ਕਹਿੰਦਾ ਹੈ,“ਮੈਂ ਹੀ ਅਲਫਾ ਅਤੇ ਓਮੇਗਾਹਾਂ; ਉਹ ਸਰਬ-ਸ਼ਕਤੀਮਾਨ ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।” ਯੂਹੰਨਾ ਨੂੰ ਜੀਉਂਦੇ ਪ੍ਰਭੂ ਦਾ ਦਰਸ਼ਨ 9 ਮੈਂ ਯੂਹੰਨਾ, ਜੋ ਤੁਹਾਡਾ ਭਾਈ ਅਤੇ ਉਸ ਕਸ਼ਟ ਅਤੇ ਰਾਜ ਅਤੇ ਧੀਰਜ ਵਿੱਚ ਤੁਹਾਡਾ ਸਾਂਝੀ ਹਾਂ ਜੋ ਯਿਸੂ ਵਿੱਚ ਹੈ, ਪਰਮੇਸ਼ਰ ਦੇ ਵਚਨ ਅਤੇ ਯਿਸੂ ਦੀ ਗਵਾਹੀ ਦੇ ਕਾਰਨ ਪਾਤਮੁਸ ਨਾਮਕ ਟਾਪੂ 'ਤੇ ਸੀ। 10 ਮੈਂ ਪ੍ਰਭੂ ਦੇ ਦਿਨ ਆਤਮਾ ਵਿੱਚ ਸੀ ਅਤੇ ਆਪਣੇ ਪਿੱਛੇ ਤੁਰ੍ਹੀ ਵਰਗੀ ਇੱਕ ਉੱਚੀ ਅਵਾਜ਼ ਨੂੰ ਇਹ ਕਹਿੰਦੇ ਸੁਣਿਆ, 11 “ਜੋ ਕੁਝਤੂੰ ਵੇਖਦਾ ਹੈਂ ਉਸ ਨੂੰ ਇੱਕ ਪੁਸਤਕ ਵਿੱਚ ਲਿਖ ਅਤੇ ਸੱਤਾਂ ਕਲੀਸਿਆਵਾਂ ਅਰਥਾਤ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰੇ, ਸਾਰਦੀਸ, ਫ਼ਿਲਦਲਫ਼ੀਏ ਅਤੇ ਲਾਉਦਿਕੀਏ ਨੂੰ ਭੇਜ।” 12 ਤਦ ਮੈਂ ਉਸ ਅਵਾਜ਼ ਨੂੰ ਵੇਖਣ ਲਈ ਪਿੱਛੇ ਮੁੜਿਆ ਜਿਹੜੀ ਮੇਰੇ ਨਾਲ ਬੋਲਦੀ ਸੀ ਅਤੇ ਜਦੋਂ ਮੁੜਿਆ ਤਾਂ ਮੈਨੂੰ ਸੋਨੇ ਦੇ ਸੱਤ ਸ਼ਮਾਦਾਨ ਵਿਖਾਈ ਦਿੱਤੇ 13 ਅਤੇ ਉਨ੍ਹਾਂ ਸ਼ਮਾਦਾਨਾਂ ਵਿਚਕਾਰ ਮਨੁੱਖ ਦੇ ਪੁੱਤਰ ਜਿਹਾ ਕੋਈ ਸੀ ਜਿਸ ਨੇ ਪੈਰਾਂ ਤੱਕ ਲੰਮਾ ਚੋਗਾ ਪਹਿਨਿਆ ਹੋਇਆ ਸੀ ਅਤੇ ਛਾਤੀ ਦੁਆਲੇ ਸੋਨੇ ਦੀ ਪੇਟੀ ਬੰਨ੍ਹੀ ਹੋਈ ਸੀ। 14 ਉਸ ਦਾ ਸਿਰ ਅਤੇ ਵਾਲ ਉੱਨ ਵਾਂਗ ਚਿੱਟੇ ਅਤੇ ਬਰਫ਼ ਵਾਂਗ ਸਫ਼ੇਦ ਸਨ ਅਤੇ ਉਸ ਦੀਆਂ ਅੱਖਾਂ ਅੱਗ ਦੀ ਲਾਟ ਜਿਹੀਆਂ ਸਨ; 15 ਉਸ ਦੇ ਪੈਰ ਭੱਠੀ ਵਿੱਚ ਤਾਏ ਹੋਏ ਪਿੱਤਲ ਵਾਂਗ ਚਮਕ ਰਹੇ ਸਨ ਅਤੇ ਉਸ ਦੀ ਅਵਾਜ਼ ਬਹੁਤੇ ਪਾਣੀਆਂ ਦੇ ਸ਼ੋਰ ਜਿਹੀ ਸੀ; 16 ਉਸ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਦੋ ਧਾਰੀ ਤਲਵਾਰ ਨਿੱਕਲ ਰਹੀ ਸੀ; ਉਸ ਦਾ ਚਿਹਰਾ ਪੂਰੇ ਤਾਪ ਨਾਲ ਦਹਿਕਦੇ ਹੋਏ ਸੂਰਜ ਵਰਗਾ ਸੀ। 17 ਜਦੋਂ ਮੈਂ ਉਸ ਨੂੰ ਵੇਖਿਆ ਤਾਂ ਇੱਕ ਮੁਰਦੇ ਵਾਂਗ ਉਸ ਦੇ ਪੈਰਾਂ 'ਤੇ ਡਿੱਗ ਪਿਆ। ਤਦ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ,“ਨਾ ਡਰ! ਮੈਂ ਹੀ ਪਹਿਲਾ ਅਤੇ ਆਖਰੀ 18 ਅਤੇ ਜੀਉਂਦਾ ਹਾਂ। ਮੈਂ ਮਰ ਗਿਆ ਸੀ ਅਤੇ ਵੇਖ, ਮੈਂ ਯੁਗੋ-ਯੁਗ ਜੀਉਂਦਾ ਹਾਂ; ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ। 19 ਇਸ ਲਈ ਜੋ ਕੁਝ ਤੂੰ ਵੇਖਿਆ ਅਤੇ ਜੋ ਹੈ ਅਤੇ ਜੋ ਇਸ ਤੋਂ ਬਾਅਦ ਹੋਣ ਵਾਲਾ ਹੈ, ਉਹ ਲਿਖ ਲੈ। 20 ਉਨ੍ਹਾਂ ਸੱਤਾਂ ਤਾਰਿਆਂ ਦਾ ਭੇਤ ਜੋ ਤੂੰ ਮੇਰੇ ਹੱਥ ਵਿੱਚ ਵੇਖੇ ਅਤੇ ਉਨ੍ਹਾਂ ਸੋਨੇ ਦੇ ਸੱਤਾਂ ਸ਼ਮਾਦਾਨਾਂ ਦਾ ਭੇਤ ਇਹ ਹੈ: ਸੱਤ ਤਾਰੇ ਸੱਤਾਂ ਕਲੀਸਿਆਵਾਂ ਦੇ ਦੂਤ ਹਨ ਅਤੇ ਸੱਤ ਸ਼ਮਾਦਾਨ ਸੱਤ ਕਲੀਸਿਆਵਾਂ ਹਨ। |