Aanlyn Bybel

- Advertensies -


ਮਰਕੁਸ ਦੀ ਇੰਜੀਲ 1 - Punjabi Standard Bible


ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਪ੍ਰਚਾਰ

1 ਪਰਮੇਸ਼ਰ ਦੇ ਪੁੱਤਰ ਯਿਸੂ ਮਸੀਹ ਦੀ ਖੁਸ਼ਖ਼ਬਰੀ ਦਾ ਅਰੰਭ।

2 ਜਿਵੇਂ ਯਸਾਯਾਹ ਨਬੀ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: ਵੇਖ, ਮੈਂ ਤੇਰੇ ਅੱਗੇ ਆਪਣੇ ਦੂਤ ਨੂੰ ਭੇਜਦਾ ਹਾਂ, ਜੋ ਤੇਰੇ ਰਾਹ ਨੂੰ ਤਿਆਰ ਕਰੇਗਾ।

3 ਉਜਾੜ ਵਿੱਚ ਇੱਕ ਪੁਕਾਰਨ ਵਾਲੇ ਦੀ ਅਵਾਜ਼, “ਪ੍ਰਭੂ ਦਾ ਰਾਹ ਤਿਆਰ ਕਰੋ, ਉਸ ਦੇ ਰਸਤਿਆਂ ਨੂੰ ਸਿੱਧੇ ਕਰੋ।”

4 ਯੂਹੰਨਾ ਆਇਆ ਜਿਹੜਾ ਉਜਾੜ ਵਿੱਚ ਬਪਤਿਸਮਾ ਦਿੰਦਾ ਅਤੇ ਪਾਪਾਂ ਦੀ ਮਾਫ਼ੀ ਲਈ ਤੋਬਾ ਦੇ ਬਪਤਿਸਮੇ ਦਾ ਪ੍ਰਚਾਰ ਕਰਦਾ ਸੀ।

5 ਸਾਰਾ ਯਹੂਦਿਯਾ ਦੇਸ ਅਤੇ ਸਾਰੇ ਯਰੂਸ਼ਲਮ ਵਾਸੀ ਨਿੱਕਲ ਕੇ ਉਸ ਕੋਲ ਆਉਣ ਲੱਗੇ ਅਤੇ ਆਪਣੇ ਪਾਪਾਂ ਨੂੰ ਮੰਨਦੇ ਹੋਏ ਯਰਦਨ ਨਦੀ ਵਿੱਚ ਉਸ ਕੋਲੋਂ ਬਪਤਿਸਮਾ ਲੈਣ ਲੱਗੇ।

6 ਯੂਹੰਨਾ ਊਠ ਦੇ ਵਾਲਾਂ ਦਾ ਪਹਿਰਾਵਾ ਪਹਿਨਦਾ ਤੇ ਆਪਣੇ ਲੱਕ ਦੁਆਲੇ ਚਮੜੇ ਦਾ ਕਮਰਬੰਦ ਬੰਨ੍ਹਦਾ ਸੀ ਅਤੇ ਉਹ ਟਿੱਡੀਆਂ ਤੇ ਜੰਗਲੀ ਸ਼ਹਿਦ ਖਾਂਦਾ ਸੀ।

7 ਉਹ ਇਹ ਕਹਿੰਦੇ ਹੋਏ ਪ੍ਰਚਾਰ ਕਰਦਾ ਸੀ, “ਜਿਹੜਾ ਮੇਰੇ ਤੋਂ ਬਾਅਦ ਆ ਰਿਹਾ ਹੈ, ਉਹ ਮੇਰੇ ਤੋਂ ਵੱਧ ਸਾਮਰਥੀ ਹੈ; ਜਿਸ ਦੇ ਅੱਗੇ ਝੁਕ ਕੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।

8 ਮੈਂ ਤਾਂ ਤੁਹਾਨੂੰ ਪਾਣੀ ਨਾਲ ਬਪਤਿਸਮਾ ਦਿੱਤਾ ਹੈ, ਪਰ ਉਹ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਵੇਗਾ।”


ਯਿਸੂ ਦਾ ਬਪਤਿਸਮਾ

9 ਉਨ੍ਹਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਯਿਸੂ ਨੇ ਗਲੀਲ ਦੇ ਨਾਸਰਤ ਤੋਂ ਆ ਕੇ ਯਰਦਨ ਨਦੀ ਵਿੱਚ ਯੂਹੰਨਾ ਤੋਂ ਬਪਤਿਸਮਾ ਲਿਆ

10 ਅਤੇ ਪਾਣੀ ਵਿੱਚੋਂ ਉਤਾਂਹ ਆਉਂਦਿਆਂ ਹੀ ਉਸ ਨੇ ਅਕਾਸ਼ ਨੂੰ ਖੁੱਲ੍ਹਦੇ ਅਤੇ ਆਤਮਾ ਨੂੰ ਕਬੂਤਰ ਵਾਂਗ ਆਪਣੇ ਉੱਤੇ ਉੱਤਰਦੇ ਵੇਖਿਆ।

11 ਤਦ ਅਕਾਸ਼ ਤੋਂ ਇੱਕ ਅਵਾਜ਼ ਆਈ, “ਤੂੰ ਮੇਰਾ ਪਿਆਰਾ ਪੁੱਤਰ ਹੈਂ, ਮੈਂ ਤੇਰੇ ਤੋਂ ਬਹੁਤ ਪ੍ਰਸੰਨ ਹਾਂ।”


ਯਿਸੂ ਦਾ ਪਰਤਾਇਆ ਜਾਣਾ

12 ਫਿਰ ਆਤਮਾ ਯਿਸੂ ਨੂੰ ਤੁਰੰਤ ਉਜਾੜ ਵਿੱਚ ਲੈ ਗਿਆ

13 ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਜਾੜ ਵਿੱਚ ਸ਼ੈਤਾਨ ਦੁਆਰਾ ਪਰਤਾਇਆ ਜਾਂਦਾ ਰਿਹਾ ਅਤੇ ਜੰਗਲੀ ਜੀਵਾਂ ਦੇ ਨਾਲ ਰਿਹਾ ਤੇ ਸਵਰਗਦੂਤ ਉਸ ਦੀ ਟਹਿਲ ਸੇਵਾ ਕਰਦੇ ਸਨ।


ਯਿਸੂ ਦੁਆਰਾ ਪ੍ਰਚਾਰ ਦਾ ਅਰੰਭ

14 ਯੂਹੰਨਾ ਨੂੰ ਕੈਦ ਕਰ ਲਏ ਜਾਣ ਤੋਂ ਬਾਅਦ ਯਿਸੂ ਪਰਮੇਸ਼ਰ ਦੇ ਰਾਜ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦਾ ਹੋਇਆ ਗਲੀਲ ਵਿੱਚ ਆਇਆ

15 ਅਤੇ ਕਿਹਾ,“ਸਮਾਂ ਪੂਰਾ ਹੋਇਆ ਅਤੇ ਪਰਮੇਸ਼ਰ ਦਾ ਰਾਜ ਨੇੜੇ ਆ ਗਿਆ ਹੈ; ਤੋਬਾ ਕਰੋ ਅਤੇ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਕਰੋ।”


ਮਛੇਰਿਆਂ ਦਾ ਚੇਲੇ ਹੋਣ ਲਈ ਬੁਲਾਇਆ ਜਾਣਾ

16 ਜਦੋਂ ਉਹ ਗਲੀਲ ਦੀ ਝੀਲ ਦੇ ਕਿਨਾਰੇ ਜਾ ਰਿਹਾ ਸੀ ਤਾਂ ਉਸ ਨੇ ਸ਼ਮਊਨ ਅਤੇ ਉਸ ਦੇ ਭਰਾ ਅੰਦ੍ਰਿਯਾਸ ਨੂੰ ਝੀਲ ਵਿੱਚ ਜਾਲ਼ ਪਾਉਂਦੇ ਵੇਖਿਆ ਕਿਉਂਕਿ ਉਹ ਮਛੇਰੇ ਸਨ।

17 ਯਿਸੂ ਨੇ ਉਨ੍ਹਾਂ ਨੂੰ ਕਿਹਾ,“ਮੇਰੇ ਪਿੱਛੇ ਆਓ ਤਾਂ ਮੈਂ ਤੁਹਾਨੂੰ ਮਨੁੱਖਾਂ ਦੇ ਮਛੇਰੇ ਬਣਾਵਾਂਗਾ।”

18 ਉਹ ਉਸੇ ਵੇਲੇ ਜਾਲ਼ ਛੱਡ ਕੇ ਉਸ ਦੇ ਪਿੱਛੇ ਚੱਲ ਪਏ।

19 ਫਿਰ ਥੋੜ੍ਹਾ ਅੱਗੇ ਜਾ ਕੇ ਉਸ ਨੇ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਉਸ ਦੇ ਭਰਾ ਯੂਹੰਨਾ ਨੂੰ ਕਿਸ਼ਤੀ ਵਿੱਚ ਜਾਲ਼ਾਂ ਨੂੰ ਸੁਧਾਰਦੇ ਵੇਖਿਆ।

20 ਉਸ ਨੇ ਤੁਰੰਤ ਉਨ੍ਹਾਂ ਨੂੰ ਬੁਲਾਇਆ ਅਤੇ ਉਹ ਆਪਣੇ ਪਿਤਾ ਜ਼ਬਦੀ ਨੂੰ ਮਜ਼ਦੂਰਾਂ ਸਮੇਤ ਕਿਸ਼ਤੀ ਵਿੱਚ ਛੱਡ ਕੇ ਉਸ ਦੇ ਪਿੱਛੇ ਚੱਲ ਪਏ।


ਭ੍ਰਿਸ਼ਟ ਆਤਮਾਵਾਂ ਉੱਤੇ ਅਧਿਕਾਰ

21 ਫਿਰ ਉਹ ਕਫ਼ਰਨਾਹੂਮ ਵਿੱਚ ਆਏ ਅਤੇ ਸਬਤ ਦੇ ਦਿਨ ਉਹ ਤੁਰੰਤ ਸਭਾ-ਘਰ ਵਿੱਚ ਜਾ ਕੇ ਉਪਦੇਸ਼ ਦੇਣ ਲੱਗਾ।

22 ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ ਕਿਉਂਕਿ ਉਹ ਉਨ੍ਹਾਂ ਨੂੰ ਸ਼ਾਸਤਰੀਆਂ ਵਾਂਗ ਨਹੀਂ ਸਗੋਂ ਇਖ਼ਤਿਆਰ ਵਾਲੇ ਵਾਂਗ ਉਪਦੇਸ਼ ਦਿੰਦਾ ਸੀ।

23 ਉਸ ਸਮੇਂ ਉਨ੍ਹਾਂ ਦੇ ਸਭਾ-ਘਰ ਵਿੱਚ ਭ੍ਰਿਸ਼ਟ ਆਤਮਾ ਨਾਲ ਜਕੜਿਆ ਹੋਇਆ ਇੱਕ ਮਨੁੱਖ ਸੀ, ਉਹ ਇਹ ਕਹਿ ਕੇ ਚੀਕ ਉੱਠਿਆ,

24 “ਹੇ ਯਿਸੂ ਨਾਸਰੀ, ਤੇਰਾ ਸਾਡੇ ਨਾਲ ਕੀ ਕੰਮ? ਕੀ ਤੂੰ ਸਾਨੂੰ ਨਾਸ ਕਰਨ ਆਇਆ ਹੈਂ? ਮੈਂ ਤੈਨੂੰ ਜਾਣਦਾ ਹਾਂ ਤੂੰ ਕੌਣ ਹੈਂ—ਪਰਮੇਸ਼ਰ ਦਾ ਪਵਿੱਤਰ ਜਨ।”

25 ਪਰ ਯਿਸੂ ਨੇ ਉਸ ਨੂੰ ਝਿੜਕਦੇ ਹੋਏ ਕਿਹਾ,“ਚੁੱਪ ਹੋ ਜਾ ਅਤੇ ਇਸ ਵਿੱਚੋਂ ਨਿੱਕਲ ਜਾ!”

26 ਤਦ ਉਹ ਭ੍ਰਿਸ਼ਟ ਆਤਮਾ ਉਸ ਮਨੁੱਖ ਨੂੰ ਮਰੋੜਦੀ ਅਤੇ ਉੱਚੀ ਅਵਾਜ਼ ਨਾਲ ਚੀਕਾਂ ਮਾਰਦੀ ਹੋਈ ਉਸ ਵਿੱਚੋਂ ਨਿੱਕਲ ਗਈ।

27 ਉਹ ਸਾਰੇ ਹੈਰਾਨ ਰਹਿ ਗਏ ਅਤੇ ਆਪਸ ਵਿੱਚ ਵਿਚਾਰ ਕਰਦੇ ਹੋਏ ਕਹਿਣ ਲੱਗੇ, “ਇਹ ਕੀ ਹੈ? ਅਧਿਕਾਰ ਨਾਲ ਇੱਕ ਨਵੀਂ ਸਿੱਖਿਆ! ਉਹ ਭ੍ਰਿਸ਼ਟ ਆਤਮਾਵਾਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਉਸ ਦੀ ਮੰਨਦੀਆਂ ਹਨ।”

28 ਇਸ ਤਰ੍ਹਾਂ ਉਸ ਦਾ ਜਸ ਤੇਜੀ ਨਾਲ ਗਲੀਲ ਦੇ ਆਲੇ-ਦੁਆਲੇ ਦੇ ਇਲਾਕੇ ਵਿੱਚ ਹਰ ਥਾਂ ਫੈਲ ਗਿਆ।


ਪਤਰਸ ਦੀ ਸੱਸ ਅਤੇ ਹੋਰ ਬਿਮਾਰਾਂ ਦਾ ਚੰਗਾ ਹੋਣਾ

29 ਫਿਰ ਤੁਰੰਤ ਸਭਾ-ਘਰ ਵਿੱਚੋਂ ਨਿੱਕਲ ਕੇ ਉਹ ਯਾਕੂਬ ਅਤੇ ਯੂਹੰਨਾ ਸਮੇਤ ਸ਼ਮਊਨ ਅਤੇ ਅੰਦ੍ਰਿਯਾਸ ਦੇ ਘਰ ਆਏ।

30 ਸ਼ਮਊਨ ਦੀ ਸੱਸ ਬੁਖਾਰ ਨਾਲ ਪਈ ਹੋਈ ਸੀ ਅਤੇ ਉਨ੍ਹਾਂ ਨੇ ਉਸੇ ਵੇਲੇ ਯਿਸੂ ਨੂੰ ਉਸ ਦੇ ਬਾਰੇ ਦੱਸਿਆ।

31 ਤਦ ਉਸ ਨੇ ਕੋਲ ਆ ਕੇ ਉਸ ਨੂੰ ਹੱਥ ਫੜ ਕੇ ਉਠਾਇਆ ਤਾਂ ਉਸ ਦਾ ਬੁਖਾਰ ਉੱਤਰ ਗਿਆ ਤੇ ਉਹ ਉਨ੍ਹਾਂ ਦੀ ਟਹਿਲ ਸੇਵਾ ਕਰਨ ਲੱਗੀ।

32 ਸ਼ਾਮ ਦੇ ਸਮੇਂ ਜਦੋਂ ਸੂਰਜ ਛੁਪ ਗਿਆ ਤਾਂ ਲੋਕ ਸਭ ਰੋਗੀਆਂ ਨੂੰ ਅਤੇ ਉਨ੍ਹਾਂ ਨੂੰ ਜਿਨ੍ਹਾਂ ਵਿੱਚ ਦੁਸ਼ਟ ਆਤਮਾਵਾਂ ਸਨ, ਉਸ ਕੋਲ ਲਿਆਉਣ ਲੱਗੇ

33 ਅਤੇ ਸਾਰਾ ਨਗਰ ਦਰਵਾਜ਼ੇ 'ਤੇ ਇਕੱਠਾ ਹੋ ਗਿਆ।

34 ਤਦ ਉਸ ਨੇ ਬਹੁਤਿਆਂ ਨੂੰ ਜਿਹੜੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਪੀੜਿਤ ਸਨ, ਚੰਗਾ ਕੀਤਾ ਅਤੇ ਬਹੁਤ ਸਾਰੀਆਂ ਦੁਸ਼ਟ ਆਤਮਾਵਾਂ ਨੂੰ ਕੱਢ ਦਿੱਤਾ ਅਤੇ ਉਨ੍ਹਾਂ ਨੂੰ ਬੋਲਣ ਨਾ ਦਿੱਤਾ ਕਿਉਂਕਿ ਉਹ ਉਸ ਨੂੰ ਪਛਾਣਦੀਆਂ ਸਨ।


ਗਲੀਲ ਵਿੱਚ ਖੁਸ਼ਖ਼ਬਰੀ ਦਾ ਪ੍ਰਚਾਰ

35 ਫਿਰ ਬਹੁਤ ਤੜਕੇ ਜਦੋਂ ਹਨੇਰਾ ਹੀ ਸੀ, ਉਹ ਉੱਠ ਕੇ ਬਾਹਰ ਨਿੱਕਲਿਆ ਅਤੇ ਇੱਕ ਇਕਾਂਤ ਥਾਂ 'ਤੇ ਚਲਾ ਗਿਆ ਅਤੇ ਉੱਥੇ ਪ੍ਰਾਰਥਨਾ ਕਰਨ ਲੱਗਾ।

36 ਤਦ ਸ਼ਮਊਨ ਅਤੇ ਉਸ ਦੇ ਸਾਥੀ ਉਸ ਨੂੰ ਲੱਭਣ ਗਏ।

37 ਜਦੋਂ ਉਹ ਮਿਲ ਗਿਆ ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, “ਸਾਰੇ ਤੈਨੂੰ ਲੱਭ ਰਹੇ ਹਨ।”

38 ਤਦ ਉਸ ਨੇ ਉਨ੍ਹਾਂ ਨੂੰ ਕਿਹਾ,“ਆਓ, ਅਸੀਂ ਕਿਸੇ ਹੋਰ ਪਾਸੇ ਨੇੜੇ ਦੇ ਪਿੰਡਾਂ ਨੂੰ ਚੱਲੀਏ ਤਾਂਕਿ ਮੈਂ ਉੱਥੇ ਵੀ ਪ੍ਰਚਾਰ ਕਰਾਂ ਕਿਉਂਕਿ ਮੈਂ ਇਸੇ ਲਈ ਆਇਆ ਹਾਂ।”

39 ਉਹ ਸਾਰੇ ਗਲੀਲ ਵਿੱਚ ਉਨ੍ਹਾਂ ਦੇ ਸਭਾ-ਘਰਾਂ ਵਿੱਚ ਜਾ ਕੇ ਪ੍ਰਚਾਰ ਕਰਦਾ ਅਤੇ ਦੁਸ਼ਟ ਆਤਮਾਵਾਂ ਨੂੰ ਕੱਢਦਾ ਸੀ।


ਕੋੜ੍ਹੀ ਨੂੰ ਸ਼ੁੱਧ ਕਰਨਾ

40 ਇੱਕ ਕੋੜ੍ਹੀ ਮਿੰਨਤ ਕਰਦਾ ਹੋਇਆ ਉਸ ਕੋਲ ਆਇਆ ਅਤੇ ਗੋਡੇ ਟੇਕ ਕੇ ਉਸ ਨੂੰ ਕਹਿਣ ਲੱਗਾ, “ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।”

41 ਤਦ ਯਿਸੂ ਨੇ ਤਰਸ ਖਾ ਕੇ ਆਪਣਾ ਹੱਥ ਵਧਾਇਆ ਅਤੇ ਉਸ ਨੂੰ ਛੂਹ ਕੇ ਕਿਹਾ,“ਮੈਂ ਚਾਹੁੰਦਾ ਹਾਂ; ਸ਼ੁੱਧ ਹੋ ਜਾ!”

42 ਤਾਂ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ ਅਤੇ ਉਹ ਸ਼ੁੱਧ ਹੋ ਗਿਆ।

43 ਤਦ ਉਸ ਨੇ ਸਖ਼ਤ ਚਿਤਾਵਨੀ ਦੇ ਕੇ ਉਸ ਨੂੰ ਤੁਰੰਤ ਭੇਜ ਦਿੱਤਾ

44 ਅਤੇ ਉਸ ਨੂੰ ਕਿਹਾ,“ਵੇਖ, ਤੂੰ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਸ ਦੀ ਆਗਿਆ ਮੂਸਾ ਨੇ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।”

45 ਪਰ ਉਹ ਬਾਹਰ ਜਾ ਕੇ ਇਸ ਗੱਲ ਦਾ ਐਨਾ ਜ਼ਿਆਦਾ ਪ੍ਰਚਾਰ ਕਰਨ ਅਤੇ ਫੈਲਾਉਣ ਲੱਗਾ ਕਿ ਯਿਸੂ ਫਿਰ ਖੁੱਲ੍ਹੇਆਮ ਨਗਰ ਵਿੱਚ ਪ੍ਰਵੇਸ਼ ਨਾ ਕਰ ਸਕਿਆ, ਸਗੋਂ ਬਾਹਰ ਉਜਾੜ ਥਾਵਾਂ ਵਿੱਚ ਰਿਹਾ ਅਤੇ ਲੋਕ ਚਾਰੇ ਪਾਸਿਓਂ ਉਸ ਦੇ ਕੋਲ ਆਉਂਦੇ ਰਹੇ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies