Aanlyn Bybel

- Advertensies -


ਲੂਕਾ ਦੀ ਇੰਜੀਲ 5 - Punjabi Standard Bible


ਯਿਸੂ ਮਸੀਹ ਦੇ ਪਹਿਲੇ ਚੇਲੇ

1 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਗੰਨੇਸਰਤ ਦੀ ਝੀਲ ਦੇ ਕਿਨਾਰੇ ਖੜ੍ਹਾ ਸੀ ਤਾਂ ਭੀੜ ਪਰਮੇਸ਼ਰ ਦਾ ਵਚਨ ਸੁਣਨ ਲਈ ਉਸ ਉੱਤੇ ਡਿੱਗਦੀ ਜਾਂਦੀ ਸੀ।

2 ਤਦ ਉਸ ਨੇ ਝੀਲ ਦੇ ਕਿਨਾਰੇ ਦੋ ਕਿਸ਼ਤੀਆਂ ਖੜ੍ਹੀਆਂ ਵੇਖੀਆਂ ਅਤੇ ਮਛੇਰੇ ਉਨ੍ਹਾਂ ਵਿੱਚੋਂ ਉੱਤਰ ਕੇ ਜਾਲ਼ ਧੋ ਰਹੇ ਸਨ।

3 ਉਸ ਨੇ ਉਨ੍ਹਾਂ ਕਿਸ਼ਤੀਆਂ ਵਿੱਚੋਂ ਇੱਕ 'ਤੇ ਜੋ ਸ਼ਮਊਨ ਦੀ ਸੀ, ਚੜ੍ਹ ਕੇ ਉਸ ਨੂੰ ਕਿਹਾ ਕਿ ਉਹ ਕਿਸ਼ਤੀ ਨੂੰ ਕਿਨਾਰੇ ਤੋਂ ਥੋੜ੍ਹਾ ਹਟਾ ਲਵੇ। ਤਦ ਉਹ ਕਿਸ਼ਤੀ ਵਿੱਚ ਬੈਠ ਕੇ ਲੋਕਾਂ ਨੂੰ ਉਪਦੇਸ਼ ਦੇਣ ਲੱਗਾ।

4 ਜਦੋਂ ਉਹ ਬੋਲ ਹਟਿਆ ਤਾਂ ਸ਼ਮਊਨ ਨੂੰ ਕਿਹਾ,“ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਮੱਛੀਆਂ ਫੜਨ ਲਈ ਆਪਣੇ ਜਾਲ਼ ਪਾਓ।”

5 ਸ਼ਮਊਨ ਨੇ ਕਿਹਾ, “ਸੁਆਮੀ, ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਹੀਂ ਫੜਿਆ, ਫਿਰ ਵੀ ਤੇਰੇ ਕਹਿਣ 'ਤੇ ਮੈਂ ਜਾਲ਼ ਪਾਵਾਂਗਾ।”

6 ਜਦੋਂ ਉਨ੍ਹਾਂ ਇਹ ਕੀਤਾ ਤਾਂ ਵੱਡੀ ਗਿਣਤੀ ਵਿੱਚ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਪਾਟਣ ਲੱਗੇ।

7 ਤਦ ਉਨ੍ਹਾਂ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਕਿਸ਼ਤੀ ਉੱਤੇ ਸਨ, ਇਸ਼ਾਰਾ ਕੀਤਾ ਕਿ ਉਹ ਆ ਕੇ ਉਨ੍ਹਾਂ ਦੀ ਮਦਦ ਕਰਨ। ਉਹ ਆਏ ਅਤੇ ਦੋਵੇਂ ਕਿਸ਼ਤੀਆਂ ਐਨੀਆਂ ਭਰ ਲਈਆਂ ਕਿ ਉਹ ਡੁੱਬਣ ਲੱਗੀਆਂ।

8 ਇਹ ਵੇਖ ਕੇ ਸ਼ਮਊਨ ਪਤਰਸ ਯਿਸੂ ਦੇ ਚਰਨਾਂ 'ਤੇ ਡਿੱਗ ਪਿਆ ਅਤੇ ਕਿਹਾ, “ਪ੍ਰਭੂ, ਮੇਰੇ ਕੋਲੋਂ ਚਲਾ ਜਾ, ਕਿਉਂ ਜੋ ਮੈਂ ਇੱਕ ਪਾਪੀ ਮਨੁੱਖ ਹਾਂ।”

9 ਕਿਉਂਕਿ ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਸ ਦੇ ਸਾਰੇ ਸਾਥੀ ਹੈਰਾਨ ਸਨ

10 ਅਤੇ ਇਸੇ ਤਰ੍ਹਾਂ ਸ਼ਮਊਨ ਦੇ ਸਾਥੀ ਅਰਥਾਤ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਹੈਰਾਨ ਸਨ। ਤਦ ਯਿਸੂ ਨੇ ਸ਼ਮਊਨ ਨੂੰ ਕਿਹਾ,“ਨਾ ਡਰ! ਹੁਣ ਤੋਂ ਤੂੰ ਮਨੁੱਖਾਂ ਨੂੰ ਫੜੇਂਗਾ।”

11 ਉਹ ਕਿਸ਼ਤੀਆਂ ਕਿਨਾਰੇ ਉੱਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਪਿੱਛੇ ਹੋ ਤੁਰੇ।


ਕੋੜ੍ਹੀ ਦਾ ਸ਼ੁੱਧ ਹੋਣਾ

12 ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਇੱਕ ਨਗਰ ਵਿੱਚ ਸੀ ਤਾਂ ਵੇਖੋ, ਉੱਥੇ ਕੋੜ੍ਹ ਨਾਲ ਭਰਿਆ ਇੱਕ ਮਨੁੱਖ ਸੀ। ਉਸ ਨੇ ਯਿਸੂ ਨੂੰ ਵੇਖਿਆ ਅਤੇ ਮੂੰਹ ਪਰਨੇ ਲੰਮੇ ਪੈ ਕੇ ਬੇਨਤੀ ਕੀਤੀ, “ਪ੍ਰਭੂ, ਜੇ ਤੂੰ ਚਾਹੇਂ ਤਾਂ ਮੈਨੂੰ ਸ਼ੁੱਧ ਕਰ ਸਕਦਾ ਹੈਂ।”

13 ਯਿਸੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਕਿਹਾ,“ਮੈਂ ਚਾਹੁੰਦਾ ਹਾਂ; ਸ਼ੁੱਧ ਹੋ ਜਾ!” ਤਾਂ ਉਸੇ ਵੇਲੇ ਉਸ ਦਾ ਕੋੜ੍ਹ ਜਾਂਦਾ ਰਿਹਾ।

14 ਉਸ ਨੇ ਉਹਨੂੰ ਹੁਕਮ ਦਿੱਤਾ ਕਿਕਿਸੇ ਨੂੰ ਨਾ ਦੱਸੀਂ, ਪਰ ਜਾ ਕੇ ਆਪਣੇ ਆਪ ਨੂੰ ਯਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਆਗਿਆ ਦਿੱਤੀ ਹੈ ਤਾਂਕਿ ਉਨ੍ਹਾਂ ਲਈ ਗਵਾਹੀ ਹੋਵੇ।

15 ਪਰ ਉਸ ਦੀ ਚਰਚਾ ਹੋਰ ਵੀ ਫੈਲਣ ਲੱਗੀ ਅਤੇ ਇੱਕ ਵੱਡੀ ਭੀੜ ਉਸ ਦੀ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗਾ ਹੋਣ ਲਈ ਇਕੱਠੀ ਹੁੰਦੀ ਸੀ।

16 ਪਰ ਉਹ ਇਕਾਂਤ ਥਾਵਾਂ ਵਿੱਚ ਜਾ ਕੇ ਪ੍ਰਾਰਥਨਾ ਕਰਦਾ ਹੁੰਦਾ ਸੀ।


ਅਧਰੰਗੀ ਦਾ ਚੰਗਾ ਹੋਣਾ

17 ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਉਹ ਉਪਦੇਸ਼ ਦੇ ਰਿਹਾ ਸੀ ਅਤੇ ਫ਼ਰੀਸੀ ਅਤੇ ਬਿਵਸਥਾ ਦੇ ਸਿਖਾਉਣ ਵਾਲੇ ਜਿਹੜੇ ਯਹੂਦਿਯਾ, ਯਰੂਸ਼ਲਮ ਅਤੇ ਗਲੀਲ ਦੇ ਹਰੇਕ ਪਿੰਡ ਵਿੱਚੋਂ ਆਏ ਸਨ, ਉੱਥੇ ਬੈਠੇ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ।

18 ਤਦ ਵੇਖੋ, ਕੁਝ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਚੁੱਕ ਕੇ ਲਿਆਏ ਅਤੇ ਉਸ ਨੂੰ ਅੰਦਰ ਲਿਜਾ ਕੇ ਯਿਸੂ ਦੇ ਅੱਗੇ ਰੱਖਣਾ ਚਾਹਿਆ,

19 ਪਰ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲਿਜਾਣ ਦਾ ਕੋਈ ਰਾਹ ਨਾ ਮਿਲਿਆ ਤਾਂ ਉਨ੍ਹਾਂ ਛੱਤ ਉੱਤੇ ਚੜ੍ਹ ਕੇ ਖਪਰੈਲਾਂ ਹਟਾਈਆਂ ਅਤੇ ਉਸ ਨੂੰ ਮੰਜੀ ਸਮੇਤ ਵਿਚਕਾਰ ਯਿਸੂ ਦੇ ਸਾਹਮਣੇ ਉਤਾਰ ਦਿੱਤਾ।

20 ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਉਸ ਨੇ ਕਿਹਾ,“ਮਨੁੱਖਾ, ਤੇਰੇ ਪਾਪ ਮਾਫ਼ ਹੋਏ।”

21 ਤਦ ਫ਼ਰੀਸੀ ਅਤੇ ਸ਼ਾਸਤਰੀ ਵਿਚਾਰ ਕਰਨ ਲੱਗੇ, “ਇਹ ਕੌਣ ਹੈ ਜੋ ਪਰਮੇਸ਼ਰ ਦੀ ਨਿੰਦਾ ਕਰਦਾ ਹੈ? ਇੱਕ ਪਰਮੇਸ਼ਰ ਤੋਂ ਬਿਨਾਂ ਹੋਰ ਕੌਣ ਪਾਪ ਮਾਫ਼ ਕਰ ਸਕਦਾ ਹੈ?”

22 ਪਰ ਯਿਸੂ ਨੇ ਉਨ੍ਹਾਂ ਦੇ ਵਿਚਾਰਾਂ ਨੂੰ ਜਾਣ ਕੇ ਉਨ੍ਹਾਂ ਨੂੰ ਕਿਹਾ,“ਤੁਸੀਂ ਆਪਣੇ ਮਨਾਂ ਵਿੱਚ ਇਸ ਤਰ੍ਹਾਂ ਵਿਚਾਰ ਕਿਉਂ ਕਰ ਰਹੇ ਹੋ?

23 ਸੌਖਾ ਕੀ ਹੈ? ਇਹ ਕਹਿਣਾ, ‘ਤੇਰੇ ਪਾਪ ਮਾਫ਼ ਹੋਏ’ ਜਾਂ ਇਹ ਕਹਿਣਾ, ‘ਉੱਠ ਅਤੇ ਚੱਲ-ਫਿਰ’?

24 ਪਰ ਇਸ ਲਈ ਜੋ ਤੁਸੀਂ ਜਾਣ ਲਵੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ।” ਫਿਰ ਉਸ ਨੇ ਅਧਰੰਗੀ ਨੂੰ ਕਿਹਾ,“ਮੈਂ ਤੈਨੂੰ ਕਹਿੰਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਆਪਣੇ ਘਰ ਚਲਾ ਜਾ।”

25 ਉਹ ਤੁਰੰਤ ਉਨ੍ਹਾਂ ਦੇ ਸਾਹਮਣਿਓਂ ਉੱਠਿਆ ਅਤੇ ਉਸ ਮੰਜੀ ਨੂੰ ਜਿਸ ਉੱਤੇ ਪਿਆ ਸੀ, ਚੁੱਕ ਕੇ ਪਰਮੇਸ਼ਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਨੂੰ ਚਲਾ ਗਿਆ।

26 ਤਦ ਉਹ ਸਾਰੇ ਹੈਰਾਨ ਰਹਿ ਗਏ ਅਤੇ ਪਰਮੇਸ਼ਰ ਦੀ ਮਹਿਮਾ ਕਰਨ ਲੱਗੇ ਅਤੇ ਭੈਭੀਤ ਹੋ ਕੇ ਬੋਲੇ, “ਅੱਜ ਅਸੀਂ ਅਨੋਖੇ ਕੰਮ ਵੇਖੇ ਹਨ।”


ਲੇਵੀ ਦਾ ਬੁਲਾਇਆ ਜਾਣਾ

27 ਇਨ੍ਹਾਂ ਗੱਲਾਂ ਤੋਂ ਬਾਅਦ ਯਿਸੂ ਬਾਹਰ ਚਲਾ ਗਿਆ ਅਤੇ ਲੇਵੀ ਨਾਮਕ ਇੱਕ ਮਹਿਸੂਲੀਏ ਨੂੰ ਚੁੰਗੀ 'ਤੇ ਬੈਠਾ ਵੇਖਿਆ ਅਤੇ ਉਸ ਨੂੰ ਕਿਹਾ,“ਮੇਰੇ ਪਿੱਛੇ ਹੋ ਤੁਰ।”

28 ਤਦ ਉਹ ਸਭ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਹੋ ਤੁਰਿਆ।


ਪਾਪੀਆਂ ਨਾਲ ਭੋਜਨ ਕਰਨਾ

29 ਫਿਰ ਲੇਵੀ ਨੇ ਆਪਣੇ ਘਰ ਵਿੱਚ ਉਸ ਦੇ ਲਈ ਇੱਕ ਵੱਡੀ ਦਾਅਵਤ ਕੀਤੀ ਅਤੇ ਉੱਥੇ ਮਹਿਸੂਲੀਆਂ ਅਤੇ ਹੋਰਨਾਂ ਲੋਕਾਂ ਦੀ ਜਿਹੜੇ ਉਨ੍ਹਾਂ ਨਾਲ ਖਾਣ ਲਈ ਬੈਠੇ ਸਨ, ਇੱਕ ਵੱਡੀ ਭੀੜ ਜਮ੍ਹਾ ਸੀ।

30 ਤਦ ਫ਼ਰੀਸੀ ਅਤੇ ਉਨ੍ਹਾਂ ਦੇ ਸ਼ਾਸਤਰੀ ਉਸ ਦੇ ਚੇਲਿਆਂ ਵਿਰੁੱਧ ਬੁੜਬੁੜਾ ਕੇ ਕਹਿਣ ਲੱਗੇ, “ਤੁਸੀਂ ਮਹਿਸੂਲੀਆਂ ਅਤੇ ਪਾਪੀਆਂ ਦੇ ਨਾਲ ਕਿਉਂ ਖਾਂਦੇ-ਪੀਂਦੇ ਹੋ?”

31 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ,“ਤੰਦਰੁਸਤਾਂ ਨੂੰ ਵੈਦ ਦੀ ਜ਼ਰੂਰਤ ਨਹੀਂ ਪਰ ਰੋਗੀਆਂ ਨੂੰ ਹੁੰਦੀ ਹੈ;

32 ਮੈਂ ਧਰਮੀਆਂ ਨੂੰ ਨਹੀਂ, ਸਗੋਂ ਪਾਪੀਆਂ ਨੂੰ ਤੋਬਾ ਲਈ ਬੁਲਾਉਣ ਆਇਆ ਹਾਂ।”


ਵਰਤ ਸੰਬੰਧੀ ਪ੍ਰਸ਼ਨ

33 ਉਨ੍ਹਾਂ ਨੇ ਉਸ ਨੂੰ ਕਿਹਾ, “ਯੂਹੰਨਾ ਦੇ ਚੇਲੇ ਤਾਂ ਅਕਸਰ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਇਸੇ ਤਰ੍ਹਾਂ ਫ਼ਰੀਸੀਆਂ ਦੇ ਵੀ, ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਹਨ।”

34 ਯਿਸੂ ਨੇ ਉਨ੍ਹਾਂ ਨੂੰ ਕਿਹਾ,“ਜਦੋਂ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਕੀ ਤੁਸੀਂ ਉਨ੍ਹਾਂ ਤੋਂ ਵਰਤ ਰੱਖਵਾ ਸਕਦੇ ਹੋ?

35 ਪਰ ਉਹ ਦਿਨ ਆਉਣਗੇ ਜਦੋਂ ਲਾੜਾ ਉਨ੍ਹਾਂ ਤੋਂ ਵੱਖ ਕੀਤਾ ਜਾਵੇਗਾ, ਤਦ ਉਨ੍ਹਾਂ ਦਿਨਾਂ ਵਿੱਚ ਉਹ ਵਰਤ ਰੱਖਣਗੇ।”

36 ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵੀ ਦਿੱਤਾ:“ਕੋਈ ਵੀ ਨਵੇਂ ਕੱਪੜੇ ਦੀ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਨਹੀਂ ਲਾਉਂਦਾ, ਨਹੀਂ ਤਾਂ ਨਵਾਂ ਪਾਟ ਜਾਵੇਗਾ ਅਤੇ ਨਵੇਂ ਕੱਪੜੇ ਦੀ ਟਾਕੀ ਪੁਰਾਣੇ ਨਾਲ ਮੇਲ ਵੀ ਨਹੀਂ ਖਾਵੇਗੀ।

37 ਕੋਈ ਵੀ ਨਵੀਂ ਮੈ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਦਾ, ਨਹੀਂ ਤਾਂ ਨਵੀਂ ਮੈ ਮਸ਼ਕਾਂ ਨੂੰ ਪਾੜ ਦੇਵੇਗੀ ਅਤੇ ਵਹਿ ਜਾਵੇਗੀ ਅਤੇ ਮਸ਼ਕਾਂ ਨਾਸ ਹੋ ਜਾਣਗੀਆਂ।

38 ਪਰ ਨਵੀਂ ਮੈ ਨੂੰ ਨਵੀਆਂ ਮਸ਼ਕਾਂ ਵਿੱਚ ਹੀ ਭਰਨਾ ਚਾਹੀਦਾ ਹੈ।

39 ਕੋਈ ਵੀ ਪੁਰਾਣੀ ਮੈ ਪੀ ਕੇ ਨਵੀਂ ਦੀ ਇੱਛਾ ਨਹੀਂ ਕਰਦਾ; ਕਿਉਂਕਿ ਉਹ ਕਹਿੰਦਾ ਹੈ, ‘ਪੁਰਾਣੀ ਹੀ ਚੰਗੀ ਹੈ’।”

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies