ਯਹੂਦਾਹ 1 - Punjabi Standard Bibleਸਲਾਮ 1 ਯਹੂਦਾਹ ਵੱਲੋਂ ਜੋ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਉਨ੍ਹਾਂ ਬੁਲਾਏ ਹੋਇਆਂ ਨੂੰ ਜੋ ਪਿਤਾ ਪਰਮੇਸ਼ਰ ਵਿੱਚ ਪਿਆਰੇ ਹਨ ਅਤੇ ਯਿਸੂ ਮਸੀਹ ਵਿੱਚ ਸੁਰੱਖਿਅਤ ਰੱਖੇ ਹੋਏ ਹਨ: 2 ਤੁਹਾਡੇ ਉੱਤੇ ਦਇਆ, ਸ਼ਾਂਤੀ ਅਤੇ ਪ੍ਰੇਮ ਭਰਪੂਰੀ ਨਾਲ ਹੁੰਦਾ ਰਹੇ। ਕੁਧਰਮੀਆਂ ਉੱਤੇ ਪਰਮੇਸ਼ਰ ਦਾ ਦੰਡ 3 ਹੇ ਪਿਆਰਿਓ, ਮੈਂ ਤੁਹਾਨੂੰ ਸਾਡੀ ਸਾਂਝੀ ਮੁਕਤੀ ਦੇ ਸੰਬੰਧ ਵਿੱਚ ਲਿਖਣ ਲਈ ਬਹੁਤ ਉਤਸੁਕ ਸੀ, ਪਰ ਮੈਂ ਤੁਹਾਨੂੰ ਇਹ ਲਿਖਣਾ ਅਤੇ ਸਮਝਾਉਣਾ ਜ਼ਰੂਰੀ ਸਮਝਿਆ ਕਿ ਉਸ ਵਿਸ਼ਵਾਸ ਦੇ ਲਈ ਪੂਰਾ ਯਤਨ ਕਰੋ ਜਿਹੜਾ ਸੰਤਾਂ ਨੂੰ ਇੱਕੋ ਵਾਰ ਸੌਂਪਿਆ ਗਿਆ ਹੈ। 4 ਕਿਉਂਕਿ ਕਈ ਅਜਿਹੇ ਮਨੁੱਖ ਚੁੱਪਚਾਪ ਸਾਡੇ ਵਿੱਚ ਆ ਵੜੇ ਹਨ ਜਿਨ੍ਹਾਂ ਦੇ ਲਈ ਇਸ ਦੰਡ ਦੇ ਵਿਖੇ ਪਹਿਲਾਂ ਤੋਂ ਲਿਖਿਆ ਹੋਇਆ ਹੈ; ਉਹ ਕੁਧਰਮੀ ਹਨ ਅਤੇ ਸਾਡੇ ਪਰਮੇਸ਼ਰ ਦੀ ਕਿਰਪਾ ਨੂੰ ਲੁੱਚਪੁਣੇ ਵਿੱਚ ਬਦਲ ਦਿੰਦੇ ਹਨ ਅਤੇ ਸਾਡੇ ਇੱਕੋ-ਇੱਕ ਸੁਆਮੀ ਅਤੇ ਪ੍ਰਭੂ, ਯਿਸੂ ਮਸੀਹ ਦਾ ਇਨਕਾਰ ਕਰਦੇ ਹਨ। 5 ਭਾਵੇਂ ਤੁਸੀਂ ਸਭਨਾਂ ਗੱਲਾਂ ਨੂੰ ਇੱਕੋ ਵਾਰ ਜਾਣ ਲਿਆ ਹੈ, ਤਾਂ ਵੀ ਮੈਂ ਤੁਹਾਨੂੰ ਚੇਤਾ ਕਰਾਉਣਾ ਚਾਹੁੰਦਾ ਹਾਂ ਕਿ ਪ੍ਰਭੂ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਕੱਢ ਲਿਆਉਣ ਤੋਂ ਬਾਅਦ ਉਨ੍ਹਾਂ ਵਿੱਚੋਂ ਵਿਸ਼ਵਾਸ ਨਾ ਕਰਨ ਵਾਲਿਆਂ ਨੂੰ ਨਾਸ ਕਰ ਦਿੱਤਾ। 6 ਫਿਰ ਜਿਹੜੇ ਸਵਰਗਦੂਤ ਆਪਣੀ ਪਦਵੀ ਨੂੰ ਕਾਇਮ ਨਾ ਰੱਖ ਸਕੇ, ਸਗੋਂ ਆਪਣੇ ਨਿਵਾਸ ਨੂੰ ਛੱਡ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦੀਪਕ ਬੰਧਨਾਂ ਵਿੱਚ ਜਕੜ ਕੇ ਉਸ ਮਹਾਨ ਦਿਨ ਦੇ ਨਿਆਂ ਲਈ ਹਨੇਰੇ ਵਿੱਚ ਰੱਖਿਆ ਹੋਇਆ ਹੈ। 7 ਜਿਸ ਤਰ੍ਹਾਂ ਸਦੂਮ, ਅਮੂਰਾਹ ਅਤੇ ਇਨ੍ਹਾਂ ਦੇ ਆਲੇ-ਦੁਆਲੇ ਦੇ ਨਗਰ ਸਦੀਪਕ ਅੱਗ ਦੀ ਸਜ਼ਾ ਪਾ ਕੇ ਨਮੂਨਾ ਠਹਿਰੇ ਜੋ ਇਨ੍ਹਾਂ ਸਵਰਗਦੂਤਾਂ ਵਾਂਗ ਹੀ ਵਿਭਚਾਰੀ ਬਣ ਕੇ ਪਰਾਏ ਸਰੀਰ ਦੇ ਪਿੱਛੇ ਲੱਗ ਗਏ ਸਨ। 8 ਇਸੇ ਤਰ੍ਹਾਂ ਸੁਫਨੇ ਵੇਖਣ ਵਾਲੇ ਇਹ ਲੋਕ ਵੀ ਇੱਕ ਤਾਂ ਆਪਣੇ ਸਰੀਰ ਨੂੰ ਭ੍ਰਿਸ਼ਟ ਕਰਦੇ ਅਤੇ ਦੂਜਾ ਪ੍ਰਭੁਤਾ ਨੂੰ ਤੁੱਛ ਜਾਣਦੇ ਤੇ ਮਹਿਮਾਮਈ ਪ੍ਰਾਣੀਆਂ ਦੀ ਨਿੰਦਾ ਕਰਦੇ ਹਨ। 9 ਪਰ ਜਦੋਂ ਪ੍ਰਧਾਨ ਸਵਰਗਦੂਤ ਮੀਕਾਏਲ ਨੇ ਸ਼ੈਤਾਨ ਨਾਲ ਬਹਿਸ ਕਰਦੇ ਹੋਏ ਮੂਸਾ ਦੀ ਲਾਸ਼ ਦੇ ਵਿਖੇ ਵਾਦ-ਵਿਵਾਦ ਕੀਤਾ ਤਾਂ ਉਸ ਨੇ ਵੀ ਸ਼ੈਤਾਨ ਉੱਤੇ ਦੋਸ਼ ਲਾ ਕੇ ਉਸ ਦੀ ਨਿੰਦਾ ਕਰਨ ਦੀ ਹਿੰਮਤ ਨਾ ਕੀਤੀ, ਸਗੋਂ ਐਨਾ ਹੀ ਕਿਹਾ, “ਪ੍ਰਭੂ ਤੈਨੂੰ ਝਿੜਕੇ।” 10 ਪਰ ਇਹ ਲੋਕ ਉਨ੍ਹਾਂ ਗੱਲਾਂ ਦੀ ਨਿੰਦਾ ਕਰਦੇ ਹਨ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਅਤੇ ਬੁੱਧਹੀਣ ਪਸ਼ੂਆਂ ਵਾਂਗ ਜਿਨ੍ਹਾਂ ਗੱਲਾਂ ਨੂੰ ਸੁਭਾਵਕ ਹੀ ਜਾਣਦੇ ਹਨ, ਉਨ੍ਹਾਂ ਵਿੱਚ ਹੀ ਨਾਸ ਹੋ ਜਾਂਦੇ ਹਨ। 11 ਹਾਏ ਉਨ੍ਹਾਂ ਉੱਤੇ! ਕਿਉਂਕਿ ਉਹ ਕਇਨ ਦੇ ਰਾਹ ਉੱਤੇ ਚੱਲੇ ਅਤੇ ਲਾਭ ਦੇ ਲਈ ਬਿਲਆਮ ਜਿਹੀ ਗਲਤੀ ਕੀਤੀ ਅਤੇ ਕੋਰਾਹ ਵਾਂਗ ਵਿਰੋਧ ਕਰਕੇ ਨਾਸ ਹੋ ਗਏ। 12 ਉਹ ਸਮੁੰਦਰ ਵਿੱਚ ਲੁਕੀ ਹੋਈ ਚਟਾਨ ਜਿਹੇ ਹਨ ਜਿਹੜੇ ਤੁਹਾਡੇ ਪ੍ਰੇਮ-ਭੋਜਨਾਂ ਵਿੱਚ ਤੁਹਾਡੇ ਨਾਲ ਬੇਧੜਕ ਖਾਂਦੇ-ਪੀਂਦੇ ਅਤੇ ਆਪਣੇ ਹੀ ਢਿੱਡ ਭਰਦੇ ਹਨ; ਉਹ ਸੁੱਕੇ ਬੱਦਲ ਹਨ ਜਿਨ੍ਹਾਂ ਨੂੰ ਹਵਾ ਉਡਾ ਲੈ ਜਾਂਦੀ ਹੈ; ਉਹ ਪਤਝੜ ਦੇ ਫਲਹੀਣ ਦਰਖ਼ਤ ਹਨ ਜੋ ਉੱਖੜ ਕੇ ਦੋਹਰੀ ਮੌਤ ਮਰ ਚੁੱਕੇ ਹਨ; 13 ਉਹ ਸਮੁੰਦਰ ਦੀਆਂ ਪ੍ਰਚੰਡ ਲਹਿਰਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ; ਉਹ ਭਟਕਦੇ ਹੋਏ ਤਾਰੇ ਹਨ ਜਿਨ੍ਹਾਂ ਲਈ ਸਦਾ ਦਾ ਘੁੱਪ ਹਨੇਰਾ ਰੱਖਿਆ ਹੋਇਆ ਹੈ। 14 ਹਨੋਕ ਨੇ ਵੀ ਜਿਹੜਾ ਆਦਮ ਦੀ ਸੱਤਵੀਂ ਪੀੜ੍ਹੀ ਵਿੱਚੋਂ ਸੀ, ਇਨ੍ਹਾਂ ਦੇ ਵਿਖੇ ਇਹ ਭਵਿੱਖਬਾਣੀ ਕਰਕੇ ਕਿਹਾ, “ਵੇਖੋ, ਪ੍ਰਭੂ ਆਪਣੇ ਹਜ਼ਾਰਾਂ ਸੰਤਾਂ ਨਾਲ ਆਇਆ 15 ਤਾਂਕਿ ਸਭਨਾਂ ਦਾ ਨਿਆਂ ਕਰੇ ਅਤੇ ਹਰੇਕ ਜਾਨ ਨੂੰ ਉਨ੍ਹਾਂ ਦੇ ਕੁਧਰਮ ਦੇ ਸਭ ਕੰਮਾਂ ਦੇ ਵਿਖੇ ਜਿਹੜੇ ਉਨ੍ਹਾਂ ਨੇ ਕੁਧਰਮੀ ਹੁੰਦੇ ਹੋਏ ਕੀਤੇ ਅਤੇ ਉਨ੍ਹਾਂ ਸਭ ਕਠੋਰ ਗੱਲਾਂ ਦੇ ਵਿਖੇ ਜੋ ਕੁਧਰਮੀ ਪਾਪੀਆਂ ਨੇ ਉਸ ਦੇ ਵਿਰੁੱਧ ਕਹੀਆਂ, ਦੋਸ਼ੀ ਠਹਿਰਾਵੇ।” 16 ਉਹ ਤਾਂ ਕੁੜਕੁੜਾਉਣ ਵਾਲੇ ਹਨ ਜੋ ਦੋਸ਼ ਲੱਭਦੇ ਅਤੇ ਆਪਣੀਆਂ ਕਾਮਨਾਵਾਂ ਦੇ ਅਨੁਸਾਰ ਚੱਲਦੇ ਹਨ; ਉਨ੍ਹਾਂ ਦਾ ਮੂੰਹ ਘਮੰਡ ਦੀਆਂ ਗੱਲਾਂ ਬੋਲਦਾ ਹੈ ਅਤੇ ਉਹ ਆਪਣੇ ਲਾਭ ਲਈ ਚਾਪਲੂਸੀ ਕਰਦੇ ਹਨ। ਦ੍ਰਿੜ੍ਹ ਰਹੋ 17 ਪਰ ਹੇ ਪਿਆਰਿਓ, ਤੁਸੀਂ ਉਨ੍ਹਾਂ ਗੱਲਾਂ ਨੂੰ ਯਾਦ ਰੱਖੋ ਜੋ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਸੂਲਾਂ ਨੇ ਪਹਿਲਾਂ ਹੀ ਕਹਿ ਦਿੱਤੀਆਂ ਸਨ। 18 ਉਨ੍ਹਾਂ ਨੇ ਤੁਹਾਨੂੰ ਕਿਹਾ ਸੀ, “ਆਖਰੀ ਦਿਨਾਂ ਵਿੱਚ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੀਆਂ ਕੁਧਰਮੀ ਇੱਛਾਵਾਂ ਦੇ ਅਨੁਸਾਰ ਚੱਲਣਗੇ।” 19 ਇਹੋ ਹਨ ਜਿਹੜੇ ਫੁੱਟਾਂ ਪਾਉਂਦੇ ਹਨ; ਇਹ ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ ਹੈ। 20 ਪਰ ਹੇ ਪਿਆਰਿਓ, ਤੁਸੀਂ ਆਪਣੇ ਅੱਤ ਪਵਿੱਤਰ ਵਿਸ਼ਵਾਸ ਵਿੱਚ ਉੱਸਰਦੇ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ 21 ਆਪਣੇ ਆਪ ਨੂੰ ਪਰਮੇਸ਼ਰ ਦੇ ਪ੍ਰੇਮ ਵਿੱਚ ਕਾਇਮ ਰੱਖੋ ਅਤੇ ਸਦੀਪਕ ਜੀਵਨ ਲਈ ਸਾਡੇ ਪ੍ਰਭੂ ਯਿਸੂ ਮਸੀਹ ਦੀ ਦਇਆ ਨੂੰ ਉਡੀਕਦੇ ਰਹੋ। 22 ਜਿਹੜੇ ਦੁਬਿਧਾ ਵਿੱਚ ਹਨ ਉਨ੍ਹਾਂ ਪ੍ਰਤੀ ਦਇਆ ਵਿਖਾਓ; 23 ਕਈਆਂ ਨੂੰ ਅੱਗ ਵਿੱਚੋਂ ਖਿੱਚ ਕੇ ਬਚਾ ਲਵੋ ਅਤੇ ਭੈ ਨਾਲ ਹੋਰਨਾਂ ਪ੍ਰਤੀ ਦਇਆ ਵਿਖਾਓ, ਪਰ ਉਸ ਕੱਪੜੇ ਤੋਂ ਵੀ ਘਿਰਣਾ ਕਰੋ ਜੋ ਸਰੀਰ ਦੇ ਕਾਰਨ ਭ੍ਰਿਸ਼ਟ ਹੋ ਗਿਆ ਹੈ। ਬਰਕਤ ਦਾ ਵਚਨ 24 ਹੁਣ ਉਹ ਜਿਹੜਾ ਤੁਹਾਨੂੰ ਠੋਕਰ ਖਾਣ ਤੋਂ ਬਚਾ ਸਕਦਾ ਹੈ ਅਤੇ ਆਪਣੀ ਮਹਿਮਾ ਦੀ ਹਜ਼ੂਰੀ ਵਿੱਚ ਨਿਰਦੋਸ਼ ਅਤੇ ਵੱਡੇ ਅਨੰਦ ਸਹਿਤ ਖੜ੍ਹਾ ਕਰ ਸਕਦਾ ਹੈ, 25 ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਉਸ ਇੱਕੋ-ਇੱਕ ਪਰਮੇਸ਼ਰ ਸਾਡੇ ਮੁਕਤੀਦਾਤਾ ਦੀ ਮਹਿਮਾ, ਮਾਣ, ਸਮਰੱਥਾ ਅਤੇ ਇਖ਼ਤਿਆਰ ਜੋ ਅਨੰਤ ਕਾਲ ਤੋਂ ਹੈ ਅਤੇ ਹੁਣ ਵੀ ਹੈ, ਯੁਗੋ-ਯੁਗ ਬਣਿਆ ਰਹੇ। ਆਮੀਨ। |