ਯੂਹੰਨਾ 1 - Punjabi Standard Bibleਸ਼ਬਦ ਦੇਹਧਾਰੀ ਹੋਇਆ 1 ਆਦ ਵਿੱਚ ਸ਼ਬਦ ਸੀ ਅਤੇ ਸ਼ਬਦ ਪਰਮੇਸ਼ਰ ਦੇ ਨਾਲ ਸੀ ਅਤੇ ਸ਼ਬਦ ਪਰਮੇਸ਼ਰ ਸੀ। 2 ਇਹੋ ਆਦ ਵਿੱਚ ਪਰਮੇਸ਼ਰ ਦੇ ਨਾਲ ਸੀ। 3 ਸਭ ਕੁਝ ਉਸ ਦੇ ਰਾਹੀਂ ਉਤਪੰਨ ਹੋਇਆ ਅਤੇ ਜੋ ਕੁਝ ਉਤਪੰਨ ਹੋਇਆ, ਉਸ ਵਿੱਚੋਂ ਕੁਝ ਵੀ ਉਸ ਦੇ ਬਿਨਾਂ ਉਤਪੰਨ ਨਹੀਂ ਹੋਇਆ। 4 ਉਸ ਵਿੱਚ ਜੀਵਨ ਸੀ ਅਤੇ ਉਹ ਜੀਵਨ ਮਨੁੱਖਾਂ ਦਾ ਚਾਨਣ ਸੀ। 5 ਉਹ ਚਾਨਣ ਹਨੇਰੇ ਵਿੱਚ ਚਮਕਦਾ ਹੈ, ਪਰ ਹਨੇਰਾ ਉਸ ਉੱਤੇ ਪਰਬਲ ਨਾ ਹੋਇਆ। 6 ਪਰਮੇਸ਼ਰ ਦੀ ਵੱਲੋਂ ਭੇਜਿਆ ਹੋਇਆ ਇੱਕ ਮਨੁੱਖ ਆਇਆ, ਜਿਸ ਦਾ ਨਾਮ ਯੂਹੰਨਾ ਸੀ। 7 ਉਹ ਗਵਾਹੀ ਦੇਣ ਲਈ ਆਇਆ ਕਿ ਚਾਨਣ ਦੇ ਵਿਖੇ ਗਵਾਹੀ ਦੇਵੇ ਤਾਂਕਿ ਸਾਰੇ ਉਸ ਦੇ ਰਾਹੀਂ ਵਿਸ਼ਵਾਸ ਕਰਨ। 8 ਉਹ ਆਪ ਤਾਂ ਚਾਨਣ ਨਹੀਂ ਸੀ, ਪਰ ਚਾਨਣ ਦੇ ਵਿਖੇ ਗਵਾਹੀ ਦੇਣ ਲਈ ਆਇਆ ਸੀ। 9 ਉਹ ਸੱਚਾ ਚਾਨਣ ਜਿਹੜਾ ਹਰੇਕ ਮਨੁੱਖ ਨੂੰ ਪ੍ਰਕਾਸ਼ਮਾਨ ਕਰਦਾ ਹੈ, ਸੰਸਾਰ ਵਿੱਚ ਆਉਣ ਵਾਲਾ ਸੀ। 10 ਉਹ ਸੰਸਾਰ ਵਿੱਚ ਸੀ ਅਤੇ ਸੰਸਾਰ ਉਸ ਦੇ ਰਾਹੀਂ ਉਤਪੰਨ ਹੋਇਆ, ਪਰ ਸੰਸਾਰ ਨੇ ਉਸ ਨੂੰ ਨਾ ਪਛਾਣਿਆ। 11 ਉਹ ਆਪਣਿਆਂ ਕੋਲ ਆਇਆ, ਪਰ ਉਸ ਦੇ ਆਪਣਿਆਂ ਨੇ ਉਸ ਨੂੰ ਸਵੀਕਾਰ ਨਾ ਕੀਤਾ। 12 ਪਰ ਜਿੰਨਿਆਂ ਨੇ ਉਸ ਨੂੰ ਸਵੀਕਾਰ ਕੀਤਾ ਅਰਥਾਤ ਜਿਹੜੇ ਉਸ ਦੇ ਨਾਮ ਉੱਤੇ ਵਿਸ਼ਵਾਸ ਕਰਦੇ ਹਨ, ਉਸ ਨੇ ਉਨ੍ਹਾਂ ਨੂੰ ਪਰਮੇਸ਼ਰ ਦੀ ਸੰਤਾਨ ਹੋਣ ਦਾ ਹੱਕ ਦਿੱਤਾ। 13 ਉਹ ਨਾ ਤਾਂ ਲਹੂ ਤੋਂ, ਨਾ ਸਰੀਰ ਦੀ ਇੱਛਾ ਤੋਂ ਅਤੇ ਨਾ ਹੀ ਮਨੁੱਖ ਦੀ ਇੱਛਾ ਤੋਂ, ਸਗੋਂ ਪਰਮੇਸ਼ਰ ਤੋਂ ਪੈਦਾ ਹੋਏ। 14 ਸ਼ਬਦ ਦੇਹਧਾਰੀ ਹੋਇਆ ਅਤੇ ਸਾਡੇ ਵਿਚਕਾਰ ਵਾਸ ਕੀਤਾ ਅਤੇ ਅਸੀਂ ਉਸ ਦਾ ਤੇਜ ਪਿਤਾ ਦੇ ਇਕਲੌਤੇ ਦੇ ਤੇਜ ਜਿਹਾ ਵੇਖਿਆ ਜਿਹੜਾ ਕਿਰਪਾ ਅਤੇ ਸਚਾਈ ਨਾਲ ਭਰਪੂਰ ਸੀ 15 ਯੂਹੰਨਾ ਨੇ ਉਸ ਦੇ ਬਾਰੇ ਗਵਾਹੀ ਦਿੱਤੀ ਅਤੇ ਪੁਕਾਰ ਕੇ ਕਿਹਾ, “ਇਹ ਉਹੀ ਹੈ ਜਿਸ ਦੇ ਬਾਰੇ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਆਉਣ ਵਾਲਾ ਮੇਰੇ ਤੋਂ ਅੱਗੇ ਹੈ ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ’।” 16 ਅਸੀਂ ਸਾਰਿਆਂ ਨੇ ਉਸ ਦੀ ਭਰਪੂਰੀ ਤੋਂ ਕਿਰਪਾ ਉੱਤੇ ਕਿਰਪਾ ਪ੍ਰਾਪਤ ਕੀਤੀ। 17 ਕਿਉਂਕਿ ਬਿਵਸਥਾ ਤਾਂ ਮੂਸਾ ਦੇ ਦੁਆਰਾ ਦਿੱਤੀ ਗਈ ਸੀ ਪਰ ਕਿਰਪਾ ਅਤੇ ਸਚਾਈ ਯਿਸੂ ਮਸੀਹ ਦੇ ਦੁਆਰਾ ਆਈ। 18 ਪਰਮੇਸ਼ਰ ਨੂੰ ਕਦੇ ਕਿਸੇ ਨੇ ਨਹੀਂ ਵੇਖਿਆ; ਪਰ ਇਕਲੌਤੇ ਪੁੱਤਰ ਨੇ ਜਿਹੜਾ ਖੁਦ ਪਰਮੇਸ਼ਰ ਹੈ ਅਤੇ ਪਿਤਾ ਦੀ ਗੋਦ ਵਿੱਚ ਹੈ, ਉਸੇ ਨੇ ਉਸ ਨੂੰ ਪਰਗਟ ਕੀਤਾ। ਯੂਹੰਨਾ ਬਪਤਿਸਮਾ ਦੇਣ ਵਾਲੇ ਦੀ ਗਵਾਹੀ 19 ਯੂਹੰਨਾ ਦੀ ਗਵਾਹੀ ਇਹ ਹੈ: ਜਦੋਂ ਯਹੂਦੀਆਂ ਨੇ ਯਰੂਸ਼ਲਮ ਤੋਂ ਯਾਜਕਾਂ ਅਤੇ ਲੇਵੀਆਂ ਨੂੰ ਉਸ ਕੋਲ ਭੇਜਿਆ ਕਿ ਉਸ ਤੋਂ ਪੁੱਛਣ, “ਤੂੰ ਕੌਣ ਹੈਂ?” 20 ਤਾਂ ਉਸ ਨੇ ਸਵੀਕਾਰ ਕਰ ਲਿਆ ਅਤੇ ਇਨਕਾਰ ਨਹੀਂ ਕੀਤਾ, ਸਗੋਂ ਮੰਨ ਲਿਆ ਕਿ ਮੈਂ ਮਸੀਹ ਨਹੀਂ ਹਾਂ। 21 ਤਦ ਉਨ੍ਹਾਂ ਉਸ ਨੂੰ ਪੁੱਛਿਆ, “ਫਿਰ ਕੀ ਤੂੰ ਏਲੀਯਾਹ ਹੈਂ?” ਉਸ ਨੇ ਕਿਹਾ, “ਮੈਂ ਨਹੀਂ ਹਾਂ।” “ਕੀ ਤੂੰ ਉਹ ਨਬੀ ਹੈਂ?” ਉਸ ਨੇ ਉੱਤਰ ਦਿੱਤਾ, “ਨਹੀਂ।” 22 ਤਦ ਉਨ੍ਹਾਂ ਨੇ ਉਸ ਨੂੰ ਕਿਹਾ, “ਫਿਰ ਤੂੰ ਕੌਣ ਹੈਂ? ਤਾਂਕਿ ਅਸੀਂ ਆਪਣੇ ਭੇਜਣ ਵਾਲਿਆਂ ਨੂੰ ਉੱਤਰ ਦੇਈਏ। ਤੂੰ ਆਪਣੇ ਵਿਖੇ ਕੀ ਕਹਿੰਦਾ ਹੈਂ?” 23 ਉਸ ਨੇ ਉੱਤਰ ਦਿੱਤਾ ਕਿ ਜਿਵੇਂ ਯਸਾਯਾਹ ਨਬੀ ਨੇ ਕਿਹਾ: ਮੈਂ ਉਜਾੜ ਵਿੱਚ ਇੱਕ ਪੁਕਾਰਦੀ ਹੋਈ ਅਵਾਜ਼ ਹਾਂ ਕਿ ਪ੍ਰਭੂ ਦੇ ਰਾਹ ਨੂੰ ਸਿੱਧਾ ਕਰੋ। 24 ਇਹ ਫ਼ਰੀਸੀਆਂ ਵੱਲੋਂ ਭੇਜੇ ਗਏ ਸਨ। 25 ਫਿਰ ਉਨ੍ਹਾਂ ਨੇ ਉਸ ਤੋਂ ਪੁੱਛਿਆ, “ਜੇ ਤੂੰ ਨਾ ਮਸੀਹ ਹੈਂ, ਨਾ ਏਲੀਯਾਹ ਅਤੇ ਨਾ ਹੀ ਉਹ ਨਬੀ ਤਾਂ ਫਿਰ ਤੂੰ ਬਪਤਿਸਮਾ ਕਿਉਂ ਦਿੰਦਾ ਹੈਂ?” 26 ਯੂਹੰਨਾ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤਾਂ ਪਾਣੀ ਨਾਲ ਬਪਤਿਸਮਾ ਦਿੰਦਾ ਹਾਂ, ਪਰ ਤੁਹਾਡੇ ਵਿਚਕਾਰ ਉਹ ਖੜ੍ਹਾ ਹੈ ਜਿਸ ਨੂੰ ਤੁਸੀਂ ਨਹੀਂ ਜਾਣਦੇ। 27 ਇਹ ਉਹ ਹੈ ਜਿਹੜਾ ਮੇਰੇ ਤੋਂ ਬਾਅਦ ਆਉਣ ਵਾਲਾ ਹੈ ਅਤੇ ਮੈਂ ਉਸ ਦੀ ਜੁੱਤੀ ਦਾ ਤਸਮਾ ਖੋਲ੍ਹਣ ਦੇ ਵੀ ਯੋਗ ਨਹੀਂ ਹਾਂ।” 28 ਇਹ ਗੱਲਾਂ ਯਰਦਨ ਦੇ ਪਾਰ ਬੈਤਅਨੀਆ ਵਿੱਚ ਵਾਪਰੀਆਂ ਜਿੱਥੇ ਯੂਹੰਨਾ ਬਪਤਿਸਮਾ ਦਿੰਦਾ ਸੀ। ਪਰਮੇਸ਼ਰ ਦਾ ਲੇਲਾ 29 ਅਗਲੇ ਦਿਨ ਉਸ ਨੇ ਯਿਸੂ ਨੂੰ ਆਪਣੀ ਵੱਲ ਆਉਂਦਾ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ ਜਿਹੜਾ ਸੰਸਾਰ ਦਾ ਪਾਪ ਚੁੱਕ ਲੈ ਜਾਂਦਾ ਹੈ। 30 ਇਹ ਉਹੀ ਹੈ ਜਿਸ ਦੇ ਵਿਖੇ ਮੈਂ ਕਿਹਾ ਸੀ, ‘ਮੇਰੇ ਤੋਂ ਬਾਅਦ ਇੱਕ ਵਿਅਕਤੀ ਆ ਰਿਹਾ ਹੈ ਜਿਹੜਾ ਮੇਰੇ ਤੋਂ ਸ੍ਰੇਸ਼ਠ ਹੈ, ਕਿਉਂਕਿ ਉਹ ਮੇਰੇ ਤੋਂ ਪਹਿਲਾਂ ਸੀ।’ 31 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਮੈਂ ਇਸ ਕਰਕੇ ਪਾਣੀ ਨਾਲ ਬਪਤਿਸਮਾ ਦਿੰਦਾ ਹੋਇਆ ਆਇਆ ਕਿ ਉਹ ਇਸਰਾਏਲ ਉੱਤੇ ਪਰਗਟ ਹੋਵੇ।” 32 ਯੂਹੰਨਾ ਨੇ ਇਹ ਕਹਿ ਕੇ ਗਵਾਹੀ ਦਿੱਤੀ, “ਮੈਂ ਆਤਮਾ ਨੂੰ ਕਬੂਤਰ ਵਾਂਗ ਅਕਾਸ਼ ਤੋਂ ਉੱਤਰਦੇ ਹੋਏ ਵੇਖਿਆ ਅਤੇ ਉਹ ਉਸ ਉੱਤੇ ਠਹਿਰ ਗਿਆ। 33 ਮੈਂ ਵੀ ਉਸ ਨੂੰ ਨਹੀਂ ਜਾਣਦਾ ਸੀ, ਪਰ ਜਿਸ ਨੇ ਮੈਨੂੰ ਪਾਣੀ ਨਾਲ ਬਪਤਿਸਮਾ ਦੇਣ ਲਈ ਭੇਜਿਆ ਉਸ ਨੇ ਮੈਨੂੰ ਕਿਹਾ, ‘ਜਿਸ ਉੱਤੇ ਤੂੰ ਆਤਮਾ ਨੂੰ ਉੱਤਰਦਾ ਅਤੇ ਠਹਿਰਦਾ ਵੇਖੇਂ, ਉਹੀ ਪਵਿੱਤਰ ਆਤਮਾ ਨਾਲ ਬਪਤਿਸਮਾ ਦੇਣ ਵਾਲਾ ਹੈ’। 34 ਸੋ ਮੈਂ ਵੇਖਿਆ ਅਤੇ ਗਵਾਹੀ ਦਿੱਤੀ ਹੈ ਕਿ ਇਹੋ ਪਰਮੇਸ਼ਰ ਦਾ ਪੁੱਤਰ ਹੈ।” ਯਿਸੂ ਮਸੀਹ ਦੇ ਪਹਿਲੇ ਚੇਲੇ 35 ਅਗਲੇ ਦਿਨ ਫੇਰ ਯੂਹੰਨਾ ਆਪਣੇ ਦੋ ਚੇਲਿਆਂ ਦੇ ਨਾਲ ਖੜ੍ਹਾ ਸੀ 36 ਅਤੇ ਉਸ ਨੇ ਯਿਸੂ ਨੂੰ ਜਾਂਦੇ ਹੋਏ ਵੇਖ ਕੇ ਕਿਹਾ, “ਵੇਖੋ, ਪਰਮੇਸ਼ਰ ਦਾ ਲੇਲਾ।” 37 ਤਦ ਉਹ ਦੋਵੇਂ ਚੇਲੇ ਉਸ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਤੁਰ ਪਏ। 38 ਯਿਸੂ ਨੇ ਮੁੜ ਕੇ ਉਨ੍ਹਾਂ ਨੂੰ ਪਿੱਛੇ ਆਉਂਦੇ ਵੇਖਿਆ ਅਤੇ ਉਨ੍ਹਾਂ ਨੂੰ ਕਿਹਾ,“ਤੁਸੀਂ ਕੀ ਚਾਹੁੰਦੇ ਹੋ?” ਉਨ੍ਹਾਂ ਨੇ ਉਸ ਨੂੰ ਕਿਹਾ, “ਹੇ ਰੱਬੀ (ਅਰਥਾਤ ਹੇ ਗੁਰੂ), ਤੁਸੀਂ ਕਿੱਥੇ ਠਹਿਰੇ ਹੋ?” 39 ਉਸ ਨੇ ਕਿਹਾ,“ਆਓ ਅਤੇ ਵੇਖੋ।” ਤਦ ਉਹ ਗਏ ਅਤੇ ਉਹ ਥਾਂ ਵੇਖੀ ਜਿੱਥੇ ਉਹ ਠਹਿਰਦਾ ਸੀ; ਉਸ ਦਿਨ ਉਸ ਦੇ ਨਾਲ ਰਹੇ। ਇਹ ਲਗਭਗ ਸ਼ਾਮ ਚਾਰ ਵਜੇ ਦਾ ਸਮਾਂ ਸੀ। 40 ਉਨ੍ਹਾਂ ਦੋਹਾਂ ਵਿੱਚੋਂ ਜਿਹੜੇ ਯੂਹੰਨਾ ਦੀ ਗੱਲ ਸੁਣ ਕੇ ਯਿਸੂ ਦੇ ਪਿੱਛੇ ਹੋ ਤੁਰੇ ਸਨ, ਇੱਕ ਸ਼ਮਊਨ ਪਤਰਸ ਦਾ ਭਰਾ ਅੰਦ੍ਰਿਯਾਸ ਸੀ। 41 ਉਸ ਨੇ ਪਹਿਲਾਂ ਆਪਣੇ ਭਰਾ ਸ਼ਮਊਨ ਨੂੰ ਲੱਭ ਕੇ ਉਸ ਨੂੰ ਕਿਹਾ, “ਅਸੀਂ ਮਸੀਹ (ਅਰਥਾਤ ‘ਖ੍ਰਿਸਟੁਸ’) ਨੂੰ ਲੱਭ ਲਿਆ ਹੈ।” 42 ਉਹ ਉਸ ਨੂੰ ਯਿਸੂ ਦੇ ਕੋਲ ਲਿਆਇਆ ਅਤੇ ਯਿਸੂ ਨੇ ਉਸ ਨੂੰ ਵੇਖ ਕੇ ਕਿਹਾ,“ਤੂੰ ਯੂਹੰਨਾ ਦਾ ਪੁੱਤਰ ਸ਼ਮਊਨ ਹੈਂ; ਤੂੰ ਕੇਫ਼ਾਸ (ਅਰਥਾਤ ਪਤਰਸ) ਕਹਾਵੇਂਗਾ।” ਫ਼ਿਲਿੱਪੁਸ ਅਤੇ ਨਥਾਨਿਏਲ ਦਾ ਬੁਲਾਇਆ ਜਾਣਾ 43 ਅਗਲੇ ਦਿਨ ਯਿਸੂ ਨੇ ਗਲੀਲ ਨੂੰ ਜਾਣਾ ਚਾਹਿਆ ਅਤੇ ਉਹ ਫ਼ਿਲਿੱਪੁਸ ਨੂੰ ਮਿਲਿਆ। ਯਿਸੂ ਨੇ ਉਸ ਨੂੰ ਕਿਹਾ,“ਮੇਰੇ ਪਿੱਛੇ ਹੋ ਤੁਰ।” 44 ਫ਼ਿਲਿੱਪੁਸ ਵੀ ਅੰਦ੍ਰਿਯਾਸ ਅਤੇ ਪਤਰਸ ਦੇ ਨਗਰ ਬੈਤਸੈਦੇ ਦਾ ਸੀ। 45 ਫ਼ਿਲਿੱਪੁਸ ਨੇ ਨਥਾਨਿਏਲ ਨੂੰ ਲੱਭਿਆ ਅਤੇ ਉਸ ਨੂੰ ਕਿਹਾ, “ਜਿਸ ਦੇ ਵਿਖੇ ਮੂਸਾ ਨੇ ਬਿਵਸਥਾ ਵਿੱਚ ਅਤੇ ਨਬੀਆਂ ਨੇ ਵੀ ਲਿਖਿਆ ਹੈ, ਅਸੀਂ ਉਸ ਨੂੰ ਲੱਭ ਲਿਆ ਹੈ; ਜੋ ਯੂਸੁਫ਼ ਦਾ ਪੁੱਤਰ ਨਾਸਰਤ ਦਾ ਯਿਸੂ ਹੈ।” 46 ਤਦ ਨਥਾਨਿਏਲ ਨੇ ਉਸ ਨੂੰ ਕਿਹਾ, “ਕੀ ਨਾਸਰਤ ਵਿੱਚੋਂ ਕੁਝ ਚੰਗਾ ਨਿੱਕਲ ਸਕਦਾ ਹੈ?” ਫ਼ਿਲਿੱਪੁਸ ਨੇ ਉਸ ਨੂੰ ਕਿਹਾ, “ਆ ਅਤੇ ਵੇਖ।” 47 ਯਿਸੂ ਨੇ ਨਥਾਨਿਏਲ ਨੂੰ ਆਪਣੇ ਵੱਲ ਆਉਂਦਾ ਵੇਖ ਕੇ ਉਸ ਦੇ ਬਾਰੇ ਕਿਹਾ,“ਵੇਖੋ, ਇੱਕ ਸੱਚਾ ਇਸਰਾਏਲੀ ਜਿਸ ਵਿੱਚ ਕੋਈ ਛਲ ਨਹੀਂ ਹੈ।” 48 ਨਥਾਨਿਏਲ ਨੇ ਉਸ ਨੂੰ ਕਿਹਾ, “ਤੁਸੀਂ ਮੈਨੂੰ ਕਿਵੇਂ ਜਾਣਦੇ ਹੋ?” ਯਿਸੂ ਨੇ ਉਸ ਨੂੰ ਉੱਤਰ ਦਿੱਤਾ,“ਫ਼ਿਲਿੱਪੁਸ ਦੇ ਬੁਲਾਉਣ ਤੋਂ ਪਹਿਲਾਂ, ਮੈਂ ਤੈਨੂੰ ਅੰਜੀਰ ਦੇ ਦਰਖ਼ਤ ਹੇਠ ਵੇਖਿਆ ਸੀ।” 49 ਨਥਾਨਿਏਲ ਨੇ ਉਸ ਨੂੰ ਕਿਹਾ, “ਹੇ ਰੱਬੀ! ਤੁਸੀਂ ਪਰਮੇਸ਼ਰ ਦੇ ਪੁੱਤਰ ਹੋ, ਤੁਸੀਂ ਇਸਰਾਏਲ ਦੇ ਰਾਜਾ ਹੋ!” 50 ਯਿਸੂ ਨੇ ਉਸ ਨੂੰ ਕਿਹਾ,“ਕੀ ਤੂੰ ਇਸ ਲਈ ਵਿਸ਼ਵਾਸ ਕਰਦਾ ਹੈਂ ਕਿ ਮੈਂ ਤੈਨੂੰ ਕਿਹਾ, ‘ਮੈਂ ਅੰਜੀਰ ਦੇ ਦਰਖ਼ਤ ਹੇਠਾਂ ਤੈਨੂੰ ਵੇਖਿਆ’? ਤੂੰ ਇਸ ਤੋਂ ਵੀ ਵੱਡੇ ਕੰਮ ਵੇਖੇਂਗਾ।” 51 ਫਿਰ ਉਸ ਨੇ ਕਿਹਾ,“ਮੈਂ ਤੁਹਾਨੂੰ ਸੱਚ-ਸੱਚ ਕਹਿੰਦਾ ਹਾਂ, ਤੁਸੀਂ ਅਕਾਸ਼ ਨੂੰ ਖੁੱਲ੍ਹਾ ਹੋਇਆ ਅਤੇ ਪਰਮੇਸ਼ਰ ਦੇ ਸਵਰਗਦੂਤਾਂ ਨੂੰ ਮਨੁੱਖ ਦੇ ਪੁੱਤਰ ਉੱਤੇ ਉੱਤਰਦੇ ਅਤੇ ਉਤਾਂਹ ਜਾਂਦੇ ਹੋਏ ਵੇਖੋਗੇ।” |