ਯਾਕੂਬ 1 - Punjabi Standard Bibleਸਲਾਮ 1 ਪਰਮੇਸ਼ਰ ਦੇ ਅਤੇ ਪ੍ਰਭੂ ਯਿਸੂ ਮਸੀਹ ਦੇ ਦਾਸ ਯਾਕੂਬ ਦੀ ਵੱਲੋਂ ਉਨ੍ਹਾਂ ਬਾਰਾਂ ਗੋਤਾਂ ਨੂੰ ਸਲਾਮ ਜਿਹੜੇ ਖਿੰਡੇ ਹੋਏ ਹਨ। ਵਿਸ਼ਵਾਸ ਦੀ ਪਰਖ 2 ਹੇ ਮੇਰੇ ਭਾਈਓ, ਜਦੋਂ ਤੁਸੀਂ ਭਾਂਤ-ਭਾਂਤ ਦੇ ਪਰਤਾਵਿਆਂ ਵਿੱਚ ਪੈਂਦੇ ਹੋ ਤਾਂ ਇਸ ਨੂੰ ਸੰਪੂਰਨ ਅਨੰਦ ਦੀ ਗੱਲ ਜਾਣੋ, 3 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦਾ ਪਰਖਿਆ ਜਾਣਾ ਧੀਰਜ ਨੂੰ ਪੈਦਾ ਕਰਦਾ ਹੈ। 4 ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂਕਿ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਓ ਅਤੇ ਤੁਹਾਡੇ ਵਿੱਚ ਕਿਸੇ ਗੱਲ ਦੀ ਕਮੀ ਨਾ ਹੋਵੇ। 5 ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ ਜਿਹੜਾ ਸਭ ਨੂੰ ਖੁੱਲ੍ਹੇ ਦਿਲ ਅਤੇ ਬਿਨਾਂ ਉਲਾਂਭੇ ਦਿੰਦਾ ਹੈ ਅਤੇ ਇਹ ਉਸ ਨੂੰ ਦਿੱਤੀ ਜਾਵੇਗੀ। 6 ਪਰ ਉਹ ਵਿਸ਼ਵਾਸ ਨਾਲ ਮੰਗੇ ਅਤੇ ਸ਼ੱਕ ਨਾ ਕਰੇ, ਕਿਉਂਕਿ ਸ਼ੱਕ ਕਰਨ ਵਾਲਾ ਸਮੁੰਦਰ ਦੀ ਲਹਿਰ ਵਰਗਾ ਹੈ ਜੋ ਹਵਾ ਦੁਆਰਾ ਵਹਾਈ ਅਤੇ ਉਛਾਲੀ ਜਾਂਦੀ ਹੈ। 7 ਅਜਿਹਾ ਮਨੁੱਖ ਕਦੇ ਨਾ ਸੋਚੇ ਕਿ ਉਸ ਨੂੰ ਪ੍ਰਭੂ ਤੋਂ ਕੁਝ ਮਿਲੇਗਾ, 8 ਕਿਉਂਕਿ ਉਹ ਦੁਚਿੱਤਾ ਹੈ ਅਤੇ ਆਪਣੇ ਸਾਰੇ ਰਾਹਾਂ ਵਿੱਚ ਅਸਥਿਰ ਹੈ। 9 ਪਰ ਗਰੀਬ ਭਾਈ ਆਪਣੀ ਉੱਚੀ ਦਸ਼ਾ ਉੱਤੇ ਅਭਿਮਾਨ ਕਰੇ 10 ਅਤੇ ਧਨਵਾਨ ਭਾਈ ਆਪਣੀ ਦੀਨ ਦਸ਼ਾ ਉੱਤੇ; ਕਿਉਂਕਿ ਘਾਹ ਦੇ ਫੁੱਲ ਵਾਂਗ ਉਸ ਦਾ ਅੰਤ ਹੋ ਜਾਵੇਗਾ। 11 ਸੂਰਜ ਆਪਣੀ ਤੇਜ਼ ਧੁੱਪ ਨਾਲ ਚੜ੍ਹਦਾ ਅਤੇ ਘਾਹ ਨੂੰ ਸੁਕਾ ਦਿੰਦਾ ਹੈ ਤੇ ਇਸ ਦਾ ਫੁੱਲ ਝੜ ਜਾਂਦਾ ਹੈ ਅਤੇ ਇਸ ਦੀ ਵਿਖਾਈ ਦੇਣ ਵਾਲੀ ਸੁੰਦਰਤਾ ਖ਼ਤਮ ਹੋ ਜਾਂਦੀ ਹੈ। ਇਸੇ ਤਰ੍ਹਾਂ ਧਨਵਾਨ ਵੀ ਆਪਣੇ ਰਾਹਾਂ ਉੱਤੇ ਚੱਲਦਾ-ਚੱਲਦਾ ਖ਼ਤਮ ਹੋ ਜਾਵੇਗਾ। 12 ਧੰਨ ਹੈ ਉਹ ਮਨੁੱਖ ਜਿਹੜਾ ਪਰਤਾਵੇ ਵਿੱਚ ਸਥਿਰ ਰਹਿੰਦਾ ਹੈ, ਕਿਉਂਕਿ ਜਦੋਂ ਉਹ ਖਰਾ ਨਿੱਕਲਿਆ ਤਾਂ ਜੀਵਨ ਦੇ ਉਸ ਤਾਜ ਨੂੰ ਪ੍ਰਾਪਤ ਕਰੇਗਾ ਜਿਸ ਦਾ ਵਾਇਦਾ ਪਰਮੇਸ਼ਰ ਨੇ ਆਪਣੇ ਪ੍ਰੇਮ ਕਰਨ ਵਾਲਿਆਂ ਨਾਲ ਕੀਤਾ ਹੈ। 13 ਜਦੋਂ ਕੋਈ ਪਰਤਾਇਆ ਜਾਂਦਾ ਹੈ ਤਾਂ ਉਹ ਇਹ ਨਾ ਕਹੇ ਕਿ ਮੈਂ ਪਰਮੇਸ਼ਰ ਵੱਲੋਂ ਪਰਤਾਇਆ ਜਾ ਰਿਹਾ ਹਾਂ; ਕਿਉਂਕਿ ਪਰਮੇਸ਼ਰ ਨੂੰ ਬੁਰੀਆਂ ਗੱਲਾਂ ਦੁਆਰਾ ਨਹੀਂ ਪਰਤਾਇਆ ਜਾ ਸਕਦਾ ਅਤੇ ਨਾ ਹੀ ਉਹ ਆਪ ਕਿਸੇ ਨੂੰ ਪਰਤਾਉਂਦਾ ਹੈ। 14 ਪਰ ਹਰੇਕ ਵਿਅਕਤੀ ਆਪਣੀ ਹੀ ਕਾਮਨਾ ਦੁਆਰਾ ਲਲਚਾਏ ਅਤੇ ਫਸਾਏ ਜਾ ਕੇ ਪਰਤਾਵੇ ਵਿੱਚ ਪੈਂਦਾ ਹੈ। 15 ਤਦ ਕਾਮਨਾ ਗਰਭਵਤੀ ਹੋ ਕੇ ਪਾਪ ਨੂੰ ਜਨਮ ਦਿੰਦੀ ਹੈ ਅਤੇ ਪਾਪ ਵਧਕੇ ਮੌਤ ਨੂੰ ਜਨਮ ਦਿੰਦਾ ਹੈ। 16 ਹੇ ਮੇਰੇ ਪਿਆਰੇ ਭਾਈਓ, ਧੋਖਾ ਨਾ ਖਾਓ। 17 ਹਰੇਕ ਉੱਤਮ ਦਾਨ ਅਤੇ ਹਰੇਕ ਸਿੱਧ ਵਰਦਾਨ ਉੱਪਰੋਂ ਉਸ ਜੋਤਾਂ ਦੇ ਪਿਤਾ ਵੱਲੋਂ ਆਉਂਦਾ ਹੈ ਜਿਸ ਵਿੱਚ ਨਾ ਕੋਈ ਬਦਲਾਵ ਹੈ ਅਤੇ ਨਾ ਹੀ ਘੁੰਮਣ ਵਾਲਾ ਪਰਛਾਵਾਂ। 18 ਉਸ ਨੇ ਆਪਣੀ ਇੱਛਾ ਨਾਲ ਸਾਨੂੰ ਸੱਚ ਦੇ ਵਚਨ ਦੁਆਰਾ ਜਨਮ ਦਿੱਤਾ, ਤਾਂਕਿ ਅਸੀਂ ਉਸ ਦੀਆਂ ਸਿਰਜੀਆਂ ਹੋਈਆਂ ਵਸਤਾਂ ਵਿੱਚੋਂ ਪਹਿਲੇ ਫਲ ਜਿਹੇ ਹੋਈਏ। ਸੁਣਨਾ ਅਤੇ ਕਰਨਾ 19 ਹੇ ਮੇਰੇ ਪਿਆਰੇ ਭਾਈਓ, ਇਹ ਜਾਣ ਲਵੋ ਕਿ ਹਰੇਕ ਮਨੁੱਖ ਸੁਣਨ ਵਿੱਚ ਕਾਹਲਾ, ਬੋਲਣ ਵਿੱਚ ਧੀਮਾ ਅਤੇ ਕ੍ਰੋਧ ਵਿੱਚ ਵੀ ਧੀਮਾ ਹੋਵੇ। 20 ਕਿਉਂਕਿ ਮਨੁੱਖ ਦਾ ਕ੍ਰੋਧ ਪਰਮੇਸ਼ਰ ਦੀ ਧਾਰਮਿਕਤਾ ਨੂੰ ਪੈਦਾ ਨਹੀਂ ਕਰ ਸਕਦਾ। 21 ਇਸ ਲਈ ਸਾਰੀ ਗੰਦਗੀ ਅਤੇ ਸਾਰੀ ਬੁਰਾਈ ਨੂੰ ਤਿਆਗ ਕੇ ਉਸ ਬੀਜੇ ਗਏ ਵਚਨ ਨੂੰ ਨਿਮਰਤਾ ਸਹਿਤ ਗ੍ਰਹਿਣ ਕਰੋ ਜਿਹੜਾ ਤੁਹਾਡੇ ਪ੍ਰਾਣਾਂ ਨੂੰ ਬਚਾ ਸਕਦਾ ਹੈ। 22 ਵਚਨ ਉੱਤੇ ਚੱਲਣ ਵਾਲੇ ਬਣੋ, ਨਾ ਕੇਵਲ ਸੁਣ ਕੇ ਆਪਣੇ ਆਪ ਨੂੰ ਧੋਖਾ ਦੇਣ ਵਾਲੇ। 23 ਕਿਉਂਕਿ ਜੇ ਕੋਈ ਵਚਨ ਦਾ ਸੁਣਨ ਵਾਲਾ ਹੈ, ਪਰ ਇਸ ਉੱਤੇ ਚੱਲਣ ਵਾਲਾ ਨਹੀਂ ਤਾਂ ਉਹ ਉਸ ਮਨੁੱਖ ਵਰਗਾ ਹੈ ਜਿਹੜਾ ਸ਼ੀਸ਼ੇ ਵਿੱਚ ਆਪਣੇ ਅਸਲ ਚਿਹਰੇ ਨੂੰ ਵੇਖਦਾ ਹੈ; 24 ਕਿਉਂਕਿ ਉਹ ਆਪਣੇ ਆਪ ਨੂੰ ਵੇਖ ਕੇ ਚਲਾ ਜਾਂਦਾ ਹੈ ਅਤੇ ਤੁਰੰਤ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਸੀ। 25 ਪਰ ਜਿਹੜਾ ਅਜ਼ਾਦੀ ਦੀ ਸਿੱਧ ਬਿਵਸਥਾ ਉੱਤੇ ਗੌਰ ਕਰਦਾ ਹੈ ਅਤੇ ਇਸ ਵਿੱਚ ਬਣਿਆ ਰਹਿੰਦਾ ਹੈ ਅਤੇ ਸੁਣ ਕੇ ਭੁੱਲਣ ਵਾਲਾ ਨਹੀਂ ਸਗੋਂ ਇਸ ਉੱਤੇ ਚੱਲਣ ਵਾਲਾ ਹੈ, ਉਹ ਆਪਣੇ ਕੰਮਾਂ ਵਿੱਚ ਬਰਕਤ ਪਾਵੇਗਾ। 26 ਜੇ ਕੋਈ ਆਪਣੇ ਆਪ ਨੂੰ ਭਗਤ ਸਮਝਦਾ ਹੈ, ਪਰ ਆਪਣੀ ਜੀਭ ਨੂੰ ਲਗਾਮ ਨਹੀਂ ਲਾਉਂਦਾ ਤਾਂ ਉਹ ਆਪਣੇ ਦਿਲ ਨੂੰ ਧੋਖਾ ਦਿੰਦਾ ਹੈ ਅਤੇ ਉਸ ਦੀ ਭਗਤੀ ਵਿਅਰਥ ਹੈ। 27 ਸਾਡੇ ਪਰਮੇਸ਼ਰ ਅਤੇ ਪਿਤਾ ਦੇ ਸਨਮੁੱਖ ਸ਼ੁੱਧ ਅਤੇ ਸੱਚੀ ਭਗਤੀ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੇ ਦੁੱਖ ਵਿੱਚ ਉਨ੍ਹਾਂ ਦੀ ਸੁੱਧ ਲੈਣੀ ਅਤੇ ਆਪਣੇ ਆਪ ਨੂੰ ਸੰਸਾਰ ਤੋਂ ਬੇਦਾਗ਼ ਰੱਖਣਾ। |