Aanlyn Bybel

- Advertensies -

ਇਬਰਾਨੀ 1 - Punjabi Standard Bible


ਪੁੱਤਰ ਦਾ ਸਰੂਪ

1 ਬੀਤੇ ਸਮੇਂ ਵਿੱਚ ਪਰਮੇਸ਼ਰ ਨੇ ਨਬੀਆਂ ਦੇ ਰਾਹੀਂ ਵੱਖ-ਵੱਖ ਸਮਿਆਂ 'ਤੇ ਕਈ ਤਰ੍ਹਾਂ ਨਾਲ ਸਾਡੇ ਪੁਰਖਿਆਂ ਨਾਲ ਗੱਲ ਕੀਤੀ,

2 ਪਰ ਇਨ੍ਹਾਂ ਆਖਰੀ ਦਿਨਾਂ ਵਿੱਚ ਉਸ ਨੇ ਸਾਡੇ ਨਾਲ ਆਪਣੇ ਪੁੱਤਰ ਦੇ ਰਾਹੀਂ ਗੱਲ ਕੀਤੀ ਜਿਸ ਨੂੰ ਉਸ ਨੇ ਸਭਨਾਂ ਵਸਤਾਂ ਦਾ ਵਾਰਸ ਠਹਿਰਾਇਆ ਅਤੇ ਜਿਸ ਦੇ ਦੁਆਰਾ ਉਸ ਨੇ ਸ੍ਰਿਸ਼ਟੀ ਦੀ ਵੀ ਰਚਨਾ ਕੀਤੀ।

3 ਉਹ ਪਰਮੇਸ਼ਰ ਦੀ ਮਹਿਮਾ ਦਾ ਪਰਕਾਸ਼ ਅਤੇ ਉਸ ਦੀ ਸ਼ਖਸੀਅਤ ਦਾ ਪ੍ਰਤਿਬਿੰਬ ਹੈ ਅਤੇ ਆਪਣੀ ਸਮਰੱਥਾ ਦੇ ਵਚਨ ਦੁਆਰਾ ਸਭਨਾਂ ਵਸਤਾਂ ਨੂੰ ਸੰਭਾਲਦਾ ਹੈ। ਉਹ ਪਾਪਾਂ ਤੋਂ ਸ਼ੁੱਧਤਾ ਪ੍ਰਦਾਨ ਕਰਕੇ ਉਤਾਂਹ ਅੱਤ ਮਹਾਨ ਦੇ ਸੱਜੇ ਹੱਥ ਬਿਰਾਜਮਾਨ ਹੋਇਆ।

4 ਉਹ ਸਵਰਗਦੂਤਾਂ ਨਾਲੋਂ ਅੱਤ ਉੱਚਾ ਅਤੇ ਅੱਤ ਸ੍ਰੇਸ਼ਠ ਠਹਿਰਿਆ ਅਤੇ ਉਸ ਨੇ ਉਨ੍ਹਾਂ ਨਾਲੋਂ ਇੱਕ ਉੱਤਮ ਨਾਮ ਵਿਰਸੇ ਵਿੱਚ ਪਾਇਆ।


ਪੁੱਤਰ ਸਵਰਗਦੂਤਾਂ ਨਾਲੋਂ ਉੱਤਮ ਹੈ

5 ਕਿਉਂਕਿ ਪਰਮੇਸ਼ਰ ਨੇ ਸਵਰਗਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ: ਤੂੰ ਮੇਰਾ ਪੁੱਤਰ ਹੈਂ; ਅੱਜ ਤੂੰ ਮੇਰੇ ਤੋਂ ਜਨਮਿਆ ਹੈਂ ਅਤੇ ਫੇਰ ਇਹ, ਮੈਂ ਉਸ ਦਾ ਪਿਤਾ ਹੋਵਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ?

6 ਜਦੋਂ ਉਹ ਆਪਣੇ ਜੇਠੇ ਨੂੰ ਫੇਰ ਸੰਸਾਰ ਵਿੱਚ ਲਿਆਉਂਦਾ ਹੈ ਤਾਂ ਕਹਿੰਦਾ ਹੈ: ਪਰਮੇਸ਼ਰ ਦੇ ਸਭ ਦੂਤ ਉਸ ਦੀ ਅਰਾਧਨਾ ਕਰਨ।

7 ਫਿਰ ਸਵਰਗਦੂਤਾਂ ਦੇ ਵਿਖੇ ਉਹ ਕਹਿੰਦਾ ਹੈ: ਉਹ ਆਪਣੇ ਦੂਤਾਂ ਨੂੰ ਹਵਾਵਾਂ ਅਤੇ ਆਪਣੇ ਸੇਵਕਾਂ ਨੂੰ ਅੱਗ ਦੀ ਲਾਟ ਬਣਾਉਂਦਾ ਹੈ।

8 ਪਰ ਪੁੱਤਰ ਦੇ ਵਿਖੇ: ਹੇ ਪਰਮੇਸ਼ਰ, ਤੇਰਾ ਸਿੰਘਾਸਣ ਯੁਗੋ-ਯੁਗ ਕਾਇਮ ਹੈ ਅਤੇ ਤੇਰੇ ਰਾਜ ਦਾ ਰਾਜਦੰਡ ਧਾਰਮਿਕਤਾ ਦਾ ਰਾਜਦੰਡ ਹੈ।

9 ਤੂੰ ਧਾਰਮਿਕਤਾ ਨਾਲ ਪ੍ਰੇਮ ਕੀਤਾ ਅਤੇ ਕੁਧਰਮ ਨਾਲ ਘਿਰਣਾ ਕੀਤੀ; ਇਸੇ ਕਰਕੇ ਪਰਮੇਸ਼ਰ ਨੇ, ਤੇਰੇ ਪਰਮੇਸ਼ਰ ਨੇ ਤੈਨੂੰ ਤੇਰੇ ਸਾਥੀਆਂ ਨਾਲੋਂ ਵਧਕੇ ਅਨੰਦ ਦੇ ਤੇਲ ਨਾਲ ਮਸਹ ਕੀਤਾ।

10 ਅਤੇ ਇਹ ਵੀ: ਹੇ ਪ੍ਰਭੂ, ਅਰੰਭ ਵਿੱਚ ਤੂੰ ਧਰਤੀ ਦੀ ਨੀਂਹ ਰੱਖੀ ਅਤੇ ਅਕਾਸ਼ ਤੇਰੇ ਹੱਥਾਂ ਦੀ ਕਾਰੀਗਰੀ ਹਨ।

11 ਇਹ ਤਾਂ ਨਾਸ ਹੋ ਜਾਣਗੇ, ਪਰ ਤੂੰ ਕਾਇਮ ਰਹਿੰਦਾ ਹੈਂ; ਇਹ ਸਭ ਕੱਪੜੇ ਵਾਂਗ ਪੁਰਾਣੇ ਹੋ ਜਾਣਗੇ।

12 ਤੂੰ ਉਨ੍ਹਾਂ ਨੂੰ ਚਾਦਰ ਵਾਂਗ ਲਪੇਟ ਦੇਵੇਂਗਾ ਅਤੇ ਉਹ ਕੱਪੜੇ ਵਾਂਗ ਬਦਲੇ ਜਾਣਗੇ। ਪਰ ਤੂੰ ਇੱਕੋ ਜਿਹਾ ਰਹਿੰਦਾ ਹੈਂ ਅਤੇ ਤੇਰੇ ਵਰ੍ਹਿਆਂ ਦਾ ਅੰਤ ਨਹੀਂ ਹੋਵੇਗਾ।

13 ਫਿਰ ਉਸ ਨੇ ਸਵਰਗਦੂਤਾਂ ਵਿੱਚੋਂ ਕਿਸ ਨੂੰ ਕਦੇ ਇਹ ਕਿਹਾ: ਮੇਰੇ ਸੱਜੇ ਹੱਥ ਬੈਠ ਜਦੋਂ ਤੱਕ ਕਿ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਦੀ ਚੌਂਕੀ ਨਾ ਬਣਾ ਦਿਆਂ?

14 ਕੀ ਉਹ ਸਭ ਸੇਵਾ ਕਰਨ ਵਾਲੀਆਂ ਆਤਮਾਵਾਂ ਨਹੀਂ ਹਨ ਜੋ ਉਨ੍ਹਾਂ ਦੀ ਸੇਵਾ ਲਈ ਭੇਜੀਆਂ ਜਾਂਦੀਆਂ ਹਨ ਜਿਹੜੇ ਮੁਕਤੀ ਦੇ ਵਾਰਸ ਬਣਨ ਵਾਲੇ ਹਨ?

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies