ਅਫ਼ਸੁਸ 3 - Punjabi Standard Bibleਪਰਾਈਆਂ ਕੌਮਾਂ ਵਿੱਚ ਪੌਲੁਸ ਦੀ ਸੇਵਾ 1 ਇਸੇ ਕਾਰਨ ਮੈਂ ਪੌਲੁਸ ਤੁਹਾਡੇ ਪਰਾਈਆਂ ਕੌਮਾਂ ਦੇ ਨਮਿੱਤ ਮਸੀਹ ਯਿਸੂ ਦਾ ਕੈਦੀ ਹਾਂ, 2 ਪਰ ਤਦ, ਜੇ ਤੁਸੀਂ ਪਰਮੇਸ਼ਰ ਦੀ ਕਿਰਪਾ ਦੇ ਉਸ ਪ੍ਰਬੰਧ ਬਾਰੇ ਸੁਣਿਆ ਹੈ ਜੋ ਮੈਨੂੰ ਤੁਹਾਡੇ ਨਮਿੱਤ ਸੌਂਪਿਆ ਗਿਆ 3 ਅਰਥਾਤ ਉਹ ਭੇਤ ਜੋ ਪ੍ਰਕਾਸ਼ਨ ਦੇ ਦੁਆਰਾ ਮੇਰੇ ਉੱਤੇ ਪਰਗਟ ਕੀਤਾ ਗਿਆ, ਜਿਸ ਬਾਰੇ ਮੈਂ ਸੰਖੇਪ ਵਿੱਚ ਪਹਿਲਾਂ ਹੀ ਲਿਖਿਆ ਹੈ। 4 ਉਸ ਨੂੰ ਪੜ੍ਹ ਕੇ ਤੁਸੀਂ ਮਸੀਹ ਦੇ ਉਸ ਭੇਤ ਦੇ ਵਿਖੇ ਮੇਰੇ ਗਿਆਨ ਨੂੰ ਸਮਝ ਸਕਦੇ ਹੋ 5 ਜੋ ਪਿਛਲੀਆਂ ਪੀੜ੍ਹੀਆਂ ਵਿੱਚ ਮਨੁੱਖਜਾਤੀ ਉੱਤੇ ਉਸ ਤਰ੍ਹਾਂ ਪਰਗਟ ਨਹੀਂ ਕੀਤਾ ਗਿਆ ਜਿਸ ਤਰ੍ਹਾਂ ਆਤਮਾ ਦੁਆਰਾ ਹੁਣ ਉਸ ਦੇ ਪਵਿੱਤਰ ਰਸੂਲਾਂ ਅਤੇ ਨਬੀਆਂ ਉੱਤੇ ਪਰਗਟ ਕੀਤਾ ਗਿਆ ਹੈ। 6 ਉਹ ਭੇਤ ਇਹ ਹੈ ਕਿ ਪਰਾਈਆਂ ਕੌਮਾਂ ਦੇ ਲੋਕ ਵੀ ਸੰਗੀ ਵਾਰਸ, ਇੱਕੋ ਦੇਹ ਦੇ ਅੰਗ ਅਤੇ ਖੁਸ਼ਖ਼ਬਰੀ ਦੇ ਰਾਹੀਂ ਮਸੀਹ ਯਿਸੂ ਵਿੱਚ ਵਾਇਦੇ ਦੇ ਸਾਂਝੀ ਹਨ। 7 ਮੈਂ ਪਰਮੇਸ਼ਰ ਦੀ ਕਿਰਪਾ ਦੇ ਉਸ ਦਾਨ ਦੇ ਅਨੁਸਾਰ ਜੋ ਉਸ ਦੀ ਸਮਰੱਥਾ ਦੇ ਕੰਮ ਕਰਨ ਦੁਆਰਾ ਮੈਨੂੰ ਦਿੱਤਾ ਗਿਆ, ਉਸੇ ਖੁਸ਼ਖ਼ਬਰੀ ਦਾ ਸੇਵਕ ਬਣਿਆ। 8 ਮੈਨੂੰ ਜੋ ਸਾਰਿਆਂ ਸੰਤਾਂ ਵਿੱਚੋਂ ਸਭ ਤੋਂ ਛੋਟਾ ਹਾਂ ਇਹ ਕਿਰਪਾ ਬਖਸ਼ੀ ਗਈ ਕਿ ਮੈਂ ਪਰਾਈਆਂ ਕੌਮਾਂ ਨੂੰ ਮਸੀਹ ਦੀ ਕਿਰਪਾ ਦੇ ਅਸੀਮ ਧਨ ਦੀ ਖੁਸ਼ਖ਼ਬਰੀ ਸੁਣਾਵਾਂ 9 ਅਤੇ ਸਭਨਾਂ ਮਨੁੱਖਾਂ 'ਤੇ ਇਹ ਪਰਗਟ ਕਰਾਂ ਕਿ ਉਸ ਭੇਤ ਦਾ ਪ੍ਰਬੰਧ ਕੀ ਹੈ ਜੋ ਪਰਮੇਸ਼ਰ ਵਿੱਚ ਯੁਗਾਂ ਤੋਂ ਗੁਪਤ ਸੀ ਜਿਸ ਨੇ ਸਭ ਕੁਝ ਸਿਰਜਿਆ; 10 ਤਾਂਕਿ ਹੁਣ ਕਲੀਸਿਯਾ ਦੇ ਦੁਆਰਾ ਪਰਮੇਸ਼ਰ ਦੇ ਵੱਖ-ਵੱਖ ਤਰ੍ਹਾਂ ਦੇ ਗਿਆਨ ਨੂੰ ਉਨ੍ਹਾਂ ਹਕੂਮਤਾਂ ਅਤੇ ਇਖ਼ਤਿਆਰਾਂ ਉੱਤੇ ਪਰਗਟ ਕੀਤਾ ਜਾਵੇ ਜਿਹੜੇ ਅਕਾਸ਼ਾਂ ਵਿੱਚ ਹਨ। 11 ਇਹ ਉਸ ਸਦੀਪਕ ਇਰਾਦੇ ਦੇ ਅਨੁਸਾਰ ਹੈ ਜੋ ਉਸ ਨੇ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਠਾਣਿਆ ਸੀ। 12 ਉਸੇ ਵਿੱਚ ਅਤੇ ਉਸੇ ਉੱਤੇ ਵਿਸ਼ਵਾਸ ਕਰਨ ਦੁਆਰਾ ਸਾਨੂੰ ਭਰੋਸੇ ਨਾਲ ਪਰਮੇਸ਼ਰ ਤੱਕ ਪਹੁੰਚ ਕਰਨ ਦੀ ਦਲੇਰੀ ਹੈ। 13 ਇਸ ਲਈ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਕਸ਼ਟਾਂ ਦੇ ਕਾਰਨ ਜੋ ਮੈਂ ਤੁਹਾਡੀ ਖਾਤਰ ਸਹਿੰਦਾ ਹਾਂ, ਨਿਰਾਸ਼ ਨਾ ਹੋਵੋ; ਇਹ ਤੁਹਾਡਾ ਮਾਣ ਹਨ। ਆਤਮਕ ਸਮਰੱਥਾ ਲਈ ਪ੍ਰਾਰਥਨਾ 14 ਇਸੇ ਕਾਰਨ ਮੈਂ ਪਿਤਾ ਦੇ ਅੱਗੇ ਆਪਣੇ ਗੋਡੇ ਟੇਕਦਾ ਹਾਂ 15 ਜਿਸ ਤੋਂ ਸਵਰਗ ਅਤੇ ਧਰਤੀ ਦੇ ਹਰੇਕ ਘਰਾਣੇ ਦਾ ਨਾਮ ਸੱਦਿਆ ਜਾਂਦਾ ਹੈ 16 ਕਿ ਉਹ ਆਪਣੀ ਮਹਿਮਾ ਦੇ ਧਨ ਅਨੁਸਾਰ ਤੁਹਾਨੂੰ ਇਹ ਬਖਸ਼ੇ ਕਿ ਤੁਸੀਂ ਉਸ ਦੇ ਆਤਮਾ ਦੁਆਰਾ ਆਪਣੇ ਅੰਦਰੂਨੀ ਮਨੁੱਖ ਵਿੱਚ ਸਮਰੱਥਾ ਪ੍ਰਾਪਤ ਕਰਕੇ ਬਲਵੰਤ ਹੋ ਜਾਓ 17 ਅਤੇ ਵਿਸ਼ਵਾਸ ਦੇ ਦੁਆਰਾ ਮਸੀਹ ਤੁਹਾਡੇ ਦਿਲਾਂ ਵਿੱਚ ਵੱਸੇ ਤਾਂਕਿ ਤੁਸੀਂ ਪ੍ਰੇਮ ਵਿੱਚ ਜੜ੍ਹ ਫੜ ਕੇ ਅਤੇ ਸਥਿਰ ਹੋ ਕੇ 18 ਸਭ ਸੰਤਾਂ ਸਮੇਤ ਚੰਗੀ ਤਰ੍ਹਾਂ ਸਮਝ ਸਕੋ ਕਿ ਉਸ ਦੇ ਪ੍ਰੇਮ ਦੀ ਚੌੜਾਈ, ਲੰਬਾਈ, ਉਚਾਈ ਅਤੇ ਡੂੰਘਾਈ ਕਿੰਨੀ ਹੈ 19 ਅਤੇ ਉਸ ਦੇ ਉਸ ਪ੍ਰੇਮ ਨੂੰ ਜਾਣ ਸਕੋ ਜੋ ਗਿਆਨ ਤੋਂ ਪਰੇ ਹੈ ਤਾਂਕਿ ਤੁਸੀਂ ਪਰਮੇਸ਼ਰ ਦੀ ਸਾਰੀ ਭਰਪੂਰੀ ਨਾਲ ਭਰਪੂਰ ਹੋ ਜਾਓ। 20 ਹੁਣ ਉਹ ਜਿਹੜਾ ਉਸ ਸਮਰੱਥਾ ਦੇ ਅਨੁਸਾਰ ਜੋ ਸਾਡੇ ਅੰਦਰ ਕੰਮ ਕਰਦੀ ਹੈ, ਸਾਡੇ ਮੰਗਣ ਜਾਂ ਸੋਚਣ ਤੋਂ ਕਿਤੇ ਵਧਕੇ ਸਭ ਕੁਝ ਕਰ ਸਕਦਾ ਹੈ, 21 ਉਸੇ ਦੀ ਮਹਿਮਾ ਕਲੀਸਿਯਾ ਵਿੱਚ ਅਤੇ ਮਸੀਹ ਯਿਸੂ ਵਿੱਚ ਪੀੜ੍ਹੀਓਂ-ਪੀੜ੍ਹੀ ਯੁਗੋ-ਯੁਗ ਹੁੰਦੀ ਰਹੇ। ਆਮੀਨ! |