ਕੁਲੁੱਸੈ 1 - Punjabi Standard Bibleਸਲਾਮ 1 ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ ਅਤੇ ਭਾਈ ਤਿਮੋਥਿਉਸ ਵੱਲੋਂ; 2 ਉਨ੍ਹਾਂ ਸੰਤਾਂ ਨੂੰ ਅਤੇ ਮਸੀਹ ਦੇ ਵਿਸ਼ਵਾਸੀਆਂ ਨੂੰ ਜਿਹੜੇ ਕੁਲੁੱਸੈ ਵਿੱਚ ਹਨ, ਸਾਡੇ ਪਿਤਾ ਪਰਮੇਸ਼ਰ ਦੀ ਵੱਲੋਂ ਕਿਰਪਾ ਅਤੇ ਸ਼ਾਂਤੀ ਮਿਲੇ। ਕੁਲੁੱਸੀਆਂ ਲਈ ਪ੍ਰਭੂ ਦਾ ਧੰਨਵਾਦ 3 ਅਸੀਂ ਤੁਹਾਡੇ ਲਈ ਪ੍ਰਾਰਥਨਾ ਕਰਦੇ ਹੋਏ ਹਮੇਸ਼ਾ ਆਪਣੇ ਪ੍ਰਭੂ ਯਿਸੂ ਮਸੀਹ ਦੇ ਪਿਤਾ ਪਰਮੇਸ਼ਰ ਦਾ ਧੰਨਵਾਦ ਕਰਦੇ ਹਾਂ, 4 ਕਿਉਂਕਿ ਅਸੀਂ ਮਸੀਹ ਯਿਸੂ ਉੱਤੇ ਤੁਹਾਡੇ ਵਿਸ਼ਵਾਸ ਅਤੇ ਸਾਰੇ ਸੰਤਾਂ ਪ੍ਰਤੀ ਤੁਹਾਡੇ ਪ੍ਰੇਮ ਦੇ ਵਿਖੇ ਸੁਣਿਆ ਹੈ। 5 ਇਹ ਉਸ ਆਸ ਦੇ ਕਾਰਨ ਹੈ ਜੋ ਤੁਹਾਡੇ ਲਈ ਸਵਰਗ ਵਿੱਚ ਰੱਖੀ ਹੋਈ ਹੈ, ਜਿਸ ਦੇ ਵਿਖੇ ਤੁਸੀਂ ਸੱਚੇ ਵਚਨ ਅਰਥਾਤ ਉਸ ਖੁਸ਼ਖ਼ਬਰੀ ਵਿੱਚ ਪਹਿਲਾਂ ਹੀ ਸੁਣ ਚੁੱਕੇ ਹੋ 6 ਜੋ ਤੁਹਾਡੇ ਕੋਲ ਪਹੁੰਚੀ ਅਤੇ ਜਿਵੇਂ ਇਹ ਸਾਰੇ ਸੰਸਾਰ ਵਿੱਚ ਫੈਲਦੀ ਅਤੇ ਫਲਵੰਤ ਹੁੰਦੀ ਜਾਂਦੀ ਹੈ, ਉਸੇ ਤਰ੍ਹਾਂ ਜਿਸ ਦਿਨ ਤੋਂ ਤੁਸੀਂ ਇਸ ਨੂੰ ਸੁਣਿਆ ਅਤੇ ਪਰਮੇਸ਼ਰ ਦੀ ਕਿਰਪਾ ਨੂੰ ਅਸਲ ਵਿੱਚ ਜਾਣਿਆ, ਤੁਹਾਡੇ ਵਿੱਚ ਵੀ ਵਧਦੀ ਜਾਂਦੀ ਹੈ। 7 ਇਸੇ ਦੀ ਸਿੱਖਿਆ ਤੁਸੀਂ ਸਾਡੇ ਪਿਆਰੇ ਸੰਗੀ ਦਾਸ ਇਪਫ੍ਰਾਸ ਤੋਂ ਪਾਈ ਜਿਹੜਾ ਤੁਹਾਡੇ ਲਈ ਮਸੀਹ ਦਾ ਵਿਸ਼ਵਾਸਯੋਗ ਸੇਵਕ ਹੈ। 8 ਉਸੇ ਨੇ ਤੁਹਾਡੇ ਉਸ ਪ੍ਰੇਮ ਨੂੰ ਜੋ ਆਤਮਾ ਵਿੱਚ ਹੈ, ਸਾਡੇ ਉੱਤੇ ਪਰਗਟ ਕੀਤਾ। ਆਤਮਕ ਉੱਨਤੀ ਲਈ ਪ੍ਰਾਰਥਨਾ 9 ਇਸ ਲਈ ਅਸੀਂ ਵੀ ਜਿਸ ਦਿਨ ਤੋਂ ਇਹ ਸੁਣਿਆ ਹੈ, ਤੁਹਾਡੇ ਲਈ ਬੇਨਤੀ ਅਤੇ ਪ੍ਰਾਰਥਨਾ ਕਰਨਾ ਨਹੀਂ ਛੱਡਦੇ ਕਿ ਤੁਸੀਂ ਪਰਮੇਸ਼ਰ ਦੀ ਇੱਛਾ ਦੇ ਗਿਆਨ ਅਤੇ ਆਤਮਕ ਸਮਝ ਤੇ ਬੁੱਧ ਨਾਲ ਭਰਪੂਰ ਹੋ ਜਾਓ, 10 ਤਾਂਕਿ ਤੁਸੀਂ ਪ੍ਰਭੂ ਦੇ ਯੋਗ ਚਾਲ ਚੱਲੋ ਜੋ ਹਰ ਤਰ੍ਹਾਂ ਨਾਲ ਉਸ ਨੂੰ ਪ੍ਰਸੰਨ ਕਰੇ ਅਤੇ ਹਰੇਕ ਭਲੇ ਕੰਮ ਵਿੱਚ ਫਲਵੰਤ ਹੋਵੋ ਤੇ ਪਰਮੇਸ਼ਰ ਦੇ ਗਿਆਨ ਵਿੱਚ ਵਧਦੇ ਜਾਓ। 11 ਤੁਸੀਂ ਉਸ ਦੀ ਮਹਿਮਾ ਦੀ ਸਮਰੱਥਾ ਦੇ ਅਨੁਸਾਰ ਸਾਰੀ ਸ਼ਕਤੀ ਨਾਲ ਬਲਵੰਤ ਹੋ ਜਾਓ ਤਾਂਕਿ ਹਰ ਤਰ੍ਹਾਂ ਨਾਲ ਧੀਰਜ ਅਤੇ ਸਹਿਣਸ਼ੀਲਤਾ ਨੂੰ ਪ੍ਰਾਪਤ ਕਰ ਸਕੋ ਅਤੇ ਅਨੰਦ ਨਾਲ 12 ਉਸ ਪਿਤਾ ਦਾ ਧੰਨਵਾਦ ਕਰਦੇ ਰਹੋ ਜਿਸ ਨੇ ਤੁਹਾਨੂੰ ਇਸ ਯੋਗ ਬਣਾਇਆ ਕਿ ਚਾਨਣ ਵਿੱਚ ਸੰਤਾਂ ਦੀ ਮਿਰਾਸ ਦੇ ਸਾਂਝੀ ਹੋਵੋ। 13 ਉਸ ਨੇ ਸਾਨੂੰ ਹਨੇਰੇ ਦੇ ਵੱਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ। 14 ਉਸੇ ਵਿੱਚ ਸਾਨੂੰ ਛੁਟਕਾਰਾ ਅਰਥਾਤ ਪਾਪਾਂ ਦੀ ਮਾਫ਼ੀ ਪ੍ਰਾਪਤ ਹੁੰਦੀ ਹੈ। ਮਸੀਹ ਦੀ ਉੱਤਮਤਾ 15 ਉਹ ਅਣਡਿੱਠ ਪਰਮੇਸ਼ਰ ਦਾ ਸਰੂਪ ਅਤੇ ਸਾਰੀ ਸ੍ਰਿਸ਼ਟੀ ਵਿੱਚੋਂ ਜੇਠਾ ਹੈ, 16 ਕਿਉਂਕਿ ਅਕਾਸ਼ ਵਿੱਚ ਅਤੇ ਧਰਤੀ ਉਤਲੀਆਂ ਸਭ ਵਸਤਾਂ ਉਸੇ ਵਿੱਚ ਸਿਰਜੀਆਂ ਗਈਆਂ, ਭਾਵੇਂ ਪ੍ਰਤੱਖ ਭਾਵੇਂ ਅਪ੍ਰਤੱਖ, ਭਾਵੇਂ ਸਿੰਘਾਸਣ ਭਾਵੇਂ ਪ੍ਰਭੁਤਾ, ਭਾਵੇਂ ਹਕੂਮਤਾਂ ਭਾਵੇਂ ਇਖ਼ਤਿਆਰ; ਸਭ ਵਸਤਾਂ ਉਸੇ ਦੇ ਰਾਹੀਂ ਅਤੇ ਉਸੇ ਦੇ ਲਈ ਸਿਰਜੀਆਂ ਗਈਆਂ। 17 ਉਹੀ ਸਭ ਵਸਤਾਂ ਤੋਂ ਪਹਿਲਾਂ ਹੈ ਅਤੇ ਸਭ ਕੁਝ ਉਸੇ ਵਿੱਚ ਕਾਇਮ ਹੈ। 18 ਉਹ ਦੇਹ ਅਰਥਾਤ ਕਲੀਸਿਯਾ ਦਾ ਸਿਰ ਹੈ; ਉਹੀ ਅਰੰਭ ਹੈ ਅਤੇ ਮੁਰਦਿਆਂ ਵਿੱਚੋਂ ਜੇਠਾ ਹੈ ਤਾਂਕਿ ਸਭਨਾਂ ਗੱਲਾਂ ਵਿੱਚ ਪਹਿਲਾ ਸਥਾਨ ਉਸੇ ਨੂੰ ਮਿਲੇ। 19 ਕਿਉਂਕਿ ਪਿਤਾ ਨੂੰ ਚੰਗਾ ਲੱਗਾ ਕਿ ਸਾਰੀ ਭਰਪੂਰੀ ਉਸੇ ਵਿੱਚ ਵਾਸ ਕਰੇ 20 ਅਤੇ ਸਲੀਬ ਉੱਤੇ ਵਹਾਏ ਗਏ ਉਸ ਦੇ ਲਹੂ ਦੇ ਦੁਆਰਾ ਸ਼ਾਂਤੀ ਕਾਇਮ ਕਰਕੇ ਉਸੇ ਦੇ ਰਾਹੀਂ ਸਭ ਵਸਤਾਂ ਦਾ, ਭਾਵੇਂ ਧਰਤੀ ਦੀਆਂ ਭਾਵੇਂ ਅਕਾਸ਼ ਦੀਆਂ, ਆਪਣੇ ਨਾਲ ਮੇਲ ਕਰੇ। 21 ਤੁਸੀਂ ਪਹਿਲਾਂ ਬੁਰੇ ਕੰਮਾਂ ਦੇ ਕਾਰਨ ਅੱਡ ਸੀ ਅਤੇ ਆਪਣੇ ਮਨ ਤੋਂ ਉਸ ਦੇ ਵੈਰੀ ਸੀ, 22 ਪਰ ਹੁਣ ਉਸ ਨੇ ਆਪਣੇ ਪੁੱਤਰ ਦੀ ਸਰੀਰਕ ਦੇਹ ਵਿੱਚ ਉਸ ਦੀ ਮੌਤ ਦੇ ਰਾਹੀਂ ਤੁਹਾਡੇ ਨਾਲ ਮੇਲ ਕਰ ਲਿਆ ਤਾਂਕਿ ਤੁਹਾਨੂੰ ਆਪਣੇ ਸਾਹਮਣੇ ਪਵਿੱਤਰ, ਬੇਦਾਗ਼ ਅਤੇ ਨਿਰਦੋਸ਼ ਪੇਸ਼ ਕਰੇ; 23 ਪਰ ਇਹ ਤਾਂ ਹੀ ਹੋਵੇਗਾ ਜੇ ਤੁਸੀਂ ਵਿਸ਼ਵਾਸ ਦੀ ਨੀਂਹ ਉੱਤੇ ਕਾਇਮ ਅਤੇ ਦ੍ਰਿੜ੍ਹ ਰਹੋ ਅਤੇ ਉਸ ਖੁਸ਼ਖ਼ਬਰੀ ਦੀ ਆਸ ਨੂੰ ਨਾ ਛੱਡੋ ਜੋ ਤੁਸੀਂ ਸੁਣੀ ਅਤੇ ਜਿਸ ਦਾ ਪ੍ਰਚਾਰ ਅਕਾਸ਼ ਹੇਠਾਂ ਸਾਰੀ ਸ੍ਰਿਸ਼ਟੀ ਵਿੱਚ ਕੀਤਾ ਗਿਆ, ਜਿਸ ਦਾ ਮੈਂ ਪੌਲੁਸ ਸੇਵਕ ਬਣਿਆ। ਪੌਲੁਸ ਦੀ ਸੇਵਾ 24 ਹੁਣ ਮੈਂ ਆਪਣੇ ਦੁੱਖਾਂ ਵਿੱਚ ਜੋ ਤੁਹਾਡੀ ਖਾਤਰ ਹਨ, ਅਨੰਦ ਕਰਦਾ ਹਾਂ ਅਤੇ ਮਸੀਹ ਦੇ ਕਸ਼ਟਾਂ ਦੀ ਥੁੜ੍ਹ ਨੂੰ ਉਸ ਦੀ ਦੇਹ ਅਰਥਾਤ ਕਲੀਸਿਯਾ ਦੀ ਖਾਤਰ ਆਪਣੇ ਸਰੀਰ ਵਿੱਚ ਪੂਰਾ ਕਰਦਾ ਹਾਂ। 25 ਮੈਂ ਪਰਮੇਸ਼ਰ ਦੇ ਉਸ ਪ੍ਰਬੰਧ ਦੇ ਅਨੁਸਾਰ ਜੋ ਮੈਨੂੰ ਤੁਹਾਡੇ ਲਈ ਸੌਂਪਿਆ ਗਿਆ ਕਲੀਸਿਯਾ ਦਾ ਸੇਵਕ ਬਣਿਆ ਤਾਂਕਿ ਪਰਮੇਸ਼ਰ ਦੇ ਵਚਨ ਦਾ ਪੂਰਾ ਪ੍ਰਚਾਰ ਕਰਾਂ, 26 ਅਰਥਾਤ ਉਸ ਭੇਤ ਦਾ ਜੋ ਯੁਗਾਂ ਤੋਂ ਅਤੇ ਪੀੜ੍ਹੀਆਂ ਤੋਂ ਗੁਪਤ ਰੱਖਿਆ ਗਿਆ ਸੀ, ਪਰ ਹੁਣ ਉਸ ਦੇ ਸੰਤਾਂ ਉੱਤੇ ਪਰਗਟ ਕੀਤਾ ਗਿਆ ਹੈ। 27 ਪਰਮੇਸ਼ਰ ਉਨ੍ਹਾਂ ਉੱਤੇ ਪਰਗਟ ਕਰਨਾ ਚਾਹੁੰਦਾ ਸੀ ਕਿ ਪਰਾਈਆਂ ਕੌਮਾਂ ਵਿੱਚ ਇਸ ਭੇਤ ਦੀ ਮਹਿਮਾ ਦਾ ਧਨ ਕੀ ਹੈ; ਉਹ ਭੇਤ ਇਹ ਹੈ ਕਿ ਮਸੀਹ ਜਿਹੜਾ ਮਹਿਮਾ ਦੀ ਆਸ ਹੈ ਤੁਹਾਡੇ ਅੰਦਰ ਵਾਸ ਕਰਦਾ ਹੈ। 28 ਉਸੇ ਦਾ ਪ੍ਰਚਾਰ ਕਰਦੇ ਹੋਏ ਅਸੀਂ ਹਰੇਕ ਮਨੁੱਖ ਨੂੰ ਪੂਰੇ ਗਿਆਨ ਨਾਲ ਚਿਤਾਵਨੀ ਦਿੰਦੇ ਅਤੇ ਹਰੇਕ ਮਨੁੱਖ ਨੂੰ ਸਿਖਾਉਂਦੇ ਹਾਂ ਤਾਂਕਿ ਉਨ੍ਹਾਂ ਨੂੰ ਮਸੀਹ ਵਿੱਚ ਸਿੱਧ ਪੇਸ਼ ਕਰੀਏ। 29 ਇਸੇ ਉਦੇਸ਼ ਲਈ ਮੈਂ ਉਸ ਦੀ ਉਸ ਸ਼ਕਤੀ ਦੇ ਅਨੁਸਾਰ ਜੋ ਸਮਰੱਥਾ ਨਾਲ ਮੇਰੇ ਵਿੱਚ ਕੰਮ ਕਰਦੀ ਹੈ, ਸਖ਼ਤ ਮਿਹਨਤ ਵੀ ਕਰਦਾ ਹਾਂ। |