Aanlyn Bybel

- Advertensies -

2 ਤਿਮੋਥਿ 1 - Punjabi Standard Bible


ਸਲਾਮ

1 ਪੌਲੁਸ ਵੱਲੋਂ ਜਿਹੜਾ ਉਸ ਜੀਵਨ ਦੇ ਵਾਇਦੇ ਦੇ ਅਨੁਸਾਰ ਜੋ ਮਸੀਹ ਯਿਸੂ ਵਿੱਚ ਹੈ, ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ,

2 ਪਿਆਰੇ ਪੁੱਤਰ ਤਿਮੋਥਿਉਸ ਨੂੰ; ਪਿਤਾ ਪਰਮੇਸ਼ਰ ਅਤੇ ਸਾਡੇ ਪ੍ਰਭੂ ਮਸੀਹ ਯਿਸੂ ਦੀ ਵੱਲੋਂ ਕਿਰਪਾ, ਦਇਆ ਅਤੇ ਸ਼ਾਂਤੀ ਮਿਲੇ।


ਧੰਨਵਾਦ ਅਤੇ ਉਤਸ਼ਾਹ

3 ਮੈਂ ਰਾਤ-ਦਿਨ ਲਗਾਤਾਰ ਤੈਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦੇ ਹੋਏ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਜਿਸ ਦੀ ਸੇਵਾ ਮੈਂ ਆਪਣੇ ਪੁਰਖਿਆਂ ਵਾਂਗ ਸ਼ੁੱਧ ਵਿਵੇਕ ਨਾਲ ਕਰਦਾ ਹਾਂ।

4 ਮੈਂ ਤੇਰੇ ਹੰਝੂਆਂ ਨੂੰ ਯਾਦ ਕਰਦਿਆਂ ਤੈਨੂੰ ਮਿਲਣ ਦੀ ਤਾਂਘ ਰੱਖਦਾ ਹਾਂ ਤਾਂਕਿ ਮੈਂ ਅਨੰਦ ਨਾਲ ਭਰ ਜਾਵਾਂ।

5 ਮੈਂ ਤੇਰੇ ਸੱਚੇ ਵਿਸ਼ਵਾਸ ਨੂੰ ਯਾਦ ਕਰਦਾ ਹਾਂ ਜੋ ਪਹਿਲਾਂ ਤੇਰੀ ਨਾਨੀ ਲੋਇਸ ਅਤੇ ਫਿਰ ਤੇਰੀ ਮਾਤਾ ਯੂਨੀਕਾ ਵਿੱਚ ਸੀ ਅਤੇ ਮੈਨੂੰ ਯਕੀਨ ਹੈ ਕਿ ਉਹ ਤੇਰੇ ਵਿੱਚ ਵੀ ਹੈ।

6 ਇਸੇ ਕਰਕੇ ਮੈਂ ਤੈਨੂੰ ਯਾਦ ਕਰਾਉਂਦਾ ਹਾਂ ਕਿ ਪਰਮੇਸ਼ਰ ਦੇ ਉਸ ਵਰਦਾਨ ਨੂੰ ਚਮਕਾ ਜੋ ਮੇਰੇ ਹੱਥ ਰੱਖਣ ਨਾਲ ਤੈਨੂੰ ਮਿਲਿਆ,

7 ਕਿਉਂਕਿ ਪਰਮੇਸ਼ਰ ਨੇ ਸਾਨੂੰ ਡਰ ਦਾ ਨਹੀਂ ਸਗੋਂ ਸਮਰੱਥਾ, ਪ੍ਰੇਮ ਅਤੇ ਸੰਜਮ ਦਾ ਆਤਮਾ ਦਿੱਤਾ ਹੈ।


ਖੁਸ਼ਖ਼ਬਰੀ ਦੇ ਲਈ ਦੁੱਖ ਝੱਲਣਾ

8 ਇਸ ਲਈ ਸਾਡੇ ਪ੍ਰਭੂ ਦੀ ਗਵਾਹੀ ਤੋਂ ਨਾ ਸ਼ਰਮਾ ਅਤੇ ਨਾ ਹੀ ਮੇਰੇ ਤੋਂ ਜੋ ਪ੍ਰਭੂ ਦਾ ਕੈਦੀ ਹਾਂ, ਸਗੋਂ ਪਰਮੇਸ਼ਰ ਦੀ ਸਮਰੱਥਾ ਵਿੱਚ ਖੁਸ਼ਖ਼ਬਰੀ ਦੀ ਖਾਤਰ ਮੇਰੇ ਨਾਲ ਦੁੱਖ ਝੱਲ।

9 ਉਸ ਨੇ ਹੀ ਸਾਨੂੰ ਬਚਾਇਆ ਅਤੇ ਪਵਿੱਤਰ ਸੱਦੇ ਨਾਲ ਬੁਲਾਇਆ ਹੈ। ਇਹ ਸਾਡੇ ਕੰਮਾਂ ਦੇ ਅਨੁਸਾਰ ਨਹੀਂ, ਸਗੋਂ ਉਸ ਦੇ ਉਦੇਸ਼ ਅਤੇ ਉਸ ਕਿਰਪਾ ਦੇ ਅਨੁਸਾਰ ਹੈ ਜੋ ਅਨੰਤ ਕਾਲ ਤੋਂ ਮਸੀਹ ਯਿਸੂ ਵਿੱਚ ਸਾਨੂੰ ਬਖਸ਼ੀ ਗਈ

10 ਅਤੇ ਸਾਡੇ ਮੁਕਤੀਦਾਤਾ ਮਸੀਹ ਯਿਸੂ ਦੇ ਪਰਗਟ ਹੋਣ ਦੇ ਦੁਆਰਾ ਸਾਡੇ 'ਤੇ ਪਰਗਟ ਹੋਈ ਹੈ ਜਿਸ ਨੇ ਇੱਕ ਪਾਸੇ ਮੌਤ ਦਾ ਖਾਤਮਾ ਕੀਤਾ ਅਤੇ ਦੂਜੇ ਪਾਸੇ ਉਸ ਖੁਸ਼ਖ਼ਬਰੀ ਦੇ ਦੁਆਰਾ ਜੀਵਨ ਅਤੇ ਅਮਰਤਾ ਨੂੰ ਸਾਹਮਣੇ ਲਿਆਂਦਾ

11 ਜਿਸ ਦੇ ਲਈ ਮੈਂ ਪ੍ਰਚਾਰਕ, ਰਸੂਲ ਅਤੇ ਸਿੱਖਿਅਕ ਨਿਯੁਕਤ ਕੀਤਾ ਗਿਆ।

12 ਇਸੇ ਕਰਕੇ ਮੈਂ ਇਹ ਦੁੱਖ ਝੱਲਦਾ ਹਾਂ। ਪਰ ਮੈਂ ਸ਼ਰਮਿੰਦਾ ਨਹੀਂ ਹੁੰਦਾ ਕਿਉਂਕਿ ਜਿਸ ਉੱਤੇ ਮੈਂ ਵਿਸ਼ਵਾਸ ਕੀਤਾ ਹੈ ਉਸ ਨੂੰ ਜਾਣਦਾ ਹਾਂ ਅਤੇ ਮੈਨੂੰ ਯਕੀਨ ਹੈ ਕਿ ਉਹ ਮੇਰੀ ਅਮਾਨਤ ਦੀ ਉਸ ਦਿਨ ਤੱਕ ਰਾਖੀ ਕਰ ਸਕਦਾ ਹੈ।

13 ਤੂੰ ਉਨ੍ਹਾਂ ਉੱਤਮ ਗੱਲਾਂ ਦੇ ਨਮੂਨੇ ਉੱਤੇ ਚੱਲਦਾ ਰਹਿ ਜੋ ਤੂੰ ਮਸੀਹ ਯਿਸੂ ਵਿੱਚ ਵਿਸ਼ਵਾਸ ਅਤੇ ਪ੍ਰੇਮ ਸਹਿਤ ਮੇਰੇ ਤੋਂ ਸੁਣੀਆਂ।

14 ਪਵਿੱਤਰ ਆਤਮਾ ਦੇ ਦੁਆਰਾ ਜੋ ਸਾਡੇ ਵਿੱਚ ਵੱਸਦਾ ਹੈ ਉਸ ਉੱਤਮ ਸਿੱਖਿਆ ਦੀ ਰਾਖੀ ਕਰ।

15 ਤੂੰ ਇਹ ਜਾਣਦਾ ਹੈਂ ਕਿ ਉਨ੍ਹਾਂ ਸਾਰਿਆਂ ਨੇ ਜਿਹੜੇ ਅਸਿਯਾ ਵਿੱਚ ਹਨ ਮੇਰਾ ਸਾਥ ਛੱਡ ਦਿੱਤਾ, ਜਿਨ੍ਹਾਂ ਵਿੱਚ ਫ਼ੁਗਿਲੁਸ ਅਤੇ ਹਰਮੁਗਨੇਸ ਵੀ ਹਨ।

16 ਪ੍ਰਭੂ ਉਨੇਸਿਫੁਰੁਸ ਦੇ ਪਰਿਵਾਰ ਉੱਤੇ ਦਇਆ ਕਰੇ, ਕਿਉਂਕਿ ਉਸ ਨੇ ਅਕਸਰ ਮੇਰੇ ਮਨ ਨੂੰ ਤਾਜ਼ਾ ਕੀਤਾ ਅਤੇ ਮੇਰੇ ਬੰਧਨਾਂ ਤੋਂ ਸ਼ਰਮਿੰਦਾ ਨਹੀਂ ਹੋਇਆ।

17 ਬਲਕਿ ਉਸ ਨੇ ਰੋਮ ਵਿੱਚ ਆ ਕੇ ਯਤਨ ਨਾਲ ਮੈਨੂੰ ਭਾਲਿਆ ਅਤੇ ਲੱਭ ਲਿਆ।

18 ਪ੍ਰਭੂ ਉਸ ਨੂੰ ਇਹ ਬਖਸ਼ੇ ਕਿ ਉਸ ਦਿਨ ਉਹ ਪ੍ਰਭੂ ਤੋਂ ਦਇਆ ਪ੍ਰਾਪਤ ਕਰੇ। ਤੂੰ ਚੰਗੀ ਤਰ੍ਹਾਂ ਜਾਣਦਾ ਹੈਂ ਕਿ ਉਸ ਨੇ ਅਫ਼ਸੁਸ ਵਿੱਚ ਕਿੰਨੀ ਸੇਵਾ ਕੀਤੀ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies