2 ਥੱਸਲੁ 1 - Punjabi Standard Bibleਸਲਾਮ 1 ਪੌਲੁਸ, ਸਿਲਵਾਨੁਸ ਅਤੇ ਤਿਮੋਥਿਉਸ ਵੱਲੋਂ ਥੱਸਲੁਨੀਕੀਆਂ ਦੀ ਕਲੀਸਿਯਾ ਨੂੰ ਜੋ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਵਿੱਚ ਹੈ; 2 ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ। ਪਰਮੇਸ਼ਰ ਦਾ ਨਿਆਂ ਅਤੇ ਮਹਿਮਾ 3 ਹੇ ਭਾਈਓ, ਸਾਨੂੰ ਹਮੇਸ਼ਾ ਤੁਹਾਡੇ ਲਈ ਪਰਮੇਸ਼ਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਜੋ ਕਿ ਉਚਿਤ ਵੀ ਹੈ, ਕਿਉਂਕਿ ਤੁਹਾਡਾ ਵਿਸ਼ਵਾਸ ਵਧਦਾ ਜਾ ਰਿਹਾ ਹੈ ਅਤੇ ਇੱਕ ਦੂਜੇ ਦੇ ਪ੍ਰਤੀ ਤੁਹਾਡਾ ਸਭਨਾਂ ਦਾ ਪ੍ਰੇਮ ਵੀ ਵਧ ਰਿਹਾ ਹੈ। 4 ਇਸ ਲਈ ਅਸੀਂ ਵੀ ਪਰਮੇਸ਼ਰ ਦੀਆਂ ਕਲੀਸਿਆਵਾਂ ਵਿੱਚ ਤੁਹਾਡੇ ਉਸ ਧੀਰਜ ਅਤੇ ਵਿਸ਼ਵਾਸ ਦੇ ਵਿਖੇ ਅਭਿਮਾਨ ਕਰਦੇ ਹਾਂ ਜੋ ਤੁਸੀਂ ਸਾਰੇ ਅੱਤਿਆਚਾਰਾਂ ਅਤੇ ਕਸ਼ਟਾਂ ਨੂੰ ਸਹਿੰਦੇ ਹੋਏ ਬਣਾਈ ਰੱਖਦੇ ਹੋ; 5 ਇਹ ਪਰਮੇਸ਼ਰ ਦੇ ਸੱਚੇ ਨਿਆਂ ਦਾ ਸਬੂਤ ਹੈ ਤਾਂਕਿ ਤੁਸੀਂ ਪਰਮੇਸ਼ਰ ਦੇ ਰਾਜ ਦੇ ਯੋਗ ਗਿਣੇ ਜਾਓ ਜਿਸ ਦੇ ਲਈ ਤੁਸੀਂ ਦੁੱਖ ਵੀ ਝੱਲ ਰਹੇ ਹੋ। 6 ਕਿਉਂਕਿ ਇਹ ਪਰਮੇਸ਼ਰ ਦੇ ਲਈ ਨਿਆਂ ਦੀ ਗੱਲ ਹੈ ਕਿ ਉਹ ਉਨ੍ਹਾਂ ਨੂੰ ਜਿਹੜੇ ਤੁਹਾਨੂੰ ਦੁੱਖ ਦਿੰਦੇ ਹਨ, ਦੁੱਖਾਂ ਵਿੱਚ ਪਾ ਕੇ ਬਦਲਾ ਦੇਵੇ 7 ਅਤੇ ਤੁਹਾਨੂੰ ਜਿਹੜੇ ਦੁੱਖ ਸਹਿੰਦੇ ਹੋ ਸਾਡੇ ਨਾਲ ਉਸ ਸਮੇਂ ਅਰਾਮ ਦੇਵੇ ਜਦੋਂ ਪ੍ਰਭੂ ਯਿਸੂ ਆਪਣੇ ਸ਼ਕਤੀਸ਼ਾਲੀ ਦੂਤਾਂ ਨਾਲ ਭੜਕਦੀ ਹੋਈ ਅੱਗ ਵਿੱਚ ਸਵਰਗ ਤੋਂ ਪਰਗਟ ਹੋਵੇਗਾ, 8 ਤਾਂਕਿ ਉਹ ਉਨ੍ਹਾਂ ਨੂੰ ਸਜ਼ਾ ਦੇਵੇ ਜਿਹੜੇ ਪਰਮੇਸ਼ਰ ਨੂੰ ਨਹੀਂ ਜਾਣਦੇ ਅਤੇ ਸਾਡੇ ਪ੍ਰਭੂ ਯਿਸੂ ਦੀ ਖੁਸ਼ਖ਼ਬਰੀ ਨੂੰ ਨਹੀਂ ਮੰਨਦੇ। 9 ਉਹ ਪ੍ਰਭੂ ਦੀ ਹਜ਼ੂਰੀ ਅਤੇ ਉਸ ਦੀ ਸਮਰੱਥਾ ਦੇ ਤੇਜ ਤੋਂ ਵਾਂਝੇ ਹੋ ਕੇ ਸਦੀਪਕ ਨਾਸ ਦਾ ਦੰਡ ਭੋਗਣਗੇ। 10 ਇਹ ਉਸ ਦਿਨ ਹੋਵੇਗਾ ਜਦੋਂ ਉਹ ਆਪਣੇ ਸੰਤਾਂ ਵਿਚਕਾਰ ਮਹਿਮਾ ਪਾਉਣ ਅਤੇ ਸਭ ਵਿਸ਼ਵਾਸ ਕਰਨ ਵਾਲਿਆਂ ਵਿਚਕਾਰ ਅਚੰਭੇ ਦਾ ਕਾਰਨ ਹੋਣ ਲਈ ਆਵੇਗਾ ਅਤੇ ਤੁਹਾਡੇ ਵਿਚਕਾਰ ਵੀ, ਕਿਉਂਕਿ ਤੁਸੀਂ ਸਾਡੀ ਗਵਾਹੀ ਉੱਤੇ ਵਿਸ਼ਵਾਸ ਕੀਤਾ। 11 ਇਸੇ ਕਰਕੇ ਅਸੀਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦੇ ਹਾਂ ਕਿ ਸਾਡਾ ਪਰਮੇਸ਼ਰ ਤੁਹਾਨੂੰ ਆਪਣੀ ਬੁਲਾਹਟ ਦੇ ਯੋਗ ਸਮਝੇ ਅਤੇ ਭਲਾਈ ਦੀ ਹਰੇਕ ਇੱਛਾ ਅਤੇ ਵਿਸ਼ਵਾਸ ਦੇ ਕੰਮ ਨੂੰ ਸਮਰੱਥਾ ਸਹਿਤ ਪੂਰਾ ਕਰੇ, 12 ਤਾਂਕਿ ਸਾਡੇ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਦੇ ਅਨੁਸਾਰ ਸਾਡੇ ਪ੍ਰਭੂ ਯਿਸੂ ਦਾ ਨਾਮ ਤੁਹਾਡੇ ਵਿੱਚ ਮਹਿਮਾ ਪਾਵੇ ਅਤੇ ਤੁਸੀਂ ਉਸ ਵਿੱਚ। |