2 ਕੁਰਿੰਥੀ 1 - Punjabi Standard Bibleਸਲਾਮ 1 ਮੇਰੇ ਪੌਲੁਸ ਵੱਲੋਂ ਜੋ ਪਰਮੇਸ਼ਰ ਦੀ ਇੱਛਾ ਨਾਲ ਮਸੀਹ ਯਿਸੂ ਦਾ ਰਸੂਲ ਹਾਂ, ਮੇਰੇ ਅਤੇ ਭਾਈ ਤਿਮੋਥਿਉਸ ਵੱਲੋਂ ਪਰਮੇਸ਼ਰ ਦੀ ਉਸ ਕਲੀਸਿਯਾ ਨੂੰ ਜਿਹੜੀ ਕੁਰਿੰਥੁਸ ਵਿੱਚ ਹੈ ਅਤੇ ਉਨ੍ਹਾਂ ਸਭਨਾਂ ਸੰਤਾਂ ਨੂੰ ਜਿਹੜੇ ਸਾਰੇ ਅਖਾਯਾ ਵਿੱਚ ਹਨ; 2 ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ। ਦਿਲਾਸੇ ਦਾ ਪਰਮੇਸ਼ਰ 3 ਧੰਨ ਹੈ ਸਾਡੇ ਪ੍ਰਭੂ ਯਿਸੂ ਮਸੀਹ ਦਾ ਪਿਤਾ ਅਤੇ ਪਰਮੇਸ਼ਰ ਜਿਹੜਾ ਸੰਪੂਰਨ ਦਇਆ ਦਾ ਪਿਤਾ ਅਤੇ ਸਰਬ ਦਿਲਾਸੇ ਦਾ ਪਰਮੇਸ਼ਰ ਹੈ। 4 ਉਹ ਸਾਡੇ ਹਰ ਕਸ਼ਟ ਵਿੱਚ ਸਾਨੂੰ ਦਿਲਾਸਾ ਦਿੰਦਾ ਹੈ ਤਾਂਕਿ ਅਸੀਂ ਉਸ ਦਿਲਾਸੇ ਨਾਲ ਜੋ ਅਸੀਂ ਪਰਮੇਸ਼ਰ ਤੋਂ ਪਾਇਆ ਹੈ ਉਨ੍ਹਾਂ ਨੂੰ ਵੀ ਦਿਲਾਸਾ ਦੇ ਸਕੀਏ ਜਿਹੜੇ ਕਿਸੇ ਤਰ੍ਹਾਂ ਦੇ ਕਸ਼ਟ ਵਿੱਚ ਹਨ। 5 ਕਿਉਂਕਿ ਜਿਸ ਤਰ੍ਹਾਂ ਮਸੀਹ ਦੇ ਦੁੱਖ ਸਾਡੇ ਲਈ ਬਹੁਤੇ ਹਨ ਉਸੇ ਤਰ੍ਹਾਂ ਮਸੀਹ ਦੇ ਰਾਹੀਂ ਸਾਡਾ ਦਿਲਾਸਾ ਵੀ ਬਹੁਤਾ ਹੈ। 6 ਜੇ ਅਸੀਂ ਕਸ਼ਟ ਸਹਿੰਦੇ ਹਾਂ ਤਾਂ ਇਹ ਤੁਹਾਡੇ ਦਿਲਾਸੇ ਅਤੇ ਮੁਕਤੀ ਲਈ ਹੈ; ਜੇ ਅਸੀਂ ਦਿਲਾਸਾ ਪਾਉਂਦੇ ਹਾਂ ਤਾਂ ਇਹ ਵੀ ਤੁਹਾਡੇ ਦਿਲਾਸੇ ਲਈ ਹੈ ਜਿਸ ਨਾਲ ਤੁਹਾਡੇ ਅੰਦਰ ਉਨ੍ਹਾਂ ਦੁੱਖਾਂ ਨੂੰ ਸਹਿਣ ਦਾ ਧੀਰਜ ਪੈਦਾ ਹੁੰਦਾ ਹੈ ਜੋ ਅਸੀਂ ਵੀ ਸਹਿੰਦੇ ਹਾਂ। 7 ਤੁਹਾਡੇ ਲਈ ਸਾਡੀ ਆਸ ਪੱਕੀ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਦੁੱਖਾਂ ਵਿੱਚ ਸਾਂਝੀ ਹੋ ਉਸੇ ਤਰ੍ਹਾਂ ਦਿਲਾਸੇ ਵਿੱਚ ਵੀ ਸਾਂਝੀ ਹੋ। 8 ਹੇ ਭਾਈਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਸਾਡੇ ਉਸ ਕਸ਼ਟ ਤੋਂ ਅਣਜਾਣ ਰਹੋ ਜੋ ਅਸਿਯਾ ਵਿੱਚ ਸਾਡੇ ਉੱਤੇ ਪਿਆ ਕਿਉਂਕਿ ਅਸੀਂ ਅਜਿਹੇ ਬੋਝ ਹੇਠ ਦੱਬ ਗਏ ਜੋ ਸਾਡੇ ਸਹਿਣ ਤੋਂ ਬਾਹਰ ਸੀ, ਇੱਥੋਂ ਤੱਕ ਕਿ ਸਾਡਾ ਜੀਉਣਾ ਵੀ ਔਖਾ ਹੋ ਗਿਆ। 9 ਬਲਕਿ ਅਸੀਂ ਆਪਣੇ ਮਨ ਵਿੱਚ ਸੋਚਿਆ ਕਿ ਸਾਡੇ ਲਈ ਮੌਤ ਦੀ ਆਗਿਆ ਹੋ ਚੁੱਕੀ ਹੈ ਤਾਂਕਿ ਅਸੀਂ ਆਪਣੇ ਆਪ 'ਤੇ ਨਹੀਂ, ਸਗੋਂ ਉਸ ਪਰਮੇਸ਼ਰ ਉੱਤੇ ਭਰੋਸਾ ਰੱਖੀਏ ਜਿਹੜਾ ਮੁਰਦਿਆਂ ਨੂੰ ਜਿਵਾਉਂਦਾ ਹੈ। 10 ਅਜਿਹੀ ਭਿਆਨਕ ਮੌਤ ਤੋਂ ਉਸੇ ਨੇ ਸਾਨੂੰ ਬਚਾਇਆ ਤੇ ਬਚਾਵੇਗਾ ਅਤੇ ਅਸੀਂ ਉਸੇ 'ਤੇ ਆਸ ਰੱਖੀ ਹੈ ਕਿ ਉਹ ਅੱਗੇ ਵੀ ਬਚਾਉਂਦਾ ਰਹੇਗਾ। 11 ਤੁਸੀਂ ਵੀ ਆਪਣੀਆਂ ਪ੍ਰਾਰਥਨਾਵਾਂ ਦੁਆਰਾ ਸਾਡੀ ਸਹਾਇਤਾ ਕਰਦੇ ਰਹੋ ਤਾਂਕਿ ਸਾਡੇ ਨਮਿੱਤ ਬਹੁਤ ਸਾਰੇ ਲੋਕ ਉਸ ਕਿਰਪਾ ਦੇ ਲਈ ਧੰਨਵਾਦ ਕਰਨ ਜੋ ਬਹੁਤਿਆਂ ਦੀਆਂ ਪ੍ਰਾਰਥਨਾਵਾਂ ਦੇ ਦੁਆਰਾ ਸਾਨੂੰ ਮਿਲੀ। 12 ਕਿਉਂਕਿ ਸਾਡੇ ਵਿਵੇਕ ਦੀ ਇਹ ਗਵਾਹੀ ਹੈ ਕਿ ਅਸੀਂ ਸੰਸਾਰ ਵਿੱਚ, ਖਾਸ ਕਰਕੇ ਤੁਹਾਡੇ ਪ੍ਰਤੀ ਸਰੀਰਕ ਗਿਆਨ ਦੇ ਅਨੁਸਾਰ ਨਹੀਂ, ਸਗੋਂ ਪਰਮੇਸ਼ਰ ਦੀ ਕਿਰਪਾ ਦੇ ਅਨੁਸਾਰ ਇਮਾਨਦਾਰੀ ਅਤੇ ਸਚਾਈ ਨਾਲ ਵਿਹਾਰ ਕੀਤਾ। 13 ਅਸੀਂ ਤੁਹਾਨੂੰ ਹੋਰ ਕੁਝ ਨਹੀਂ, ਪਰ ਕੇਵਲ ਉਹੋ ਲਿਖ ਰਹੇ ਹਾਂ ਜੋ ਤੁਸੀਂ ਪੜ੍ਹਦੇ ਅਤੇ ਸਮਝਦੇ ਵੀ ਹੋ ਅਤੇ ਮੈਨੂੰ ਆਸ ਹੈ ਕਿ ਤੁਸੀਂ ਪੂਰੀ ਤਰ੍ਹਾਂ ਸਮਝ ਜਾਓਗੇ, 14 ਜਿਵੇਂ ਤੁਸੀਂ ਕੁਝ ਹੱਦ ਤੱਕ ਸਾਨੂੰ ਸਮਝ ਵੀ ਲਿਆ ਹੈ ਕਿ ਸਾਡੇ ਪ੍ਰਭੂ ਯਿਸੂ ਦੇ ਦਿਨ ਅਸੀਂ ਤੁਹਾਡੇ ਅਭਿਮਾਨ ਦਾ ਅਤੇ ਤੁਸੀਂ ਸਾਡੇ ਅਭਿਮਾਨ ਦਾ ਕਾਰਨ ਹੋਵੋਗੇ। ਪੌਲੁਸ ਦੀ ਯਾਤਰਾ ਸੰਬੰਧੀ ਯੋਜਨਾ ਵਿੱਚ ਤਬਦੀਲੀ 15 ਇਸੇ ਭਰੋਸੇ ਨਾਲ ਮੈਂ ਪਹਿਲਾਂ ਤੁਹਾਡੇ ਕੋਲ ਆਉਣਾ ਚਾਹੁੰਦਾ ਸੀ ਤਾਂਕਿ ਤੁਹਾਨੂੰ ਦੂਜੀ ਵਾਰ ਬਰਕਤ ਮਿਲੇ 16 ਅਰਥਾਤ ਤੁਹਾਡੇ ਕੋਲੋਂ ਹੁੰਦਾ ਹੋਇਆ ਮਕਦੂਨਿਯਾ ਨੂੰ ਜਾਵਾਂ ਅਤੇ ਫਿਰ ਮਕਦੂਨਿਯਾ ਤੋਂ ਤੁਹਾਡੇ ਕੋਲ ਆਵਾਂ ਤੇ ਤੁਹਾਡੇ ਦੁਆਰਾ ਯਹੂਦਿਯਾ ਨੂੰ ਵਿਦਾ ਕੀਤਾ ਜਾਵਾਂ। 17 ਜਦੋਂ ਮੈਂ ਇਹ ਫੈਸਲਾ ਕੀਤਾ ਤਾਂ ਕੀ ਮੈਂ ਗੰਭੀਰ ਨਹੀਂ ਸੀ? ਜਾਂ ਮੈਂ ਜਿਨ੍ਹਾਂ ਗੱਲਾਂ ਦੀ ਯੋਜਨਾ ਬਣਾਉਂਦਾ ਹਾਂ ਕੀ ਸਰੀਰ ਦੇ ਅਨੁਸਾਰ ਬਣਾਉਂਦਾ ਹਾਂ ਕਿ ਮੈਂ ਇੱਕੋ ਸਮੇਂ ਹਾਂ-ਹਾਂ ਵੀ ਕਰਾਂ ਅਤੇ ਨਾਂਹ-ਨਾਂਹ ਵੀ? 18 ਜਿਸ ਤਰ੍ਹਾਂ ਪਰਮੇਸ਼ਰ ਵਫ਼ਾਦਾਰ ਹੈ ਉਸੇ ਤਰ੍ਹਾਂ ਸਾਡੀ ਗੱਲ ਵਿੱਚ ਤੁਹਾਡੇ ਲਈ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਪਾਏ ਜਾਂਦੇ। 19 ਕਿਉਂਕਿ ਪਰਮੇਸ਼ਰ ਦਾ ਪੁੱਤਰ ਯਿਸੂ ਮਸੀਹ ਜਿਸ ਦਾ ਪ੍ਰਚਾਰ ਸਾਡੇ ਦੁਆਰਾ ਅਰਥਾਤ ਮੇਰੇ, ਸਿਲਵਾਨੁਸ ਅਤੇ ਤਿਮੋਥਿਉਸ ਦੇ ਦੁਆਰਾ ਤੁਹਾਡੇ ਵਿਚਕਾਰ ਕੀਤਾ ਗਿਆ, ਉਹ “ਹਾਂ” ਅਤੇ “ਨਾਂਹ” ਦੋਵੇਂ ਨਹੀਂ ਸੀ, ਸਗੋਂ ਉਸ ਵਿੱਚ “ਹਾਂ” ਹੀ ਰਹੀ ਹੈ। 20 ਕਿਉਂ ਜੋ ਪਰਮੇਸ਼ਰ ਦੇ ਜਿੰਨੇ ਵੀ ਵਾਇਦੇ ਹਨ ਉਹ ਮਸੀਹ ਵਿੱਚ “ਹਾਂ” ਹੀ ਹਨ। ਇਸ ਲਈ ਉਸੇ ਦੁਆਰਾ ਅਸੀਂ ਪਰਮੇਸ਼ਰ ਦੀ ਮਹਿਮਾ ਲਈ “ਆਮੀਨ” ਵੀ ਕਹਿੰਦੇ ਹਾਂ। 21 ਪਰ ਜਿਹੜਾ ਸਾਨੂੰ ਤੁਹਾਡੇ ਨਾਲ ਮਸੀਹ ਵਿੱਚ ਦ੍ਰਿੜ੍ਹ ਕਰਦਾ ਹੈ ਅਤੇ ਜਿਸ ਨੇ ਸਾਨੂੰ ਮਸਹ ਕੀਤਾ ਹੈ ਉਹ ਪਰਮੇਸ਼ਰ ਹੀ ਹੈ। 22 ਉਸ ਨੇ ਸਾਡੇ ਉੱਤੇ ਮੋਹਰ ਵੀ ਲਾਈ ਹੈ ਅਤੇ ਬਿਆਨੇ ਦੇ ਤੌਰ 'ਤੇ ਆਪਣਾ ਆਤਮਾ ਸਾਡੇ ਮਨਾਂ ਵਿੱਚ ਦਿੱਤਾ ਹੈ। 23 ਮੈਂ ਪਰਮੇਸ਼ਰ ਨੂੰ ਆਪਣੀ ਜਾਨ ਦਾ ਗਵਾਹ ਮੰਨ ਕੇ ਕਹਿੰਦਾ ਹਾਂ ਕਿ ਮੈਂ ਤੁਹਾਨੂੰ ਪਰੇਸ਼ਾਨੀ ਤੋਂ ਬਚਾਉਣ ਲਈ ਹੀ ਹੁਣ ਤੱਕ ਕੁਰਿੰਥੁਸ ਨਹੀਂ ਆਇਆ। 24 ਇਹ ਨਹੀਂ ਕਿ ਅਸੀਂ ਤੁਹਾਡੇ ਵਿਸ਼ਵਾਸ 'ਤੇ ਆਪਣਾ ਹੱਕ ਜਤਾਉਂਦੇ ਹਾਂ, ਸਗੋਂ ਅਸੀਂ ਤੁਹਾਡੇ ਅਨੰਦ ਲਈ ਤੁਹਾਡੇ ਸਹਿਕਰਮੀ ਹਾਂ, ਕਿਉਂਕਿ ਤੁਸੀਂ ਵਿਸ਼ਵਾਸ ਦੁਆਰਾ ਕਾਇਮ ਰਹੇ ਹੋ। |