Aanlyn Bybel

- Advertensies -

1 ਥੱਸਲੁ 5 - Punjabi Standard Bible


ਪ੍ਰਭੂ ਦਾ ਦਿਨ

1 ਹੁਣ ਹੇ ਭਾਈਓ, ਜ਼ਰੂਰਤ ਨਹੀਂ ਹੈ ਕਿ ਸਮਿਆਂ ਅਤੇ ਰੁੱਤਾਂ ਦੇ ਬਾਰੇ ਤੁਹਾਨੂੰ ਕੁਝ ਲਿਖਿਆ ਜਾਵੇ,

2 ਕਿਉਂਕਿ ਤੁਸੀਂ ਆਪ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਦਿਨ ਇਸ ਤਰ੍ਹਾਂ ਆਵੇਗਾ ਜਿਵੇਂ ਰਾਤ ਨੂੰ ਚੋਰ ਆਉਂਦਾ ਹੈ।

3 ਜਦੋਂ ਉਹ ਕਹਿੰਦੇ ਹੋਣਗੇ, “ਸ਼ਾਂਤੀ ਅਤੇ ਸੁਰੱਖਿਆ ਹੈ” ਤਾਂ ਜਿਵੇਂ ਇੱਕ ਗਰਭਵਤੀ ਔਰਤ ਨੂੰ ਜਣੇਪੇ ਦੀਆਂ ਪੀੜਾਂ ਲੱਗਦੀਆਂ ਹਨ, ਨਾਸ ਉਨ੍ਹਾਂ ਉੱਤੇ ਅਚਾਨਕ ਆ ਪਵੇਗਾ ਅਤੇ ਉਹ ਬਚ ਨਾ ਸਕਣਗੇ।

4 ਪਰ ਹੇ ਭਾਈਓ, ਤੁਸੀਂ ਹਨੇਰੇ ਵਿੱਚ ਨਹੀਂ ਹੋ ਕਿ ਉਹ ਦਿਨ ਤੁਹਾਡੇ ਉੱਤੇ ਚੋਰ ਵਾਂਗ ਆ ਪਵੇ,

5 ਕਿਉਂਕਿ ਤੁਸੀਂ ਸਭ ਚਾਨਣ ਦੀ ਅਤੇ ਦਿਨ ਦੀ ਸੰਤਾਨ ਹੋ; ਅਸੀਂ ਰਾਤ ਦੇ ਜਾਂ ਹਨੇਰੇ ਦੇ ਨਹੀਂ ਹਾਂ।

6 ਇਸ ਲਈ ਅਸੀਂ ਹੋਰਨਾਂ ਵਾਂਗ ਸੁੱਤੇ ਨਾ ਰਹੀਏ, ਸਗੋਂ ਜਾਗਦੇ ਅਤੇ ਸੁਰਤ ਵਿੱਚ ਰਹੀਏ,

7 ਕਿਉਂਕਿ ਜਿਹੜੇ ਸੌਂਦੇ ਹਨ ਉਹ ਰਾਤ ਨੂੰ ਸੌਂਦੇ ਹਨ ਅਤੇ ਜਿਹੜੇ ਮਤਵਾਲੇ ਹੁੰਦੇ ਹਨ ਉਹ ਰਾਤ ਨੂੰ ਮਤਵਾਲੇ ਹੁੰਦੇ ਹਨ।

8 ਪਰ ਅਸੀਂ ਦਿਨ ਦੇ ਹਾਂ, ਇਸ ਲਈ ਅਸੀਂ ਸੁਰਤ ਵਿੱਚ ਰਹੀਏ ਤੇ ਵਿਸ਼ਵਾਸ ਅਤੇ ਪ੍ਰੇਮ ਦੀ ਸੰਜੋ ਅਤੇ ਮੁਕਤੀ ਦੀ ਆਸ ਦਾ ਟੋਪ ਪਹਿਨੀ ਰੱਖੀਏ।

9 ਕਿਉਂਕਿ ਪਰਮੇਸ਼ਰ ਨੇ ਸਾਨੂੰ ਕ੍ਰੋਧ ਲਈ ਨਹੀਂ, ਸਗੋਂ ਇਸ ਲਈ ਠਹਿਰਾਇਆ ਹੈ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਦੁਆਰਾ ਮੁਕਤੀ ਨੂੰ ਪ੍ਰਾਪਤ ਕਰੀਏ,

10 ਜਿਸ ਨੇ ਸਾਡੀ ਖਾਤਰ ਜਾਨ ਦਿੱਤੀ ਤਾਂਕਿ ਅਸੀਂ ਭਾਵੇਂ ਜਾਗਦੇ ਭਾਵੇਂ ਸੁੱਤੇ ਹੋਈਏ, ਉਸ ਦੇ ਨਾਲ ਜੀਵੀਏ।

11 ਇਸ ਲਈ ਇੱਕ ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ ਦੂਜੇ ਦੀ ਉੱਨਤੀ ਕਰੋ ਜਿਵੇਂ ਕਿ ਤੁਸੀਂ ਕਰ ਵੀ ਰਹੇ ਹੋ।


ਉਪਦੇਸ਼ ਅਤੇ ਬਰਕਤ ਦੇ ਵਚਨ

12 ਹੇ ਭਾਈਓ, ਹੁਣ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਜਿਹੜੇ ਤੁਹਾਡੇ ਵਿਚਕਾਰ ਸਖ਼ਤ ਮਿਹਨਤ ਕਰਦੇ ਹਨ ਅਤੇ ਪ੍ਰਭੂ ਵਿੱਚ ਤੁਹਾਡੀ ਅਗਵਾਈ ਕਰਦੇ ਹਨ ਤੇ ਤੁਹਾਨੂੰ ਸਿਖਾਉਂਦੇ ਹਨ, ਉਨ੍ਹਾਂ ਦਾ ਆਦਰ ਕਰੋ

13 ਅਤੇ ਉਨ੍ਹਾਂ ਦੀ ਮਿਹਨਤ ਦੇ ਕਾਰਨ ਉਨ੍ਹਾਂ ਨੂੰ ਪ੍ਰੇਮ ਵਿੱਚ ਉੱਤਮ ਜਾਣੋ। ਆਪਸ ਵਿੱਚ ਮੇਲ-ਮਿਲਾਪ ਰੱਖੋ।

14 ਹੇ ਭਾਈਓ, ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਆਲਸੀਆਂ ਨੂੰ ਚਿਤਾਓ, ਜੋ ਨਿਰਾਸ਼ ਹਨ ਉਨ੍ਹਾਂ ਨੂੰ ਦਿਲਾਸਾ ਦਿਓ, ਨਿਰਬਲਾਂ ਦੀ ਸਹਾਇਤਾ ਕਰੋ, ਸਭਨਾਂ ਨਾਲ ਧੀਰਜ ਰੱਖੋ।

15 ਵੇਖੋ ਕਿ ਕੋਈ ਕਿਸੇ ਨਾਲ ਬੁਰਾਈ ਦੇ ਬਦਲੇ ਬੁਰਾਈ ਨਾ ਕਰੇ, ਸਗੋਂ ਹਮੇਸ਼ਾ ਉਹੀ ਕਰਨ ਦਾ ਯਤਨ ਕਰੋ ਜੋ ਇੱਕ ਦੂਜੇ ਲਈ ਅਤੇ ਸਭਨਾਂ ਲਈ ਭਲਾ ਹੈ।

16 ਹਮੇਸ਼ਾ ਖੁਸ਼ ਰਹੋ,

17 ਲਗਾਤਾਰ ਪ੍ਰਾਰਥਨਾ ਕਰਦੇ ਰਹੋ,

18 ਹਰ ਗੱਲ ਵਿੱਚ ਧੰਨਵਾਦ ਕਰੋ; ਮਸੀਹ ਯਿਸੂ ਵਿੱਚ ਤੁਹਾਡੇ ਲਈ ਪਰਮੇਸ਼ਰ ਦੀ ਇਹੋ ਇੱਛਾ ਹੈ।

19 ਆਤਮਾ ਨੂੰ ਨਾ ਬੁਝਾਓ;

20 ਭਵਿੱਖਬਾਣੀਆਂ ਨੂੰ ਤੁੱਛ ਨਾ ਸਮਝੋ,

21 ਸਗੋਂ ਸਾਰੀਆਂ ਗੱਲਾਂ ਦੀ ਜਾਂਚ ਕਰੋ ਅਤੇ ਜੋ ਭਲੀਆਂ ਹਨ ਉਨ੍ਹਾਂ ਨੂੰ ਫੜੀ ਰੱਖੋ।

22 ਹਰ ਪ੍ਰਕਾਰ ਦੀ ਬੁਰਾਈ ਤੋਂ ਦੂਰ ਰਹੋ।

23 ਹੁਣ ਸ਼ਾਂਤੀ ਦਾ ਪਰਮੇਸ਼ਰ ਆਪ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ ਅਤੇ ਤੁਹਾਡੀ ਆਤਮਾ, ਪ੍ਰਾਣ ਅਤੇ ਦੇਹ ਸਾਡੇ ਪ੍ਰਭੂ ਯਿਸੂ ਮਸੀਹ ਦੀ ਆਮਦ ਤੱਕ ਨਿਰਦੋਸ਼ ਬਣੇ ਰਹਿਣ।

24 ਤੁਹਾਡਾ ਬੁਲਾਉਣ ਵਾਲਾ ਵਫ਼ਾਦਾਰ ਹੈ ਅਤੇ ਉਹੀ ਇਹ ਕਰੇਗਾ।

25 ਹੇ ਭਾਈਓ, ਸਾਡੇ ਲਈ ਵੀ ਪ੍ਰਾਰਥਨਾ ਕਰੋ।

26 ਪਵਿੱਤਰ ਚੁੰਮੇ ਨਾਲ ਸਾਰੇ ਭਾਈਆਂ ਨੂੰ ਸਲਾਮ ਕਹੋ।

27 ਮੈਂ ਪ੍ਰਭੂ ਵਿੱਚ ਤੁਹਾਨੂੰ ਤਗੀਦ ਕਰਦਾ ਹਾਂ ਕਿ ਇਹ ਪੱਤ੍ਰੀ ਸਾਰੇ ਭਾਈਆਂ ਨੂੰ ਪੜ੍ਹ ਕੇ ਸੁਣਾਈ ਜਾਵੇ।

28 ਸਾਡੇ ਪ੍ਰਭੂ ਯਿਸੂ ਮਸੀਹ ਦੀ ਕਿਰਪਾ ਤੁਹਾਡੇ ਉੱਤੇ ਬਣੀ ਰਹੇ। ਆਮੀਨ।

PUNJABI STANDARD BIBLE©

Copyright © 2023 by Global Bible Initiative

Global Bible Initiative
Volg ons:



Advertensies