1 ਥੱਸਲੁ 4 - Punjabi Standard Bibleਪਰਮੇਸ਼ਰ ਨੂੰ ਪ੍ਰਸੰਨ ਕਰਨ ਵਾਲਾ ਜੀਵਨ 1 ਇਸ ਲਈ ਅੰਤ ਵਿੱਚ ਹੇ ਭਾਈਓ, ਅਸੀਂ ਤੁਹਾਨੂੰ ਪ੍ਰਭੂ ਯਿਸੂ ਵਿੱਚ ਬੇਨਤੀ ਕਰਦੇ ਅਤੇ ਉਤਸ਼ਾਹਿਤ ਕਰਦੇ ਹਾਂ ਕਿ ਜਿਸ ਤਰ੍ਹਾਂ ਤੁਸੀਂ ਸਾਡੇ ਤੋਂ ਸਿੱਖਿਆ ਜੋ ਕਿਵੇਂ ਜੀਉਣਾ ਅਤੇ ਕਿਵੇਂ ਪਰਮੇਸ਼ਰ ਨੂੰ ਖੁਸ਼ ਕਰਨਾ ਹੈ ਜੋ ਕਿ ਤੁਸੀਂ ਕਰ ਵੀ ਰਹੇ ਹੋ, ਇਹ ਹੋਰ ਵੀ ਵਧੀਕ ਕਰਦੇ ਜਾਓ। 2 ਕਿਉਂਕਿ ਤੁਸੀਂ ਉਨ੍ਹਾਂ ਹਿਦਾਇਤਾਂ ਨੂੰ ਜਾਣਦੇ ਹੋ ਜੋ ਅਸੀਂ ਤੁਹਾਨੂੰ ਪ੍ਰਭੂ ਯਿਸੂ ਦੀ ਵੱਲੋਂ ਦਿੱਤੀਆਂ। 3 ਕਿਉਂ ਜੋ ਪਰਮੇਸ਼ਰ ਦੀ ਇਹੋ ਇੱਛਾ ਹੈ ਕਿ ਤੁਸੀਂ ਪਵਿੱਤਰ ਬਣੋ, ਤਾਂਕਿ ਤੁਸੀਂ ਵਿਭਚਾਰ ਤੋਂ ਦੂਰ ਰਹੋ। 4 ਤੁਹਾਡੇ ਵਿੱਚੋਂ ਹਰੇਕ ਵਿਅਕਤੀ ਆਪਣੇ ਸਰੀਰ ਨੂੰ ਪਵਿੱਤਰਤਾ ਅਤੇ ਆਦਰ ਸਹਿਤ ਵੱਸ ਵਿੱਚ ਰੱਖਣਾ ਜਾਣਦਾ ਹੋਵੇ, 5 ਪਰਾਈਆਂ ਕੌਮਾਂ ਦੇ ਵਾਂਗ ਕਾਮਨਾ ਦੇ ਵੱਸ ਨਹੀਂ, ਜਿਹੜੀਆਂ ਪਰਮੇਸ਼ਰ ਨੂੰ ਨਹੀਂ ਜਾਣਦੀਆਂ। 6 ਇਸ ਗੱਲ ਵਿੱਚ ਕੋਈ ਆਪਣੇ ਭਾਈ ਦੇ ਵਿਰੁੱਧ ਵਾਧਾ ਨਾ ਕਰੇ ਅਤੇ ਨਾ ਉਸ ਨਾਲ ਧੋਖਾ ਕਰੇ; ਪ੍ਰਭੂ ਇਨ੍ਹਾਂ ਸਾਰੀਆਂ ਗੱਲਾਂ ਦਾ ਬਦਲਾ ਲੈਣ ਵਾਲਾ ਹੈ, ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਅਤੇ ਚਿਤਾਵਨੀ ਦਿੱਤੀ ਸੀ। 7 ਕਿਉਂਕਿ ਪਰਮੇਸ਼ਰ ਨੇ ਸਾਨੂੰ ਅਸ਼ੁੱਧਤਾ ਲਈ ਨਹੀਂ, ਸਗੋਂ ਪਵਿੱਤਰਤਾ ਲਈ ਬੁਲਾਇਆ ਹੈ। 8 ਇਸ ਲਈ ਜਿਹੜਾ ਇਸ ਗੱਲ ਨੂੰ ਨਕਾਰਦਾ ਹੈ ਉਹ ਮਨੁੱਖ ਨੂੰ ਨਹੀਂ, ਸਗੋਂ ਪਰਮੇਸ਼ਰ ਨੂੰ ਨਕਾਰਦਾ ਹੈ ਜਿਹੜਾ ਤੁਹਾਨੂੰ ਆਪਣਾ ਪਵਿੱਤਰ ਆਤਮਾ ਦਿੰਦਾ ਹੈ। ਭਰੱਪਣ ਦਾ ਪ੍ਰੇਮ 9 ਹੁਣ ਮੈਨੂੰ ਭਰੱਪਣ ਦੇ ਪ੍ਰੇਮ ਦੇ ਵਿਖੇ ਤੁਹਾਨੂੰ ਲਿਖਣ ਦੀ ਜ਼ਰੂਰਤ ਨਹੀਂ, ਕਿਉਂਕਿ ਇੱਕ ਦੂਜੇ ਨਾਲ ਪ੍ਰੇਮ ਰੱਖਣਾ ਤੁਹਾਨੂੰ ਪਰਮੇਸ਼ਰ ਨੇ ਹੀ ਸਿਖਾਇਆ ਹੈ। 10 ਬਲਕਿ, ਤੁਸੀਂ ਮਕਦੂਨਿਯਾ ਦੇ ਸਾਰੇ ਭਾਈਆਂ ਦੇ ਪ੍ਰਤੀ ਇਸੇ ਤਰ੍ਹਾਂ ਕਰਦੇ ਵੀ ਹੋ। ਪਰ ਹੇ ਭਾਈਓ, ਅਸੀਂ ਤੁਹਾਨੂੰ ਉਤਸ਼ਾਹਿਤ ਕਰਦੇ ਹਾਂ ਕਿ ਤੁਸੀਂ ਇਹ ਹੋਰ ਵੀ ਵਧਕੇ ਕਰੋ। 11 ਸ਼ਾਂਤ ਜੀਵਨ ਜੀਉਣ ਦਾ ਭਰਪੂਰ ਯਤਨ ਕਰੋ, ਆਪੋ-ਆਪਣੇ ਕੰਮ ਨਾਲ ਮਤਲਬ ਰੱਖੋ ਅਤੇ ਆਪਣੇ ਹੱਥਾਂ ਨਾਲ ਮਿਹਨਤ ਕਰੋ, ਜਿਵੇਂ ਅਸੀਂ ਤੁਹਾਨੂੰ ਹਿਦਾਇਤ ਦਿੱਤੀ ਸੀ, 12 ਤਾਂਕਿ ਤੁਸੀਂ ਬਾਹਰ ਵਾਲਿਆਂ ਦੇ ਸਾਹਮਣੇ ਸਹੀ ਜੀਵਨ ਜੀ ਸਕੋ ਅਤੇ ਤੁਹਾਨੂੰ ਕਿਸੇ 'ਤੇ ਨਿਰਭਰ ਨਾ ਹੋਣਾ ਪਵੇ। ਮਸੀਹ ਦੀ ਆਮਦ 13 ਹੇ ਭਾਈਓ, ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਉਨ੍ਹਾਂ ਦੇ ਵਿਖੇ ਜਿਹੜੇ ਸੌਂ ਗਏ ਹਨ, ਅਣਜਾਣ ਰਹੋ ਤਾਂਕਿ ਅਜਿਹਾ ਨਾ ਹੋਵੇ ਕਿ ਤੁਹਾਨੂੰ ਵੀ ਹੋਰਨਾਂ ਆਸਹੀਣ ਮਨੁੱਖਾਂ ਵਾਂਗ ਸੋਗ ਕਰਨਾ ਪਵੇ। 14 ਕਿਉਂਕਿ ਜੇ ਅਸੀਂ ਇਹ ਵਿਸ਼ਵਾਸ ਕਰਦੇ ਹਾਂ ਕਿ ਯਿਸੂ ਮਰਿਆ ਅਤੇ ਫੇਰ ਜੀ ਉੱਠਿਆ ਤਾਂ ਪਰਮੇਸ਼ਰ ਉਨ੍ਹਾਂ ਨੂੰ ਵੀ ਜਿਹੜੇ ਯਿਸੂ ਵਿੱਚ ਸੌਂ ਗਏ ਹਨ, ਉਸ ਦੇ ਨਾਲ ਲਿਆਵੇਗਾ। 15 ਅਸੀਂ ਤੁਹਾਨੂੰ ਪ੍ਰਭੂ ਦੇ ਵਚਨ ਦੇ ਅਧਾਰ 'ਤੇ ਕਹਿੰਦੇ ਹਾਂ ਕਿ ਅਸੀਂ ਜਿਹੜੇ ਪ੍ਰਭੂ ਦੀ ਆਮਦ ਤੱਕ ਜੀਉਂਦੇ ਬਚੇ ਰਹਾਂਗੇ, ਉਨ੍ਹਾਂ ਤੋਂ ਜਿਹੜੇ ਸੌਂ ਗਏ ਹਨ ਪਹਿਲਾਂ ਅੱਗੇ ਨਹੀਂ ਜਾਵਾਂਗੇ। 16 ਕਿਉਂਕਿ ਪ੍ਰਭੂ ਆਪ ਲਲਕਾਰ ਨਾਲ ਪ੍ਰਧਾਨ ਸਵਰਗਦੂਤ ਦੀ ਅਵਾਜ਼ ਅਤੇ ਪਰਮੇਸ਼ਰ ਦੀ ਤੁਰ੍ਹੀ ਦੀ ਅਵਾਜ਼ ਨਾਲ ਸਵਰਗ ਤੋਂ ਉੱਤਰੇਗਾ ਅਤੇ ਜਿਹੜੇ ਮਸੀਹ ਵਿੱਚ ਮਰ ਚੁੱਕੇ ਹਨ ਉਹ ਪਹਿਲਾਂ ਜੀ ਉੱਠਣਗੇ। 17 ਤਦ ਅਸੀਂ ਜਿਹੜੇ ਜੀਉਂਦੇ ਅਤੇ ਬਚੇ ਹੋਵਾਂਗੇ, ਉਨ੍ਹਾਂ ਦੇ ਨਾਲ ਹਵਾ ਵਿੱਚ ਪ੍ਰਭੂ ਨੂੰ ਮਿਲਣ ਲਈ ਬੱਦਲਾਂ ਉੱਤੇ ਉਠਾਏ ਜਾਵਾਂਗੇ; ਇਸ ਤਰ੍ਹਾਂ ਅਸੀਂ ਸਦਾ ਪ੍ਰਭੂ ਦੇ ਨਾਲ ਰਹਾਂਗੇ। 18 ਸੋ ਇਨ੍ਹਾਂ ਗੱਲਾਂ ਨਾਲ ਇੱਕ ਦੂਜੇ ਨੂੰ ਦਿਲਾਸਾ ਦਿਆ ਕਰੋ। |