ਤੀਤੁਸ ਨੂੰ 3 - ਪੰਜਾਬੀ ਮੌਜੂਦਾ ਤਰਜਮਾਭਲਾ ਕਰਨ ਦੇ ਕ੍ਰਮ ਵਿੱਚ ਬਚਾਏ ਗਏ 1 ਲੋਕ ਹਾਕਮਾਂ ਅਤੇ ਅਧਿਕਾਰੀਆਂ ਦੇ ਅਧੀਨ ਹੋਣ, ਆਗਿਆਕਾਰੀ ਬਣੇ ਰਹਿਣ, ਹਰੇਕ ਭਲੇ ਕੰਮ ਲਈ ਹਮੇਸ਼ਾ ਤਿਆਰ ਰਹਿਣ ਲਈ ਕਲੀਸਿਆ ਨੂੰ ਸਿਖਾ, 2 ਕਿਸੇ ਦੀ ਵੀ ਨਿੰਦਿਆ ਨਾ ਕਰਨ, ਸ਼ਾਂਤੀਪੂਰਨ ਅਤੇ ਵਿਚਾਰਸ਼ੀਲ ਹੋਣ, ਅਤੇ ਹਮੇਸ਼ਾ ਸਭ ਮਨੁੱਖਾਂ ਨਾਲ ਪੂਰੀ ਨਰਮਾਈ ਨਾਲ ਵਿਵਹਾਰ ਕਰਨ। 3 ਮਸੀਹ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਅਸੀਂ ਵੀ ਮੂਰਖ, ਪਰਮੇਸ਼ਵਰ ਦੇ ਅਣ-ਆਗਿਆਕਾਰ, ਧੋਖੇਬਾਜ਼ ਸੀ ਅਤੇ ਹਰ ਪ੍ਰਕਾਰ ਦੀਆਂ ਲਾਲਸਾਵਾਂ ਅਤੇ ਸੁੱਖਾਂ ਦੇ ਗੁਲਾਮ ਸੀ। ਅਸੀਂ ਨਫ਼ਰਤ ਅਤੇ ਈਰਖਾ ਵਿੱਚ ਰਹਿੰਦੇ ਸੀ, ਨਫ਼ਰਤ ਕੀਤੇ ਜਾਂਦੇ ਅਤੇ ਇੱਕ-ਦੂਜੇ ਨਾਲ ਨਫ਼ਰਤ ਕਰਦੇ ਸੀ। 4 ਪਰ ਜਦੋਂ ਸਾਡੇ ਮੁਕਤੀਦਾਤੇ ਪਰਮੇਸ਼ਵਰ ਦੀ ਦਿਆਲਤਾ ਅਤੇ ਪਿਆਰ ਪ੍ਰਗਟ ਹੋਇਆ, 5 ਪਰਮੇਸ਼ਵਰ ਨੇ ਸਾਨੂੰ ਬਚਾਇਆ, ਉਨ੍ਹਾਂ ਧਰਮੀ ਕੰਮਾਂ ਕਰਕੇ ਨਹੀਂ ਜੋ ਅਸੀਂ ਕੀਤੇ ਸਨ, ਬਲਕਿ ਉਸਦੀ ਦਯਾ ਦੇ ਕਾਰਨ। ਨਵੇਂ ਜਨਮ ਦੇ ਇਸ਼ਨਾਨ ਅਤੇ ਪਵਿੱਤਰ ਆਤਮਾ ਵਿੱਚ ਨਵੀਨੀਕਰਨ ਦੁਆਰਾ ਨਵੇਂ ਜਨਮ ਦੇ ਰਾਹੀਂ ਸਾਨੂੰ ਬਚਾਇਆ। 6 ਜਿਸਨੂੰ ਉਸਨੇ ਸਾਡੇ ਮੁਕਤੀਦਾਤੇ ਯਿਸ਼ੂ ਮਸੀਹ ਦੁਆਰਾ ਖੁੱਲ੍ਹੇ ਦਿਲ ਨਾਲ ਸਾਡੇ ਉੱਤੇ ਵਹਾਇਆ, 7 ਤਾਂ ਜੋ, ਉਸਦੀ ਕਿਰਪਾ ਦੁਆਰਾ ਧਰਮੀ ਠਹਿਰਾਏ ਜਾਣ ਦੇ ਬਾਅਦ, ਅਸੀਂ ਸਦੀਵੀ ਜੀਵਨ ਦੀ ਉਮੀਦ ਰੱਖਣ ਵਾਲੇ ਵਾਰਸ ਬਣ ਸਕੀਏ। 8 ਇਹ ਇੱਕ ਭਰੋਸੇਯੋਗ ਕਹਾਵਤ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਇਨ੍ਹਾਂ ਗੱਲਾਂ ਤੇ ਜ਼ੋਰ ਦਿਓ, ਤਾਂ ਜੋ ਉਹ ਲੋਕ ਜਿਨ੍ਹਾਂ ਨੇ ਪਰਮੇਸ਼ਵਰ ਤੇ ਭਰੋਸਾ ਕੀਤਾ ਹੈ ਉਹ ਆਪਣੇ ਆਪ ਨੂੰ ਭਲੇ ਕੰਮਾਂ ਲਈ ਸਮਰਪਿਤ ਕਰਨ ਲਈ ਸਾਵਧਾਨ ਰਹਿਣ। ਇਹ ਗੱਲਾਂ ਭਲੀਆਂ ਅਤੇ ਹਰ ਮਨੁੱਖ ਦੇ ਲਈ ਲਾਭਦਾਇਕ ਹਨ। 9 ਪਰ ਬਿਵਸਥਾ ਦੇ ਬਾਰੇ ਹੋਣ ਵਾਲੇ ਮੂਰਖ ਵਿਵਾਦਾਂ ਅਤੇ ਵੰਸ਼ਾਵਲੀ ਅਤੇ ਦਲੀਲਾਂ ਅਤੇ ਝਗੜਿਆਂ ਤੋਂ ਬਚੋ, ਕਿਉਂਕਿ ਇਹ ਲਾਭਹੀਣ ਅਤੇ ਬੇਕਾਰ ਹਨ। 10 ਵਿਭਾਜਕ ਲੋਕਾਂ ਨੂੰ ਘੱਟੋ-ਘੱਟ ਦੋ ਵਾਰ ਚੇਤਾਵਨੀ ਦਿਓ, ਜੇ ਉਹ ਨਹੀਂ ਬਦਲਦੇ, ਤਾਂ ਉਨ੍ਹਾਂ ਨਾਲ ਹੋਰ ਕੋਈ ਲੈਣਾ-ਦੇਣਾ ਨਾ ਰੱਖੋ। 11 ਕਿਉਂ ਜੋ ਤੂੰ ਜਾਣਦਾ ਹੈ ਕਿ ਇਹੋ ਜਿਹਾ ਮਨੁੱਖ ਰਾਹ ਤੋਂ ਭਟਕ ਗਿਆ ਹੈ ਅਤੇ ਪਾਪ ਕਰਦਾ, ਆਪਣੇ ਆਪ ਨੂੰ ਦੋਸ਼ੀ ਬਣਾਉਂਦਾ ਹੈ। ਅੰਤਿਮ ਟਿੱਪਣੀਆਂ 12 ਜਿਵੇਂ ਹੀ ਮੈਂ ਅਰਤਿਮਿਸ ਜਾਂ ਤੁਖਿਕੁਸ ਨੂੰ ਤੇਰੇ ਕੋਲ ਭੇਜਾਂ ਤਾਂ ਤੂੰ ਨਿਕੁਪੁਲਿਸ ਸ਼ਹਿਰ ਵਿੱਚ ਮੇਰੇ ਕੋਲ ਆਉਣ ਦਾ ਜਤਨ ਕਰੀਂ ਕਿਉਂ ਜੋ ਮੈਂ ਉੱਥੇ ਸਿਆਲ ਕੱਟਣ ਦਾ ਇਰਾਦਾ ਕੀਤਾ ਹੈ। 13 ਵਕੀਲ ਜ਼ੇਨਸ ਅਤੇ ਅਪੁੱਲੋਸ ਨੂੰ ਕੋਸ਼ਿਸ਼ ਕਰਕੇ ਪਹਿਲਾਂ ਭੇਜ ਦੇਵੀਂ ਕਿ ਉਹਨਾਂ ਨੂੰ ਕਿਸੇ ਵਸਤੂ ਦੀ ਘਾਟ ਨਾ ਹੋਵੇ। 14 ਸਾਡੇ ਵਿਸ਼ਵਾਸੀ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਚੰਗੇ ਕੰਮ ਕਰਨ ਲਈ ਸਮਰਪਿਤ ਕਰਨਾ ਸਿੱਖਣ, ਤਾਂ ਜੋ ਜ਼ਰੂਰੀ ਲੋੜਾਂ ਦੀ ਪੂਰਤੀ ਕੀਤੀ ਜਾ ਸਕੇ ਅਤੇ ਤਾਂ ਜੋ ਉਹ ਬੇਫ਼ਲ ਨਾ ਰਹਿਣ। 15 ਮੇਰੇ ਨਾਲ ਹਰ ਕੋਈ ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। ਉਨ੍ਹਾਂ ਲੋਕਾਂ ਨੂੰ ਨਮਸਕਾਰ ਕਰੋ ਜੋ ਸਾਨੂੰ ਵਿਸ਼ਵਾਸ ਵਿੱਚ ਪਿਆਰ ਕਰਦੇ ਹਨ। ਤੁਹਾਡੇ ਸਭਨਾਂ ਉੱਤੇ ਪਰਮੇਸ਼ਵਰ ਦੀ ਕਿਰਪਾ ਹੁੰਦੀ ਰਹੇ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.