Aanlyn Bybel

- Advertensies -

ਪ੍ਰਕਾਸ਼ ਪੱਤਰ 1 - ਪੰਜਾਬੀ ਮੌਜੂਦਾ ਤਰਜਮਾ


ਅਰੰਭ

1 ਯਿਸ਼ੂ ਮਸੀਹ ਦਾ ਪ੍ਰਕਾਸ਼, ਜੋ ਪਰਮੇਸ਼ਵਰ ਨੇ ਆਪਣੇ ਦਾਸਾਂ ਉੱਤੇ ਪ੍ਰਗਟ ਕਰਨ ਲਈ ਦਿੱਤਾ, ਓਹ ਗੱਲਾਂ ਜਿਹੜੀਆਂ ਜਲਦੀ ਹੀ ਹੋਣ ਵਾਲੀਆਂ ਹਨ। ਉਸ ਨੇ ਆਪਣੇ ਦਾਸ ਯੋਹਨ ਨੂੰ ਆਪਣਾ ਦੂਤ ਭੇਜ ਕੇ ਇਹ ਗੱਲਾਂ ਪ੍ਰਗਟ ਕੀਤੀਆਂ।

2 ਇਸ ਲਈ ਯੋਹਨ ਨੇ ਪਰਮੇਸ਼ਵਰ ਦਾ ਬਚਨ ਅਤੇ ਯਿਸ਼ੂ ਮਸੀਹ ਦੀ ਗਵਾਹੀ ਦੇਖ ਕੇ ਉਹਨਾਂ ਬਾਰੇ ਗਵਾਹੀ ਦਿੱਤੀ।

3 ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਨੂੰ ਪੜਦਾ ਅਤੇ ਉਹ ਜਿਹੜੇ ਇਸ ਨੂੰ ਸੁਣਦੇ ਹਨ ਅਤੇ ਜੋ ਕੁਝ ਇਸ ਵਿੱਚ ਲਿਖਿਆ ਹੈ ਉਸ ਨੂੰ ਆਪਣੇ ਮਨ ਵਿੱਚ ਰੱਖਦੇ ਹਨ, ਕਿਉਂਕਿ ਸਮਾਂ ਨੇੜੇ ਹੈ।


ਨਮਸਕਾਰ ਅਤੇ ਸੰਬੋਧਨ

4 ਯੋਹਨ ਦੇ ਵੱਲੋਂ, ਉਹਨਾਂ ਸੱਤ ਕਲੀਸਿਆਵਾਂ ਨੂੰ ਜਿਹੜੀਆਂ ਏਸ਼ੀਆ ਪ੍ਰਦੇਸ਼ ਵਿੱਚ ਹਨ। ਉਸ ਵੱਲੋਂ ਤੁਹਾਡੇ ਉੱਤੇ ਕਿਰਪਾ ਅਤੇ ਸ਼ਾਂਤੀ ਹੋਵੇ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ, ਅਤੇ ਨਾਲੇ ਸੱਤ ਆਤਮਾਵਾਂ ਵੱਲੋਂ ਜਿਹੜੀਆਂ ਉਸ ਦੇ ਸਿੰਘਾਸਣ ਦੇ ਅੱਗੇ ਹਨ।

5 ਅਤੇ ਯਿਸ਼ੂ ਮਸੀਹ ਵੱਲੋ, ਜੋ ਵਫ਼ਾਦਾਰ ਗਵਾਹ, ਮਰੇ ਹੋਇਆ ਵਿੱਚੋਂ ਜੀ ਉੱਠਣ ਵਾਲਾ ਪਲੌਠਾ ਅਤੇ ਧਰਤੀ ਦੇ ਰਾਜਿਆਂ ਦੇ ਹਾਕਮ ਹੈ। ਜੋ ਹਮੇਸ਼ਾ ਪ੍ਰੇਮ ਕਰਦਾ ਹੈ ਅਤੇ ਜਿਸਨੇ ਆਪਣੇ ਲਹੂ ਦੇ ਬਲੀਦਾਨ ਦੁਆਰਾ ਸਾਨੂੰ ਸਾਡੇ ਪਾਪਾਂ ਤੋਂ ਮੁਕਤ ਕੀਤਾ ਹੈ।

6 ਅਤੇ ਮਸੀਹ ਨੇ ਸਾਨੂੰ ਆਪਣੀ ਪਰਜਾ ਅਤੇ ਪਿਤਾ ਪਰਮੇਸ਼ਵਰ ਦੀ ਸੇਵਾ ਕਰਨ ਲਈ ਇੱਕ ਜਾਜਕ ਬਣਾਇਆ ਹੈ, ਉਸਦੀ ਮਹਿਮਾ ਅਤੇ ਸ਼ਕਤੀ ਸਦਾ ਅਤੇ ਸਦਾ ਲਈ ਹੋਵੇ! ਆਮੀਨ।

7 “ਵੇਖੋ, ਉਹ ਬੱਦਲਾਂ ਦੇ ਨਾਲ ਆ ਰਿਹਾ ਹੈ,” ਅਤੇ “ਹਰੇਕ ਅੱਖ ਉਸ ਨੂੰ ਵੇਖੇਗੀ, ਉਹ ਵੀ ਜਿਨ੍ਹਾਂ ਨੇ ਉਸ ਨੂੰ ਵਿੰਨ੍ਹਿਆ ਸੀ।” ਅਤੇ ਧਰਤੀ ਦੇ ਸਾਰੇ ਲੋਕ “ਉਸ ਦੇ ਕਾਰਨ ਸੋਗ ਮਨਾਉਣਗੇ।” ਇਸ ਤਰ੍ਹਾਂ ਹੀ ਹੋਵੇਗਾ! ਆਮੀਨ।

8 ਪ੍ਰਭੂ ਪਰਮੇਸ਼ਵਰ ਕਹਿੰਦਾ ਹੈ, “ਮੈਂ ਅਲਫਾ ਅਤੇ ਓਮੇਗਾ ਹਾਂ, ਜਿਹੜਾ ਹੈ ਅਤੇ ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ।”


ਯੋਹਨ ਨੂੰ ਮਸੀਹ ਦਾ ਦਰਸ਼ਨ

9 ਮੈਂ ਯੋਹਨ, ਮਸੀਹ ਵਿੱਚ ਤੁਹਾਡਾ ਭਰਾ ਅਤੇ ਮਸੀਹ ਯਿਸ਼ੂ ਲਈ ਦੁੱਖ ਝੱਲਣ ਵਿੱਚ ਅਤੇ ਪਰਮੇਸ਼ਵਰ ਦੇ ਰਾਜ ਵਿੱਚ ਅਤੇ ਸਬਰ ਵਿੱਚ ਤੁਹਾਡਾ ਸਾਥੀ ਹੈ, ਮੈ ਪਰਮੇਸ਼ਵਰ ਦੇ ਬਚਨ ਦੇ ਕਾਰਨ ਅਤੇ ਮਸੀਹ ਯਿਸ਼ੂ ਦੇ ਗਵਾਹ ਦੀ ਵਜੋਂ ਪਾਤਮੁਸ ਟਾਪੂ ਉੱਤੇ ਭੇਜਿਆ ਗਿਆ ਸੀ।

10 ਪ੍ਰਭੂ ਦੇ ਦਿਨ ਮੈਂ ਆਤਮਾ ਵਿੱਚ ਸੀ, ਅਤੇ ਮੈਂ ਆਪਣੇ ਪਿੱਛੇ ਇੱਕ ਤੁਰ੍ਹੀ ਦੀ ਉੱਚੀ ਆਵਾਜ਼ ਸੁਣੀ,

11 ਜਿਸ ਨੇ ਮੈਨੂੰ ਆਖਿਆ, “ਜੋ ਕੁਝ ਤੂੰ ਦੇਖ ਰਿਹਾ ਹੈ ਉਸ ਨੂੰ ਇੱਕ ਪੋਥੀ ਵਿੱਚ ਲਿਖ ਲੈ, ਅਤੇ ਸੱਤ ਕਲੀਸਿਆਵਾਂ ਨੂੰ ਭੇਜਦੇ; ਅਰਥਾਤ ਅਫ਼ਸੁਸ ਦੇ ਇਹਨਾਂ ਸਾਰੇ ਸ਼ਹਿਰਾਂ ਨੂੰ, ਸਮੁਰਨੇ ਨੂੰ, ਪਰਗਮੁਮ ਨੂੰ, ਥੂਆਤੀਰੇ ਨੂੰ, ਸਾਰਦੀਸ ਨੂੰ, ਫ਼ਿਲਦਲਫ਼ੀਏ ਨੂੰ ਅਤੇ ਲਾਉਦਿਕੀਏ ਨੂੰ।”

12 ਫਿਰ ਮੈਂ ਇਹ ਵੇਖਣ ਲਈ ਪਿੱਛੇ ਮੁੜਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ। ਪਿੱਛੇ ਮੁੜਦੇ ਹੀ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ,

13 ਅਤੇ ਸ਼ਮਾਦਾਨਾਂ ਦੇ ਵਿੱਚ ਮਨੁੱਖ ਦੇ ਪੁੱਤਰ ਵਰਗਾ ਕੋਈ ਵਿਅਕਤੀ ਸੀ, ਜਿਸ ਨੇ ਇੱਕ ਚੋਗਾ ਪਹਿਨਿਆ ਹੋਇਆ ਸੀ ਜੋ ਉਸ ਦੇ ਪੈਰਾਂ ਤੱਕ ਪਹੁੰਚਦਾ ਸੀ ਅਤੇ ਉਹਨਾਂ ਦੀ ਛਾਤੀ ਦੇ ਦੁਆਲੇ ਇੱਕ ਸੋਨੇ ਦੀ ਚਾਦਰ ਸੀ।

14 ਉਸ ਦੇ ਸਿਰ ਦੇ ਵਾਲ ਉੱਨ ਵਰਗੇ ਅਤੇ ਬਰਫ਼ ਵਰਗੇ ਚਿੱਟੇ ਸਨ, ਅਤੇ ਉਸ ਦੀਆਂ ਅੱਖਾਂ ਬਲਦੀ ਅੱਗ ਵਰਗੀਆਂ ਸਨ।

15 ਉਸ ਦੇ ਪੈਰ ਭੱਠੀ ਵਿੱਚ ਚਮਕਦੇ ਪਿੱਤਲ ਵਰਗੇ ਸਨ, ਅਤੇ ਉਸ ਦੀ ਆਵਾਜ਼ ਤੇਜ਼ ਪਾਣੀ ਦੀ ਆਵਾਜ਼ ਵਰਗੀ ਸੀ।

16 ਉਸ ਦੇ ਸੱਜੇ ਹੱਥ ਵਿੱਚ ਉਸ ਨੇ ਸੱਤ ਤਾਰੇ ਫੜੇ ਹੋਏ ਸਨ, ਅਤੇ ਉਸ ਦੇ ਮੂੰਹ ਵਿੱਚੋਂ ਇੱਕ ਤਿੱਖੀ ਅਤੇ ਦੋ ਧਾਰੀ ਤਲਵਾਰ ਨਿਕਲ ਰਹੀ ਸੀ। ਉਸ ਦਾ ਚਿਹਰਾ ਸੂਰਜ ਵਰਗਾ ਸੀ ਜੋ ਆਪਣੇ ਤੇਜ਼ ਨਾਲ ਚਮਕ ਰਿਹਾ ਸੀ।

17 ਜਦੋਂ ਮੈਂ ਉਸ ਨੂੰ ਵੇਖਿਆ, ਮੈਂ ਉਸ ਦੇ ਪੈਰਾਂ ਵਿੱਚ ਡਿੱਗਿਆ ਜਿਵੇਂ ਕਿ ਮੈਂ ਮਰ ਗਿਆ ਹੋਵਾਂ। ਫਿਰ ਉਸ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖਿਆ ਅਤੇ ਕਿਹਾ: “ਨਾ ਡਰ। ਮੈਂ ਪਹਿਲਾਂ ਅਤੇ ਆਖਰੀ ਹਾਂ।

18 ਮੈਂ ਜੀਉਂਦਾ ਹਾਂ; ਮੈਂ ਮਰ ਗਿਆ ਸੀ, ਅਤੇ ਹੁਣ ਵੇਖ, ਮੈਂ ਸਦਾ ਲਈ ਜੀਉਂਦਾ ਹਾਂ! ਅਤੇ ਮੇਰੇ ਕੋਲ ਮੌਤ ਅਤੇ ਪਤਾਲ ਦੀਆਂ ਚਾਬੀਆਂ ਹਨ।

19 “ਇਸ ਲਈ, ਜੋ ਕੁਝ ਤੂੰ ਵੇਖਿਆ ਹੈ ਉਸ ਨੂੰ ਲਿਖ, ਜੋ ਕੁਝ ਹੋ ਰਿਹਾ ਹੈ ਅਤੇ ਜੋ ਕੁਝ ਇਸ ਤੋਂ ਬਾਅਦ ਵਿੱਚ ਹੋਣ ਵਾਲਾ ਹੈ।

20 ਸੱਤ ਤਾਰੇ ਜੋ ਤੂੰ ਮੇਰੇ ਸੱਜੇ ਹੱਥ ਵਿੱਚ ਵੇਖੇ ਅਤੇ ਸੱਤ ਸੋਨੇ ਦੇ ਸ਼ਮਾਦਾਨਾਂ ਦਾ ਭੇਤ ਇਹ ਹੈ: ਸੱਤ ਤਾਰੇ ਸੱਤ ਕਲੀਸਿਆਵਾਂ ਦੇ ਦੂਤ ਹਨ, ਅਤੇ ਸੱਤ ਸ਼ਮਾਦਾਨ ਸੱਤ ਕਲੀਸਿਆਵਾਂ ਹਨ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies