ਫਿਲੇਮੋਨ 1 - ਪੰਜਾਬੀ ਮੌਜੂਦਾ ਤਰਜਮਾ1 ਪੌਲੁਸ ਦੀ ਵੱਲੋਂ, ਜੋ ਮਸੀਹ ਯਿਸ਼ੂ ਦੀ ਸੇਵਾ ਖ਼ਾਤਰ ਕੈਦ ਵਿੱਚ ਹੈ, ਅਤੇ ਸਾਡੇ ਭਰਾ ਤਿਮੋਥਿਉਸ ਵੱਲੋਂ। ਇਹ ਪੱਤਰ ਸਾਡੇ ਪਿਆਰੇ ਮਿੱਤਰ ਅਤੇ ਖੁਸ਼ਖ਼ਬਰੀ ਦੇ ਕੰਮ ਵਿੱਚ ਸਾਥੀ-ਕਰਮਚਾਰੀ ਫਿਲੇਮੋਨ ਨੂੰ। 2 ਸਾਡੀ ਭੈਣ ਅਰਫੀਪੁਸ ਅਤੇ ਸਾਡੇ ਸਾਥੀ ਸਿਪਾਹੀ ਅਰਖਿੱਪੁਸ ਨੂੰ ਅਤੇ ਉਸ ਕਲੀਸਿਆ ਨੂੰ ਵੀ ਜੋ ਤੁਹਾਡੇ ਘਰ ਵਿੱਚ ਸੰਗਤ ਕਰਦੀ ਹੈ: 3 ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ। ਧੰਨਵਾਦ ਅਤੇ ਪ੍ਰਾਰਥਨਾ 4 ਮੈਂ ਲਗਾਤਾਰ ਆਪਣੇ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ ਜਿਵੇਂ ਕਿ ਮੈਂ ਤੁਹਾਨੂੰ ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ, 5 ਕਿਉਂਕਿ ਮੈਂ ਉਸਦੇ ਸਾਰੇ ਪਵਿੱਤਰ ਲੋਕਾਂ ਲਈ ਤੁਹਾਡੇ ਪਿਆਰ ਅਤੇ ਪ੍ਰਭੂ ਯਿਸ਼ੂ ਵਿੱਚ ਤੁਹਾਡੇ ਵਿਸ਼ਵਾਸ ਬਾਰੇ ਸੁਣਿਆ ਹੈ। 6 ਮੈਂ ਪ੍ਰਾਰਥਨਾ ਕਰਦਾ ਹਾਂ ਕਿ ਸਾਡੀ ਨਿਹਚਾ ਵਿੱਚ ਤੁਹਾਡੀ ਭਾਈਵਾਲੀ ਮਸੀਹ ਦੀ ਖ਼ਾਤਰ ਜਿਹੜੀਆਂ ਵੀ ਅਸੀਂ ਚੰਗੀਆਂ ਗੱਲਾਂ ਸਾਂਝੀਆਂ ਕਰਦੇ ਹਾਂ ਉਸ ਬਾਰੇ ਤੁਹਾਡੀ ਸਮਝ ਨੂੰ ਡੂੰਘਾ ਕਰਨ ਵਿੱਚ ਪ੍ਰਭਾਵਸ਼ਾਲੀ ਹੋਵੇ। 7 ਕਿਉਂਕਿ ਹੇ ਭਰਾ, ਤੇਰੇ ਪਿਆਰ ਨੇ ਮੈਨੂੰ ਬਹੁਤ ਖੁਸ਼ੀ ਅਤੇ ਹੌਸਲਾ ਦਿੱਤਾ ਹੈ, ਅਤੇ ਤੂੰ ਪ੍ਰਭੂ ਦੇ ਲੋਕਾਂ ਦੇ ਦਿਲਾਂ ਨੂੰ ਤਾਜ਼ਗੀ ਦਿੱਤੀ ਹੈ। ਓਨੇਸਿਮੁਸ ਲਈ ਪੌਲੁਸ ਦੀ ਬੇਨਤੀ 8 ਇਸ ਲਈ, ਭਾਵੇਂ ਮਸੀਹ ਵਿੱਚ ਮੈਨੂੰ ਬਹੁਤ ਦਲੇਰੀ ਹੈ ਅਤੇ ਤੈਨੂੰ ਉਹ ਕਰਨ ਦਾ ਆਦੇਸ਼ ਦੇ ਸਕਦਾ ਹਾਂ ਜੋ ਤੈਨੂੰ ਕਰਨਾ ਚਾਹੀਦਾ ਹੈ, 9 ਫਿਰ ਵੀ ਮੈਂ ਤੈਨੂੰ ਪਿਆਰ ਦੇ ਅਧਾਰ ਤੇ ਅਪੀਲ ਕਰਨਾ ਪਸੰਦ ਕਰਦਾ ਹਾਂ। ਇਹ ਪੌਲੁਸ ਤੋਂ ਇਲਾਵਾ ਹੋਰ ਕੋਈ ਨਹੀਂ ਹੈ ਜੋ ਇੱਕ ਬੁੱਢਾ ਆਦਮੀ ਅਤੇ ਹੁਣ ਮਸੀਹ ਯਿਸ਼ੂ ਦਾ ਕੈਦੀ ਵੀ ਹਾਂ। 10 ਕਿ ਮੈਂ ਤੈਨੂੰ ਮੇਰੇ ਆਤਮਿਕ ਪੁੱਤਰ ਓਨੇਸਿਮੁਸ ਲਈ ਅਪੀਲ ਕਰਦਾ ਹਾਂ, ਜੋ ਮੇਰਾ ਬੇਟਾ ਬਣ ਗਿਆ ਜਦੋਂ ਮੈਂ ਕੈਦ ਵਿੱਚ ਸੀ। 11 ਪਹਿਲਾਂ ਉਹ ਤੇਰੇ ਲਈ ਬੇਕਾਰ ਸੀ, ਪਰ ਹੁਣ ਉਹ ਤੇਰੇ ਅਤੇ ਮੇਰੇ ਲਈ ਲਾਭਦਾਇਕ ਹੋ ਗਿਆ ਹੈ। 12 ਮੈਂ ਉਸਨੂੰ ਜਿਹੜਾ ਮੇਰੇ ਕਲੇਜੇ ਦਾ ਟੁੱਕੜਾ ਹੈ, ਤੇਰੇ ਕੋਲ ਵਾਪਸ ਭੇਜ ਰਿਹਾ ਹਾਂ। 13 ਮੈਂ ਉਸ ਨੂੰ ਆਪਣੇ ਨਾਲ ਰੱਖਣਾ ਪਸੰਦ ਕਰਾਂਗਾ ਤਾਂ ਕਿ ਉਹ ਮੇਰੀ ਸਹਾਇਤਾ ਕਰਨ ਵਿੱਚ ਤੇਰੀ ਥਾਂ ਲੈ ਸਕੇ ਜਦੋਂ ਕਿ ਮੈਂ ਖੁਸ਼ਖ਼ਬਰੀ ਲਈ ਜ਼ੰਜੀਰਾਂ ਵਿੱਚ ਹਾਂ। 14 ਪਰ ਮੈਂ ਤੇਰੀ ਸਹਿਮਤੀ ਤੋਂ ਬਗੈਰ ਕੁਝ ਵੀ ਨਹੀਂ ਕਰਨਾ ਚਾਹੁੰਦਾ, ਤਾਂ ਜੋ ਤੇਰੀ ਕੋਈ ਵੀ ਭਲਾਈ ਮਜ਼ਬੂਰੀ ਨਾਲ ਨਹੀਂ, ਪਰ ਸਵੈ ਇੱਛਾ ਨਾਲ ਹੋਵੇ। 15 ਸ਼ਾਇਦ ਇਸਦਾ ਕਾਰਨ ਕਿ ਉਹ ਤੇਰੇ ਕੋਲੋ ਥੋੜੇ ਸਮੇਂ ਲਈ ਵੱਖ ਹੋ ਗਿਆ ਸੀ ਕਿ ਉਹ ਸਦਾ ਤੇਰੇ ਨਜ਼ਦੀਕ ਰਹੇ। 16 ਹੁਣ ਅੱਗੇ ਨੂੰ ਇੱਕ ਗੁਲਾਮ ਵਾਂਗੂੰ ਨਹੀਂ ਸਗੋਂ ਗੁਲਾਮ ਨਾਲੋਂ ਚੰਗਾ, ਅਰਥਾਤ ਪਿਆਰੇ ਭਰਾ ਦੀ ਤਰ੍ਹਾਂ ਰੱਖ। ਉਹ ਮੇਰੇ ਲਈ ਬਹੁਤ ਪਿਆਰਾ ਹੈ, ਇੱਥੋ ਤੱਕ ਕਿ ਤੇਰੇ ਲਈ ਵੀ ਉਹ ਪਿਆਰਾ ਹੋਵੇ, ਜਿਵੇਂ ਕਿ ਸਾਡਾ ਇੱਕ ਸਾਥੀ ਮਨੁੱਖ ਅਤੇ ਪ੍ਰਭੂ ਵਿੱਚ ਇੱਕ ਭਰਾ ਵਾਂਗ ਹੈ। 17 ਇਸ ਲਈ ਜੇ ਤੂੰ ਮੈਨੂੰ ਆਪਣਾ ਸਾਂਝੀ ਸਮਝਦਾ ਹੈ, ਤਾਂ ਉਸ ਦਾ ਸਵਾਗਤ ਕਰ ਜਿਵੇਂ ਤੂੰ ਮੇਰਾ ਸਵਾਗਤ ਕਰਦਾ ਹੈ। 18 ਜੇ ਉਸਨੇ ਤੇਰਾ ਕੋਈ ਨੁਕਸਾਨ ਕੀਤਾ ਹੈ ਜਾਂ ਤੇਰਾ ਕੋਈ ਰਿਣੀ ਹੈ, ਤਾਂ ਉਹ ਨੂੰ ਮੇਰੇ ਖ਼ਾਤੇ ਲਿਖ ਲਵੀਂ। 19 ਮੈਂ, ਪੌਲੁਸ, ਆਪਣੇ ਇਹ ਹੱਥੀਂ ਲਿਖ ਰਿਹਾ ਹਾਂ। ਮੈਂ ਇਸਦਾ ਭੁਗਤਾਨ ਕਰਾਂਗਾ। ਇਹ ਦੱਸਣ ਲਈ ਨਹੀਂ ਕਿ ਤੁਸੀਂ ਮੇਰੇ ਲਈ ਆਪਣੇ ਆਪ ਨੂੰ ਦੇਣਦਾਰ ਹੋ। 20 ਹੇ ਭਰਾਵਾਂ, ਮੈਂ ਚਾਹੁੰਦਾ ਹਾਂ ਕਿ ਮੈਨੂੰ ਪ੍ਰਭੂ ਵਿੱਚ ਤੁਹਾਥੋਂ ਕੁਝ ਲਾਭ ਪ੍ਰਾਪਤ ਹੋਵੇ; ਮਸੀਹ ਵਿੱਚ ਮੇਰਾ ਦਿਲ ਤਰੋ ਤਾਜ਼ਾ ਕਰ। 21 ਤੇਰੀ ਆਗਿਆਕਾਰੀ ਦਾ ਯਕੀਨ ਹੈ, ਇਸ ਕਰਕੇ ਮੈਂ ਤੈਨੂੰ ਇਹ ਲਿਖਿਆ ਹੈ, ਇਹ ਜਾਣਦੇ ਹੋਏ ਕਿ ਜੋ ਕੁਝ ਮੈਂ ਤੈਨੂੰ ਆਖਦਾ ਹਾਂ ਤੂੰ ਮੇਰੇ ਤੋਂ ਕਿਤੇ ਵੱਧ ਕੇ ਕਰੇਂਗਾ। 22 ਅਤੇ ਇੱਕ ਗੱਲ ਹੋਰ: ਮੇਰੇ ਲਈ ਇੱਕ ਨਿਵਾਸ ਸਥਾਨ ਤਿਆਰ ਕਰ, ਕਿਉਂਕਿ ਮੈਨੂੰ ਉਮੀਦ ਹੈ ਕਿ ਤੁਹਾਡੀਆਂ ਪ੍ਰਾਰਥਨਾਵਾਂ ਦੇ ਜਵਾਬ ਸਦਕਾ ਤੁਹਾਨੂੰ ਬਖਸ਼ਿਆ ਜਾਂਵਾਂਗਾ। 23 ਇਪਫ੍ਰਾਸ, ਮਸੀਹ ਯਿਸ਼ੂ ਵਿੱਚ ਮੇਰਾ ਸਾਥੀ ਕੈਦੀ, ਤੁਹਾਨੂੰ ਸ਼ੁਭਕਾਮਨਾਵਾਂ ਭੇਜਦਾ ਹੈ। 24 ਅਤੇ ਇਸੇ ਤਰ੍ਹਾਂ ਮਾਰਕਸ, ਅਰਿਸਤਰਖੁਸ, ਦੇਮਾਸ ਅਤੇ ਲੂਕਸ, ਜੋ ਮੇਰੇ ਨਾਲ ਦੇ ਸਹਿ-ਕਰਮੀ ਤੇਰੀ ਸੁੱਖ-ਸਾਂਦ ਪੁੱਛਦੇ ਹਨ। 25 ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰੀਆਂ ਦੇ ਆਤਮਾ ਦੇ ਨਾਲ ਹੋਵੇ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.