Aanlyn Bybel

- Advertensies -

ਲੂਕਾ ਦੀ ਇੰਜੀਲ 7 - ਪੰਜਾਬੀ ਮੌਜੂਦਾ ਤਰਜਮਾ


ਰੋਮੀ ਅਧਿਕਾਰੀ ਦਾ ਵਿਸ਼ਵਾਸ

1 ਲੋਕਾਂ ਨੂੰ ਇਹ ਗੱਲਾਂ ਸਿੱਖੋਣ ਤੋਂ ਬਾਅਦ, ਯਿਸ਼ੂ ਕਫ਼ਰਨਹੂਮ ਸ਼ਹਿਰ ਨੂੰ ਵਾਪਸ ਚਲੇ ਗਏ।

2 ਉੱਥੇ ਇੱਕ ਸੂਬੇਦਾਰ ਦਾ ਨੌਕਰ ਸੀ, ਜੋ ਉਸਦੇ ਮਾਲਕ ਨੂੰ ਬਹੁਤ ਪਿਆਰਾ ਸੀ, ਉਹ ਬਿਮਾਰ ਸੀ ਅਤੇ ਮਰਨ ਵਾਲਾ ਸੀ।

3 ਜਦੋਂ ਸੈਨਾ ਅਧਿਕਾਰੀ ਨੇ ਯਿਸ਼ੂ ਬਾਰੇ ਸੁਣਿਆ ਤਾਂ ਉਸ ਨੇ ਕੁਝ ਯਹੂਦੀ ਬਜ਼ੁਰਗਾਂ ਨੂੰ ਯਿਸ਼ੂ ਕੋਲ ਭੇਜਿਆ ਅਤੇ ਉਹਨਾਂ ਅੱਗੇ ਬੇਨਤੀ ਕੀਤੀ ਕਿ ਉਹ ਆ ਕੇ ਉਸ ਦੇ ਨੌਕਰ ਨੂੰ ਚੰਗਾ ਕਰਨ।

4 ਉਹਨਾਂ ਨੇ ਯਿਸ਼ੂ ਕੋਲ ਆ ਕੇ ਬੇਨਤੀ ਕੀਤੀ, “ਇਹ ਆਦਮੀ ਤੁਹਾਡੇ ਰਹਿਮ ਦਾ ਹੱਕਦਾਰ ਹੈ

5 ਕਿਉਂਕਿ ਉਹ ਸਾਡੇ ਦੇਸ਼ ਨੂੰ ਪਿਆਰ ਕਰਦਾ ਹੈ ਅਤੇ ਉਸਨੇ ਸਾਡੇ ਲਈ ਪ੍ਰਾਰਥਨਾ ਸਥਾਨ ਵੀ ਬਣਾਇਆ ਹੈ।”

6 ਤਾਂ ਯਿਸ਼ੂ ਉਹਨਾਂ ਦੇ ਨਾਲ ਚਲੇ ਗਏ। ਯਿਸ਼ੂ ਉਸ ਦੇ ਘਰ ਦੇ ਨੇੜੇ ਪਹੁੰਚੇ ਹੀ ਸੀ ਕਿ ਸੂਬੇਦਾਰ ਨੇ ਆਪਣੇ ਦੋਸਤਾਂ ਰਾਹੀਂ ਉਸ ਨੂੰ ਸੁਨੇਹਾ ਭੇਜਿਆ, “ਹੇ ਪ੍ਰਭੂ ਜੀ! ਖੇਚਲ ਨਾ ਕਰੋ। ਮੈਂ ਇਸ ਯੋਗ ਤਾਂ ਨਹੀਂ ਜੋ ਤੁਸੀਂ ਮੇਰੀ ਛੱਤ ਹੇਠਾਂ ਆਓ।

7 ਇਸ ਲਈ ਮੈਂ ਆਪਣੇ ਆਪ ਨੂੰ ਤੁਹਾਡੇ ਕੋਲ ਆਉਣ ਦੇ ਯੋਗ ਨਹੀਂ ਸਮਝਿਆ। ਪਰ ਇਕੱਲਾ ਬਚਨ ਹੀ ਕਰ ਦੇਵੋ ਅਤੇ ਮੇਰਾ ਨੌਕਰ ਚੰਗਾ ਹੋ ਜਾਵੇਗਾ।

8 ਮੈਂ ਵੀ ਇੱਕ ਅਜਿਹਾ ਆਦਮੀ ਹਾਂ ਜੋ ਵੱਡੇ ਅਧਿਕਾਰੀਆਂ ਦੇ ਅਧਿਕਾਰ ਹੇਠਾਂ ਹਾਂ ਅਤੇ ਸਿਪਾਹੀ ਮੇਰੇ ਅਧੀਨ ਹਨ। ਮੈਂ ਕਿਸੇ ਨੂੰ ਹੁਕਮ ਦਿੰਦਾ ਹਾਂ, ‘ਜਾਓ!’ ਅਤੇ ਉਹ ਚਲਾ ਜਾਂਦਾ ਹੈ। ਮੈਂ ਕਿਸੇ ਨੂੰ ਹੁਕਮ ਦਿੰਦਾ ਹਾਂ, ‘ਇਧਰ ਆਓ!’ ਅਤੇ ਉਹ ਆ ਜਾਂਦਾ ਹੈ, ਅਤੇ ਮੈਂ ਆਪਣੇ ਨੌਕਰ ਨੂੰ ਕਹਿੰਦਾ ਹਾਂ, ‘ਇਹ ਕਰੋ!’ ਤਾਂ ਉਹ ਉਹੀ ਕਰਦਾ ਹੈ।”

9 ਤਦ ਯਿਸ਼ੂ ਇਹ ਸੁਣ ਕੇ ਹੈਰਾਨ ਹੋ ਗਏ ਅਤੇ ਉਹਨਾਂ ਨੇ ਮੁੜ ਕੇ ਪਿੱਛੇ ਆਉਂਦੀ ਭੀੜ ਨੂੰ ਕਿਹਾ, “ਮੈਂ ਤੁਹਾਨੂੰ ਕਹਿੰਦਾ ਹਾਂ, ਮੈਂ ਇਸਰਾਏਲ ਵਿੱਚ ਵੀ ਅਜਿਹਾ ਪੱਕਾ ਵਿਸ਼ਵਾਸ ਨਹੀਂ ਵੇਖਿਆ!”

10 ਜਿਨ੍ਹਾਂ ਨੂੰ ਸੈਨਾ ਅਧਿਕਾਰੀ ਨੇ ਯਿਸ਼ੂ ਕੋਲ ਭੇਜਿਆ ਸੀ, ਜਦੋਂ ਉਹ ਵਾਪਿਸ ਘਰ ਗਏ ਤਾਂ ਉਹਨਾਂ ਨੇ ਵੇਖਿਆ ਕਿ ਨੌਕਰ ਪੂਰੀ ਤਰ੍ਹਾਂ ਚੰਗਾ ਹੋ ਗਿਆ ਸੀ।


ਵਿਧਵਾ ਦੇ ਪੁੱਤਰ ਦਾ ਜਿਓ ਉੱਠਣਾ

11 ਇਸ ਤੋਂ ਤੁਰੰਤ ਬਾਅਦ ਯਿਸ਼ੂ ਆਪਣੇ ਚੇਲਿਆਂ ਨਾਲ ਨਾਇਨ ਨਾਮ ਦੇ ਇੱਕ ਪਿੰਡ ਵਿੱਚ ਗਏ ਅਤੇ ਇੱਕ ਵੱਡੀ ਭੀੜ ਉਹਨਾਂ ਦੇ ਨਾਲ ਗਈ।

12 ਜਿਵੇਂ ਹੀ ਉਹ ਉਸ ਪਿੰਡ ਦੇ ਗੇਟ ਤੇ ਪਹੁੰਚੇ, ਤਾਂ ਇੱਕ ਮੁਰਦਾ ਆਦਮੀ ਨੂੰ ਲਜਾਇਆ ਜਾ ਰਿਹਾ ਸੀ। ਉਹ ਜਵਾਨ ਜਿਹੜਾ ਮਰ ਗਿਆ ਸੀ, ਇੱਕ ਵਿਧਵਾ ਦਾ ਇੱਕਲੌਤਾ ਪੁੱਤਰ ਸੀ ਅਤੇ ਪਿੰਡ ਦੀ ਇੱਕ ਵੱਡੀ ਭੀੜ ਉਸ ਦੇ ਨਾਲ ਸੀ।

13 ਉਸ ਨੂੰ ਵੇਖ ਕੇ ਯਿਸ਼ੂ ਦਾ ਦਿਲ ਤਰਸ ਨਾਲ ਭਰ ਗਿਆ। ਉਹਨਾਂ ਨੇ ਉਸ ਨੂੰ ਕਿਹਾ, “ਰੋ ਨਾ!”

14 ਫਿਰ ਉਹਨਾਂ ਨੇ ਜਾ ਕੇ ਅਰਥੀ ਨੂੰ ਛੋਹਿਆ। ਇਹ ਦੇਖ ਕੇ, ਜਿਨ੍ਹਾਂ ਆਦਮੀਆਂ ਨੇ ਉਸ ਨੂੰ ਚੁੱਕਿਆ ਸੀ ਉਹ ਰੁਕ ਗਏ। ਤਦ ਯਿਸ਼ੂ ਨੇ ਕਿਹਾ, “ਨੌਜਵਾਨ! ਮੈਂ ਤੈਨੂੰ ਕਹਿੰਦਾ ਹਾਂ, ਉੱਠ ਖੜ੍ਹਾ ਹੋ!”

15 ਉਹ ਮੁਰਦਾ ਆਦਮੀ ਉੱਠ ਕੇ ਬੈਠ ਗਿਆ ਅਤੇ ਗੱਲਾਂ ਕਰਨ ਲੱਗ ਪਿਆ। ਯਿਸ਼ੂ ਨੇ ਉਸ ਨੌਜਵਾਨ ਨੂੰ ਉਸ ਦੀ ਮਾਂ ਦੇ ਹਵਾਲੇ ਕਰ ਦਿੱਤਾ।

16 ਉਹ ਸਾਰੇ ਡਰ ਗਏ ਅਤੇ ਪਰਮੇਸ਼ਵਰ ਦੀ ਵਡਿਆਈ ਕਰਨ ਲੱਗੇ। ਉਹ ਕਹਿਣ ਲੱਗੇ, “ਸਾਡੇ ਵਿੱਚਕਾਰ ਇੱਕ ਮਹਾਨ ਨਬੀ ਪ੍ਰਗਟ ਹੋਇਆ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਬਚਾਉਣ ਆਏ ਹਨ।”

17 ਯਿਸ਼ੂ ਬਾਰੇ ਇਹ ਖ਼ਬਰ ਸਾਰੇ ਯਹੂਦਿਯਾ ਦੇਸ਼ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਫੈਲ ਗਈ।


ਯਿਸ਼ੂ ਅਤੇ ਯੋਹਨ ਬਪਤਿਸਮਾ ਦੇਣ ਵਾਲੇ ਦੇ ਚੇਲੇ

18 ਯੋਹਨ ਦੇ ਚੇਲਿਆਂ ਨੇ ਉਸ ਨੂੰ ਉਹ ਸਾਰਿਆਂ ਚੀਜ਼ਾਂ ਬਾਰੇ ਦੱਸਿਆ ਜੋ ਯਿਸ਼ੂ ਕਰ ਰਹੇ ਸਨ। ਇਸ ਲਈ ਯੋਹਨ ਨੇ ਆਪਣੇ ਦੋ ਚੇਲਿਆਂ ਨੂੰ ਬੁਲਾਇਆ,

19 ਉਸ ਨੇ ਉਹਨਾਂ ਨੂੰ ਪ੍ਰਭੂ ਕੋਲ ਇਹ ਪੁੱਛਣ ਲਈ ਭੇਜਿਆ, “ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?”

20 ਯੋਹਨ ਦੇ ਦੋ ਚੇਲਿਆਂ ਨੇ ਯਿਸ਼ੂ ਕੋਲ ਜਾ ਕੇ ਕਿਹਾ, “ਯੋਹਨ ਬਪਤਿਸਮਾ ਦੇਣ ਵਾਲੇ ਨੇ ਸਾਨੂੰ ਇਹ ਪੁੱਛਣ ਲਈ ਭੇਜਿਆ ਹੈ, ‘ਕਿ ਤੁਸੀਂ ਉਹ ਹੀ ਹੋ ਜਿਹੜਾ ਆਉਣ ਵਾਲਾ ਸੀ, ਜਾਂ ਅਸੀਂ ਕਿਸੇ ਹੋਰ ਦੀ ਉਡੀਕ ਕਰੀਏ?’ ”

21 ਉਸੇ ਵੇਲੇ ਯਿਸ਼ੂ ਬਹੁਤ ਸਾਰੇ ਲੋਕਾਂ ਨੂੰ ਚੰਗਾ ਕਰ ਰਹੇ ਸਨ, ਜਿਹੜੇ ਬਿਮਾਰ, ਰੋਗੀ ਅਤੇ ਦੁਸ਼ਟ ਆਤਮਾ ਦੇ ਸਤਾਏ ਹੋਏ ਸਨ। ਉਹਨਾਂ ਨੇ ਬਹੁਤ ਸਾਰੇ ਅੰਨ੍ਹੇ ਲੋਕਾਂ ਨੂੰ ਵੀ ਅੱਖਾਂ ਦੀ ਰੋਸ਼ਨੀ ਵਾਪਸ ਦਿੱਤੀ।

22 ਫਿਰ ਯਿਸ਼ੂ ਨੇ ਯੋਹਨ ਦੇ ਚੇਲਿਆਂ ਨੂੰ ਕਿਹਾ, “ਵਾਪਸ ਜਾਓ ਅਤੇ ਜੋ ਕੁਝ ਤੁਸੀਂ ਸੁਣਦੇ ਅਤੇ ਵੇਖਦੇ ਹੋ ਜਾ ਕੇ ਯੋਹਨ ਨੂੰ ਇਹ ਸਭ ਦੀ ਖ਼ਬਰ ਦਿਓ: ਅੰਨ੍ਹੇ ਸੁਜਾਖੇ ਹੁੰਦੇ ਹਨ, ਲੰਗੜੇ ਤੁਰਦੇ ਹਨ, ਕੋੜ੍ਹੀ ਸ਼ੁੱਧ ਕੀਤੇ ਜਾਂਦੇ ਹਨ, ਬੋਲ਼ੇ ਸੁਣਦੇ ਹਨ, ਮੁਰਦੇ ਜਿਵਾਲੇ ਜਾਂਦੇ ਹਨ, ਅਤੇ ਗਰੀਬਾਂ ਨੂੰ ਖੁਸ਼ਖ਼ਬਰੀ ਦਾ ਪ੍ਰਚਾਰ ਸੁਣਾਇਆ ਜਾ ਰਿਹਾ ਹੈ।

23 ਮੁਬਾਰਕ ਹੈ ਉਹ ਮਨੁੱਖ ਜਿਹੜਾ ਮੇਰੇ ਕਾਰਨ ਠੋਕਰ ਨਹੀਂ ਖਾਂਦਾ।”

24 ਯੋਹਨ ਦੇ ਚੇਲਿਆਂ ਦੇ ਚਲੇ ਜਾਣ ਤੋਂ ਬਾਅਦ, ਯਿਸ਼ੂ ਯੋਹਨ ਦੇ ਬਾਰੇ ਲੋਕਾਂ ਨੂੰ ਕਹਿਣ ਲੱਗਾ, “ਤੁਸੀਂ ਉਜਾੜ ਵਿੱਚ ਕੀ ਦੇਖਣ ਲਈ ਗਏ ਸੀ? ਕੀ ਇੱਕ ਕਾਨੇ ਨੂੰ ਜਿਹੜਾ ਹਵਾ ਨਾਲ ਹਿੱਲਦਾ ਹੈ?

25 ਜੇ ਨਹੀਂ, ਤਾਂ ਤੁਸੀਂ ਕੀ ਦੇਖਣ ਗਏ ਸੀ? ਕੀ ਇੱਕ ਮਨੁੱਖ ਨੂੰ ਜਿਸ ਨੇ ਮਖ਼ਮਲੀ ਕੱਪੜੇ ਪਹਿਨੇ ਹੋਏ ਸੀ? ਨਹੀਂ, ਜਿਹੜੇ ਸੋਹਣੇ ਕੱਪੜੇ ਪਹਿਨਦੇ ਅਤੇ ਐਸ਼ ਕਰਦੇ ਹਨ ਸੋ ਉਹ ਰਾਜਿਆਂ ਦੇ ਮਹਿਲਾਂ ਵਿੱਚ ਰਹਿੰਦੇ ਹਨ।

26 ਪਰ ਤੁਸੀਂ ਬਾਹਰ ਕੀ ਦੇਖਣ ਗਏ ਸੀ? ਕੀ ਇੱਕ ਨਬੀ ਨੂੰ? ਹਾਂ, ਮੈਂ ਤੁਹਾਨੂੰ ਦੱਸਦਾ ਹਾਂ ਇਹ ਉਹ ਹੈ ਜੋ ਨਬੀ ਨਾਲੋਂ ਵੀ ਵੱਡਾ ਹੈ।

27 ਇਹ ਉਹੀ ਹੈ, ਜਿਸਦੇ ਬਾਰੇ ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ ‘ਮੈਂ ਆਪਣਾ ਦੂਤ ਤੇਰੇ ਅੱਗੇ ਭੇਜਦਾ ਹਾਂ, ਜੋ ਤੇਰੇ ਲਈ ਰਸਤਾ ਤਿਆਰ ਕਰੇਗਾ।’

28 ਸੱਚਾਈ ਇਹ ਹੈ ਕਿ ਹੁਣ ਤੱਕ ਜਿੰਨ੍ਹੇ ਵੀ ਮਨੁੱਖ ਆਏ ਉਹਨਾਂ ਵਿੱਚੋਂ ਕੋਈ ਵੀ ਯੋਹਨ ਤੋਂ ਵੱਡਾ ਨਹੀਂ ਹੈ। ਫਿਰ ਵੀ, ਜਿਹੜਾ ਪਰਮੇਸ਼ਵਰ ਦੇ ਰਾਜ ਵਿੱਚ ਸਭ ਤੋਂ ਛੋਟਾ ਹੈ ਉਹ ਯੋਹਨ ਨਾਲੋਂ ਵੱਡਾ ਹੈ।”

29 ਜਦੋਂ ਉਹਨਾਂ ਲੋਕਾਂ ਨੇ, ਇੱਥੋ ਤੱਕ ਕਿ ਚੁੰਗੀ ਲੈਣ ਵਾਲਿਆਂ ਨੇ ਵੀ ਯਿਸ਼ੂ ਦੇ ਬਚਨਾਂ ਨੂੰ ਸੁਣਿਆ, ਤਾਂ ਉਹਨਾਂ ਨੇ ਸਵੀਕਾਰ ਕੀਤਾ ਕਿ ਪਰਮੇਸ਼ਵਰ ਦਾ ਰਾਹ ਸਹੀ ਹੈ, ਕਿਉਂਕਿ ਉਹਨਾਂ ਨੇ ਯੋਹਨ ਦੁਆਰਾ ਬਪਤਿਸਮਾ ਲਿਆ ਸੀ।

30 ਪਰ ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯੋਹਨ ਤੋਂ ਬਪਤਿਸਮਾ ਨਾ ਲੈ ਕੇ ਆਪਣੇ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਰੱਦ ਕਰ ਦਿੱਤਾ।

31 ਯਿਸ਼ੂ ਨੇ ਅੱਗੇ ਕਿਹਾ, “ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾ? ਮੈਂ ਕਿਵੇਂ ਉਹਨਾਂ ਦਾ ਵਰਣਨ ਕਰਾ?

32 ਇਹ ਬਜ਼ਾਰ ਵਿੱਚ ਬੈਠੇ ਉਹਨਾਂ ਬੱਚਿਆਂ ਵਰਗੇ ਹਨ, ਜੋ ਇੱਕ-ਦੂਜੇ ਨੂੰ ਆਵਾਜ਼ ਮਾਰ ਕੇ ਬੁਲਾਉਦੇ ਹਨ: “ ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਹੀਂ ਨੱਚੇ, ਅਸੀਂ ਤੁਹਾਡੇ ਲਈ ਦੁੱਖ ਦੇ ਗੀਤ ਗਾਏ, ਪਰ ਤੁਸੀਂ ਰੋਏ ਨਹੀਂ।’

33 ਯੋਹਨ ਬਪਤਿਸਮਾ ਦੇਣ ਵਾਲਾ ਨਾ ਤਾਂ ਰੋਟੀ ਖਾਂਦਾ ਸੀ ਅਤੇ ਨਾ ਹੀ ਦਾਖਰਸ ਪੀਂਦਾ ਸੀ, ਅਤੇ ਇਸੇ ਲਈ ਤੁਸੀਂ ਐਲਾਨ ਕੀਤਾ ਕੀ, ‘ਉਸਨੂੰ ਦੁਸ਼ਟ ਆਤਮਾ ਚਿੰਬੜਿਆ ਹੋਇਆ ਹਨ।’

34 ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਤੁਸੀਂ ਕਹਿੰਦੇ ਹੋ, ‘ਉਹ ਤਾਂ ਖਾਣ-ਪੀਣ ਵਾਲਾ ਅਤੇ ਸ਼ਰਾਬੀ ਹੈ, ਉਹ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਦੋਸਤ ਹੈ।’

35 ਪਰ ਗਿਆਨ ਉਹਨਾਂ ਲੋਕਾਂ ਦੀਆਂ ਜ਼ਿੰਦਗੀਆਂ ਦੁਆਰਾ ਸਹੀ ਸਾਬਤ ਹੁੰਦਾ ਹੈ ਜੋ ਉਸ ਦੇ ਅਨੁਸਾਰ ਚੱਲਦੇ ਹਨ।”


ਇੱਕ ਪਾਪੀ ਔਰਤ ਦੁਆਰਾ ਯਿਸ਼ੂ ਦੇ ਚਰਨਾਂ ਦਾ ਧੋਤਾ ਜਾਣਾ

36 ਇੱਕ ਫ਼ਰੀਸੀ ਨੇ ਯਿਸ਼ੂ ਨੂੰ ਆਪਣੇ ਨਾਲ ਖਾਣੇ ਤੇ ਬੁਲਾਇਆ, ਯਿਸ਼ੂ ਨੇ ਸੱਦਾ ਸਵੀਕਾਰ ਕੀਤਾ ਅਤੇ ਉਸਦੇ ਘਰ ਗਏ ਅਤੇ ਖਾਣਾ ਖਾਣ ਬੈਠ ਗਏ।

37 ਉਸ ਨਗਰ ਵਿੱਚ ਇੱਕ ਔਰਤ ਸੀ ਜੋ ਪਾਪ ਭਰੀ ਜ਼ਿੰਦਗੀ ਜਿਓ ਰਹੀ ਸੀ। ਜਦੋਂ ਉਸਨੇ ਸੁਣਿਆ ਕਿ ਯਿਸ਼ੂ ਫ਼ਰੀਸੀ ਦੇ ਘਰ ਖਾਣਾ ਖਾ ਰਹੇ ਹਨ, ਤਾਂ ਉਹ ਸੰਗਮਰਮਰ ਦੀ ਸ਼ੀਸ਼ੀ ਵਿੱਚ ਅਤਰ ਲੈ ਕੇ ਉੱਥੇ ਆਈ।

38 ਫਿਰ ਉਹ ਯਿਸ਼ੂ ਦੇ ਚਰਨਾਂ ਕੋਲ ਗੋਡੇ ਟੇਕ ਕੇ ਰੋਣ ਲੱਗੀ। ਉਸ ਦੇ ਹੰਝੂਆਂ ਨਾਲ ਪ੍ਰਭੂ ਦੇ ਪੈਰ ਗਿੱਲੇ ਹੋ ਗਏ। ਫਿਰ ਉਸ ਨੇ ਆਪਣੇ ਵਾਲਾਂ ਨਾਲ ਪ੍ਰਭੂ ਦੇ ਪੈਰ ਪੂੰਝੇ, ਉਸ ਦੇ ਪੈਰਾਂ ਨੂੰ ਚੁੰਮਿਆ ਅਤੇ ਅਤਰ ਉਸ ਦੇ ਪੈਰਾਂ ਉੱਤੇ ਡੋਲ੍ਹਿਆ।

39 ਜਦੋਂ ਉਸ ਫ਼ਰੀਸੀ ਨੇ, ਜਿਸ ਨੇ ਯਿਸ਼ੂ ਨੂੰ ਬੁਲਾਇਆ ਸੀ, ਇਹ ਦੇਖਿਆ ਤਾਂ ਉਹ ਆਪਣੇ ਮਨ ਵਿੱਚ ਸੋਚਣ ਲੱਗਿਆ, “ਜੇ ਇਹ ਮਨੁੱਖ ਸੱਚ-ਮੁੱਚ ਇੱਕ ਨਬੀ ਹੁੰਦਾ, ਤਾਂ ਉਹ ਜਾਣ ਜਾਂਦਾ ਕਿ ਇਹ ਔਰਤ ਕੌਣ ਹੈ ਜੋ ਉਸਨੂੰ ਛੋਹ ਰਹੀ ਹੈ; ਉਹ ਇੱਕ ਪਾਪੀ ਔਰਤ ਹੈ!”

40 ਯਿਸ਼ੂ ਨੇ ਉਸ ਫ਼ਰੀਸੀ ਨੂੰ ਕਿਹਾ, “ਸ਼ਿਮਓਨ, ਮੈਂ ਤੁਹਾਨੂੰ ਕੁਝ ਦੱਸਣਾ ਚਾਹੁੰਦਾ ਹਾਂ।” “ਮੈਨੂੰ ਦੱਸੋ, ਗੁਰੂ ਜੀ,” ਉਸਨੇ ਕਿਹਾ।

41 ਫਿਰ ਯਿਸ਼ੂ ਨੇ ਉਸ ਨੂੰ ਇਹ ਦ੍ਰਿਸ਼ਟਾਂਤ ਸੁਣਾਈ: “ਇੱਕ ਸ਼ਾਹੂਕਾਰ ਦੇ ਦੋ ਕਰਜ਼ਾਈ ਸਨ, ਇੱਕ ਪੰਜ ਸੌ ਦੀਨਾਰ ਦਾ ਅਤੇ ਦੂਸਰਾ ਪੰਜਾਹ ਦੀਨਾਰ ਦਾ।

42 ਪਰ ਉਹ ਦੋਨੇ ਹੀ ਕਰਜ਼ਾ ਮੋੜਨ ਵਿੱਚ ਅਸਮਰਥ ਸਨ, ਇਸ ਲਈ ਸ਼ਾਹੂਕਾਰ ਦੇ ਕਰਜ਼ ਨੂੰ ਮਾਫ਼ ਕਰ ਦਿੱਤਾ। ਮੈਨੂੰ ਦੱਸੋ, ਦੋਹਾਂ ਵਿੱਚੋਂ ਕੌਣ ਉਸ ਸ਼ਾਹੂਕਾਰ ਨੂੰ ਜ਼ਿਆਦਾ ਪਿਆਰ ਕਰੇਗਾ?”

43 ਸ਼ਿਮਓਨ ਨੇ ਉੱਤਰ ਦਿੱਤਾ, “ਮੇਰੇ ਵਿਚਾਰ ਵਿੱਚ, ਉਹ ਜਿਸ ਦੀ ਵੱਡੀ ਰਕਮ ਮਾਫ਼ ਕੀਤੀ ਗਈ ਹੈ।” “ਤੁਸੀਂ ਠੀਕ ਕਿਹਾ ਹੈ,” ਯਿਸ਼ੂ ਨੇ ਕਿਹਾ।

44 ਤਦ ਉਹ ਔਰਤ ਵੱਲ ਮੁੜੇ ਅਤੇ ਸ਼ਿਮਓਨ ਨੂੰ ਕਿਹਾ, “ਕੀ ਤੁਸੀਂ ਇਸ ਔਰਤ ਨੂੰ ਵੇਖ ਰਹੇ ਹੋ? ਮੈਂ ਤੁਹਾਡੇ ਘਰ ਆਇਆ। ਤੁਸੀਂ ਮੈਨੂੰ ਮੇਰੇ ਪੈਰ ਧੋਣ ਲਈ ਕੋਈ ਪਾਣੀ ਨਹੀਂ ਦਿੱਤਾ ਪਰ ਇਸ ਨੇ ਆਪਣੇ ਹੰਝੂਆਂ ਨਾਲ ਮੇਰੇ ਪੈਰ ਧੋਤੇ ਅਤੇ ਆਪਣੇ ਵਾਲਾਂ ਨਾਲ ਉਹਨਾਂ ਨੂੰ ਪੂੰਝਿਆ।

45 ਤੁਸੀਂ ਮੈਨੂੰ ਚੁੰਮਕੇ ਮੇਰਾ ਸਵਾਗਤ ਨਹੀਂ ਕੀਤਾ ਪਰ ਜਦੋਂ ਦਾ ਮੈਂ ਆਇਆ ਹਾਂ ਇਸ ਔਰਤ ਨੇ ਮੇਰੇ ਪੈਰਾਂ ਨੂੰ ਚੁੰਮਣਾ ਬੰਦ ਨਹੀਂ ਕੀਤਾ।

46 ਤੁਸੀਂ ਮੇਰੇ ਸਿਰ ਤੇ ਤੇਲ ਨਹੀਂ ਮਲਿਆ ਪਰ ਉਸਨੇ ਮੇਰੇ ਪੈਰਾਂ ਤੇ ਅਤਰ ਡੋਲ ਦਿੱਤਾ ਹੈ।

47 ਮੈਂ ਤੁਹਾਨੂੰ ਦੱਸਦਾ ਹਾਂ ਕੀ ਉਸਨੇ ਇਹ ਵੱਡਾ ਪਿਆਰ ਦਿਖਾ ਕੇ ਸਾਬਤ ਕੀਤਾ ਕਿ ਉਸਦੇ ਬਹੁਤ ਸਾਰੇ ਪਾਪ ਮਾਫ਼ ਹੋ ਗਏ ਹਨ। ਪਰ ਜਿਸ ਦਾ ਥੋੜ੍ਹਾ ਮਾਫ਼ ਹੁੰਦਾ ਹੈ ਉਹ ਥੋੜ੍ਹਾ ਜਿਹਾ ਪਿਆਰ ਦਿਖਾਉਂਦਾ ਹੈ।”

48 ਤਦ ਯਿਸ਼ੂ ਨੇ ਉਸ ਔਰਤ ਨੂੰ ਕਿਹਾ, “ਤੇਰੇ ਪਾਪ ਮਾਫ਼ ਕਰ ਦਿੱਤੇ ਗਏ ਹਨ।”

49 ਦੂਸਰੇ ਮਹਿਮਾਨ ਆਪਸ ਵਿੱਚ ਕਹਿਣ ਲੱਗੇ, “ਇਹ ਕੌਣ ਹੈ, ਜੋ ਪਾਪਾਂ ਨੂੰ ਵੀ ਮਾਫ਼ ਕਰਦਾ ਹੈ?”

50 ਯਿਸ਼ੂ ਨੇ ਔਰਤ ਨੂੰ ਕਿਹਾ, “ਤੇਰਾ ਵਿਸ਼ਵਾਸ ਹੀ ਤੇਰੀ ਮੁਕਤੀ ਦਾ ਕਾਰਣ ਹੈ। ਸ਼ਾਂਤੀ ਵਿੱਚ ਵਿਦਾ ਹੋਵੋ।”

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies