ਲੂਕਾ ਦੀ ਇੰਜੀਲ 6 - ਪੰਜਾਬੀ ਮੌਜੂਦਾ ਤਰਜਮਾਸਬਤ ਦੇ ਦਿਨ ਬਾਰੇ ਗੱਲਬਾਤ 1 ਇੱਕ ਸਬਤ ਦੇ ਦਿਨ ਜਦੋਂ ਯਿਸ਼ੂ ਖੇਤ ਵਿੱਚੋਂ ਦੀ ਲੰਘ ਰਹੇ ਸਨ ਅਤੇ ਉਹਨਾਂ ਦੇ ਚੇਲੇ ਸਿੱਟੇ ਤੋੜ ਕੇ, ਆਪਣੇ ਹੱਥਾਂ ਨਾਲ ਮਸਲ-ਮਸਲ ਕੇ ਖਾਣ ਲੱਗੇ। 2 ਇਹ ਵੇਖ ਕੇ ਕੁਝ ਫ਼ਰੀਸੀਆਂ ਨੇ ਪੁੱਛਿਆ, “ਤੁਸੀਂ ਸਬਤ ਉੱਤੇ ਇਹ ਕੰਮ ਕਿਉਂ ਕਰ ਰਹੇ ਹੋ, ਜੋ ਬਿਵਸਥਾ ਅਨੁਸਾਰ ਮਨ੍ਹਾ ਹੈ?” 3 ਯਿਸ਼ੂ ਨੇ ਉਹਨਾਂ ਨੂੰ ਜਵਾਬ ਦਿੱਤਾ, “ਕੀ ਤੁਸੀਂ ਪਵਿੱਤਰ ਸ਼ਾਸਤਰ ਵਿੱਚ ਕਦੇ ਨਹੀਂ ਪੜ੍ਹਿਆ ਕਿ ਦਾਵੀਦ ਨੇ ਕੀ ਕੀਤਾ ਸੀ ਜਦੋਂ ਉਹ ਅਤੇ ਉਸਦੇ ਸਾਥੀ ਭੁੱਖੇ ਸਨ? 4 ਦਾਵੀਦ ਨੇ ਪਰਮੇਸ਼ਵਰ ਦੇ ਭਵਨ ਵਿੱਚ ਜਾ ਕੇ ਚੜ੍ਹਾਵੇ ਦੀ ਰੋਟੀ ਖਾਧੀ, ਜਿਸ ਦਾ ਖਾਣਾ ਜਾਜਕਾਂ ਦੇ ਇਲਾਵਾ ਕਿਸੇ ਹੋਰ ਲਈ ਨਿਯਮ ਵਿਰੁੱਧ ਸੀ? ਇਹੀ ਰੋਟੀ ਉਹਨਾਂ ਨੇ ਆਪਣੇ ਸਾਥੀਆਂ ਨੂੰ ਵੀ ਦਿੱਤੀ।” 5 ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮਨੁੱਖ ਦਾ ਪੁੱਤਰ ਸਬਤ ਦਾ ਪ੍ਰਭੂ ਹੈ।” 6 ਇੱਕ ਹੋਰ ਸਬਤ ਦੇ ਦਿਨ, ਯਿਸ਼ੂ ਪ੍ਰਾਰਥਨਾ ਸਥਾਨ ਵਿੱਚ ਗਏ ਅਤੇ ਸਿੱਖਿਆ ਦੇਣ ਲੱਗੇ। ਉੱਥੇ ਇੱਕ ਵਿਅਕਤੀ ਸੀ ਜਿਸ ਦਾ ਸੱਜਾ ਹੱਥ ਸੁੱਕਿਆ ਹੋਇਆ ਸੀ। 7 ਕੁਝ ਫ਼ਰੀਸੀ ਅਤੇ ਸ਼ਾਸਤਰੀ ਇਸ ਮੌਕੇ ਦੀ ਉਡੀਕ ਵਿੱਚ ਸੀ ਕਿ ਯਿਸ਼ੂ ਸਬਤ ਦੇ ਦਿਨ ਇਸ ਵਿਅਕਤੀ ਨੂੰ ਚੰਗਾ ਕਰਨ ਅਤੇ ਉਹ ਉਹਨਾਂ ਤੇ ਇਲਜ਼ਾਮ ਲਾ ਸਕਣ। 8 ਯਿਸ਼ੂ ਜਾਣਦੇ ਸੀ ਕਿ ਉਹ ਕੀ ਸੋਚ ਰਹੇ ਹਨ। ਉਹਨਾਂ ਨੇ ਉਸ ਸੁੱਕੇ ਹੱਥ ਵਾਲੇ ਆਦਮੀ ਨੂੰ ਕਿਹਾ, “ਉੱਠ! ਸਾਰਿਆਂ ਦੇ ਸਾਹਮਣੇ ਖੜ੍ਹਾ ਹੋ ਜਾ।” ਉਹ ਉੱਠਿਆ ਅਤੇ ਉੱਥੇ ਖੜ੍ਹਾ ਹੋ ਗਿਆ। 9 ਤਾਂ ਯਿਸ਼ੂ ਨੇ ਉਹਨਾਂ ਨੂੰ ਕਿਹਾ, “ਮੈਨੂੰ ਇਹ ਦੱਸੋ, ਸਬਤ ਦੇ ਦਿਨ ਕੀ ਕਰਨਾ ਸਹੀ ਹੈ? ਚੰਗਾ ਜਾਂ ਬੁਰਾ? ਜਾਨ ਬਚਾਉਣਾ ਜਾਂ ਨਾਸ ਕਰਨਾ?” 10 ਉਹਨਾਂ ਸਾਰਿਆਂ ਵੱਲ ਵੇਖਦਿਆਂ, ਯਿਸ਼ੂ ਨੇ ਉਸ ਵਿਅਕਤੀ ਨੂੰ ਹੁਕਮ ਦਿੱਤਾ, “ਆਪਣਾ ਹੱਥ ਵਧਾ!” ਉਸ ਨੇ ਉਵੇਂ ਹੀ ਕੀਤਾ ਅਤੇ ਉਸਦਾ ਹੱਥ ਚੰਗਾ ਹੋ ਗਿਆ ਸੀ। 11 ਇਹ ਵੇਖ ਕੇ ਫ਼ਰੀਸੀ ਅਤੇ ਸ਼ਾਸਤਰੀ ਗੁੱਸੇ ਨਾਲ ਭੜਕ ਗਏ। ਉਹ ਆਪਸ ਵਿੱਚ ਵਿਚਾਰ ਕਰਨ ਲੱਗੇ ਕਿ ਯਿਸ਼ੂ ਨਾਲ ਕੀ ਕਰਨਾ ਹੈ। ਬਾਰ੍ਹਾਂ ਚੇਲਿਆਂ ਦਾ ਚੁਣਿਆਂ ਜਾਣਾ 12 ਇੱਕ ਦਿਨ ਯਿਸ਼ੂ ਪ੍ਰਾਰਥਨਾ ਕਰਨ ਲਈ ਪਹਾੜ ਤੇ ਚਲੇ ਗਏ ਅਤੇ ਸਾਰੀ ਰਾਤ ਪਰਮੇਸ਼ਵਰ ਅੱਗੇ ਉਹ ਪ੍ਰਾਰਥਨਾ ਕਰਦੇ ਰਹੇ। 13 ਜਦੋਂ ਸਵੇਰ ਹੋਈ ਉਹਨਾਂ ਨੇ ਆਪਣੇ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਵਿੱਚੋਂ ਬਾਰ੍ਹਾਂ ਨੂੰ ਚੁਣਿਆ ਅਤੇ ਉਹਨਾਂ ਨੂੰ ਰਸੂਲ ਨਿਯੁਕਤ ਕੀਤਾ: 14 ਸ਼ਿਮਓਨ, (ਜਿਸ ਨੂੰ ਯਿਸ਼ੂ ਨੇ ਪਤਰਸ ਨਾਮ ਦਿੱਤਾ) ਅਤੇ ਉਸ ਦਾ ਭਰਾ ਆਂਦਰੇਯਾਸ, ਯਾਕੋਬ, ਯੋਹਨ, ਫਿਲਿੱਪਾਸ, ਬਾਰਥੋਲੋਮੇਯਾਸ, 15 ਮੱਤੀਯਾਹ, ਥੋਮਸ, ਯਾਕੋਬ, ਹਲਫੇਯਾਸ ਦਾ ਪੁੱਤਰ, ਰਾਸ਼ਟਰਵਾਦੀ ਸ਼ਿਮਓਨ, 16 ਯਹੂਦਾਹ, ਯਾਕੋਬ ਦਾ ਪੁੱਤਰ, ਅਤੇ ਕਾਰਿਯੋਤ ਵਾਸੀ ਯਹੂਦਾਹ, ਜਿਸ ਨੇ ਯਿਸ਼ੂ ਨੂੰ ਧੋਖਾ ਦਿੱਤਾ ਸੀ। ਅਸੀਸਾਂ ਅਤੇ ਮੁਸੀਬਤਾਂ 17 ਯਿਸ਼ੂ ਉਹਨਾਂ ਦੇ ਨਾਲ ਪਹਾੜ ਤੋਂ ਹੇਠਾਂ ਉੱਤਰੇ ਅਤੇ ਇੱਕ ਸਮਤਲ ਜਗ੍ਹਾ ਤੇ ਖੜ੍ਹੇ ਹੋ ਗਏ। ਉਹਨਾਂ ਦੇ ਚੇਲਿਆਂ ਦੀ ਇੱਕ ਵੱਡੀ ਭੀੜ ਉੱਥੇ ਸੀ ਅਤੇ ਵੱਡੀ ਗਿਣਤੀ ਵਿੱਚ ਲੋਕ ਯਹੂਦਿਯਾ ਪ੍ਰਦੇਸ਼, ਯੇਰੂਸ਼ਲੇਮ ਸ਼ਹਿਰ ਅਤੇ ਸੋਰ ਅਤੇ ਸਿਦੋਨ ਸ਼ਹਿਰ ਦੇ ਸਮੁੰਦਰੀ ਕੰਡੇ ਤੋਂ, 18 ਉਹਨਾਂ ਦਾ ਉਪਦੇਸ਼ ਸੁਣਨ ਅਤੇ ਆਪਣੀਆਂ ਬਿਮਾਰੀਆਂ ਤੋਂ ਚੰਗਾ ਹੋਣ ਲਈ ਉੱਥੇ ਆਏ ਸਨ। ਜਿਨ੍ਹਾਂ ਨੂੰ ਦੁਸ਼ਟ ਆਤਮਾ ਚਿੰਭੜੀ ਸੀ ਉਹਨਾਂ ਨੂੰ ਯਿਸ਼ੂ ਨੇ ਅਜ਼ਾਦ ਕੀਤਾ। 19 ਹਰ ਕੋਈ ਉਹਨਾਂ ਨੂੰ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿਉਂਕਿ ਉਹਨਾਂ ਵਿੱਚੋਂ ਨਿਕਲ ਰਹੀ ਸ਼ਕਤੀ ਉਹਨਾਂ ਸਾਰਿਆਂ ਨੂੰ ਚੰਗਾ ਕਰ ਰਹੀ ਸੀ। 20 ਆਪਣੇ ਚੇਲਿਆਂ ਵੱਲ ਵੇਖਦਿਆਂ, ਯਿਸ਼ੂ ਨੇ ਕਿਹਾ: “ਮੁਬਾਰਕ ਹਨ ਉਹ ਜਿਹੜੇ ਦਿਲਾਂ ਦੇ ਗ਼ਰੀਬ ਹਨ, ਕਿਉਂਕਿ ਪਰਮੇਸ਼ਵਰ ਦਾ ਰਾਜ ਉਹਨਾਂ ਦਾ ਹੈ। 21 ਮੁਬਾਰਕ ਹਨ ਉਹ ਜੋ ਭੁੱਖੇ ਹਨ, ਕਿਉਂਕਿ ਤੁਸੀਂ ਸੰਤੁਸ਼ਟ ਕੀਤੇ ਜਾਵੋਗੇ। ਮੁਬਾਰਕ ਹੋ ਤੁਸੀਂ ਜੋ ਹੁਣ ਰੋ ਰਹੇ ਹੋ, ਕਿਉਂਕਿ ਤੁਸੀਂ ਹੱਸੋਗੇ। 22 ਮੁਬਾਰਕ ਹੋ ਤੁਸੀਂ, ਜਦੋਂ ਲੋਕ ਮੇਰੇ ਨਾਮ ਦੇ ਕਾਰਨ ਤੁਹਾਨੂੰ ਨਫ਼ਰਤ ਕਰਦੇ ਹਨ, ਤੁਹਾਨੂੰ ਬਾਹਰ ਕੱਢਦੇ ਅਤੇ ਤੁਹਾਨੂੰ ਬੇਇੱਜ਼ਤ ਕਰਨ, ਤੁਹਾਡੇ ਨਾਮ ਨੂੰ ਮਨੁੱਖ ਦੇ ਪੁੱਤਰ ਦੇ ਕਾਰਨ ਬੁਰਾ ਕਰਾਰ ਕਰਦੇ ਹਨ। 23 “ਉਸ ਦਿਨ ਜਦੋਂ ਇਹ ਹੋਵੇ ਜਸ਼ਨ ਮਨਾਉ ਅਤੇ ਖੁਸ਼ੀ ਵਿੱਚ ਕੁੱਦੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੋਵੇਗਾ। ਉਹਨਾਂ ਦੇ ਪੁਰਖਿਆਂ ਨੇ ਵੀ ਨਬੀਆਂ ਨੂੰ ਇਸੇ ਤਰ੍ਹਾਂ ਸਤਾਇਆ ਸੀ। 24 “ਲਾਹਨਤ ਹੈ ਤੁਹਾਡੇ ਤੇ ਜੇ ਤੁਸੀਂ ਅਮੀਰ ਹੋ, ਤੁਸੀਂ ਆਪਣੀ ਸਾਰੇ ਸੁੱਖ ਭੋਗ ਚੁੱਕੇ। 25 ਲਾਹਨਤ ਹੈ ਤੁਹਾਡੇ ਤੇ ਜੋ ਰਜਾਏ ਗਏ ਹੋ, ਕਿਉਂਕਿ ਤੁਸੀਂ ਭੁੱਖੇ ਰਹੋਗੇ। ਲਾਹਨਤ ਹੈ ਤੁਹਾਡੇ ਤੇ ਜੋ ਤੁਸੀਂ ਇਸ ਸਮੇਂ ਹੱਸ ਰਹੇ ਹੋ, ਕਿਉਂਕਿ ਤੁਸੀਂ ਸੋਗ ਕਰੋਗੇ ਅਤੇ ਰੋਵੋਗੇ। 26 ਲਾਹਨਤ ਹੈ ਤੁਹਾਡੇ ਤੇ ਜਦੋਂ ਸਾਰੇ ਲੋਕ ਤੁਹਾਡੀ ਪ੍ਰਸ਼ੰਸਾ ਕਰਦੇ ਹਨ, ਕਿਉਂਕਿ ਉਹਨਾਂ ਦੇ ਪੁਰਖੇ ਝੂਠੇ ਨਬੀਆਂ ਨਾਲ ਇਸੇ ਤਰ੍ਹਾਂ ਕਰਦੇ ਸਨ। ਦੁਸ਼ਮਣਾਂ ਨਾਲ ਪਿਆਰ ਕਰਨ ਦੀ ਸਿੱਖਿਆ 27 “ਪਰ ਤੁਸੀਂ ਜਿਹੜੇ ਸੁਣਦੇ ਹੋ ਉਹਨਾਂ ਨੂੰ ਮੈਂ ਆਖਦਾ ਹਾਂ, ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ ਅਤੇ ਉਹਨਾਂ ਨਾਲ ਭਲਾ ਕਰੋ ਜਿਹੜੇ ਤੁਹਾਡੇ ਤੋਂ ਨਫ਼ਰਤ ਕਰਦੇ ਹਨ। 28 ਉਹਨਾਂ ਨੂੰ ਅਸੀਸ ਦਿਓ ਜੋ ਤੁਹਾਨੂੰ ਸਰਾਪ ਦਿੰਦੇ ਹਨ, ਜੋ ਤੁਹਾਨੂੰ ਗਾਲਾਂ ਕੱਢਦੇ ਹਨ ਉਹਨਾਂ ਲਈ ਪ੍ਰਾਰਥਨਾ ਕਰੋ। 29 ਜੇ ਕੋਈ ਤੁਹਾਡੀ ਇੱਕ ਗੱਲ੍ਹ ਉੱਤੇ ਚਪੇੜ ਮਾਰੇ, ਤਾਂ ਉਸ ਵੱਲ ਦੂਸਰੀ ਗੱਲ੍ਹ ਵੀ ਕਰ ਦਿਓ। ਜੇ ਕੋਈ ਤੁਹਾਡੀ ਚੋਗਾ ਲੈਣਾ ਚਾਹੁੰਦਾ ਹੈ, ਤਾਂ ਉਸ ਨੂੰ ਆਪਣੀ ਕਮੀਜ਼ ਦੇਣ ਤੋਂ ਵੀ ਨਾ ਝਿਜਕੋ। 30 ਜਦੋਂ ਵੀ ਕੋਈ ਤੁਹਾਡੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ ਦਿਓ ਅਤੇ ਜੇ ਕੋਈ ਤੁਹਾਡੀ ਚੀਜ਼ ਲੈ ਲਵੇ ਤਾਂ ਵਾਪਸ ਨਾ ਮੰਗੋ। 31 ਜਿਵੇਂ ਤੁਸੀਂ ਚਾਹੁੰਦੇ ਹੋ ਜੋ ਦੂਸਰੇ ਲੋਕ ਤੁਹਾਡੇ ਨਾਲ ਕਰਨ ਤੁਸੀਂ ਵੀ ਦੂਜਿਆਂ ਨਾਲ ਉਵੇਂ ਦਾ ਹੀ ਵਰਤਾਓ ਕਰੋ। 32 “ਜੇ ਤੁਸੀਂ ਸਿਰਫ ਉਹਨਾਂ ਨੂੰ ਪਿਆਰ ਕਰਦੇ ਹੋ ਜੋ ਤੁਹਾਨੂੰ ਪਿਆਰ ਕਰਦੇ ਹਨ, ਤਾਂ ਇਸ ਦਾ ਕੀ ਫ਼ਾਇਦਾ? ਕਿਉਂਕਿ ਪਾਪੀ ਲੋਕ ਵੀ ਆਪਣੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਦੇ ਹਨ। 33 ਇਸੇ ਤਰ੍ਹਾਂ, ਜੇ ਤੁਸੀਂ ਉਹਨਾਂ ਦਾ ਭਲਾ ਕਰਦੇ ਹੋ ਜਿਨ੍ਹਾਂ ਨੇ ਤੁਹਾਡੇ ਨਾਲ ਭਲਾ ਕੀਤਾ ਹੈ, ਤਾਂ ਤੁਸੀਂ ਕੀ ਵੱਖਰਾ ਕਰਦੇ ਹੋ? ਕਿਉਂਕਿ ਪਾਪੀ ਵੀ ਇਹੀ ਕਰਦੇ ਹਨ। 34 ਅਤੇ ਜੇ ਤੁਸੀਂ ਉਹਨਾਂ ਨੂੰ ਹੀ ਉਧਾਰ ਦਿੰਦੇ ਹੋ ਜਿਨ੍ਹਾਂ ਤੋਂ ਪੈਸੇ ਵਾਪਸ ਮਿਲਣ ਦੀ ਉਮੀਦ ਹੋਵੇ, ਤਾਂ ਤੁਸੀਂ ਕੀ ਵੱਖਰਾ ਕਰਦੇ ਹੋ? ਪਾਪੀ ਵੀ ਇਸੇ ਤਰ੍ਹਾਂ ਕਰਦੇ ਹਨ, ਇਸ ਉਮੀਦ ਵਿੱਚ ਕਿ ਉਹਨਾਂ ਦੇ ਸਾਰੇ ਪੈਸੇ ਉਹਨਾਂ ਨੂੰ ਵਾਪਸ ਮਿਲ ਜਾਣਗੇ। 35 ਪਰ ਤੁਸੀਂ ਆਪਣੇ ਦੁਸ਼ਮਣਾਂ ਨਾਲ ਪਿਆਰ ਕਰੋ, ਉਹਨਾਂ ਨਾਲ ਭਲਾ ਕਰੋ ਅਤੇ ਉਹਨਾਂ ਤੋਂ ਵਾਪਸ ਲੈਣ ਦੀ ਉਮੀਦ ਬਿਨਾਂ ਉਹਨਾਂ ਨੂੰ ਉਧਾਰ ਦੇਓ। ਫੇਰ ਤੁਹਾਡਾ ਇਨਾਮ ਬਹੁਤ ਵੱਡਾ ਹੋਵੇਗਾ ਅਤੇ ਤੁਸੀਂ ਉਸ ਅੱਤ ਮਹਾਨ ਪਰਮੇਸ਼ਵਰ ਦੀ ਸੰਤਾਨ ਠਹਿਰਾਈ ਜਾਓ ਕਿਉਂਕਿ ਉਹ ਉਹਨਾਂ ਲਈ ਵੀ ਦਿਆਲੂ ਹੈ, ਜੋ ਨਾਸ਼ੁਕਰੇ ਅਤੇ ਬੁਰੇ ਹਨ। 36 ਦਿਆਲੂ ਬਣੋ, ਜਿਵੇਂ ਤੁਹਾਡਾ ਪਿਤਾ ਪਰਮੇਸ਼ਵਰ ਦਿਆਲੂ ਹੈ। ਦੂਜਿਆਂ ਤੇ ਦੋਸ਼ ਨਾ ਲਾਓਣ ਬਾਰੇ ਸਿੱਖਿਆ 37 “ਕਿਸੇ ਦਾ ਨਿਆਂ ਨਾ ਕਰੋ ਅਤੇ ਤੁਹਾਡਾ ਵੀ ਨਿਆਂ ਨਾ ਕੀਤਾ ਜਾਵੇਗਾ। ਕਿਸੇ ਤੇ ਦੋਸ਼ ਨਾ ਲਾਓ, ਤੁਹਾਡੇ ਤੇ ਵੀ ਦੋਸ਼ ਨਹੀਂ ਲਾਇਆ ਜਾਵੇਗਾ। ਮਾਫ ਕਰੋ ਤਾਂ ਤੁਹਾਨੂੰ ਵੀ ਮਾਫ਼ ਕੀਤਾ ਜਾਵੇਗਾ। 38 ਦਿਓ ਤਾਂ ਫੇਰ ਤੁਹਾਨੂੰ ਵੀ ਦਿੱਤਾ ਜਾਵੇਗਾ, ਪੂਰਾ ਮਾਪ ਦੱਬ-ਦੱਬ ਕੇ ਅਤੇ ਹਿਲਾ-ਹਿਲਾ ਕੇ ਬਾਹਰ ਡੁੱਲਦਾ ਹੋਇਆ ਤੁਹਾਡੀ ਚੋਲੀ ਵਿੱਚ ਦਿੱਤਾ ਜਾਵੇਗਾ। ਕਿਉਂਕਿ ਜਿਸ ਮਾਪ ਨਾਲ ਤੁਸੀਂ ਮਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਮਾਪਿਆ ਜਾਵੇਗਾ।” 39 ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ, “ਕਿ ਇੱਕ ਅੰਨ੍ਹਾ ਦੂਸਰੇ ਅੰਨ੍ਹੇ ਨੂੰ ਰਸਤਾ ਦਿੱਖਾ ਸਕਦਾ ਹੈ? ਕੀ ਉਹ ਦੋਵੇਂ ਟੋਏ ਵਿੱਚ ਨਹੀਂ ਡਿੱਗ ਪੈਣਗੇ? 40 ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੈ ਪਰ ਹਰ ਕੋਈ ਜਿਸ ਨੇ ਸਿੱਖਿਆ ਪੂਰੀ ਕਰ ਲਈ ਹੈ ਉਹ ਉਸ ਦੇ ਅਧਿਆਪਕ ਵਰਗਾ ਹੋਵੇਗਾ। 41 “ਤੂੰ ਕਿਉਂ ਆਪਣੇ ਭਰਾ ਦੀ ਅੱਖ ਦੇ ਕਣ ਵੱਲ ਤਾਂ ਵੇਖਦਾ ਹੈ ਪਰ ਆਪਣੀ ਅੱਖ ਵਿੱਚਲੇ ਸ਼ਤੀਰ ਵੱਲ ਤਾਂ ਧਿਆਨ ਨਹੀਂ ਦਿੰਦਾ? 42 ਤੂੰ ਆਪਣੇ ਭਰਾ ਨੂੰ ਇਹ ਕਿਵੇਂ ਆਖ ਸਕਦਾ ਹੈ, ‘ਕਿ ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢ ਦਿਆਂ,’ ਜਦਕਿ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ ਤੂੰ ਦੇਖ ਨਹੀਂ ਪਾਉਂਦਾ? ਹੇ ਪਖੰਡੀ, ਪਹਿਲਾਂ ਉਸ ਸ਼ਤੀਰ ਨੂੰ ਆਪਣੀ ਅੱਖ ਵਿੱਚੋਂ ਕੱਢ ਤਾਂ ਫਿਰ ਤੂੰ ਸਾਫ਼ ਤਰੀਕੇ ਨਾਲ ਦੇਖ ਕੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਹੈ ਕੱਢ ਸਕੇਂਗਾ। ਫਲਦਾਇਕ ਜੀਵਨ ਬਾਰੇ ਸਿੱਖਿਆ 43 “ਕੋਈ ਵੀ ਚੰਗਾ ਰੁੱਖ ਮਾੜਾ ਫਲ ਨਹੀਂ ਦਿੰਦਾ ਅਤੇ ਨਾ ਹੀ ਮਾੜਾ ਰੁੱਖ ਚੰਗਾ ਫਲ ਦਿੰਦਾ ਹੈ। 44 ਹਰ ਰੁੱਖ ਆਪਣੇ ਫਲਾਂ ਦੁਆਰਾ ਪਛਾਣਿਆ ਜਾਂਦਾ ਹੈ। ਲੋਕ ਕੰਡਿਆਂ ਦੇ ਰੁੱਖਾਂ ਤੋਂ ਹੰਜ਼ੀਰ ਜਾਂ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਇਕੱਠਾ ਨਹੀਂ ਕਰਦੇ। 45 ਅਤੇ ਇੱਕ ਚੰਗਾ ਵਿਅਕਤੀ ਆਪਣੇ ਮਨ ਦੇ ਖ਼ਜ਼ਾਨੇ ਵਿੱਚੋਂ ਚੰਗੀਆ ਗੱਲਾਂ ਕੱਢਦਾ ਹੈ, ਅਤੇ ਇੱਕ ਬੁਰਾ ਵਿਅਕਤੀ ਆਪਣੇ ਮਨ ਦੇ ਬੁਰੇ ਖ਼ਜ਼ਾਨੇ ਵਿੱਚੋਂ ਬੁਰੀਆ ਗੱਲਾਂ ਕੱਢਦਾ ਹੈ; ਕਿਉਂਕਿ ਜੋ ਮਨ ਵਿੱਚ ਭਰਿਆ ਹੁੰਦਾ ਹੈ ਉਹ ਹੀ ਮੂੰਹ ਵਿੱਚੋਂ ਬਾਹਰ ਨਿਕਲਦਾ ਹੈ। ਪੱਕੀ ਨੀਂਹ ਉੱਤੇ ਇਮਾਰਤ 46 “ਜਦੋਂ ਤੁਸੀਂ ਮੇਰੇ ਹੁਕਮਾਂ ਦੀ ਪਾਲਣਾ ਨਹੀਂ ਕਰਦੇ ਤਾਂ ਤੁਸੀਂ ਮੈਨੂੰ, ‘ਪ੍ਰਭੂ, ਪ੍ਰਭੂ,’ ਕਿਉਂ ਕਹਿੰਦੇ ਹੋ? 47 ਜਿਵੇਂ ਕਿ ਹਰ ਕੋਈ ਜੋ ਮੇਰੇ ਕੋਲ ਆਉਂਦਾ ਹੈ ਅਤੇ ਮੇਰੇ ਸ਼ਬਦਾਂ ਨੂੰ ਸੁਣਦਾ ਹੈ ਅਤੇ ਉਹਨਾਂ ਤੇ ਅਮਲ ਕਰਦਾ ਹੈ, ਮੈਂ ਤੁਹਾਨੂੰ ਦਿਖਾਵਾਂਗਾ ਕਿ ਉਹ ਕਿਸ ਤਰ੍ਹਾਂ ਦੇ ਹਨ: 48 ਉਹ ਉਸ ਆਦਮੀ ਦੀ ਤਰ੍ਹਾਂ ਹਨ ਜੋ ਘਰ ਬਣਾ ਰਿਹਾ ਹੈ, ਜਿਸਨੇ ਡੂੰਘੀ ਖੁਦਾਈ ਕੀਤੀ ਅਤੇ ਚੱਟਾਨ ਤੇ ਨੀਂਹ ਰੱਖੀ। ਜਦੋਂ ਹੜ੍ਹ ਆਇਆ ਤਾਂ ਉਸ ਘਰ ਨੂੰ ਟੱਕਰ ਮਾਰੀ ਪਰ ਉਸ ਨੂੰ ਹਿਲਾ ਨਾ ਸਕਿਆ ਕਿਉਂਕਿ ਉਹ ਘਰ ਮਜ਼ਬੂਤ ਸੀ। 49 ਪਰ ਉਹ ਵਿਅਕਤੀ ਜੋ ਮੇਰਾ ਬਚਨ ਸੁਣਦਾ ਹੈ ਅਤੇ ਇਸ ਦੀ ਪਾਲਣਾ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜਿਸਨੇ ਜ਼ਮੀਨ ਉੱਤੇ ਬਿਨਾਂ ਨੀਂਹ ਤੋਂ ਘਰ ਬਣਾਇਆ ਅਤੇ ਜਦੋਂ ਹੜ੍ਹ ਆਇਆ, ਉਹ ਘਰ ਡਿੱਗ ਗਿਆ ਅਤੇ ਨਾਸ ਹੋ ਗਿਆ।” |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.