ਲੂਕਾ ਦੀ ਇੰਜੀਲ 5 - ਪੰਜਾਬੀ ਮੌਜੂਦਾ ਤਰਜਮਾਪਹਿਲੇ ਚਾਰ ਚੇਲਿਆਂ ਦਾ ਬੁਲਾਇਆ ਜਾਣਾ 1 ਇੱਕ ਦਿਨ ਯਿਸ਼ੂ ਗੰਨਨੇਸਰਤ ਝੀਲ ਦੇ ਕੰਢੇ ਉੱਤੇ ਖੜ੍ਹੇ ਸਨ ਤੇ ਉੱਥੇ ਇੱਕ ਵੱਡੀ ਭੀੜ ਨੇ ਉਹਨਾਂ ਨੂੰ ਪਰਮੇਸ਼ਵਰ ਦਾ ਬਚਨ ਸੁਣਨ ਲਈ ਘੇਰ ਲਿਆ। 2 ਯਿਸ਼ੂ ਨੇ ਕੰਢੇ ਤੇ ਦੋ ਕਿਸ਼ਤੀਆਂ ਵੇਖੀਆਂ, ਮਛੇਰੇ ਉਹਨਾਂ ਨੂੰ ਛੱਡ ਕੇ ਚਲੇ ਗਏ ਸਨ ਕਿਉਂਕਿ ਉਹ ਆਪਣੇ ਜਾਲ ਧੋ ਰਹੇ ਸਨ। 3 ਯਿਸ਼ੂ ਇੱਕ ਕਿਸ਼ਤੀ ਤੇ ਬੈਠ ਗਏ ਜੋ ਸ਼ਿਮਓਨ ਦੀ ਸੀ। ਉਹਨਾਂ ਨੇ ਸ਼ਿਮਓਨ ਨੂੰ ਕਿਹਾ ਕਿਸ਼ਤੀ ਨੂੰ ਕੰਢੇ ਤੋਂ ਥੋੜ੍ਹੀ ਦੂਰ ਲੈ ਚਲ, ਅਤੇ ਉਹ ਕਿਸ਼ਤੀ ਤੇ ਬੈਠ ਗਏ ਫਿਰ ਉਹਨਾਂ ਨੇ ਕਿਸ਼ਤੀ ਵਿੱਚੋਂ ਲੋਕਾਂ ਨੂੰ ਸਿਖੋਣਾ ਸ਼ੁਰੂ ਕਰ ਦਿੱਤਾ। 4 ਜਦੋਂ ਉਹ ਲੋਕਾਂ ਨੂੰ ਸਿਖਾ ਚੁੱਕੇ, ਤਾਂ ਉਹਨਾਂ ਨੇ ਸ਼ਿਮਓਨ ਨੂੰ ਕਿਹਾ, “ਕਿਸ਼ਤੀ ਨੂੰ ਡੂੰਘੇ ਪਾਣੀ ਵਿੱਚ ਲੈ ਜਾ ਅਤੇ ਫਿਰ ਜਾਲ ਸੁੱਟੀ।” 5 ਸ਼ਿਮਓਨ ਨੇ ਉਤਰ ਦਿੱਤਾ, “ਗੁਰੂ ਜੀ! ਅਸੀਂ ਸਾਰੀ ਰਾਤ ਸਖ਼ਤ ਮਿਹਨਤ ਕੀਤੀ ਹੈ, ਪਰ ਕੁਝ ਨਹੀਂ ਫੜਿਆ, ਪਰ ਕਿਉਂਕਿ ਤੁਸੀਂ ਇਹ ਕਹਿ ਰਹੇ ਹੋ, ਮੈਂ ਜਾਲ ਸੁੱਟ ਦਿੰਦਾ ਹਾਂ।” 6 ਜਦੋਂ ਉਹਨਾਂ ਨੇ ਇਸ ਤਰ੍ਹਾਂ ਕੀਤਾ ਤਾਂ ਜਾਲ ਵਿੱਚ ਇਨ੍ਹੀ ਵੱਡੀ ਗਿਣਤੀ ਵਿੱਚ ਮੱਛੀਆਂ ਫੜਿਆ ਕਿ ਜਾਲ ਫਟਣੇ ਸ਼ੁਰੂ ਹੋ ਗਏ। 7 ਫਿਰ ਉਹਨਾਂ ਨੇ ਆਪਣੇ ਸਾਥਿਆਂ ਨੂੰ ਜੋ ਕਿ ਦੂਜੀ ਕਿਸ਼ਤੀ ਵਿੱਚ ਸਨ ਇਸ਼ਾਰੇ ਨਾਲ ਸਹਾਇਤਾ ਵਾਸਤੇ ਬੁਲਾਇਆ। ਉਹ ਆਏ ਅਤੇ ਦੋਵੇਂ ਕਿਸ਼ਤੀਆਂ ਮੱਛੀਆਂ ਨਾਲ ਭਰ ਗਇਆਂ ਸਨ ਕਿ ਭਾਰ ਦੇ ਕਾਰਨ ਕਿਸ਼ਤੀਆਂ ਡੁੱਬਣ ਲੱਗੀਆਂ। 8 ਸ਼ਿਮਓਨ ਪਤਰਸ ਇਹ ਵੇਖ ਕੇ ਯਿਸ਼ੂ ਦੇ ਪੈਰਾਂ ਤੇ ਡਿੱਗ ਪਿਆ ਅਤੇ ਕਹਿਣ ਲਗਾ, “ਮੇਰੇ ਤੋਂ ਦੂਰ ਰਹੋ, ਹੇ ਪ੍ਰਭੂ, ਮੈਂ ਇੱਕ ਪਾਪੀ ਮਨੁੱਖ ਹਾਂ।” 9 ਕਿਉਂਕਿ ਸ਼ਿਮਓਨ ਅਤੇ ਉਸਦੇ ਸਾਥੀ ਫੜੀਆਂ ਗਈਆਂ ਮੱਛੀਆਂ ਨੂੰ ਵੇਖ ਕੇ ਬਹੁਤ ਹੈਰਾਨ ਸਨ। 10 ਸ਼ਿਮਓਨ ਦੇ ਦੂਜੇ ਸਾਥੀ, ਯਾਕੋਬ ਅਤੇ ਯੋਹਨ, ਜ਼ਬਦੀ ਦੇ ਦੋਵੇਂ ਪੁੱਤਰ ਵੀ ਇਹ ਦੇਖ ਕੇ ਹੈਰਾਨ ਰਹਿ ਗਏ। ਤਦ ਯਿਸ਼ੂ ਨੇ ਸ਼ਿਮਓਨ ਨੂੰ ਕਿਹਾ, “ਨਾ ਡਰ; ਹੁਣ ਤੋਂ ਤੂੰ ਮੱਛੀਆਂ ਨਹੀਂ ਪਰ ਮਨੁੱਖਾਂ ਦਾ ਮਛੇਰਾ ਹੋਵੇਗਾ।” 11 ਫਿਰ ਉਹ ਆਪਣੀਆਂ ਕਿਸ਼ਤੀਆਂ ਕੰਢੇ ਤੇ ਲੈ ਆਏ ਅਤੇ ਸਭ ਕੁਝ ਛੱਡ ਕੇ ਅਤੇ ਉਹ ਦੇ ਪਿੱਛੇ ਤੁਰ ਪਏ। ਯਿਸ਼ੂ ਇੱਕ ਕੋੜ੍ਹੀ ਆਦਮੀ ਨੂੰ ਚੰਗਾ ਕਰਦੇ ਹਨ 12 ਜਦੋਂ ਯਿਸ਼ੂ ਕਿਸੇ ਨਗਰ ਵਿੱਚ ਸਨ, ਤਾਂ ਉੱਥੇ ਇੱਕ ਆਦਮੀ ਆਇਆ ਜਿਸ ਦੇ ਸਾਰੇ ਸਰੀਰ ਵਿੱਚ ਕੋੜ੍ਹ ਦਾ ਰੋਗ ਸੀ। ਜਦੋਂ ਉਸ ਨੇ ਯਿਸ਼ੂ ਨੂੰ ਵੇਖਿਆ ਤਾਂ ਧਰਤੀ ਤੇ ਡਿੱਗ ਕੇ ਉਸ ਦੇ ਅੱਗੇ ਬੇਨਤੀ ਕੀਤੀ ਕੀ, “ਹੇ ਪ੍ਰਭੂ! ਜੇ ਤੁਸੀਂ ਚਾਹੋ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ।” 13 ਯਿਸ਼ੂ ਨੇ ਆਪਣਾ ਹੱਥ ਵਧਾ ਕੇ ਉਸ ਨੂੰ ਛੋਹਿਆ ਅਤੇ ਕਿਹਾ, “ਮੈਂ ਚਾਹੁੰਦਾ ਹਾਂ, ਸ਼ੁੱਧ ਹੋ ਜਾ!” ਅਤੇ ਉਸੇ ਵੇਲੇ ਉਹ ਕੋੜ੍ਹ ਦੇ ਰੋਗ ਤੋਂ ਚੰਗਾ ਹੋ ਗਇਆ। 14 ਯਿਸ਼ੂ ਨੇ ਉਸ ਨੂੰ ਆਗਿਆ ਦਿੱਤੀ, “ਇਸ ਬਾਰੇ ਵਿੱਚ ਕਿਸੇ ਨੂੰ ਕੁਝ ਨਾ ਦੱਸੀਂ ਪਰ ਜਾ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਮੋਸ਼ੇਹ ਦੀ ਆਗਿਆ ਅਨੁਸਾਰ ਆਪਣੀ ਸ਼ੁੱਧੀ ਲਈ ਭੇਂਟ ਚੜ੍ਹਾ ਕੀ ਤੇਰਾ ਕੋੜ੍ਹ ਤੋਂ ਛੁਟਕਾਰਾ ਉਹਨਾਂ ਸਾਹਮਣੇ ਗਵਾਹੀ ਠਹਿਰੇ।” 15 ਫੇਰ ਵੀ ਯਿਸ਼ੂ ਬਾਰੇ ਖ਼ਬਰਾਂ ਹੋਰ ਵੀ ਫੈਲਦੀਆਂ ਗਈਆਂ। ਲੋਕ ਭਾਰੀ ਗਿਣਤੀ ਵਿੱਚ ਉਹਨਾਂ ਦੀਆਂ ਗੱਲਾਂ ਸੁਣਨ ਅਤੇ ਬੀਮਾਰੀਆਂ ਤੋਂ ਚੰਗਾ ਹੋਣ ਦੀ ਇੱਛਾ ਨਾਲ ਉਹਨਾਂ ਕੋਲ ਆਉਣ ਲੱਗੇ। 16 ਪਰ ਯਿਸ਼ੂ ਅਕਸਰ ਭੀੜ ਤੋਂ ਅਲੱਗ, ਗੁੱਪਤ ਰੂਪ ਵਿੱਚ, ਇਕੱਲੇ ਜਾ ਕੇ ਪ੍ਰਾਰਥਨਾ ਕਰਦੇ ਸੀ। ਯਿਸ਼ੂ ਅਧਰੰਗੀ ਆਦਮੀ ਨੂੰ ਮਾਫ਼ ਅਤੇ ਚੰਗਾ ਕਰਦੇ ਹਨ 17 ਇੱਕ ਦਿਨ, ਜਦੋਂ ਯਿਸ਼ੂ ਸਿੱਖਿਆ ਦੇ ਰਹੇ ਸਨ, ਅਤੇ ਫ਼ਰੀਸੀ ਅਤੇ ਸ਼ਾਸਤਰੀ ਉੱਥੇ ਬੈਠੇ ਸਨ, ਜੋ ਕੀ ਗਲੀਲ ਅਤੇ ਯਹੂਦਿਯਾ ਪ੍ਰਦੇਸ਼ਾ ਅਤੇ ਯੇਰੂਸ਼ਲੇਮ ਦੇ ਨਗਰਾਂ ਤੋਂ ਆਏ ਸਨ। ਪਰਮੇਸ਼ਵਰ ਦੀ ਬੀਮਾਰਾ ਨੂੰ ਚੰਗਾ ਕਰਨ ਦੀ ਸਮਰੱਥ ਯਿਸ਼ੂ ਦੇ ਨਾਲ ਸੀ। 18 ਕੁਝ ਵਿਅਕਤੀ ਇੱਕ ਅਧਰੰਗੀ ਨੂੰ ਬਿਛੌਨੇ ਉੱਤੇ ਪਾ ਕੇ ਉੱਥੇ ਲਿਆਏ। ਇਹ ਲੋਕ ਰੋਗੀ ਨੂੰ ਯਿਸ਼ੂ ਦੇ ਸਾਹਮਣੇ ਲਿਜਾਣ ਦੀ ਕੋਸ਼ਿਸ਼ ਕਰ ਰਹੇ ਸਨ। 19 ਜਦੋਂ ਉਹ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਕੇ ਜਾ ਨਾ ਸਕੇ, ਤਾਂ ਉਹ ਛੱਤ ਉੱਤੇ ਚੜ੍ਹ ਗਏ ਅਤੇ ਉਹਨਾਂ ਨੇ ਉਸ ਰੋਗੀ ਨੂੰ ਵਿਛੋਣੇ ਸਮੇਤ ਛੱਤ ਦੇ ਵਿੱਚੋਂ ਦੀ ਭੀੜ ਦੇ ਅੱਗੇ ਯਿਸ਼ੂ ਦੇ ਸਾਹਮਣੇ ਉਤਾਰ ਦਿੱਤਾ। 20 ਉਹਨਾਂ ਦਾ ਵਿਸ਼ਵਾਸ ਦੇਖ ਕੇ ਯਿਸ਼ੂ ਨੇ ਕਿਹਾ, “ਮਿੱਤਰ! ਤੇਰੇ ਪਾਪ ਮਾਫ਼ ਹੋ ਚੁੱਕੇ ਹਨ।” 21 ਫ਼ਰੀਸੀ ਅਤੇ ਸ਼ਾਸਤਰੀ ਆਪਣੇ ਮਨ ਵਿੱਚ ਵਿਚਾਰ ਕਰਨ ਲੱਗੇ, “ਇਹ ਵਿਅਕਤੀ ਕੌਣ ਹੈ, ਜੋ ਪਰਮੇਸ਼ਵਰ ਦੀ ਨਿੰਦਿਆ ਕਰ ਰਿਹਾ ਹੈ? ਕੀ ਪਰਮੇਸ਼ਵਰ ਤੋਂ ਬਿਨ੍ਹਾਂ ਕੋਈ ਹੋਰ ਪਾਪ ਮਾਫ਼ ਕਰ ਸਕਦਾ ਹੈ?” 22 ਯਿਸ਼ੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਪੁੱਛਿਆ, “ਤੁਸੀਂ ਆਪਣੇ ਮਨਾਂ ਵਿੱਚ ਇਸ ਪ੍ਰਕਾਰ ਕਿਉਂ ਸੋਚ-ਵਿਚਾਰ ਕਰ ਰਹੇ ਹੋ? 23 ਕੀ ਇਹ ਗੱਲ ਕਹਿਣਾ ਸੌਖਾ ਹੈ ਕਿ, ‘ਜੋ ਤੇਰੇ ਪਾਪ ਮਾਫ਼ ਹੋਏ,’ ਜਾਂ ਇਹ ਆਖਣਾ, ‘ਉੱਠ ਅਤੇ ਤੁਰ’? 24 ਪਰ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਦਿੱਤਾ ਗਿਆ ਹੈ।” ਫਿਰ ਯਿਸ਼ੂ ਨੇ ਅਧਰੰਗੀ ਨੂੰ ਕਿਹਾ, “ਮੈਂ ਤੈਨੂੰ ਕਹਿੰਦਾ ਹਾਂ, ਉੱਠ, ਆਪਣੀ ਵਿਛੋਣਾ ਅਤੇ ਆਪਣੇ ਘਰ ਚਲਾ ਜਾ।” 25 ਉਸੇ ਵੇਲੇ ਉਹ ਰੋਗੀ ਉਹਨਾਂ ਦੇ ਸਾਹਮਣੇ ਖੜ੍ਹਾ ਹੋ ਗਿਆ, ਆਪਣਾ ਬਿਛੋਣਾ ਚੁੱਕਿਆ, ਜਿਸ ਉੱਤੇ ਉਹ ਲੇਟਿਆ ਹੋਇਆ ਸੀ ਅਤੇ ਪਰਮੇਸ਼ਵਰ ਦਾ ਧੰਨਵਾਦ ਕਰਦਿਆਂ ਘਰ ਚਲਾ ਗਿਆ। 26 ਇਹ ਵੇਖ ਕੇ ਸਭ ਹੈਰਾਨ ਰਹਿ ਗਏ ਅਤੇ ਪਰਮੇਸ਼ਵਰ ਦਾ ਸ਼ੁਕਰਾਨਾ ਕਰਨ ਲੱਗ ਪਏ। ਉਹ ਸ਼ਰਧਾ ਨਾਲ ਭਰ ਕੇ ਇਹ ਕਹਿਣ ਲੱਗੇ, “ਅਸੀਂ ਅੱਜ ਅਨੋਖੇ ਕੰਮ ਹੁੰਦੇ ਵੇਖੇ ਹਨ।” ਲੇਵੀ ਦਾ ਬੁਲਾਇਆ ਜਾਣਾ 27 ਜਦੋਂ ਉਹ ਉੱਥੋਂ ਜਾ ਰਹੇ ਸਨ, ਤਾਂ ਉਹਨਾਂ ਦੀ ਨਜ਼ਰ ਲੇਵੀ ਨਾਮ ਦੇ ਇੱਕ ਚੁੰਗੀ ਲੈਣ ਵਾਲੇ ਉੱਤੇ ਪਈ। ਉਹ ਆਪਣੀ ਚੌਕੀ ਤੇ ਬੈਠਾ ਸੀ। ਯਿਸ਼ੂ ਨੇ ਉਸ ਨੂੰ ਆਦੇਸ਼ ਦਿੱਤਾ, “ਆਓ! ਮੇਰੇ ਪਿੱਛੇ ਹੋ ਲੈ!” 28 ਲੇਵੀ ਉੱਠਿਆ ਅਤੇ ਆਪਣਾ ਸੱਭ ਕੁਝ ਉੱਥੇ ਹੀ ਛੱਡ ਕੇ ਯਿਸ਼ੂ ਦੇ ਮਗਰ ਹੋ ਤੁਰਿਆ। 29 ਯਿਸ਼ੂ ਦੇ ਸਨਮਾਨ ਵਿੱਚ ਲੇਵੀ ਨੇ ਆਪਣੇ ਘਰ ਇੱਕ ਵੱਡੀ ਦਾਅਵਤ ਰੱਖੀ। ਵੱਡੀ ਗਿਣਤੀ ਵਿੱਚ ਚੁੰਗੀ ਲੈਣ ਵਾਲਿਆਂ ਤੋਂ ਇਲਾਵਾ ਬਹੁਤ ਸਾਰੇ ਹੋਰ ਲੋਕ ਵੀ ਉੱਥੇ ਇਕੱਠੇ ਹੋਏ ਸਨ। 30 ਪਰ ਇਹ ਵੇਖ ਕੇ, ਫ਼ਰੀਸੀਆਂ ਅਤੇ ਉਸ ਸਮੂਹ ਦੇ ਬਿਵਸਥਾ ਦੇ ਉਪਦੇਸ਼ਕਾਂ ਨੇ ਯਿਸ਼ੂ ਦੇ ਚੇਲਿਆਂ ਨੂੰ ਸ਼ਿਕਾਇਤ ਕਰਨ ਲੱਗੇ, “ਕਿ ਤੁਸੀਂ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਕਿਉਂ ਖਾਂਦੇ ਅਤੇ ਪੀਂਦੇ ਹੋ?” 31 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਤੰਦਰੁਸਤਾਂ ਨੂੰ ਨਹੀਂ ਪਰ ਰੋਗੀਆਂ ਨੂੰ ਵੈਦ ਦੀ ਜ਼ਰੂਰਤ ਹੁੰਦੀ ਹੈ; 32 ਮੈਂ ਧਰਤੀ ਉੱਤੇ ਧਰਮੀ ਲੋਕਾਂ ਨੂੰ ਨਹੀਂ, ਪਰ ਪਾਪੀਆਂ ਨੂੰ ਤੋਬਾ ਕਰਨ ਲਈ ਬੁਲਾਉਣ ਆਇਆ ਹਾਂ।” ਵਰਤ ਬਾਰੇ ਵਿਚਾਰ-ਵਟਾਂਦਰਾ 33 ਫ਼ਰੀਸੀਆਂ ਅਤੇ ਸ਼ਾਸਤਰੀਆਂ ਨੇ ਯਿਸ਼ੂ ਨੂੰ ਕਿਹਾ, “ਯੋਹਨ ਦੇ ਚੇਲੇ ਅਕਸਰ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ। ਫ਼ਰੀਸੀਆਂ ਦੇ ਚੇਲੇ ਵੀ ਇਸੇ ਤਰ੍ਹਾਂ ਕਰਦੇ ਹਨ, ਪਰ ਤੁਹਾਡੇ ਚੇਲੇ ਖਾਂਦੇ-ਪੀਂਦੇ ਰਹਿੰਦੇ ਹਨ।” 34 ਯਿਸ਼ੂ ਨੇ ਉਹਨਾਂ ਨੂੰ ਉੱਤਰ ਦਿੱਤਾ, “ਕੀ ਬਰਾਤੀਆਂ ਨੂੰ ਲਾੜੇ ਦੀ ਮੌਜੂਦਗੀ ਵਿੱਚ ਵਰਤ ਰੱਖਣ ਦੀ ਲੋੜ ਹੈ? 35 ਪਰ ਉਹ ਸਮਾਂ ਆਵੇਗਾ ਜਦੋਂ ਲਾੜੇ ਨੂੰ ਉਹਨਾਂ ਤੋਂ ਵੱਖਰਾ ਕੀਤਾ ਜਾਵੇਗਾ, ਉਨ੍ਹੀਂ ਦਿਨੀਂ ਉਹ ਵਰਤ ਰੱਖਣਗੇ।” 36 ਯਿਸ਼ੂ ਨੇ ਉਹਨਾਂ ਨੂੰ ਇਹ ਦ੍ਰਿਸ਼ਟਾਂਤ ਦੱਸਿਆ, “ਪੁਰਾਣੇ ਕੱਪੜੇ ਉੱਤੇ ਨਵੇਂ ਕੱਪੜੇ ਦੀ ਟਾਕੀ ਨਹੀਂ ਲਾਈ ਜਾਂਦੀ। ਜੇ ਕੋਈ ਅਜਿਹਾ ਕਰਦਾ ਹੈ, ਤਾਂ ਕੱਪੜਾ ਤਾਂ ਖਰਾਬ ਹੁੰਦਾ ਹੀ ਹੈ, ਅਤੇ ਨਾਲ ਹੀ ਪੁਰਾਣੇ ਕੱਪੜੇ ਤੇ ਲੱਗੀ ਨਵੇਂ ਕੱਪੜੇ ਦੀ ਟਾਕੀ ਸੋਹਣੀ ਭੀ ਨਹੀਂ ਲੱਗਦੀ। 37 ਉਸੇ ਤਰ੍ਹਾਂ ਨਵੇਂ ਦਾਖਰਸ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਨਹੀਂ ਰੱਖਿਆ ਜਾਂਦਾ। ਜੇ ਕੋਈ ਅਜਿਹਾ ਕਰੇ ਤਾਂ ਨਵਾਂ ਦਾਖਰਸ ਮਸ਼ਕਾਂ ਨੂੰ ਪਾੜ ਕੇ ਵਗ ਜਾਵੇਗਾ ਅਤੇ ਮਸ਼ਕਾਂ ਵੀ ਨਾਸ਼ ਹੋ ਜਾਣਗੀਆਂ। 38 ਪਰ ਨਵੀਂ ਦਾਖਰਸ ਨਵੀਂ ਮਸ਼ਕਾਂ ਵਿੱਚ ਹੀ ਰੱਖੀ ਜਾਂਦੀ ਹੈ। 39 ਪੁਰਾਣੇ ਦਾਖਰਸ ਨੂੰ ਪੀਣ ਤੋਂ ਬਾਅਦ ਕੋਈ ਵੀ ਨਵਾਂ ਦਾਖਰਸ ਨਹੀਂ ਪੀਣਾ ਚਾਹੁੰਦਾ ਕਿਉਂਕਿ ਉਹ ਕਹਿੰਦੇ ਹਨ, ‘ਪੁਰਾਣਾ ਦਾਖਰਸ ਹੀ ਸੱਭ ਤੋਂ ਵਧੀਆ ਹੈ।’ ” |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.