Aanlyn Bybel

- Advertensies -

ਯਾਕੂਬ 1 - ਪੰਜਾਬੀ ਮੌਜੂਦਾ ਤਰਜਮਾ

1 ਯਾਕੋਬ, ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੇ ਸੇਵਕ ਵੱਲੋਂ, ਉਨ੍ਹਾਂ ਬਾਰਾਂ ਗੋਤਾਂ ਨੂੰ ਜਿਹੜੇ ਕੌਮਾਂ ਵਿੱਚ ਖਿੰਡੇ ਹੋਏ ਹਨ: ਨਮਸਕਾਰ।


ਅਜ਼ਮਾਇਸ਼ਾਂ ਅਤੇ ਪਰਤਾਵੇ

2 ਹੇ ਮੇਰੇ ਭਰਾਵੋ ਅਤੇ ਭੈਣੋ, ਇਸ ਨੂੰ ਸ਼ੁੱਧ ਖੁਸ਼ੀ ਸਮਝੋ, ਜਦੋਂ ਵੀ ਤੁਹਾਨੂੰ ਬਹੁਤ ਸਾਰੀਆਂ ਕਿਸਮਾਂ ਦੀਆਂ ਅਜ਼ਮਾਇਸ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ,

3 ਕਿਉਂਕਿ ਤੁਸੀਂ ਜਾਣਦੇ ਹੋ ਕਿ ਤੁਹਾਡੇ ਵਿਸ਼ਵਾਸ ਦੀ ਪਰਖ ਧੀਰਜ ਨੂੰ ਪੈਦਾ ਕਰਦੀ ਹੈ।

4 ਧੀਰਜ ਨੂੰ ਆਪਣਾ ਕੰਮ ਪੂਰਾ ਕਰਨ ਦਿਓ ਤਾਂ ਜੋ ਤੁਸੀਂ ਪਰਿਪੱਕ ਅਤੇ ਸੰਪੂਰਨ ਬਣ ਸਕੋ, ਤੁਹਾਨੂੰ ਕਿਸੇ ਵੀ ਗੱਲ ਦੀ ਘਾਟ ਨਾ ਹੋਵੇ।

5 ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦੀ ਘਾਟ ਹੈ, ਤਾਂ ਤੁਹਾਨੂੰ ਪਰਮੇਸ਼ਵਰ ਤੋਂ ਮੰਗਣਾ ਚਾਹੀਦਾ ਹੈ, ਜੋ ਬਿਨਾਂ ਕਿਸੇ ਉਲਾਂਭੇ ਦੇ ਸਭ ਨੂੰ ਖੁੱਲ੍ਹੇ ਦਿਲ ਨਾਲ ਦਿੰਦਾ ਹੈ, ਅਤੇ ਇਹ ਤੁਹਾਨੂੰ ਦਿੱਤਾ ਜਾਵੇਗਾ।

6 ਪਰ ਜਦੋਂ ਤੁਸੀਂ ਮੰਗਦੇ ਹੋ, ਤੁਹਾਨੂੰ ਵਿਸ਼ਵਾਸ ਨਾਲ ਮੰਗਣਾ ਚਾਹੀਦਾ ਹੈ ਅਤੇ ਸ਼ੱਕ ਨਹੀਂ ਕਰਨਾ ਚਾਹੀਦਾ, ਕਿਉਂਕਿ ਜੋ ਸ਼ੱਕ ਕਰਦਾ ਹੈ ਉਹ ਸਮੁੰਦਰ ਦੀ ਲਹਿਰ ਵਰਗਾ ਹੁੰਦਾ ਹੈ, ਜਿਹੜੀ ਹਵਾ ਦੇ ਨਾਲ ਉੱਡਦੀ ਅਤੇ ਉੱਛਲਦੀ ਹੈ।

7 ਉਸ ਵਿਅਕਤੀ ਨੂੰ ਪ੍ਰਭੂ ਤੋਂ ਕੁਝ ਪ੍ਰਾਪਤ ਕਰਨ ਦੀ ਉਮੀਦ ਨਹੀਂ ਕਰਨੀ ਚਾਹੀਦੀ।

8 ਅਜਿਹਾ ਵਿਅਕਤੀ ਉਸ ਦੇ ਹਰ ਕੰਮ ਵਿੱਚ ਦੋਗਲਾ ਅਤੇ ਅਸਥਿਰ ਹੁੰਦਾ ਹੈ।

9 ਗਰੀਬੀ ਦੇ ਮਾੜੇ ਹਾਲਾਤਾਂ ਵਿੱਚ ਮਸੀਹੀ ਵਿਸ਼ਵਾਸੀਆਂ ਨੂੰ ਆਪਣੇ ਉੱਚੇ ਅਹੁਦੇ ਤੇ ਮਾਣ ਕਰਨਾ ਚਾਹੀਦਾ ਹੈ।

10 ਪਰ ਅਮੀਰਾਂ ਨੂੰ ਆਪਣੀ ਬੇਇੱਜ਼ਤੀ ਤੇ ਮਾਣ ਕਰਨਾ ਚਾਹੀਦਾ ਹੈ ਕਿਉਂਕਿ ਉਹ ਇੱਕ ਜੰਗਲੀ ਫੁੱਲ ਵਾਂਗ ਮਰ ਜਾਣਗੇ।

11 ਕਿਉਂਕਿ ਸੂਰਜ ਚੜ੍ਹਦਿਆਂ ਹੀ ਤੇਜ ਧੁੱਪ ਪੈਂਦੀ ਹੈ ਅਤੇ ਫੁੱਲ ਨੂੰ ਮੁਰਝਾ ਦਿੰਦੀ ਹੈ; ਉਸ ਦਾ ਖਿੜਣਾ ਬੰਦ ਹੋ ਜਾਂਦਾ ਹੈ ਅਤੇ ਉਸਦੀ ਸੁੰਦਰਤਾ ਨਸ਼ਟ ਹੋ ਜਾਂਦੀ ਹੈ। ਜਿਵੇਂ ਕਿ ਅਮੀਰ ਵੀ ਆਪਣੇ ਰੋਜ਼ਾਨਾ ਦੇ ਕੰਮ ਕਰਦੇ ਹੋਏ ਕੁਮਲਾ ਜਾਣਗੇ।

12 ਮੁਬਾਰਕ ਉਹ ਹੈ ਜੋ ਅਜ਼ਮਾਇਸ਼ਾਂ ਦੇ ਦੌਰਾਨ ਸਬਰ ਕਰਦਾ ਹੈ ਕਿਉਂਕਿ, ਪਰੀਖਿਆ ਵਿੱਚ ਖੜ੍ਹੇ ਹੋਣ ਤੇ, ਉਹ ਵਿਅਕਤੀ ਜੀਵਨ ਦਾ ਤਾਜ ਪ੍ਰਾਪਤ ਕਰੇਗਾ ਜਿਸਦਾ ਪ੍ਰਭੂ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਹੈ ਜੋ ਉਸਨੂੰ ਪਿਆਰ ਕਰਦੇ ਹਨ।

13 ਜਦੋਂ ਕੋਈ ਪਰਤਾਇਆ ਜਾਂਦਾ ਹੈ, ਤਾਂ ਉਹ ਨੂੰ ਇਹ ਨਹੀਂ ਕਹਿਣਾ ਚਾਹੀਦਾ, “ਪਰਮੇਸ਼ਵਰ ਮੈਨੂੰ ਪਰਤਾ ਰਿਹਾ ਹੈ।” ਕਿਉਂਕਿ ਪਰਮੇਸ਼ਵਰ ਬੁਰਾਈ ਨਾਲ ਪਰਤਾਇਆ ਨਹੀਂ ਜਾਂਦਾ, ਨਾ ਹੀ ਉਹ ਕਿਸੇ ਨੂੰ ਪਰਤਾਉਂਦਾ ਹੈ;

14 ਪਰ ਹਰੇਕ ਵਿਅਕਤੀ ਪਰਤਾਇਆ ਜਾਂਦਾ ਹੈ ਜਦਕਿ ਉਹ ਆਪਣੀਆਂ ਹੀ ਬੁਰੀਆਂ ਇੱਛਾਵਾਂ ਦੁਆਰਾ ਖਿੱਚੇ ਅਤੇ ਭਰਮਾਏ ਜਾਂਦੇ ਹਨ।

15 ਫਿਰ, ਇੱਛਾ ਦੇ ਗਰਭ ਧਾਰਨ ਤੋਂ ਬਾਅਦ, ਇਹ ਪਾਪ ਨੂੰ ਜਨਮ ਦਿੰਦੀ ਹੈ; ਅਤੇ ਪਾਪ ਜਦੋਂ ਵੱਧ ਜਾਂਦਾ ਹੈ, ਉਹ ਮੌਤ ਨੂੰ ਜਨਮ ਦਿੰਦਾ ਹੈ।

16 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਧੋਖਾ ਨਾ ਖਾਓ।

17 ਹਰ ਇੱਕ ਚੰਗਾ ਅਤੇ ਸੰਪੂਰਨ ਤੋਹਫ਼ਾ ਉੱਪਰ ਤੋਂ ਹੈ, ਸਵਰਗੀ ਰੌਸ਼ਨੀ ਦੇ ਪਿਤਾ ਵੱਲੋਂ ਮਿਲਦਾ ਹੈ, ਜੋ ਪਰਛਾਵੇਂ ਬਦਲਣ ਵਾਂਗ ਨਹੀਂ ਬਦਲਦਾ।

18 ਪਰਮੇਸ਼ਵਰ ਨੇ ਸਾਨੂੰ ਸੱਚ ਦੇ ਬਚਨ ਦੁਆਰਾ ਜਨਮ ਦੇਣ ਦੀ ਚੋਣ ਕੀਤੀ, ਤਾਂ ਜੋ ਅਸੀਂ ਉਸ ਦੁਆਰਾ ਬਣਾਏ ਗਏ ਸਭ ਤੋਂ ਪਹਿਲੇ ਫਲ ਦੇ ਰੂਪ ਵਿੱਚ ਹੋ ਸਕੀਏ।


ਸੁਣਨਾ ਅਤੇ ਕਰਨਾ

19 ਹੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ, ਇਸ ਗੱਲ ਦਾ ਧਿਆਨ ਰੱਖੋ: ਹਰ ਕਿਸੇ ਨੂੰ ਸੁਣਨ ਵਿੱਚ ਤੇਜ਼, ਬੋਲਣ ਵਿੱਚ ਹੌਲੀ ਅਤੇ ਗੁੱਸਾ ਕਰਨ ਵਿੱਚ ਧੀਮਾ ਹੋਣਾ ਚਾਹੀਦਾ ਹੈ,

20 ਕਿਉਂਕਿ ਮਨੁੱਖੀ ਗੁੱਸਾ ਪਰਮੇਸ਼ਵਰ ਦੀ ਧਾਰਮਿਕਤਾ ਪੈਦਾ ਨਹੀਂ ਕਰਦਾ ਜਿਸਨੂੰ ਉਹ ਚਾਹੁੰਦਾ ਹੈ।

21 ਇਸ ਲਈ, ਸਾਰੀ ਗੰਦਗੀ ਅਤੇ ਵਧ ਰਹੇ ਵੈਰ-ਵਿਰੋਧ ਨੂੰ ਦੂਰ ਕਰਕੇ, ਨਿਮਰਤਾ ਨਾਲ ਉਸ ਬਚਨ ਨੂੰ ਸਵੀਕਾਰ ਕਰੋ ਜੋ ਤੁਹਾਡੇ ਦਿਲ ਵਿੱਚ ਬੀਜਿਆ ਗਿਆ ਹੈ ਅਤੇ ਜੋ ਤੁਹਾਡੀ ਜ਼ਿੰਦਗੀ ਨੂੰ ਬਚਾ ਸਕਦਾ ਹੈ।

22 ਸਿਰਫ ਬਚਨ ਨੂੰ ਨਾ ਸੁਣੋ, ਅਤੇ ਆਪਣੇ ਆਪ ਨੂੰ ਧੋਖਾ ਨਾ ਦਿਓ। ਉਹੀ ਕਰੋ ਜੋ ਬਚਨ ਕਹਿੰਦਾ ਹੈ।

23 ਕੋਈ ਵੀ ਜੋ ਬਚਨ ਨੂੰ ਸੁਣਦਾ ਹੈ ਪਰ ਜੋ ਬਚਨ ਕਹਿੰਦਾ ਹੈ ਉਹ ਨਹੀਂ ਕਰਦਾ ਉਹ ਉਸ ਵਿਅਕਤੀ ਵਰਗਾ ਹੈ ਜੋ ਉਸਦੇ ਚਿਹਰੇ ਨੂੰ ਸ਼ੀਸ਼ੇ ਵਿੱਚ ਵੇਖਦਾ ਹੈ।

24 ਅਤੇ, ਆਪਣੇ ਆਪ ਨੂੰ ਵੇਖਣ ਤੋਂ ਬਾਅਦ, ਚਲਾ ਜਾਂਦਾ ਹੈ ਅਤੇ ਤੁਰੰਤ ਹੀ ਭੁੱਲ ਜਾਂਦਾ ਹੈ ਕਿ ਉਹ ਕਿਹੋ ਜਿਹਾ ਹੈ।

25 ਪਰ ਜਿਹੜਾ ਵੀ ਵਿਅਕਤੀ ਸੰਪੂਰਨ ਨਿਯਮ ਨੂੰ ਧਿਆਨ ਨਾਲ ਵੇਖਦਾ ਹੈ ਜੋ ਅਜ਼ਾਦੀ ਦਿੰਦਾ ਹੈ, ਅਤੇ ਇਸ ਨੂੰ ਜਾਰੀ ਰੱਖਦਾ ਹੈ। ਜੋ ਉਨ੍ਹਾਂ ਨੇ ਸੁਣਿਆ ਹੈ ਉਸਨੂੰ ਨਾ ਭੁੱਲੋ, ਬਲਕਿ ਇਸ ਨੂੰ ਕਰਦੇ ਹੋਏ। ਉਹ ਜੋ ਕਰਦੇ ਹਨ ਉਸ ਵਿੱਚ ਉਨ੍ਹਾਂ ਨੂੰ ਅਸੀਸ ਮਿਲੇਗੀ।

26 ਜੋ ਆਪਣੇ ਆਪ ਨੂੰ ਧਾਰਮਿਕ ਸਮਝਦੇ ਹਨ ਅਤੇ ਫਿਰ ਵੀ ਆਪਣੀ ਜੀਭਾਂ ਤੇ ਲਗਾਮ ਨਹੀਂ ਲਗਾਉਂਦੇ ਉਹ ਆਪਣੇ ਆਪ ਨੂੰ ਧੋਖਾ ਦਿੰਦੇ ਹਨ, ਅਤੇ ਉਨ੍ਹਾਂ ਦਾ ਧਰਮ ਵਿਅਰਥ ਹੈ।

27 ਉਹ ਧਰਮ ਜਿਸਨੂੰ ਸਾਡਾ ਪਿਤਾ ਪਰਮੇਸ਼ਵਰ ਸ਼ੁੱਧ ਅਤੇ ਨਿਰਦੋਸ਼ ਮੰਨਦਾ ਹੈ ਉਹ ਇਹ ਹੈ: ਅਨਾਥਾਂ ਅਤੇ ਵਿਧਵਾਵਾਂ ਦੀ ਉਨ੍ਹਾਂ ਦੀ ਮੁਸੀਬਤ ਵਿੱਚ ਦੇਖਭਾਲ ਕਰਨਾ ਅਤੇ ਆਪਣੇ ਆਪ ਨੂੰ ਸੰਸਾਰ ਦੁਆਰਾ ਬੇਦਾਗ ਹੋਣ ਤੋਂ ਬਚਾਏ ਰੱਖਣਾ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies