ਗਲਾਤਿਯਾ 1 - ਪੰਜਾਬੀ ਮੌਜੂਦਾ ਤਰਜਮਾ1 ਪੌਲੁਸ ਜਿਹੜਾ ਇੱਕ ਰਸੂਲ ਹੈ ਜੋ ਮਨੁੱਖਾਂ ਜਾਂ ਕਿਸੇ ਮਨੁੱਖ ਦੁਆਰਾ ਨਹੀਂ, ਬਲਕਿ ਯਿਸ਼ੂ ਮਸੀਹ ਅਤੇ ਪਰਮੇਸ਼ਵਰ ਪਿਤਾ ਦੁਆਰਾ ਰਸੂਲ ਹਾਂ, ਜਿਸਨੇ ਯਿਸ਼ੂ ਮਸੀਹ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕੀਤਾ। 2 ਅਤੇ ਉਹਨਾਂ ਸਾਰਿਆਂ ਭਰਾਵਾਂ ਵੱਲੋਂ ਜਿਹੜੇ ਮੇਰੇ ਨਾਲ ਹਨ, ਅਤੇ ਗਲਾਤੀਆਂ ਦੀਆਂ ਕਲੀਸਿਆਵਾਂ ਨੂੰ ਪੱਤਰ ਲਿਖਿਆ ਗਿਆ: 3 ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ। 4 ਜਿਸਨੇ ਆਪਣੇ ਆਪ ਸਾਡੇ ਪਾਪਾਂ ਲਈ ਦੇ ਦਿੱਤਾ ਤਾਂ ਕਿ ਉਹ ਸਾਨੂੰ ਪਰਮੇਸ਼ਵਰ ਅਤੇ ਪਿਤਾ ਦੀ ਇੱਛਾ ਅਨੁਸਾਰ ਇਸ ਵਰਤਮਾਨ ਦੇ ਬੁਰੇ ਯੁੱਗ ਤੋਂ ਬਚਾ ਸਕੇ, 5 ਪਰਮੇਸ਼ਵਰ ਦੀ ਸਦਾ ਅਤੇ ਹਮੇਸ਼ਾ ਲਈ ਮਹਿਮਾ ਹੋਵੇ। ਆਮੀਨ। ਕੋਈ ਹੋਰ ਖੁਸ਼ਖ਼ਬਰੀ ਨਹੀਂ 6 ਮੈਂ ਹੈਰਾਨ ਹਾਂ ਕਿ ਤੁਸੀਂ ਉਸ ਨੂੰ ਇੰਨੀ ਜਲਦੀ ਛੱਡ ਰਹੇ ਹੋ ਜਿਸਨੇ ਤੁਹਾਨੂੰ ਮਸੀਹ ਦੀ ਕਿਰਪਾ ਵਿੱਚ ਰਹਿਣ ਲਈ ਬੁਲਾਇਆ ਹੈ ਅਤੇ ਤੁਸੀਂ ਇੱਕ ਹੋਰ ਖੁਸ਼ਖ਼ਬਰੀ ਵੱਲ ਮੁੜ ਰਹੇ ਹੋ 7 ਜਦ ਕਿ ਅਸਲ ਵਿੱਚ ਕੋਈ ਦੂਸਰੀ ਖੁਸ਼ਖ਼ਬਰੀ ਨਹੀਂ ਹੈ। ਬਲਕਿ ਉਹ ਲੋਕ ਤੁਹਾਨੂੰ ਉਲਝਣ ਵਿੱਚ ਪਾ ਰਹੇ ਹਨ ਅਤੇ ਮਸੀਹ ਦੀ ਖੁਸ਼ਖ਼ਬਰੀ ਨੂੰ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। 8 ਪਰ ਜੇ ਅਸੀਂ ਜਾਂ ਸਵਰਗ ਤੋਂ ਕੋਈ ਦੂਤ ਵੀ ਆ ਕੇ ਉਸ ਖੁਸ਼ਖ਼ਬਰੀ ਤੋਂ ਬਿਨ੍ਹਾਂ ਜਿਹੜੀ ਅਸੀਂ ਤੁਹਾਨੂੰ ਸੁਣਾਈ ਸੀ, ਕੋਈ ਹੋਰ ਖੁਸ਼ਖ਼ਬਰੀ ਤੁਹਾਨੂੰ ਸੁਣਾਵੇ ਤਾਂ ਉਹ ਸਰਾਪਤ ਹੋਵੇ! 9 ਜਿਵੇਂ ਕਿ ਅਸੀਂ ਪਹਿਲਾਂ ਹੀ ਕਿਹਾ ਹੈ, ਉਸੇ ਤਰ੍ਹਾਂ ਹੁਣ ਮੈਂ ਦੁਬਾਰਾ ਕਹਿੰਦਾ ਹਾਂ: ਜੇ ਕੋਈ ਉਸ ਖੁਸ਼ਖ਼ਬਰੀ ਜਿਹੜੀ ਤੁਸੀਂ ਕਬੂਲ ਕੀਤੀ, ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਖੁਸ਼ਖ਼ਬਰੀ ਸੁਣਾਵੇ ਤਾਂ ਉਹ ਸਰਾਪਤ ਹੋਵੇ। 10 ਕੀ ਮੈਂ ਹੁਣ ਮਨੁੱਖਾਂ ਨੂੰ ਸਾਬਤ ਕਰਨਾ ਦੀ ਕੋਸ਼ਿਸ਼ ਕਰ ਰਿਹਾ ਹਾਂ, ਜਾਂ ਪਰਮੇਸ਼ਵਰ ਨੂੰ? ਜਾਂ ਕੀ ਮੈਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ? ਜੇ ਮੈਂ ਅਜੇ ਵੀ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੁੰਦਾ, ਤਾਂ ਮੈਂ ਮਸੀਹ ਦਾ ਸੇਵਕ ਨਾ ਹੁੰਦਾ। ਪੌਲੁਸ ਪਰਮੇਸ਼ਵਰ ਦੁਆਰਾ ਬੁਲਾਹਟ। 11 ਹੇ ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਜਿਸ ਖੁਸ਼ਖ਼ਬਰੀ ਦਾ ਪ੍ਰਚਾਰ ਕੀਤਾ ਉਹ ਮਨੁੱਖਾਂ ਦੇ ਵਲੋਂ ਨਹੀਂ ਹੈ। 12 ਮੈਨੂੰ ਉਹ ਕਿਸੇ ਵੀ ਆਦਮੀ ਤੋਂ ਪ੍ਰਾਪਤ ਨਹੀਂ ਹੋਈ, ਨਾ ਹੀ ਮੈਨੂੰ ਇਹ ਸਿਖਾਈ ਗਈ ਸੀ; ਸਗੋਂ ਇਹ ਮੈਨੂੰ ਯਿਸ਼ੂ ਮਸੀਹ ਦੇ ਪ੍ਰਕਾਸ਼ ਦੇ ਰਾਹੀਂ ਪ੍ਰਾਪਤ ਹੋਈ। 13 ਕਿਉਂਕਿ ਤੁਸੀਂ ਯਹੂਦੀ ਧਰਮ ਵਿੱਚ ਮੇਰੀ ਪਿਛਲੀ ਜੀਵਨ ਸ਼ੈਲੀ ਬਾਰੇ ਸੁਣਿਆ ਹੈ, ਮੈਂ ਪਰਮੇਸ਼ਵਰ ਦੀ ਕਲੀਸਿਆ ਨੂੰ ਕਿੰਨਾ ਸਤਾਇਆ ਅਤੇ ਇਸਨੂੰ ਤਬਾਹ ਕਰਨ ਦੀ ਕੋਸ਼ਿਸ਼ ਕੀਤੀ। 14 ਮੈਂ ਯਹੂਦੀ ਧਰਮ ਵਿੱਚ ਆਪਣੀ ਉਮਰ ਦੇ ਬਹੁਤ ਸਾਰੇ ਲੋਕਾਂ ਤੋਂ ਅੱਗੇ ਵਧ ਰਿਹਾ ਸੀ ਅਤੇ ਮੇਰੇ ਪੁਰਖਿਆਂ ਦੀਆਂ ਪਰੰਪਰਾਵਾਂ ਲਈ ਬਹੁਤ ਜੋਸ਼ੀਲਾ ਸੀ। 15 ਪਰ ਜਦੋਂ ਪਰਮੇਸ਼ਵਰ, ਜਿਸਨੇ ਮੈਨੂੰ ਮੇਰੀ ਮਾਂ ਦੀ ਕੁੱਖ ਤੋਂ ਅਲੱਗ ਕੀਤਾ ਅਤੇ ਆਪਣੀ ਕਿਰਪਾ ਨਾਲ ਮੈਨੂੰ ਬੁਲਾਇਆ, ਇਹ ਖੁਸ਼ੀ ਦੀ ਗੱਲ ਹੈ 16 ਕਿ ਆਪਣੇ ਪੁੱਤਰ ਨੂੰ ਮੇਰੇ ਵਿੱਚ ਪ੍ਰਗਟ ਕਰੇ ਤਾਂ ਜੋ ਮੈਂ ਉਸ ਦਾ ਪਰਾਈਆਂ ਕੌਮਾਂ ਵਿੱਚ ਪ੍ਰਚਾਰ ਕਰ ਸਕਾਂ, ਮੇਰਾ ਤੁਰੰਤ ਜਵਾਬ ਕਿਸੇ ਮਨੁੱਖ ਨਾਲ ਸਲਾਹ ਕਰਨਾ ਨਹੀਂ ਸੀ। 17 ਮੈਂ ਉਨ੍ਹਾਂ ਲੋਕਾਂ ਨੂੰ ਦੇਖਣ ਲਈ ਯੇਰੂਸ਼ਲੇਮ ਨਹੀਂ ਗਿਆ ਜੋ ਮੇਰੇ ਤੋਂ ਪਹਿਲਾਂ ਰਸੂਲ ਸਨ, ਪਰ ਮੈਂ ਅਰਬ ਦੇਸ਼ ਗਿਆ। ਅਤੇ ਬਾਅਦ ਵਿੱਚ ਮੈਂ ਦੰਮਿਸ਼ਕ ਸ਼ਹਿਰ ਵਾਪਸ ਆ ਗਿਆ। 18 ਫਿਰ ਤਿੰਨ ਸਾਲਾਂ ਬਾਅਦ, ਮੈਂ ਕੈਫ਼ਾਸ ਨਾਲ ਮੁਲਾਕਾਤ ਕਰਨ ਲਈ ਯੇਰੂਸ਼ਲੇਮ ਗਿਆ ਅਤੇ ਉਸਦੇ ਨਾਲ ਪੰਦਰਾਂ ਦਿਨ ਰਿਹਾ। 19 ਪਰ ਪ੍ਰਭੂ ਦੇ ਭਰਾ ਯਾਕੋਬ ਤੋਂ ਬਿਨ੍ਹਾਂ ਮੈਂ ਰਸੂਲਾਂ ਵਿੱਚੋਂ ਕਿਸੇ ਹੋਰ ਨੂੰ ਨਹੀਂ ਵੇਖਿਆ। 20 ਮੈਂ ਤੁਹਾਨੂੰ ਪਰਮੇਸ਼ਵਰ ਅੱਗੇ ਭਰੋਸਾ ਦਿਵਾਉਂਦਾ ਹਾਂ ਕਿ ਜੋ ਮੈਂ ਤੁਹਾਨੂੰ ਇਸ ਪੱਤਰੀ ਵਿੱਚ ਲਿਖ ਰਿਹਾ ਹਾਂ ਉਹ ਝੂਠ ਨਹੀਂ ਹੈ। 21 ਫਿਰ ਮੈਂ ਸੀਰੀਆ ਪ੍ਰਾਂਤ ਅਤੇ ਕਿਲਕਿਆ ਵਿੱਚ ਗਿਆ। 22 ਅਤੇ ਮੈਂ ਨਿੱਜੀ ਤੌਰ ਤੇ ਯਹੂਦਿਯਾ ਪ੍ਰਾਂਤ ਦੀਆਂ ਕਲੀਸਿਆ ਵਿੱਚ ਅਣਜਾਣ ਸੀ ਜੋ ਮਸੀਹ ਵਿੱਚ ਸਨ। 23 ਉਨ੍ਹਾਂ ਨੇ ਸਿਰਫ ਖ਼ਬਰ ਸੁਣੀ ਸੀ: “ਕਿ ਉਹ ਆਦਮੀ ਜਿਸਨੇ ਪਹਿਲਾਂ ਸਾਨੂੰ ਸਤਾਇਆ ਸੀ ਉਹ ਹੁਣ ਉਸ ਵਿਸ਼ਵਾਸ ਦੀ ਖੁਸ਼ਖ਼ਬਰੀ ਸੁਣਾਉਂਦਾ ਹੈ ਜਿਸਨੂੰ ਉਸਨੇ ਇੱਕ ਵਾਰ ਨਸ਼ਟ ਕਰਨ ਦੀ ਕੋਸ਼ਿਸ਼ ਕੀਤੀ ਸੀ।” 24 ਅਤੇ ਉਨ੍ਹਾਂ ਨੇ ਪਰਮੇਸ਼ਵਰ ਦੀ ਉਸਤਤ ਕੀਤੀ ਕਿਉਂਕਿ ਉਸਨੇ ਮੇਰੇ ਰਾਹੀਂ ਜੋ ਕੰਮ ਕੀਤੇ ਸੀ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.