Aanlyn Bybel

- Advertensies -

ਰਸੂਲਾਂ 1 - ਪੰਜਾਬੀ ਮੌਜੂਦਾ ਤਰਜਮਾ


ਯਿਸ਼ੂ ਦਾ ਸਵਰਗ ਵਿੱਚ ਉਠਾਇਆ ਜਾਣਾ

1 ਸਾਡੇ ਬਹੁਤ ਹੀ ਆਦਰਯੋਗ ਥਿਯੋਫਿਲਾਸ, ਜੋ ਮੈਂ ਪਿਛਲੀ ਕਿਤਾਬ ਲਿਖੀ ਸੀ, ਉਸ ਵਿੱਚ ਉਹ ਸਭ ਗੱਲਾਂ ਦਾ ਜ਼ਿਕਰ ਕੀਤਾ ਜੋ ਯਿਸ਼ੂ ਨੇ ਕੰਮ ਕੀਤੇ ਅਤੇ ਸਿਖਾਉਣਾ ਸ਼ੁਰੂ ਕੀਤਾ ਸੀ

2 ਉਸ ਦਿਨ ਤੱਕ ਜਦੋਂ ਉਹ ਸਵਰਗ ਵਿੱਚ ਉਠਾਇਆ ਗਿਆ ਸੀ, ਉਸ ਤੋਂ ਪਹਿਲਾਂ ਉਸਨੇ ਪਵਿੱਤਰ ਆਤਮਾ ਰਾਹੀਂ ਰਸੂਲਾਂ ਨੂੰ ਹੁਕਮ ਦਿੱਤਾ ਜਿਹਨਾਂ ਨੂੰ ਉਸਨੇ ਚੁਣਿਆ ਸੀ।

3 ਉਸਨੇ ਆਪਣੀ ਮੌਤ ਤੋਂ ਬਾਅਦ, ਉਨ੍ਹਾਂ ਨੂੰ ਬਹੁਤ ਸਾਰੇ ਸਬੂਤਾ ਦੇ ਜ਼ਰੀਏ ਆਪਣੇ ਆਪ ਨੂੰ ਜ਼ਿੰਦਾ ਦਿਖਾਇਆ। ਉਸਨੇ ਉਨ੍ਹਾਂ ਨੂੰ 40 ਦਿਨਾਂ ਤੱਕ ਵਿਖਾਲੀ ਦਿੱਤਾ ਅਤੇ ਪਰਮੇਸ਼ਵਰ ਦੇ ਰਾਜ ਨਾਲ ਸੰਬੰਧਿਤ ਗੱਲਾਂ ਬਾਰੇ ਦੱਸਿਆ।

4 ਇੱਕ ਮੌਕੇ ਤੇ, ਉਹ ਜਦੋਂ ਉਨ੍ਹਾਂ ਨਾਲ ਭੋਜਨ ਖਾ ਰਿਹਾ ਸੀ, ਉਸਨੇ ਉਨ੍ਹਾਂ ਨੂੰ ਇਹ ਆਦੇਸ਼ ਦਿੱਤਾ: “ਕਿ ਯੇਰੂਸ਼ਲੇਮ ਸ਼ਹਿਰ ਨੂੰ ਛੱਡ ਕੇ ਨਾ ਜਾਣਾ, ਪਰ ਮੇਰੇ ਪਿਤਾ ਦੁਆਰਾ ਕੀਤੇ ਵਾਅਦੇ ਦੀ ਉਡੀਕ ਕਰੋ, ਜੋ ਤੁਸੀਂ ਮੇਰੇ ਤੋਂ ਉਸਦੇ ਬਾਰੇ ਸੁਣਿਆ ਹੈ।

5 ਯੋਹਨ ਨੇ ਪਾਣੀ ਨਾਲ ਬਪਤਿਸਮਾ ਦਿੱਤਾ, ਪਰ ਹੁਣ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।”

6 ਤਦ ਰਸੂਲ ਸਾਰੇ ਯਿਸ਼ੂ ਦੇ ਆਲੇ-ਦੁਆਲੇ ਇਕੱਠੇ ਹੋ ਗਏ ਅਤੇ ਉਸਨੂੰ ਪੁੱਛਿਆ, “ਪ੍ਰਭੂ ਜੀ, ਕੀ ਹੁਣ ਤੁਸੀਂ ਇਸਰਾਏਲ ਨੂੰ ਰਾਜ ਵਾਪਸ ਦੇਣ ਜਾ ਰਹੇ ਹੋ?”

7 ਉਸ ਨੇ ਉਨ੍ਹਾਂ ਨੂੰ ਜਵਾਬ ਦਿੱਤਾ, “ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ।

8 ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ; ਤੁਸੀਂ ਮੇਰੇ ਗਵਾਹ ਹੋਵੋਗੇ ਯੇਰੂਸ਼ਲੇਮ, ਅਤੇ ਸਾਰੇ ਯਹੂਦਿਯਾ ਅਤੇ ਸਾਮਰਿਯਾ ਵਿੱਚ, ਸਗੋਂ ਧਰਤੀ ਦੇ ਆਖਰੀ ਕੋਨੇ-ਕੋਨੇ ਤੱਕ।”

9 ਇਹ ਕਹਿਣ ਤੋਂ ਬਾਅਦ, ਉਹ ਉਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਠਾਇਆ ਗਿਆ, ਅਤੇ ਇੱਕ ਬੱਦਲ ਨੇ ਉਸਨੂੰ ਉਨ੍ਹਾਂ ਦੀ ਨਜ਼ਰ ਤੋਂ ਓਹਲੇ ਕਰ ਦਿੱਤਾ।

10 ਰਸੂਲ ਅਜੇ ਤੱਕ ਅਕਾਸ਼ ਵੱਲ ਵੇਖ ਰਹੇ ਸਨ ਜਦੋਂ ਉਹ ਉੱਪਰ ਉਠਾਇਆ ਜਾ ਰਿਹਾ ਸੀ, ਅਚਾਨਕ ਦੋ ਆਦਮੀ ਜਿਨ੍ਹਾਂ ਨੇ ਚਿੱਟੇ ਕੱਪੜੇ ਪਾਏ ਹੋਏ ਸਨ ਉਨ੍ਹਾਂ ਦੇ ਕੋਲ ਖੜ੍ਹੇ ਹੋ ਗਏ।

11 ਉਨ੍ਹਾਂ ਦੋ ਲੋਕਾਂ ਨੇ ਉਨ੍ਹਾਂ ਨੂੰ ਦੱਸਿਆ, “ਹੇ ਗਲੀਲੀ ਮਨੁੱਖੋ, ਤੁਸੀਂ ਉੱਪਰ ਅਕਾਸ਼ ਵੱਲ ਕਿਉਂ ਵੇਖ ਰਹੇ ਹੋ? ਇਹ ਹੀ ਯਿਸ਼ੂ, ਜੋ ਤੁਹਾਡੇ ਕੋਲੋਂ ਸਵਰਗ ਵਿੱਚ ਉਠਾਇਆ ਜਾ ਰਿਹਾ ਹੈ, ਉਸੇ ਤਰ੍ਹਾਂ ਉਹ ਵਾਪਸ ਵੀ ਆਵੇਗਾ ਜਿਸ ਤਰ੍ਹਾਂ ਤੁਸੀਂ ਉਸਨੂੰ ਸਵਰਗ ਵਿੱਚ ਜਾਂਦੇ ਵੇਖ ਰਹੇ ਹੋ।”


ਯਹੂਦਾ ਦੀ ਜਗਾ ਤੇ ਮੱਤੀ ਦਾ ਚੁਣਿਆ ਜਾਣਾ

12 ਤਦ ਰਸੂਲ ਉਸ ਜ਼ੈਤੂਨ ਦੇ ਪਹਾੜ ਤੋਂ ਜੋ ਯੇਰੂਸ਼ਲੇਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ ਤੇ ਹੈ, ਯੇਰੂਸ਼ਲੇਮ ਸ਼ਹਿਰ ਨੂੰ ਵਾਪਸ ਮੁੜੇ।

13 ਅਤੇ ਜਦੋਂ ਉਹ ਪਹੁੰਚੇ, ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਰਹਿ ਰਹੇ ਸਨ। ਉਹ ਇਹ ਹਨ ਜੋ ਉੱਥੇ ਮੌਜੂਦ ਸਨ ਅਰਥਾਤ: ਪਤਰਸ, ਯੋਹਨ, ਯਾਕੋਬ ਅਤੇ ਆਂਦਰੇਯਾਸ; ਫਿਲਿੱਪਾਸ ਅਤੇ ਥੋਮਸ; ਬਾਰਥੋਲੋਮੇਯਾਸ ਅਤੇ ਮੱਤੀਯਾਹ; ਹਲਫੇਯਾਸ ਦਾ ਪੁੱਤਰ ਯਾਕੋਬ, ਸ਼ਿਮਓਨ ਰਾਸ਼ਟਰਵਾਦੀ ਅਤੇ ਯਾਕੋਬ ਦਾ ਪੁੱਤਰ ਯਹੂਦਾਹ ਸਨ।

14 ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸ਼ੂ ਦੀ ਮਾਤਾ ਮਰਿਯਮ ਅਤੇ ਉਸਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।

15 ਉਨ੍ਹਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿੱਚਕਾਰ ਖੜੇ ਹੋ ਕੇ ਬੋਲਿਆ, (ਜੋ ਸਾਰੇ ਮਿਲ ਕੇ ਲਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ)

16 ਅਤੇ ਕਿਹਾ, “ਹੇ ਭਰਾਵੋ ਅਤੇ ਭੈਣੋ, ਪਵਿੱਤਰ ਸ਼ਾਸਤਰ ਵਿੱਚ ਕੀ ਲਿਖਿਆ ਹੈ ਜੋ ਪੂਰਾ ਹੋਣਾ ਜ਼ਰੂਰੀ ਸੀ ਪਵਿੱਤਰ ਆਤਮਾ ਨੇ ਦਾਵੀਦ ਦੀ ਜ਼ਬਾਨੀ ਯਹੂਦਾਹ ਦੇ ਬਾਰੇ ਪਹਿਲਾਂ ਤੋਂ ਹੀ ਆਖਿਆ ਸੀ, ਜਿਹੜਾ ਯਿਸ਼ੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ।

17 ਕਿਉਂ ਜੋ ਯਹੂਦਾਹ ਸਾਡੇ ਨਾਲ ਗਿਣਿਆ ਗਿਆ ਅਤੇ ਉਸ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਸੀ।”

18 ਇਸ ਮਨੁੱਖ ਨੇ ਬੇਈਮਾਨੀ ਦੀ ਕਮਾਈ ਨਾਲ ਇੱਕ ਖੇਤ ਮੁੱਲ ਲਿਆ ਅਤੇ ਮੂਧੇ ਮੂੰਹ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਹ ਦੀਆਂ ਸਾਰਿਆਂ ਆਂਦਰਾਂ ਬਾਹਰ ਆ ਗਈਆਂ।

19 ਅਤੇ ਇਹ ਗੱਲ ਸਾਰੇ ਯੇਰੂਸ਼ਲੇਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਸ ਖੇਤ ਦਾ ਨਾਮ ਉਨ੍ਹਾਂ ਦੀ ਭਾਸ਼ਾ ਐਰਮੇਇਕ ਵਿੱਚ ਅਕਲਦਮਾ ਪੈ ਗਿਆ, ਅਰਥਾਤ ਜਿਸ ਦਾ ਅਰਥ ਹੈ ਲਹੂ ਦਾ ਖੇਤ।

20 ਪਤਰਸ ਨੇ ਅੱਗੇ ਹੋਰ ਵੀ ਆਖਿਆ, “ਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ: “ ‘ਕਿ ਉਸਦਾ ਘਰ ਉੱਜੜ ਜਾਵੇ; ਉਸਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ,’ ਅਤੇ, “ ‘ਉਸਦਾ ਅਹੁਦਾ ਕੋਈ ਹੋਰ ਲਵੇ।’

21 ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ ਜਦੋਂ ਪ੍ਰਭੂ ਯਿਸ਼ੂ ਸਾਡੇ ਵਿਚਕਾਰ ਰਿਹਾ ਸੀ,

22 ਯੋਹਨ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਯਿਸ਼ੂ ਸਾਡੇ ਕੋਲੋਂ ਉਤਾਹਾਂ ਉਠਾਇਆ ਗਿਆ ਸੀ, ਚੰਗਾ ਹੋਵੇਗਾ ਕਿ ਉਨ੍ਹਾਂ ਵਿੱਚੋਂ ਇੱਕ ਸਾਡੇ ਨਾਲ ਉਸਦੇ ਪੁਨਰ-ਉਥਾਨ ਦਾ ਗਵਾਹ ਹੋਵੇ।”

23 ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ: ਇੱਕ ਯੂਸੁਫ਼ ਜਿਹੜਾ ਬਰਸਬਾਸ ਅਖਵਾਉਂਦਾ ਸੀ (ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ) ਅਤੇ ਦੂਜਾ ਮੱਥਿਯਾਸ।

24 ਫਿਰ ਉਨ੍ਹਾਂ ਨੇ ਪ੍ਰਾਰਥਨਾ ਕੀਤੀ, “ਹੇ ਪ੍ਰਭੂ, ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ। ਸਾਨੂੰ ਇਹ ਦਿਖਾ ਕਿ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ

25 ਇਸ ਰਸੂਲਾਂ ਦੀ ਸੇਵਕਾਈ ਨੂੰ ਸੰਭਾਲਣ ਲਈ, ਜਿਸ ਨੂੰ ਯਹੂਦਾਹ ਨੇ ਛੱਡ ਦਿੱਤਾ ਤੇ ਉਹ ਉਸ ਸਜ਼ਾ ਦੀ ਜਗ੍ਹਾ ਗਿਆ ਜਿਥੇ ਦਾ ਉਹ ਹੈ।”

26 ਫਿਰ ਉਨ੍ਹਾਂ ਨੇ ਪਰਚੀਆਂ ਪਾਈਆਂ, ਅਤੇ ਪਰਚੀ ਮੱਥਿਯਾਸ ਦੇ ਨਾਮ ਤੇ ਨਿੱਕਲੀ; ਇਸ ਲਈ ਉਹ ਗਿਆਰਾਂ ਰਸੂਲਾਂ ਵਿੱਚ ਸ਼ਾਮਲ ਹੋ ਗਿਆ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies