Aanlyn Bybel

- Advertensies -

2 ਥੱਸਲੁ 3 - ਪੰਜਾਬੀ ਮੌਜੂਦਾ ਤਰਜਮਾ


ਪ੍ਰਾਰਥਨਾ ਲਈ ਬੇਨਤੀ

1 ਹੇ ਭਰਾਵੋ ਅਤੇ ਭੈਣੋ, ਦੂਸਰੇ ਮਾਮਲਿਆਂ ਲਈ, ਸਾਡੇ ਲਈ ਪ੍ਰਾਰਥਨਾ ਕਰੋ ਕਿ ਪ੍ਰਭੂ ਦਾ ਸੰਦੇਸ਼ ਤੇਜ਼ੀ ਨਾਲ ਫੈਲ ਜਾਵੇ ਅਤੇ ਆਦਰ ਕੀਤਾ ਜਾਵੇ, ਜਿਵੇਂ ਕਿ ਇਹ ਤੁਹਾਡੇ ਵਿੱਚ ਹੋਇਆ ਸੀ।

2 ਅਤੇ ਪ੍ਰਾਰਥਨਾ ਕਰੋ ਕਿ ਅਸੀਂ ਦੁਸ਼ਟ ਅਤੇ ਬੁਰੇ ਲੋਕਾਂ ਤੋਂ ਬਚੇ ਰਹੀਏ, ਕਿਉਂਕਿ ਹਰ ਕਿਸੇ ਕੋਲ ਖੁਸ਼ਖ਼ਬਰੀ ਉੱਤੇ ਵਿਸ਼ਵਾਸ ਨਹੀਂ ਹੁੰਦਾ।

3 ਪਰ ਪ੍ਰਭੂ ਵਫ਼ਾਦਾਰ ਹੈ, ਅਤੇ ਉਹ ਤੁਹਾਨੂੰ ਤਾਕਤ ਦੇਵੇਗਾ ਅਤੇ ਤੁਹਾਨੂੰ ਸ਼ੈਤਾਨ ਤੋਂ ਬਚਾਵੇਗਾ।

4 ਸਾਨੂੰ ਪ੍ਰਭੂ ਵਿੱਚ ਵਿਸ਼ਵਾਸ ਹੈ ਕਿ ਤੁਸੀਂ ਉਹੀ ਗੱਲਾਂ ਕਰ ਰਹੇ ਹੋ ਅਤੇ ਜੋ ਅਸੀਂ ਤੁਹਾਨੂੰ ਹੁਕਮ ਦਿੱਤਾ ਅਤੇ ਉਹ ਗੱਲਾਂ ਨੂੰ ਤੁਸੀਂ ਲਗਾਤਾਰ ਕਰਦੇ ਰਹੋਗੇ।

5 ਪ੍ਰਭੂ ਤੁਹਾਡੇ ਦਿਲਾਂ ਨੂੰ ਪਰਮੇਸ਼ਵਰ ਦੇ ਪਿਆਰ ਅਤੇ ਮਸੀਹ ਦੀ ਲਗਨ ਵੱਲ ਸੇਧ ਦੇਵੇ।


ਦਲਿੱਦਰ ਦੇ ਵਿਰੁੱਧ ਚੇਤਾਵਨੀ

6 ਹੇ ਭਰਾਵੋ ਅਤੇ ਭੈਣੋ, ਪ੍ਰਭੂ ਯਿਸ਼ੂ ਮਸੀਹ ਦੇ ਨਾਮ ਵਿੱਚ, ਅਸੀਂ ਤੁਹਾਨੂੰ ਹੁਕਮ ਦਿੰਦੇ ਹਾਂ ਕਿ ਹਰ ਇੱਕ ਵਿਸ਼ਵਾਸੀ ਤੋਂ ਦੂਰ ਰਹੋ ਜੋ ਆਲਸੀ ਅਤੇ ਵਿਘਨ ਪਾਉਣ ਵਾਲਾ ਹੈ ਅਤੇ ਸਾਡੇ ਦੁਆਰਾ ਪ੍ਰਾਪਤ ਕੀਤੀ ਸਿੱਖਿਆ ਦੇ ਅਨੁਸਾਰ ਨਹੀਂ ਚੱਲਦਾ।

7 ਤੁਸੀਂ ਖੁਦ ਆਪ ਜਾਣਦੇ ਹੋ ਕਿ ਤੁਹਾਨੂੰ ਸਾਡੀ ਉਦਾਹਰਣ ਦੀ ਪਾਲਣਾ ਕਿਵੇਂ ਕਰਨੀ ਚਾਹੀਦੀ ਹੈ। ਜਦੋਂ ਅਸੀਂ ਤੁਹਾਡੇ ਨਾਲ ਸੀ ਤਾਂ ਅਸੀਂ ਆਲਸੀ ਨਹੀਂ ਸੀ,

8 ਨਾ ਹੀ ਅਸੀਂ ਕਿਸੇ ਦਾ ਖਾਣਾ ਉਸਦੀ ਅਦਾਇਗੀ ਕੀਤੇ ਬਿਨਾਂ ਖਾਧਾ। ਇਸ ਦੇ ਉਲਟ, ਅਸੀਂ ਦਿਨ-ਰਾਤ ਮਿਹਨਤ ਅਤੇ ਮਜਦੂਰੀ ਕਰਦੇ ਰਹੇ ਤਾਂ ਜੋ ਅਸੀਂ ਤੁਹਾਡੇ ਵਿੱਚੋਂ ਕਿਸੇ ਉੱਤੇ ਬੋਝ ਨਾ ਬਣ ਸਕੀਏ।

9 ਅਸੀਂ ਇਹ ਇਸ ਲਈ ਕੀਤਾ, ਕਿਉਂਕਿ ਸਾਡੇ ਕੋਲ ਅਜਿਹੀ ਸਹਾਇਤਾ ਲੈਣ ਦਾ ਅਧਿਕਾਰ ਨਹੀਂ ਸੀ, ਬਲਕਿ ਆਪਣੇ ਆਪ ਨੂੰ ਤੁਹਾਡੇ ਲਈ ਇੱਕ ਉਦਾਹਰਣ ਵਜੋਂ ਪੇਸ਼ ਕੀਤਾ ਕਿ ਤੁਸੀਂ ਉਸ ਦਾ ਅਨੁਕਰਣ ਕਰੋ।

10 ਜਦੋਂ ਅਸੀਂ ਤੁਹਾਡੇ ਨਾਲ ਸੀ, ਉਦੋਂ ਵੀ ਅਸੀਂ ਤੁਹਾਨੂੰ ਇਹ ਨਿਯਮ ਦਿੱਤਾ ਸੀ: “ਜਿਹੜਾ ਕੋਈ ਪੁਰਸ਼ ਕੰਮ ਕਰਨ ਨੂੰ ਤਿਆਰ ਨਹੀਂ ਫਿਰ ਉਹ ਭੋਜਨ ਵੀ ਨਾ ਖਾਵੇ।”

11 ਅਸੀਂ ਸੁਣਦੇ ਹਾਂ, ਤੁਹਾਡੇ ਵਿੱਚ ਕਿੰਨੇ ਲੋਕ ਆਲਸੀ ਜੀਵਨ ਜੀਉਂਦੇ ਹਨ; ਅਤੇ ਕੁਝ ਕੰਮ ਨਹੀਂ ਕਰਦੇ, ਪਰ ਦੂਜਿਆਂ ਦੇ ਕੰਮ ਵਿੱਚ ਵੀ ਵਿਘਨ ਪਾਉਂਦੇ ਹਨ।

12 ਅਜਿਹੇ ਲੋਕਾਂ ਨੂੰ ਅਸੀਂ ਪ੍ਰਭੂ ਯਿਸ਼ੂ ਮਸੀਹ ਵਿੱਚ ਆਦੇਸ਼ ਦਿੰਦੇ ਹਾਂ ਅਤੇ ਬੇਨਤੀ ਕਰਦੇ ਹਾਂ ਕਿ ਉਹ ਵਸਣ ਅਤੇ ਕਿ ਆਪਣਾ ਕੰਮ ਕਰਕੇ ਰੋਟੀ ਖਾਇਆ ਕਰਨ।

13 ਹੇ ਭਰਾਵੋ ਅਤੇ ਭੈਣੋ, ਤੁਸੀਂ ਭਲਿਆਈ ਕਰਦਿਆਂ ਨਾ ਥੱਕੋ।

14 ਇਸ ਚਿੱਠੀ ਵਿੱਚ ਸਾਡੀ ਹਦਾਇਤਾਂ ਦੀ ਪਾਲਣਾ ਨਾ ਕਰਨ ਵਾਲੇ ਕਿਸੇ ਵੀ ਵਿਅਕਤੀ ਦਾ ਵਿਸ਼ੇਸ਼ ਧਿਆਨ ਰੱਖੋ। ਉਨ੍ਹਾਂ ਨਾਲ ਸੰਗਤ ਨਾ ਕਰੋ, ਤਾਂ ਜੋ ਉਹ ਸ਼ਰਮ ਮਹਿਸੂਸ ਕਰ ਸਕਣ।

15 ਫਿਰ ਵੀ ਉਨ੍ਹਾਂ ਨੂੰ ਦੁਸ਼ਮਣ ਨਾ ਸਮਝੋ, ਪਰ ਉਨ੍ਹਾਂ ਨੂੰ ਚੇਤਾਵਨੀ ਦਿਓ ਜਿਵੇਂ ਤੁਸੀਂ ਇੱਕ ਸਾਥੀ-ਵਿਸ਼ਵਾਸੀ ਹੋ।


ਆਖਰੀ ਸ਼ੁਭਕਾਮਨਾਵਾਂ

16 ਹੁਣ ਸ਼ਾਂਤੀ ਦਾ ਪ੍ਰਭੂ ਆਪ ਤੁਹਾਨੂੰ ਹਰ ਸਮੇਂ ਅਤੇ ਹਰ ਤਰੀਕੇ ਨਾਲ ਸ਼ਾਂਤੀ ਦੇਵੇ। ਪ੍ਰਭੂ ਤੁਹਾਡੇ ਸਾਰਿਆਂ ਦੇ ਨਾਲ ਹੋਵੇ।

17 ਮੈਂ, ਪੌਲੁਸ, ਇਹ ਸ਼ੁਭਕਾਮਨਾਵਾਂ ਆਪਣੇ ਹੱਥੀਂ ਲਿਖ ਰਿਹਾ ਹਾਂ, ਜੋ ਕਿ ਮੇਰੇ ਸਾਰੇ ਪੱਤਰਾਂ ਵਿੱਚ ਵੱਖਰਾ ਚਿੰਨ੍ਹ ਹੈ। ਇਸ ਤਰ੍ਹਾਂ ਹੀ ਮੈਂ ਲਿਖਦਾ ਹਾਂ।

18 ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਸਾਰਿਆਂ ਨਾਲ ਹੋਵੇ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies