Aanlyn Bybel

- Advertensies -

2 ਥੱਸਲੁ 2 - ਪੰਜਾਬੀ ਮੌਜੂਦਾ ਤਰਜਮਾ


ਕੁਧਰਮ ਦਾ ਮਨੁੱਖ

1 ਹੇ ਭਰਾਵੋ ਅਤੇ ਭੈਣੋ, ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਅਤੇ ਸਾਡੇ ਉਸ ਦੇ ਕੋਲ ਇਕੱਠੇ ਹੋਣ ਦੇ ਸੰਬੰਧ ਵਿੱਚ, ਅਸੀਂ ਤੁਹਾਡੇ ਅੱਗੇ ਬੇਨਤੀ ਕਰਦੇ ਹਾਂ,

2 ਸਾਡੇ ਦੁਆਰਾ ਕਥਿਤ ਤੌਰ ਤੇ ਦਿੱਤੀ ਗਈ ਸਿੱਖਿਆ ਦੁਆਰਾ ਅਸਾਨੀ ਨਾਲ ਅਸੰਤੁਸ਼ਟ ਜਾਂ ਚਿੰਤਤ ਨਾ ਹੋਵੋ ਭਾਵੇਂ ਭਵਿੱਖਬਾਣੀ ਦੁਆਰਾ ਜਾਂ ਮੂੰਹ ਰਾਹੀਂ ਜਾਂ ਚਿੱਠੀ ਦੁਆਰਾ, ਇਹ ਦਾਅਵਾ ਕਰਦੇ ਹੋਏ ਕਿ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਪਹਿਲਾਂ ਹੀ ਆ ਗਿਆ ਹੈ।

3 ਕੋਈ ਵੀ ਤੁਹਾਨੂੰ ਕਿਸੇ ਵੀ ਤਰੀਕੇ ਨਾਲ ਧੋਖਾ ਨਾ ਦੇਵੇ, ਕਿਉਂਕਿ ਉਹ ਦਿਨ ਉਦੋਂ ਤੱਕ ਨਹੀਂ ਆਵੇਗਾ ਜਦੋਂ ਤੱਕ ਪਰਮੇਸ਼ਵਰ ਦੇ ਵਿਰੁੱਧ ਬਗਾਵਤ ਨਹੀਂ ਹੋ ਜਾਂਦੀ ਅਤੇ ਕੁਧਰਮ ਦਾ ਮਨੁੱਖ ਪ੍ਰਗਟ ਨਹੀਂ ਹੋ ਜਾਂਦਾ, ਉਹ ਆਦਮੀ ਵਿਨਾਸ਼ ਲਈ ਨਰਕ ਦੀ ਅੱਗ ਵਿੱਚ ਸੁੱਟਿਆ ਜਾਵੇਗਾ।

4 ਉਹ ਵਿਰੋਧ ਕਰੇਗਾ ਅਤੇ ਆਪਣੇ ਆਪ ਨੂੰ ਉਸ ਹਰ ਚੀਜ਼ ਤੋਂ ਉੱਚਾ ਕਰੇਗਾ ਜਿਸਨੂੰ ਪਰਮੇਸ਼ਵਰ ਕਿਹਾ ਜਾਂਦਾ ਹੈ ਜਾਂ ਜਿਸਦੀ ਪੂਜਾ ਕੀਤੀ ਜਾਂਦੀ ਹੈ, ਤਾਂ ਜੋ ਉਹ ਆਪਣੇ ਆਪ ਨੂੰ ਪਰਮੇਸ਼ਵਰ ਦੇ ਹੈਕਲ ਵਿੱਚ ਸਥਾਪਿਤ ਕਰੇ, ਆਪਣੇ ਆਪ ਨੂੰ ਪਰਮੇਸ਼ਵਰ ਹੋਣ ਦਾ ਐਲਾਨ ਕਰੇ।

5 ਕੀ ਤੁਹਾਨੂੰ ਯਾਦ ਨਹੀਂ ਕਿ ਜਦੋਂ ਮੈਂ ਤੁਹਾਡੇ ਨਾਲ ਥੱਸਲੁਨੀਕਾ ਸ਼ਹਿਰ ਵਿੱਚ ਸੀ ਤਾਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਹੁੰਦਾ ਸੀ?

6 ਅਤੇ ਹੁਣ ਤੁਸੀਂ ਜਾਣਦੇ ਹੋ ਕਿ ਉਸਨੂੰ ਕੀ ਰੋਕ ਰਿਹਾ ਹੈ, ਤਾਂ ਜੋ ਉਸਨੂੰ ਸਹੀ ਸਮੇਂ ਤੇ ਪ੍ਰਗਟ ਕੀਤਾ ਜਾ ਸਕੇ।

7 ਕਿਉਂਕਿ ਕੁਧਰਮ ਦੀ ਗੁਪਤ ਸ਼ਕਤੀ ਪਹਿਲਾਂ ਤੋਂ ਹੀ ਕੰਮ ਤੇ ਹੈ; ਪਰ ਜਿਹੜਾ ਹੁਣ ਉਸ ਨੂੰ ਰੋਕਦਾ ਹੈ ਉਹ ਅਜਿਹਾ ਕਰਨਾ ਜਾਰੀ ਰੱਖੇਗਾ ਜਦੋਂ ਤੱਕ ਉਸਨੂੰ ਰਸਤੇ ਤੋਂ ਬਾਹਰ ਨਹੀਂ ਕੱਢਿਆ ਜਾਂਦਾ।

8 ਅਤੇ ਫਿਰ ਉਹ ਕੁਧਰਮੀ ਪ੍ਰਗਟ ਹੋਵੇਗਾ, ਜਿਸ ਨੂੰ ਪ੍ਰਭੂ ਯਿਸ਼ੂ ਆਪਣੇ ਮੂੰਹ ਦੀ ਫੂਕ ਨਾਲ ਮਾਰ ਦੇਵੇਗਾ ਅਤੇ ਆਪਣੇ ਵਾਪਸ ਆਉਣ ਦੇ ਪ੍ਰਕਾਸ਼ ਨਾਲ ਨਸ਼ਟ ਕਰ ਦੇਵੇਗਾ।

9 ਕੁਧਰਮੀ ਦਾ ਆਉਣਾ ਸ਼ੈਤਾਨ ਦੇ ਕੰਮ ਕਰਨ ਦੇ ਤਰੀਕੇ ਦੇ ਅਨੁਸਾਰ ਹੋਵੇਗਾ। ਉਹ ਝੂਠ ਦੀ ਪੂਰਤੀ ਕਰਨ ਵਾਲੇ ਚਿੰਨ੍ਹ ਅਤੇ ਅਚੰਭਿਆਂ ਦੁਆਰਾ ਸ਼ਕਤੀ ਦੇ ਸਾਰੇ ਪ੍ਰਕਾਰ ਦੇ ਪ੍ਰਦਰਸ਼ਨਾਂ ਦੀ ਵਰਤੋਂ ਕਰੇਗਾ,

10 ਅਤੇ ਉਹ ਜੋ ਹਰ ਪ੍ਰਕਾਰ ਦੇ ਦੁਸ਼ਟਤਾਈ ਦੇ ਧੋਖੇ ਨਾਲ ਨਾਸ਼ ਹੋ ਰਹੇ ਹਨ। ਉਹ ਇਸ ਲਈ ਨਾਸ਼ ਹੋ ਗਏ ਕਿਉਂਕਿ ਉਨ੍ਹਾਂ ਨੇ ਸੱਚ ਨੂੰ ਪਿਆਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਜਿਸ ਤੋਂ ਉਹ ਬਚਾਏ ਜਾ ਸਕਦੇ ਸੀ।

11 ਇਸ ਕਾਰਨ ਕਰਕੇ ਪਰਮੇਸ਼ਵਰ ਉਨ੍ਹਾਂ ਉੱਤੇ ਇੱਕ ਭਰਮਾਉਣ ਵਾਲੀ ਤਾਕਤ ਨੂੰ ਭੇਜੇਗਾ ਤਾਂ ਜੋ ਉਹ ਝੂਠ ਨੂੰ ਸੱਚ ਮੰਨਣ।

12 ਅਤੇ ਇਸ ਲਈ ਉਹ ਸਾਰੇ ਦੋਸ਼ੀ ਠਹਿਰਾਏ ਜਾਣਗੇ ਜਿਨ੍ਹਾਂ ਨੇ ਸੱਚ ਨੂੰ ਨਾ ਮੰਨਿਆ ਪਰ ਜੋ ਦੁਸ਼ਟਤਾ ਵਿੱਚ ਖੁਸ਼ ਹੋਏ।


ਦ੍ਰਿੜ੍ਹ ਬਣੇ ਰਹੋ

13 ਹੇ ਭਰਾਵੋ ਅਤੇ ਭੈਣੋਂ, ਪ੍ਰਭੂ ਦੇ ਪਿਆਰਿਓ, ਸਾਨੂੰ ਲਗਾਤਾਰ ਤੁਹਾਡੇ ਲਈ ਪਰਮੇਸ਼ਵਰ ਦਾ ਧੰਨਵਾਦ ਕਰਨਾ ਚਾਹੀਦਾ ਹੈ, ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਪਵਿੱਤਰ ਆਤਮਾ ਦੇ ਪਵਿੱਤਰ ਕਾਰਜ ਦੁਆਰਾ ਅਤੇ ਸੱਚ ਵਿੱਚ ਵਿਸ਼ਵਾਸ ਦੁਆਰਾ ਬਚਾਏ ਜਾਣ ਲਈ ਪਹਿਲੇ ਫਲ ਵਜੋਂ ਚੁਣਿਆ ਹੈ।

14 ਪਰਮੇਸ਼ਵਰ ਨੇ ਤੁਹਾਨੂੰ ਸਾਡੀ ਖੁਸ਼ਖ਼ਬਰੀ ਦੁਆਰਾ ਇਸ ਲਈ ਬੁਲਾਇਆ ਹੈ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਮਹਿਮਾ ਵਿੱਚ ਹਿੱਸਾ ਪਾ ਸਕੋ।

15 ਹੇ ਭਰਾਵੋ ਅਤੇ ਭੈਣੋ, ਇਸ ਲਈ ਫਿਰ, ਦ੍ਰਿੜ ਰਹੋ ਅਤੇ ਉਨ੍ਹਾਂ ਸਿੱਖਿਆਵਾਂ ਨੂੰ ਫੜੀ ਰੱਖੋ ਜੋ ਅਸੀਂ ਤੁਹਾਨੂੰ ਦਿੱਤੀਆਂ ਹਨ, ਭਾਵੇਂ ਤੁਸੀਂ ਜ਼ੁਬਾਨੀ ਜਾ ਫਿਰ ਸਾਡੀ ਪੱਤ੍ਰੀ ਤੋਂ ਸਿੱਖਿਆ ਫੜ੍ਹੀ ਰੱਖੋ।

16 ਸਾਡਾ ਪ੍ਰਭੂ ਯਿਸ਼ੂ ਮਸੀਹ ਖੁਦ ਅਤੇ ਸਾਡੇ ਪਿਤਾ ਪਰਮੇਸ਼ਵਰ, ਜਿਸਨੇ ਸਾਨੂੰ ਪਿਆਰ ਕੀਤਾ ਅਤੇ ਉਸਦੀ ਕਿਰਪਾ ਨਾਲ ਸਾਨੂੰ ਸਦੀਵੀ ਉਤਸ਼ਾਹ ਅਤੇ ਚੰਗੀ ਉਮੀਦ ਦਿੱਤੀ,

17 ਤੁਹਾਡੇ ਦਿਲਾਂ ਨੂੰ ਉਤਸ਼ਾਹਤ ਕਰੋ ਅਤੇ ਹਰ ਚੰਗੇ ਕੰਮ ਅਤੇ ਬਚਨ ਵਿੱਚ ਤੁਹਾਨੂੰ ਮਜ਼ਬੂਤ ਕਰੇ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies