Aanlyn Bybel

- Advertensies -

1 ਥੱਸਲੁ 5 - ਪੰਜਾਬੀ ਮੌਜੂਦਾ ਤਰਜਮਾ


ਪ੍ਰਭੂ ਦਾ ਦਿਨ

1 ਹੁਣ, ਹੇ ਭਰਾਵੋ ਅਤੇ ਭੈਣੋ, ਤੁਹਾਡੇ ਲਈ ਸਮਿਆਂ ਅਤੇ ਮੌਸਮਾਂ ਬਾਰੇ ਜਦੋਂ ਇਹ ਗੱਲਾਂ ਵਾਪਰਨਗੀਆਂ ਸਾਨੂੰ ਤੁਹਾਨੂੰ ਕੁਝ ਵੀ ਲਿਖਣ ਦੀ ਜ਼ਰੂਰਤ ਨਹੀਂ ਹੈ,

2 ਕਿਉਂਕਿ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪ੍ਰਭੂ ਦਾ ਵਾਪਸ ਆਉਣ ਦਾ ਦਿਨ ਇਸ ਤਰਾ ਹੋਵੇਗਾ ਜਿਵੇਂ ਚੋਰ ਦੇ ਰਾਤ ਨੂੰ ਆਉਣ ਵਾਂਗ ਹੁੰਦਾ।

3 ਜਦੋਂ ਲੋਕ ਕਹਿ ਰਹੇ ਹਨ, “ਸ਼ਾਂਤੀ ਅਤੇ ਸੁਰੱਖਿਆ ਹੈ,” ਤਦ ਜਿਵੇਂ ਗਰਭਵਤੀ ਔਰਤ ਦੀ ਜਣੇਪੇ ਦੇ ਦਰਦ ਦੇ ਰੂਪ ਵਿੱਚ ਉਨ੍ਹਾਂ ਤੇ ਅਚਾਨਕ ਤਬਾਹੀ ਆਵੇਗੀ, ਅਤੇ ਉਹ ਬਚ ਨਹੀਂ ਸਕਣਗੇ।

4 ਪਰ ਤੁਸੀਂ, ਹੇ ਭਰਾਵੋ ਅਤੇ ਭੈਣੋ, ਹਨੇਰੇ ਵਿੱਚ ਨਹੀਂ ਹੋ ਤਾਂ ਜੋ ਇਹ ਦਿਨ ਤੁਹਾਨੂੰ ਚੋਰ ਵਾਂਗ ਹੈਰਾਨ ਕਰ ਦੇਵੇ।

5 ਤੁਸੀਂ ਸਾਰੇ ਚਾਨਣ ਅਤੇ ਦਿਨ ਦੇ ਬੱਚੇ ਹੋ। ਅਸੀਂ ਰਾਤ ਜਾਂ ਹਨੇਰੇ ਨਾਲ ਸਬੰਧਤ ਨਹੀਂ ਹਾਂ।

6 ਤਾਂ ਫਿਰ, ਆਓ ਅਸੀਂ ਦੂਜਿਆਂ ਵਰਗੇ ਨਾ ਹੋਈਏ, ਜੋ ਸੁੱਤੇ ਪਏ ਹਨ, ਪਰ ਆਓ ਅਸੀਂ ਜਾਗਦੇ ਅਤੇ ਸੁਚੇਤ ਰਹੀਏ।

7 ਉਨ੍ਹਾਂ ਲਈ ਜੋ ਸੌਂਦੇ ਹਨ, ਰਾਤ ਨੂੰ ਸੌਂਦੇ ਹਨ, ਅਤੇ ਜਿਹੜੇ ਸ਼ਰਾਬੀ ਹੁੰਦੇ ਹਨ, ਰਾਤ ਨੂੰ ਸ਼ਰਾਬੀ ਹੋ ਜਾਂਦੇ ਹਨ।

8 ਪਰ ਅਸੀਂ ਜਦੋਂ ਦਿਨ ਵਾਲੇ ਹਾਂ ਤਾਂ ਵਿਸ਼ਵਾਸ ਅਤੇ ਪਿਆਰ ਨੂੰ ਸੁਰੱਖਿਆ ਵੱਜੋਂ ਪਹਿਨਣਾ ਅਤੇ ਮੁਕਤੀ ਦੀ ਆਸ ਨੂੰ ਸਿਰ ਦੇ ਟੋਪ ਦੀ ਥਾਂ ਪਹਿਨ ਕੇ ਸੁਚੇਤ ਰਹੀਏ।

9 ਕਿਉਂਕਿ ਪਰਮੇਸ਼ਵਰ ਨੇ ਸਾਨੂੰ ਆਪਣੇ ਕ੍ਰੋਧ ਸਹਿਣ ਲਈ ਨਹੀਂ ਸਗੋਂ ਸਾਡੇ ਪ੍ਰਭੂ ਯਿਸ਼ੂ ਮਸੀਹ ਰਾਹੀਂ ਮੁਕਤੀ ਪ੍ਰਾਪਤ ਕਰਨ ਲਈ ਨਿਯੁਕਤ ਕੀਤਾ ਹੈ।

10 ਮਸੀਹ ਸਾਡੇ ਲਈ ਮਰਿਆ, ਭਾਵੇਂ ਅਸੀਂ ਜਾਗਦੇ ਜਾਂ ਸੁੱਤੇ ਹੋਏ ਹਾਂ, ਅਸੀਂ ਉਸਦੇ ਨਾਲ ਇਕੱਠੇ ਰਹਿ ਸਕੀਏ।

11 ਇਸ ਲਈ ਇੱਕ-ਦੂਜੇ ਨੂੰ ਉਤਸ਼ਾਹਿਤ ਕਰੋ ਅਤੇ ਇੱਕ-ਦੂਜੇ ਨੂੰ ਮਜ਼ਬੂਤ ਕਰੋ, ਜਿਵੇਂ ਕਿ ਅਸਲ ਵਿੱਚ ਤੁਸੀਂ ਕਰ ਰਹੇ ਹੋ।


ਅੰਤਿਮ ਨਿਰਦੇਸ਼

12 ਹੇ ਭਰਾਵੋ ਅਤੇ ਭੈਣੋ, ਹੁਣ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਉਨ੍ਹਾਂ ਨੂੰ ਸਵੀਕਾਰ ਕਰੋ ਜੋ ਤੁਹਾਡੇ ਵਿੱਚ ਸਖ਼ਤ ਮਿਹਨਤ ਕਰਦੇ ਹਨ, ਜੋ ਪ੍ਰਭੂ ਵਿੱਚ ਤੁਹਾਡੀ ਦੇਖਭਾਲ ਕਰਦੇ ਹਨ ਅਤੇ ਜੋ ਤੁਹਾਨੂੰ ਸਲਾਹ ਦਿੰਦੇ ਹਨ।

13 ਉਨ੍ਹਾਂ ਦੇ ਕੰਮ ਦੇ ਕਾਰਨ ਉਨ੍ਹਾਂ ਨੂੰ ਪਿਆਰ ਵਿੱਚ ਸਭ ਤੋਂ ਵੱਧ ਸਤਿਕਾਰ ਦਿਓ। ਇੱਕ-ਦੂਜੇ ਨਾਲ ਸ਼ਾਂਤੀ ਨਾਲ ਜੀਓ।

14 ਹੇ ਭਰਾਵੋ ਅਤੇ ਭੈਣੋ, ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ, ਉਨ੍ਹਾਂ ਲੋਕਾਂ ਨੂੰ ਚੇਤਾਵਨੀ ਦਿਓ ਜੋ ਵਿਹਲੇ ਅਤੇ ਵਿਘਨ ਪਾਉਣ ਵਾਲੇ ਹਨ, ਨਿਰਾਸ਼ ਲੋਕਾਂ ਨੂੰ ਉਤਸ਼ਾਹਤ ਕਰੋ, ਕਮਜ਼ੋਰਾਂ ਦੀ ਸਹਾਇਤਾ ਕਰਦੇ ਰਹੋ, ਹਰ ਕਿਸੇ ਨਾਲ ਧੀਰਜ ਰੱਖੋ।

15 ਇਹ ਸੁਨਿਸ਼ਚਿਤ ਕਰੋ ਕਿ ਕੋਈ ਵੀ ਬੁਰੇ ਦੇ ਬਦਲੇ ਬੁਰਾ ਨਾ ਕਰੇ, ਪਰ ਹਮੇਸ਼ਾ ਉਹ ਕਰਨ ਦੀ ਕੋਸ਼ਿਸ਼ ਕਰੋ ਜੋ ਇੱਕ-ਦੂਜੇ ਲਈ ਅਤੇ ਸਾਰਿਆਂ ਲਈ ਚੰਗਾ ਹੋਵੇ।

16 ਹਮੇਸ਼ਾ ਖੁਸ਼ ਰਹੋ,

17 ਲਗਾਤਾਰ ਪ੍ਰਾਰਥਨਾ ਕਰੋ,

18 ਹਰ ਹਾਲਤ ਵਿੱਚ ਪਰਮੇਸ਼ਵਰ ਦਾ ਧੰਨਵਾਦ ਕਰੋ; ਕਿਉਂਕਿ ਇਹ ਮਸੀਹ ਯਿਸ਼ੂ ਵਿੱਚ ਤੁਹਾਡੇ ਲਈ ਪਰਮੇਸ਼ਵਰ ਦੀ ਇੱਛਾ ਹੈ।

19 ਪਵਿੱਤਰ ਆਤਮਾ ਨੂੰ ਨਾ ਬੁਝਾਓ।

20 ਭਵਿੱਖਬਾਣੀਆਂ ਨੂੰ ਤੁੱਛ ਨਾ ਜਾਣੋ।

21 ਪਰ ਉਨ੍ਹਾਂ ਸਾਰਿਆਂ ਦੀ ਜਾਂਚ ਕਰੋ; ਖਰੀਆਂ ਨੂੰ ਫੜ੍ਹੀ ਰੱਖੋ।

22 ਹਰ ਕਿਸਮ ਦੀ ਬੁਰਾਈ ਤੋਂ ਦੂਰ ਰਹੋ।

23 ਸ਼ਾਂਤੀ ਦਾ ਪਰਮੇਸ਼ਵਰ, ਆਪ ਹੀ ਤੁਹਾਨੂੰ ਪੂਰੀ ਤਰ੍ਹਾਂ ਪਵਿੱਤਰ ਕਰੇ। ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਸ ਆਉਣ ਦੇ ਵੇਲੇ ਤੁਹਾਡੀ ਸਾਰੀ ਆਤਮਾ, ਜੀਵ ਅਤੇ ਸਰੀਰ ਨਿਰਦੋਸ਼ ਰਹੇ।

24 ਜਿਹੜਾ ਤੁਹਾਨੂੰ ਬੁਲਾਉਂਦਾ ਹੈ ਉਹ ਪਰਮੇਸ਼ਵਰ ਵਫ਼ਾਦਾਰ ਹੈ, ਅਤੇ ਉਹ ਅਜਿਹਾ ਕਰੇਗਾ।

25 ਹੇ ਭਰਾਵੋ ਅਤੇ ਭੈਣੋ, ਸਾਡੇ ਲਈ ਪ੍ਰਾਰਥਨਾ ਕਰੋ।

26 ਤੁਸੀਂ ਪਵਿੱਤਰ ਹੱਥ ਮਿਲਾ ਕੇ ਸਾਰੇ ਭਰਾਵਾਂ ਦੀ ਸੁੱਖ-ਸਾਂਦ ਪੁੱਛੋ।

27 ਮੈਂ ਤੁਹਾਨੂੰ ਪ੍ਰਭੂ ਅੱਗੇ ਬੇਨਤੀ ਕਰਦਾ ਹਾਂ ਕਿ ਇਹ ਪੱਤਰ ਸਾਰੇ ਸਾਥੀ-ਵਿਸ਼ਵਾਸੀ ਭਰਾਵਾਂ ਅਤੇ ਭੈਣਾਂ ਨੂੰ ਪੜ੍ਹਿਆ ਜਾਵੇ।

28 ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਕਿਰਪਾ ਤੁਹਾਡੇ ਨਾਲ ਹੋਵੇ।

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies