1 ਥੱਸਲੁ 2 - ਪੰਜਾਬੀ ਮੌਜੂਦਾ ਤਰਜਮਾਪੌਲੁਸ ਦੀ ਥੱਸਲੁਨੀਕੀਆਂ ਵਿੱਚ ਸੇਵਕਾਈ 1 ਹੇ ਭਰਾਵੋ ਅਤੇ ਭੈਣੋ, ਤੁਸੀਂ ਜਾਣਦੇ ਹੋ ਕਿ ਸਾਡੀ ਤੁਹਾਡੀ ਨਾਲ ਮੁਲਾਕਾਤ ਕਰਨਾ ਵਿਅਰਥ ਵਿੱਚ ਨਹੀਂ ਗਿਆ। 2 ਜਿਵੇਂ ਕਿ ਤੁਸੀਂ ਜਾਣਦੇ ਹੋ, ਅਸੀਂ ਪਹਿਲਾਂ ਫ਼ਿਲਿੱਪੀ ਸ਼ਹਿਰ ਵਿੱਚ ਦੁੱਖ ਝੱਲੇ ਸੀ ਅਤੇ ਸਾਡੇ ਉੱਤੇ ਅੱਤਿਆਚਾਰ ਹੋਈਆ, ਪਰ ਸਾਡੇ ਪਰਮੇਸ਼ਵਰ ਦੀ ਸਹਾਇਤਾ ਨਾਲ ਅਸੀਂ ਸਖ਼ਤ ਵਿਰੋਧ ਦੇ ਬਾਵਜੂਦ ਤੁਹਾਨੂੰ ਉਸਦੀ ਖੁਸ਼ਖ਼ਬਰੀ ਦੱਸਣ ਦੀ ਹਿੰਮਤ ਕੀਤੀ। 3 ਅਸੀਂ ਜੋ ਅਪੀਲ ਕਰਦੇ ਹਾਂ ਉਹ ਗਲਤੀ ਜਾਂ ਅਸ਼ੁੱਧ ਇਰਾਦਿਆਂ ਤੋਂ ਉਤਪੰਨ ਨਹੀਂ ਹੋਈ, ਨਾ ਹੀ ਅਸੀਂ ਤੁਹਾਨੂੰ ਧੋਖਾ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। 4 ਇਸ ਦੇ ਉਲਟ, ਅਸੀਂ ਉਨ੍ਹਾਂ ਲੋਕਾਂ ਵਜੋਂ ਬੋਲਦੇ ਹਾਂ ਜਿਨ੍ਹਾਂ ਨੂੰ ਪਰਮੇਸ਼ਵਰ ਦੁਆਰਾ ਖੁਸ਼ਖ਼ਬਰੀ ਸੌਂਪੀ ਗਈ ਹੈ। ਅਸੀਂ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਪਰ ਪਰਮੇਸ਼ਵਰ ਜੋ ਸਾਡੇ ਦਿਲਾਂ ਨੂੰ ਜਾਂਚਦਾ ਹੈ। 5 ਤੁਸੀਂ ਜਾਣਦੇ ਹੋ ਕਿ ਅਸੀਂ ਕਦੇ ਵੀ ਚਾਪਲੂਸੀ ਦੀ ਵਰਤੋਂ ਨਹੀਂ ਕੀਤੀ, ਨਾ ਹੀ ਅਸੀਂ ਲਾਲਚ ਨੂੰ ਲੁਕਾਉਣ ਲਈ ਪਰਦਾ ਪਾਇਆ, ਪਰਮੇਸ਼ਵਰ ਸਾਡਾ ਗਵਾਹ ਹੈ। 6 ਅਸੀਂ ਲੋਕਾਂ ਤੋਂ ਪ੍ਰਸ਼ੰਸਾ ਦੀ ਭਾਲ ਨਹੀਂ ਕੀਤੀ, ਨਾ ਕਿ ਤੁਹਾਡੇ ਤੋਂ ਜਾਂ ਕਿਸੇ ਹੋਰ ਤੋਂ, ਭਾਵੇਂ ਕਿ ਮਸੀਹ ਦੇ ਰਸੂਲ ਹੋਣ ਦੇ ਨਾਤੇ ਅਸੀਂ ਆਪਣੇ ਅਧਿਕਾਰ ਦਾ ਦਾਅਵਾ ਕਰ ਸਕਦੇ ਸੀ। 7 ਇਸ ਦੀ ਬਜਾਇ, ਅਸੀਂ ਸੰਦੇਸ਼ਵਾਹਕ ਤੁਹਾਡੇ ਵਿਚਕਾਰ ਛੋਟੇ ਬੱਚਿਆਂ ਵਰਗੇ ਸੀ। ਜਿਵੇਂ ਇੱਕ ਨਰਸਿੰਗ ਮਾਂ ਦੀ ਤਰਾ ਮਸੀਹ ਆਪਣੇ ਬੱਚਿਆਂ ਦੀ ਦੇਖਭਾਲ ਕਰਦਾ ਹੈ, 8 ਇਸ ਲਈ ਅਸੀਂ ਤੁਹਾਡੀ ਦੇਖਭਾਲ ਕੀਤੀ। ਕਿਉਂਕਿ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਅਸੀਂ ਨਾ ਸਿਰਫ ਤੁਹਾਡੇ ਨਾਲ ਪਰਮੇਸ਼ਵਰ ਦੀ ਖੁਸ਼ਖ਼ਬਰੀ ਸਾਂਝੀ ਕੀਤੀ, ਬਲਕਿ ਸਾਡੀ ਜ਼ਿੰਦਗੀ ਵੀ ਤੁਹਾਡੇ ਨਾਲ ਸਾਂਝੀ ਕਰਦਿਆਂ ਖੁਸ਼ ਹੋਏ। 9 ਹੇ ਭਰਾਵੋ ਅਤੇ ਭੈਣੋ, ਯਕੀਨਨ ਤੁਹਾਨੂੰ ਯਾਦ ਹੋਵੇਗਾ, ਸਾਡੀ ਮਿਹਨਤ ਅਤੇ ਮੁਸ਼ਕਲ; ਅਸੀਂ ਤੁਹਾਡੇ ਲਈ ਪਰਮੇਸ਼ਵਰ ਦੀ ਖੁਸ਼ਖ਼ਬਰੀ ਦਾ ਪ੍ਰਚਾਰ ਕਰਦੇ ਹੋਏ ਕਿਸੇ ਉੱਤੇ ਬੋਝ ਨਾ ਬਣਨ ਲਈ ਦਿਨ-ਰਾਤ ਮਿਹਨਤ ਕੀਤੀ। 10 ਤੁਸੀਂ ਗਵਾਹ ਹੋ, ਅਤੇ ਪਰਮੇਸ਼ਵਰ ਵੀ, ਇਸ ਲਈ ਕਿ ਅਸੀਂ ਤੁਹਾਡੇ ਵਿੱਚ ਵਿਸ਼ਵਾਸ ਕਰਨ ਵਾਲੇ ਕਿੰਨੇ ਪਵਿੱਤਰ, ਧਰਮੀ ਅਤੇ ਨਿਰਦੋਸ਼ ਸੀ। 11 ਕਿਉਂਕਿ ਤੁਸੀਂ ਜਾਣਦੇ ਹੋ ਕਿ ਅਸੀਂ ਤੁਹਾਡੇ ਵਿੱਚੋਂ ਹਰ ਇੱਕ ਨਾਲ ਉਸੇ ਤਰ੍ਹਾਂ ਪੇਸ਼ ਆਉਂਦੇ ਹਾਂ ਜਿਵੇਂ ਇੱਕ ਪਿਤਾ ਆਪਣੇ ਬੱਚਿਆਂ ਨਾਲ ਪੇਸ਼ ਆਉਂਦਾ ਹੈ, 12 ਤੁਹਾਨੂੰ ਉਤਸ਼ਾਹਿਤ, ਦਿਲਾਸਾ ਅਤੇ ਪਰਮੇਸ਼ਵਰ ਦੇ ਯੋਗ ਜੀਵਨ ਬਤੀਤ ਕਰਨ ਦੀ ਬੇਨਤੀ ਕਰਦੇ ਹਾਂ, ਜੋ ਤੁਹਾਨੂੰ ਉਸਦੇ ਰਾਜ ਅਤੇ ਮਹਿਮਾ ਵਿੱਚ ਬੁਲਾਉਂਦਾ ਹੈ। 13 ਅਤੇ ਅਸੀਂ ਪਰਮੇਸ਼ਵਰ ਦਾ ਨਿਰੰਤਰ ਧੰਨਵਾਦ ਵੀ ਕਰਦੇ ਹਾਂ ਕਿਉਂਕਿ, ਜਦੋਂ ਤੁਹਾਨੂੰ ਪਰਮੇਸ਼ਵਰ ਦਾ ਬਚਨ ਸਾਡੇ ਕੋਲੋਂ ਮਿਲਿਆ, ਜੋ ਤੁਸੀਂ ਸਾਡੇ ਤੋਂ ਸੁਣਿਆ, ਤਾਂ ਤੁਸੀਂ ਉਸ ਨੂੰ ਮਨੁੱਖਾਂ ਦਾ ਬਚਨ ਕਰਕੇ ਨਹੀਂ ਸਗੋਂ ਜਿਵੇਂ ਉਹ ਸੱਚੀਂ-ਮੁੱਚੀ ਪਰਮੇਸ਼ਵਰ ਦਾ ਬਚਨ ਹੈ ਮੰਨ ਕੇ ਸਵੀਕਾਰ ਕੀਤਾ, ਜੋ ਸੱਚ-ਮੁੱਚ ਤੁਹਾਡੇ ਵਿਸ਼ਵਾਸੀਆ ਵਿੱਚ ਕੰਮ ਕਰ ਰਿਹਾ ਹੈ। 14 ਹੇ ਭਰਾਵੋ ਅਤੇ ਭੈਣੋ, ਤੁਸੀਂ ਪਰਮੇਸ਼ਵਰ ਦੀਆਂ ਉਹਨਾਂ ਕਲੀਸਿਆਵਾਂ ਵਰਗੇ ਹੋਏ ਹੋ, ਜਿਹੜੀਆਂ ਮਸੀਹ ਯਿਸ਼ੂ ਦੀਆਂ ਯਹੂਦਿਯਾ ਪ੍ਰਾਂਤ ਵਿੱਚ ਹਨ: ਇਸ ਲਈ ਜੋ ਉਹਨਾਂ ਵਾਂਗੂੰ ਤੁਸੀਂ ਵੀ ਆਪਣੀ ਕੌਮ ਵਾਲਿਆਂ ਦੇ ਹੱਥੋਂ ਉਸੇ ਤਰ੍ਹਾਂ ਦੁੱਖ ਝੱਲੇ ਸਨ, ਜਿਵੇਂ ਉਹਨਾਂ ਨੇ ਯਹੂਦੀਆਂ ਕੋਲੋਂ ਝੱਲੇ ਸਨ। 15 ਜਿਹਨਾਂ ਯਹੂਦੀਆਂ ਨੇ ਪ੍ਰਭੂ ਯਿਸ਼ੂ ਅਤੇ ਨਬੀਆਂ ਨੂੰ ਮਾਰਿਆ ਅਤੇ ਸਾਨੂੰ ਬਾਹਰ ਕੱਢ ਦਿੱਤਾ। ਉਹ ਪਰਮੇਸ਼ਵਰ ਨੂੰ ਨਾਰਾਜ਼ ਕਰਦੇ ਹਨ ਅਤੇ ਹਰ ਕਿਸੇ ਨਾਲ ਵੈਰ ਰੱਖਦੇ ਹਨ। 16 ਉਹ ਸਾਨੂੰ ਗ਼ੈਰ-ਯਹੂਦੀਆਂ ਨਾਲ ਉਨ੍ਹਾਂ ਦੀ ਮੁਕਤੀ ਬਾਰੇ ਗੱਲ ਕਰਨ ਤੋਂ ਰੋਕਦੇ ਹਨ, ਕਿ ਕਿਤੇ ਉਹ ਬਚਾਏ ਨਾ ਜਾਣ। ਤਾਂ ਜੋ ਉਹਨਾਂ ਦੇ ਪਾਪਾਂ ਦਾ ਭਾਂਡਾ ਸਦਾ ਭਰਿਆ ਰਹੇ ਆਖਰਕਾਰ ਉਨ੍ਹਾਂ ਉੱਤੇ ਪਰਮੇਸ਼ਵਰ ਦਾ ਕ੍ਰੋਧ ਆ ਗਿਆ ਹੈ। ਪੌਲੁਸ ਥੱਸਲੁਨੀਕੀਆਂ ਨੂੰ ਵੇਖਣ ਦੀ ਇੱਛਾ ਰੱਖਦਾ ਹੈ 17 ਪਰ, ਹੇ ਭਰਾਵੋ ਅਤੇ ਭੈਣੋ, ਜਦੋਂ ਅਸੀਂ ਥੋੜੇ ਸਮੇਂ ਲਈ (ਵਿਅਕਤੀਗਤ ਰੂਪ ਵਿੱਚ, ਸੋਚ ਵਿੱਚ ਨਹੀਂ), ਤੁਹਾਡੇ ਤੋਂ ਵਿਛੜ ਕੇ ਅਨਾਥ ਹੋ ਗਏ ਸੀ, ਸਾਡੀ ਤੀਬਰ ਇੱਛਾ ਦੇ ਕਾਰਨ ਅਸੀਂ ਤੁਹਾਨੂੰ ਮਿਲਣ ਦੀ ਹਰ ਕੋਸ਼ਿਸ਼ ਕੀਤੀ। 18 ਕਿਉਂਕਿ ਅਸੀਂ ਤੁਹਾਡੇ ਕੋਲ ਵਾਪਸ ਆਉਣਾ ਚਾਹੁੰਦੇ ਸੀ, ਯਕੀਨਨ ਮੈਂ, ਪੌਲੁਸ ਨੇ, ਬਾਰ-ਬਾਰ ਆਉਣ ਦਾ ਯਤਨ ਕੀਤਾ। ਪਰ ਸ਼ੈਤਾਨ ਨੇ ਸਾਡਾ ਰਸਤਾ ਰੋਕ ਰੱਖਿਆ ਸੀ। 19 ਕਿਉਂਕਿ ਸਾਡੀ ਉਮੀਦ, ਸਾਡਾ ਅਨੰਦ, ਜਾਂ ਉਹ ਤਾਜ ਕੀ ਹੈ ਜਿਸ ਵਿੱਚ ਅਸੀਂ ਆਪਣੇ ਪ੍ਰਭੂ ਯਿਸ਼ੂ ਦੇ ਵਾਪਸ ਆਉਣ ਤੇ ਉਸਦੀ ਹਜ਼ੂਰੀ ਵਿੱਚ ਮਹਿਮਾ ਕਰਾਂਗੇ? ਕੀ ਇਹ ਤੁਸੀਂ ਨਹੀਂ? 20 ਦਰਅਸਲ, ਤੁਸੀਂ ਸਾਡੀ ਮਹਿਮਾ ਅਤੇ ਅਨੰਦ ਹੋ। |
ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™
ਕਾਪੀਰਾਈਟ ਅਧਿਕਾਰ © 2022 Biblica, Inc.
ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।
ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।
New Testament, Punjabi Contemporary Version™
Copyright © 2022 by Biblica, Inc.
Used with permission. All rights reserved worldwide.
Biblica, Inc.