Aanlyn Bybel

- Advertensies -

1 ਕੁਰਿੰਥੀ 1 - ਪੰਜਾਬੀ ਮੌਜੂਦਾ ਤਰਜਮਾ

1 ਪੌਲੁਸ, ਪਰਮੇਸ਼ਵਰ ਦੀ ਇੱਛਾ ਦੇ ਅਨੁਸਾਰ ਮਸੀਹ ਯਿਸ਼ੂ ਦਾ ਰਸੂਲ ਹੋਣ ਲਈ ਬੁਲਾਇਆ ਗਿਆ ਅਤੇ ਸਾਡੇ ਭਰਾ ਸੋਸਥਨੇਸ ਵੱਲੋਂ,

2 ਪਰਮੇਸ਼ਵਰ ਦੀ ਕਲੀਸਿਆ ਨੂੰ ਜਿਹੜੀ ਕੁਰਿੰਥੁਸ ਸ਼ਹਿਰ ਵਿੱਚ ਹੈ, ਅਰਥਾਤ ਉਹ ਜਿਹੜੇ ਮਸੀਹ ਯਿਸ਼ੂ ਵਿੱਚ ਪਵਿੱਤਰ ਕੀਤੇ ਹੋਏ ਅਤੇ ਉਸਦੇ ਪਵਿੱਤਰ ਲੋਕ ਹੋਣ ਲਈ ਬੁਲਾਏ ਗਏ ਹਨ, ਉਹਨਾਂ ਸਭਨਾਂ ਨਾਲ ਜਿਹੜੇ ਹਰੇਕ ਜਗ੍ਹਾ ਸਾਡੇ ਪ੍ਰਭੂ ਯਿਸ਼ੂ ਮਸੀਹ ਦਾ ਨਾਮ ਲੈਂਦੇ ਹਨ, ਉਹ ਉਹਨਾਂ ਦਾ ਅਤੇ ਸਾਡਾ ਵੀ ਪ੍ਰਭੂ ਹੈ:

3 ਸਾਡੇ ਪਿਤਾ ਪਰਮੇਸ਼ਵਰ ਅਤੇ ਪ੍ਰਭੂ ਯਿਸ਼ੂ ਮਸੀਹ ਦੀ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲਦੀ ਰਹੇ।


ਧੰਨਵਾਦ ਦੇਣਾ

4 ਮੈਂ ਤੁਹਾਡੇ ਲਈ ਮੇਰੇ ਪਰਮੇਸ਼ਵਰ ਦਾ ਲਗਾਤਾਰ ਧੰਨਵਾਦ ਕਰਦਾ ਹਾਂ, ਉਸਦੀ ਕਿਰਪਾ ਦੇ ਲਈ ਜਿਹੜੀ ਤੁਹਾਨੂੰ ਮਸੀਹ ਯਿਸ਼ੂ ਵਿੱਚ ਦਿੱਤੀ ਗਈ ਹੈ।

5 ਕਿਉਂ ਜੋ ਤੁਸੀਂ ਮਸੀਹ ਵਿੱਚ ਸਭ ਪ੍ਰਕਾਰ ਦੇ ਗਿਆਨ ਅਤੇ ਬੋਲਣ ਵਿੱਚ ਸੰਪੂਰਨ ਕੀਤੇ ਗਏ ਹੋ।

6 ਜਿਵੇਂ ਮਸੀਹ ਯਿਸ਼ੂ ਦੀ ਗਵਾਹੀ ਤੁਹਾਡੇ ਵਿੱਚ ਪੂਰੀ ਹੋਈ ਹੈ।

7 ਇਸ ਲਈ ਤੁਹਾਨੂੰ ਕਿਸੇ ਆਤਮਿਕ ਵਰਦਾਨ ਦੀ ਕਮੀ ਨਹੀਂ ਹੈ, ਜਿਵੇਂ ਕਿ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਪ੍ਰਗਟ ਹੋਣ ਦੀ ਉਡੀਕ ਕਰਦੇ ਹੋ।

8 ਮਸੀਹ ਤੁਹਾਨੂੰ ਅੰਤ ਤੱਕ ਕਾਇਮ ਵੀ ਰੱਖੇਗਾ, ਤਾਂ ਜੋ ਤੁਸੀਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਵਾਪਿਸ ਆਉਣ ਦੇ ਦਿਨ ਨਿਰਦੋਸ਼ ਪਾਏ ਜਾਓ।

9 ਪਰਮੇਸ਼ਵਰ ਵਫ਼ਾਦਾਰ ਹੈ, ਜਿਸਨੇ ਤੁਹਾਨੂੰ ਆਪਣੇ ਪੁੱਤਰ, ਸਾਡੇ ਪ੍ਰਭੂ ਯਿਸ਼ੂ ਮਸੀਹ ਦੀ ਸੰਗਤੀ ਵਿੱਚ ਬੁਲਾਇਆ ਹੈ।


ਕਲੀਸਿਆ ਵਿੱਚ ਫੁੱਟ

10 ਮੇਰੇ ਭਰਾਵੋ ਅਤੇ ਭੈਣੋ, ਮੈਂ ਸਾਡੇ ਪ੍ਰਭੂ ਯਿਸ਼ੂ ਮਸੀਹ ਦੇ ਨਾਮ ਦਾ ਵਾਸਤਾ ਦੇ ਕੇ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਕਿ ਤੁਸੀਂ ਸਾਰੇ ਜੋ ਬੋਲਦੇ ਹੋ ਉਸ ਵਿੱਚ ਇੱਕ ਦੂਸਰੇ ਨਾਲ ਸਹਿਮਤ ਹੋਵੋ ਤੁਹਾਡੇ ਵਿੱਚਕਾਰ ਨਾ ਕੋਈ ਵੰਡ ਹੋਵੇ, ਪਰ ਤੁਸੀਂ ਸਾਰੇ ਇੱਕ ਮਨ ਅਤੇ ਇੱਕ ਸੋਚ ਵਿੱਚ ਹੋਵੋ।

11 ਕਿਉਂਕਿ ਹੇ ਮੇਰੇ ਭਰਾਵੋ ਅਤੇ ਭੈਣੋ, ਕਲੋਏ ਦੇ ਘਰ ਦਿਆਂ ਕੋਲੋਂ ਤੁਹਾਡੇ ਬਾਰੇ ਮੈਨੂੰ ਪਤਾ ਲੱਗਾ ਹੈ ਕਿ ਤੁਹਾਡੇ ਵਿੱਚ ਝਗੜੇ ਹੁੰਦੇ ਹਨ।

12 ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਡੇ ਵਿੱਚੋਂ ਕੋਈ ਕਹਿੰਦਾ ਹੈ, “ਮੈਂ ਪੌਲੁਸ ਦੇ ਪਿੱਛੇ ਚੱਲਦਾ ਹਾਂ,” ਅਤੇ ਕੋਈ, “ਅਪੁੱਲੋਸ ਦੇ,” ਤੇ ਕੋਈ, “ਕੈਫ਼ਾਸ ਦੇ,” ਅਤੇ ਕੋਈ ਕਹਿੰਦਾ, “ਮੈਂ ਮਸੀਹ ਦੇ ਪਿੱਛੇ ਚੱਲਦਾ ਹਾਂ।”

13 ਕੀ ਮਸੀਹ ਵੰਡਿਆ ਹੋਇਆ ਹੈ? ਕੀ ਪੌਲੁਸ ਤੁਹਾਡੇ ਲਈ ਸਲੀਬ ਤੇ ਚੜ੍ਹਾਇਆ ਗਿਆ ਸੀ? ਜਾਂ ਕੀ ਤੁਹਾਨੂੰ ਪੌਲੁਸ ਦੇ ਨਾਮ ਤੇ ਬਪਤਿਸਮਾ ਦਿੱਤਾ ਗਿਆ ਸੀ, ਬਿਲਕੁੱਲ ਨਹੀਂ?

14 ਮੈਂ ਪਰਮੇਸ਼ਵਰ ਦਾ ਧੰਨਵਾਦ ਕਰਦਾ ਹਾਂ, ਜੋ ਕ੍ਰਿਸਪਸ ਅਤੇ ਗਾਯੁਸ ਤੋਂ ਬਿਨ੍ਹਾਂ ਮੈਂ ਤੁਹਾਡੇ ਵਿੱਚੋਂ ਕਿਸੇ ਹੋਰ ਨੂੰ ਬਪਤਿਸਮਾ ਨਹੀਂ ਦਿੱਤਾ।

15 ਤਾਂ ਜੋ ਕੋਈ ਇਹ ਨਾ ਆਖੇ ਕਿ ਮੇਰੇ ਨਾਮ ਉੱਤੇ ਤੁਹਾਨੂੰ ਬਪਤਿਸਮਾ ਦਿੱਤਾ ਗਿਆ ਸੀ।

16 (ਹਾਂ, ਮੈਂ ਸਤਫ਼ਨਾਸ ਦੇ ਪਰਿਵਾਰ ਨੂੰ ਵੀ ਬਪਤਿਸਮਾ ਦਿੱਤਾ; ਇਸ ਤੋਂ ਇਲਾਵਾ ਮੈਨੂੰ ਯਾਦ ਨਹੀਂ ਕਿ ਮੈਂ ਕਿਸੇ ਹੋਰ ਨੂੰ ਬਪਤਿਸਮਾ ਦਿੱਤਾ ਹੋਵੇ।)

17 ਕਿਉਂਕਿ ਮਸੀਹ ਯਿਸ਼ੂ ਨੇ ਮੈਨੂੰ ਬਪਤਿਸਮਾ ਦੇਣ ਲਈ ਨਹੀਂ, ਪਰ ਖੁਸ਼ਖ਼ਬਰੀ ਸੁਣਾਉਣ ਲਈ ਭੇਜਿਆ ਹੈ, ਉਹ ਵੀ ਸ਼ਬਦਾ ਦੇ ਗਿਆਨ ਅਨੁਸਾਰ ਨਹੀਂ, ਕਿ ਅਜਿਹਾ ਨਾ ਹੋਵੇ ਜੋ ਮਸੀਹ ਦੀ ਸਲੀਬ ਵਿਅਰਥ ਹੋ ਜਾਏ।


ਮਸੀਹ ਪਰਮੇਸ਼ਵਰ ਦੀ ਸਾਮਰਥ ਅਤੇ ਗਿਆਨ

18 ਸਲੀਬ ਦਾ ਸੰਦੇਸ਼ ਉਹਨਾਂ ਲਈ ਜਿਹੜੇ ਨਾਸ਼ ਹੋ ਰਹੇ ਹਨ, ਮੂਰਖਤਾ ਹੈ, ਪਰ ਸਾਡੇ ਲਈ ਜਿਹੜੇ ਬਚਾਏ ਗਏ ਹਾਂ ਉਹ ਪਰਮੇਸ਼ਵਰ ਦੀ ਸਮਰੱਥ ਹੈ।

19 ਕਿਉਂਕਿ ਪਵਿੱਤਰ ਸ਼ਾਸਤਰ ਵਿੱਚ ਇਹ ਲਿਖਿਆ ਹੋਇਆ ਹੈ: “ਮੈਂ ਬੁੱਧਵਾਨਾਂ ਦੀ ਬੁੱਧ ਨੂੰ ਨਾਸ਼ ਕਰਾਂਗਾ; ਅਤੇ ਸਮਝਦਾਰਾ ਦੀ ਸਮਝ ਨੂੰ ਰੱਦ ਕਰਾਂਗਾ।”

20 ਕਿੱਥੇ ਹਨ ਗਿਆਨੀ? ਕਿੱਥੇ ਹਨ ਕਾਨੂੰਨ ਦੇ ਸਿਖਾਉਣ ਵਾਲੇ? ਕਿੱਥੇ ਹਨ ਇਸ ਯੁੱਗ ਦੇ ਵਿਵਾਦੀ? ਕੀ ਪਰਮੇਸ਼ਵਰ ਨੇ ਸੰਸਾਰ ਦੀ ਬੁੱਧ ਨੂੰ ਮੂਰਖਤਾ ਨਹੀਂ ਠਹਿਰਾਇਆ?

21 ਇਸ ਲਈ ਕਿ ਜਦੋਂ ਪਰਮੇਸ਼ਵਰ ਦੀ ਬੁੱਧ ਤੋਂ ਇਸ ਤਰ੍ਹਾਂ ਹੋਇਆ ਜੋ ਸੰਸਾਰ ਨੇ ਆਪਣੀ ਬੁੱਧ ਦੇ ਕਾਰਨ ਪਰਮੇਸ਼ਵਰ ਨੂੰ ਨਾ ਜਾਣਿਆ, ਤਦ ਪਰਮੇਸ਼ਵਰ ਨੂੰ ਇਹ ਚੰਗਾ ਲੱਗਾ ਜੋ ਪ੍ਰਚਾਰ ਦੀ ਮੂਰਖਤਾਈ ਨਾਲ ਵਿਸ਼ਵਾਸੀਆ ਨੂੰ ਬਚਾਵੇ।

22 ਯਹੂਦੀ ਤਾਂ ਸਬੂਤ ਦੇ ਲਈ ਚਿੰਨ੍ਹਾ ਦੀ ਮੰਗ ਕਰਦੇ ਹਨ ਅਤੇ ਯੂਨਾਨੀ ਬੁੱਧ ਲੱਭਦੇ ਹਨ।

23 ਪਰ ਅਸੀਂ ਸਲੀਬ ਦਿੱਤੇ ਗਏ ਮਸੀਹ ਦਾ ਪ੍ਰਚਾਰ ਕਰਦੇ ਹਾਂ: ਜੋ ਯਹੂਦਿਆਂ ਲਈ ਠੋਕਰ ਦਾ ਕਾਰਨ ਅਤੇ ਗ਼ੈਰ-ਯਹੂਦੀਆਂ ਦੇ ਲਈ ਮੂਰਖਤਾਈ ਹੈ।

24 ਪਰ ਜਿਨ੍ਹਾ ਨੂੰ ਪਰਮੇਸ਼ਵਰ ਨੇ ਮੁਕਤੀ ਲਈ ਬੁਲਾਇਆ ਹੈ, ਦੋਨੇ ਯਹੂਦੀ ਅਤੇ ਯੂਨਾਨੀ ਮਸੀਹ ਪਰਮੇਸ਼ਵਰ ਦੀ ਸਮਰੱਥਾ ਅਤੇ ਪਰਮੇਸ਼ਵਰ ਦਾ ਗਿਆਨ ਹੈ।

25 ਕਿਉਂਕਿ ਪਰਮੇਸ਼ਵਰ ਦੀ ਮੂਰਖਤਾ ਮਨੁੱਖਾਂ ਦੀ ਬੁੱਧ ਨਾਲੋਂ ਕਿਤੇ ਜ਼ਿਆਦਾ ਬੁੱਧਵਾਨ ਹੈ ਅਤੇ ਪਰਮੇਸ਼ਵਰ ਦੀ ਨਿਰਬਲਤਾਈ ਮਨੁੱਖਾਂ ਦੇ ਬਲ ਨਾਲੋਂ ਕਿਤੇ ਜ਼ਿਆਦਾ ਬਲਵੰਤ ਹੈ।

26 ਭਰਾਵੋ ਅਤੇ ਭੈਣੋ, ਸੋਚੋ ਉਸ ਵਕਤ ਤੁਸੀਂ ਕੀ ਸੀ ਜਦੋਂ ਪਰਮੇਸ਼ਵਰ ਦੁਆਰਾ ਬੁਲਾਏ ਗਏ ਸੀ। ਤੁਹਾਡੇ ਵਿੱਚੋਂ ਬਹੁਤ ਸਾਰੇ ਮਨੁੱਖੀ ਆਦਰਸ਼ ਦੇ ਅਨੁਸਾਰ ਸਮਝਦਾਰ ਨਹੀਂ ਸਨ; ਬਹੁਤ ਸਾਰੇ ਪ੍ਰਭਾਵਸ਼ਾਲੀ ਨਹੀਂ ਸਨ; ਅਤੇ ਨਾ ਹੀ ਬਹੁਤ ਸਾਰੇ ਸੁੱਭ ਜਨਮੇ ਸਨ।

27 ਪਰ ਪਰਮੇਸ਼ਵਰ ਨੇ ਸੰਸਾਰ ਦੇ ਮੂਰਖਾਂ ਨੂੰ ਚੁਣ ਲਿਆ ਕਿ ਬੁੱਧਵਾਨਾਂ ਨੂੰ ਸ਼ਰਮਿੰਦਾ ਕਰੇ; ਪਰਮੇਸ਼ਵਰ ਨੇ ਸੰਸਾਰ ਦੇ ਨਿਰਬਲਾਂ ਨੂੰ ਚੁਣ ਲਿਆ ਤਾਕਿ ਬਲਵੰਤਾ ਨੂੰ ਲੱਜਿਆਵਾਨ ਕਰੇ।

28 ਪਰਮੇਸ਼ਵਰ ਨੇ ਇਸ ਸੰਸਾਰ ਦੇ ਨਿਮਾਣੇ ਜਿਹਿਆਂ ਅਤੇ ਤਿਆਗੇ ਹੋਇਆ ਨੂੰ ਅਤੇ ਉਹਨਾਂ ਨੂੰ ਜਿਹੜੇ ਹੈ ਹੀ ਨਹੀਂ ਚੁਣ ਲਿਆ ਤਾਕਿ ਉਹਨਾਂ ਜਿਹੜੇ ਹਨ ਵਿਅਰਥ ਕਰ।

29 ਤਾਂ ਜੋ ਕੋਈ ਵੀ ਮਨੁੱਖ ਪਰਮੇਸ਼ਵਰ ਅੱਗੇ ਘਮੰਡ ਨਾ ਕਰੇ।

30 ਇਹ ਪਰਮੇਸ਼ਵਰ ਦੇ ਦੁਆਰਾ ਹੋਇਆ ਕਿ ਤੁਸੀਂ ਮਸੀਹ ਯਿਸ਼ੂ ਵਿੱਚ ਹੋ, ਜਿਹੜਾ ਪਰਮੇਸ਼ਵਰ ਦੀ ਵੱਲੋਂ ਸਾਡੇ ਲਈ ਗਿਆਨ, ਧਾਰਮਿਕਤਾ, ਪਵਿੱਤਰਤਾਈ, ਅਤੇ ਛੁਟਕਾਰਾ ਬਣ ਗਿਆ।

31 ਇਸ ਲਈ, ਪਵਿੱਤਰ ਸ਼ਾਸਤਰ ਵਿੱਚ ਲਿਖਿਆ ਹੋਇਆ ਹੈ: “ਜੇ ਕੋਈ ਮਾਣ ਕਰੇ ਉਹ ਪਰਮੇਸ਼ਵਰ ਵਿੱਚ ਮਾਣ ਕਰੇ।”

ਨਵਾਂ ਨੇਮ, ਪੰਜਾਬੀ ਮੌਜੂਦਾ ਤਰਜਮਾ™

ਕਾਪੀਰਾਈਟ ਅਧਿਕਾਰ © 2022 Biblica, Inc.

ਮਨਜ਼ੂਰੀ ਨਾਲ ਵਰਤਿਆ ਜਾਂਦਾ ਹੈ।

ਸੰਸਾਰ ਭਰ ਵਿੱਚ ਸਾਰੇ ਅਧਿਕਾਰ ਰਾਖਵੇਂ ਹਨ।

New Testament, Punjabi Contemporary Version™

Copyright © 2022 by Biblica, Inc.

Used with permission. All rights reserved worldwide.

Biblica, Inc.
Volg ons:



Advertensies