ਲੇਵੀਆਂ 1 - ਪਵਿੱਤਰ ਬਾਈਬਲਸਵੈਇੱਛਤ ਬਲੀਆਂ ਅਤੇ ਭੇਟਾਂ 1 ਯਹੋਵਾਹ ਪਰਮੇਸ਼ੁਰ ਨੇ ਮੂਸਾ ਨੂੰ ਬੁਲਾਇਆ ਅਤੇ ਮੰਡਲੀ ਵਾਲੇ ਤੰਬੂ ਵਿੱਚੋਂ ਉਸ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, 2 “ਇਸਰਾਏਲ ਦੇ ਲੋਕਾਂ ਨੂੰ ਆਖ; ਜਦੋਂ ਤੁਸੀਂ ਯਹੋਵਾਹ ਲਈ ਕੋਈ ਭੇਟ ਲੈ ਕੇ ਆਵੋਂ, ਇਹ ਭੇਟ ਤੁਹਾਡੇ ਪਾਲਤੂ ਪਸ਼ੂਆਂ ਵਿੱਚੋਂ ਇੱਕ ਹੋਣੀ ਚਾਹੀਦੀ ਹੈ-ਇਹ ਗਾਂ ਵੀ ਹੋ ਸੱਕਦੀ ਹੈ, ਭੇਡ ਵੀ ਤੇ ਬੱਕਰੀ ਵੀ। 3 “ਜਦੋਂ ਕੋਈ ਬੰਦਾ ਆਪਣੇ ਪਸ਼ੂਆਂ ਵਿੱਚੋਂ ਕਿਸੇ ਇੱਕ ਨੂੰ ਹੋਮ ਦੀ ਭੇਟ ਵਜੋਂ ਪੇਸ਼ ਕਰਦਾ ਹੈ, ਉਹ ਪਸ਼ੂ ਬੇਨੁਕਸ ਨਰ ਹੋਣਾ ਚਾਹੀਦਾ ਹੈ। ਉਸ ਬੰਦੇ ਨੂੰ ਉਸ ਜਾਨਵਰ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਲਿਆਉਣਾ ਚਾਹੀਦਾ ਹੈ। ਤਾਂ ਜੋ ਯਹੋਵਾਹ ਉਸ ਭੇਟ ਨੂੰ ਪ੍ਰਵਾਨ ਕਰੇਗਾ। 4 ਉਸ ਨੂੰ ਆਪਣੇ ਹੱਥ ਉਸ ਜਾਨਵਰ ਉੱਪਰ ਰੱਖਣੇ ਚਾਹੀਦੇ ਹਨ। ਯਹੋਵਾਹ ਉਸ ਹੋਮ ਦੀ ਭੇਟ ਨੂੰ ਉਸ ਵਿਅਕਤੀ ਦੇ ਪਰਾਸਚਿਤ ਵਜੋਂ ਕਬੂਲ ਕਰੇਗਾ। 5 “ਉਸ ਬੰਦੇ ਨੂੰ ਬਲਦ ਨੂੰ ਯਹੋਵਾਹ ਦੇ ਸਾਹਮਣੇ ਮਾਰਨਾ ਚਾਹੀਦਾ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਦੇ ਨੇੜੇ ਜਗਵੇਦੀ ਉੱਤੇ ਖੂਨ ਲੈ ਕੇ ਆਉਣਾ ਚਾਹੀਦਾ ਹੈ, ਅਤੇ ਇਸ ਨੂੰ ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ। 6 ਜਾਜਕ ਨੂੰ ਜਾਨਵਰ ਦੀ ਖੱਲ ਲਾਹ ਲੈਣੀ ਚਾਹੀਦੀ ਹੈ ਅਤੇ ਜਾਨਵਰ ਨੂੰ ਟੁਕੜਿਆਂ ਵਿੱਚ ਕੱਟ ਦੇਣਾ ਚਾਹੀਦਾ ਹੈ। 7 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਤੇ ਅੱਗ ਬਾਲਣ ਅਤੇ ਫ਼ੇਰ ਅੱਗ ਉੱਤੇ ਲੱਕੜਾਂ ਚਿਣਨ। 8 ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਜਗਵੇਦੀ ਉੱਪਰ ਬਲਦੀ ਹੋਈ ਲੱਕੜੀ ਉੱਤੇ ਟੁਕੜੇ (ਸਿਰੀ ਅਤੇ ਚਰਬੀ) ਰੱਖ ਦੇਣ। 9 ਜਾਜਕਾਂ ਨੂੰ ਚਾਹੀਦਾ ਹੈ ਕਿ ਜਾਨਵਰ ਦੀਆਂ ਲੱਤਾਂ ਅਤੇ ਉਸ ਦੇ ਅੰਦਰਲੇ ਹਿੱਸਿਆਂ ਨੂੰ ਪਾਣੀ ਨਾਲ ਧੋ ਲਵੇ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ ਉਸ ਨੂੰ ਚਾਹੀਦਾ ਹੈ ਕਿ ਜਾਨਵਰ ਦੇ ਸਾਰੇ ਹਿੱਸਿਆਂ ਨੂੰ ਜਗਵੇਦੀ ਉੱਤੇ ਸਾੜ ਦੇਵੇ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਆਹੂਤੀ। ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 10 “ਜਦੋਂ ਕੋਈ ਬੰਦਾ ਭੇਡ ਜਾਂ ਬੱਕਰੀ ਨੂੰ ਹੋਮ ਦੀ ਭੇਟ ਵਜੋਂ ਚੜ੍ਹਾਉਂਦਾ ਹੈ, ਤਾਂ ਉਹ ਜਾਨਵਰ ਬੇਨੁਕਸ ਨਰ ਹੋਣਾ ਚਾਹੀਦਾ ਹੈ। 11 ਉਸ ਨੂੰ ਜਗਵੇਦੀ ਦੇ ਉੱਤਰ ਵਾਲੇ ਪਾਸੇ ਯਹੋਵਾਹ ਦੇ ਸਾਹਮਣੇ ਉਸ ਜਾਨਵਰ ਨੂੰ ਮਾਰਨਾ ਚਾਹੀਦਾ ਹੈ। ਫ਼ੇਰ ਹਾਰੂਨ ਦੇ ਪੁੱਤਰਾਂ, ਜਾਜਕਾਂ ਨੂੰ ਖੂਨ, ਸਾਰੀ ਜਗਵੇਦੀ ਉੱਤੇ ਡੋਲ੍ਹਣਾ ਚਾਹੀਦਾ ਹੈ। 12 ਫ਼ੇਰ ਜਾਜਕਾਂ ਨੂੰ ਜਾਨਵਰ ਦੇ ਟੁਕੜੇ ਕਰ ਦੇਣੇ ਚਾਹੀਦੇ ਹਨ। ਜਾਜਕਾਂ ਨੂੰ ਚਾਹੀਦਾ ਹੈ ਕਿ ਉਹ ਟੁਕੜਿਆਂ (ਸਿਰੀ ਅਤੇ ਚਰਬੀ) ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਉੱਤੇ ਰੱਖ ਦੇਵੇ। 13 ਜਾਜਕਾਂ ਨੂੰ ਜਾਨਵਰ ਦੀਆਂ ਲੱਤਾਂ ਅਤੇ ਉਸ ਦੇ ਅੰਦਰੂਨੀ ਹਿਸਿਆਂ ਨੂੰ ਪਾਣੀ ਨਾਲ ਧੋ ਲੈਣਾ ਚਾਹੀਦਾ ਹੈ। ਫ਼ੇਰ ਜਾਜਕ ਨੂੰ ਜਾਨਵਰ ਦੇ ਸਾਰੇ ਅੰਗ ਭੇਟ ਕਰ ਦੇਣੇ ਚਾਹੀਦੇ ਹਨ। ਉਸ ਨੂੰ ਜਗਵੇਦੀ ਉੱਤੇ ਜਾਨਵਰ ਨੂੰ ਸਾੜ ਦੇਣਾ ਚਾਹੀਦਾ ਹੈ। ਇਹ ਹੋਮ ਦੀ ਭੇਟਾ ਹੈ, ਅੱਗ ਨਾਲ ਦਿੱਤੀ ਹੋਈ ਬਲੀ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। 14 “ਜਦੋਂ ਕੋਈ ਵਿਅਕਤੀ ਯਹੋਵਾਹ ਨੂੰ ਹੋਮ ਦੀ ਭੇਟ ਵਜੋਂ ਇੱਕ ਪੰਛੀ ਨੂੰ ਚੜ੍ਹਾਉਂਦਾ ਹੈ, ਤਾਂ ਉਹ ਪੰਛੀ ਇੱਕ ਘੁੱਗੀ ਜਾਂ ਛੋਟਾ ਕਬੂਤਰ ਹੋਣਾ ਚਾਹੀਦਾ ਹੈ। 15 ਜਾਜਕ ਨੂੰ ਭੇਟ ਜਗਵੇਦੀ ਦੇ ਕੋਲ ਲਿਆਉਣੀ ਚਾਹੀਦੀ ਹੈ। ਉਸ ਨੂੰ ਪੰਛੀ ਦਾ ਸਿਰ ਮਰੋੜ ਦੇਣਾ ਚਾਹੀਦਾ ਅਤੇ ਇਸ ਨੂੰ ਜਗਵੇਦੀ ਉੱਤੇ ਸਾੜ ਦੇਣਾ ਚਾਹੀਦਾ ਹੈ। ਪੰਛੀ ਦੇ ਖੂਨ ਨੂੰ ਜਗਵੇਦੀ ਦੇ ਇੱਕ ਪਾਸੇ ਉੱਤੇ ਡੋਲ੍ਹ ਦੇਣਾ ਚਾਹੀਦਾ ਹੈ। 16 ਉਸ ਪੰਛੀ ਦੇ ਗਲ ਦੀ ਥੈਲੀ ਅਤੇ ਖੰਭਾਂ ਨੂੰ ਕੱਢ ਦੇਣਾ ਚਾਹੀਦਾ ਹੈ ਅਤੇ ਇਨ੍ਹਾਂ ਨੂੰ ਜਗਵੇਦੀ ਦੇ ਪੂਰਬ ਵਾਲੇ ਪਾਸੇ ਸੁੱਟ ਦੇਣਾ ਚਾਹੀਦਾ, ਜਿੱਥੇ ਉਹ ਜਗਵੇਦੀ ਤੋਂ ਰਾਖ ਪਾਉਂਦੇ ਹਨ। 17 ਫ਼ੇਰ ਉਸ ਪੰਛੀ ਨੂੰ ਇਸ ਦੇ ਪਰਾਂ ਤੋਂ ਫ਼ੜਕੇ ਪਾੜ ਦੇਣ ਚਾਹੀਦਾ ਹੈ, ਪਰ ਉਸ ਨੂੰ ਪੰਛੀ ਨੂੰ ਦੋ ਹਿੱਸਿਆਂ ਵਿੱਚ ਨਹੀਂ ਵੰਡਣਾ ਚਾਹੀਦਾ। ਉਸ ਨੂੰ ਪੰਛੀ ਨੂੰ ਜਗਵੇਦੀ ਉੱਤੇ ਬਲਦੀ ਹੋਈ ਲੱਕੜ ਤੇ ਸਾੜ ਦੇਣਾ ਚਾਹੀਦਾ। ਇਹ ਹੋਮ ਦੀ ਭੇਟ ਹੈ। ਅੱਗ ਦੁਆਰਾ ਚੜ੍ਹਾਇਆ ਗਿਆ ਚੜ੍ਹਾਵਾ ਅਤੇ ਇਸਦੀ ਸੁਗੰਧ ਯਹੋਵਾਹ ਨੂੰ ਪ੍ਰਸੰਨ ਕਰਦੀ ਹੈ। |
Punjabi Holy Bible: Easy-to-Read Version
All rights reserved.
© 2002 Bible League International
Bible League International