ਇਬਰਾਨੀ 1 - ਪਵਿੱਤਰ ਬਾਈਬਲਪਰਮੇਸ਼ੁਰ ਅਪਣੇ ਪੁੱਤਰ ਰਾਹੀਂ ਬੋਲਿਆ 1 ਅਤੀਤ ਵਿੱਚ, ਪਰਮੇਸ਼ੁਰ ਨਬੀਆਂ ਰਾਹੀਂ ਸਾਡੇ ਪੁਰਖਿਆਂ ਨਾਲ ਬੋਲਿਆ। ਪਰਮੇਸ਼ੁਰ ਨੇ ਉਨ੍ਹਾਂ ਨਾਲ ਗੱਲ ਕੀਤੀ। 2 ਅਤੇ ਹੁਣ ਇਨ੍ਹਾਂ ਆਖਰੀ ਦਿਨਾਂ ਵਿੱਚ ਪਰਮੇਸ਼ੁਰ ਨੇ ਫ਼ੇਰ ਸਾਡੇ ਨਾਲ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਡੇ ਨਾਲ ਅਪਣੇ ਪੁੱਤਰ ਰਾਹੀਂ ਗੱਲ ਕੀਤੀ ਹੈ। ਪਰਮੇਸ਼ੁਰ ਨੇ ਸਾਰੀ ਦੁਨੀਆਂ ਆਪਣੇ ਪੁੱਤਰ ਰਾਹੀਂ ਸਾਜੀ। ਪਰਮੇਸ਼ੁਰ ਨੇ ਇਸ ਨੂੰ ਆਪਣੇ ਪੁੱਤਰ ਰਾਹੀਂ ਸਾਜਿਆ। ਪਰਮੇਸ਼ੁਰ ਨੇ ਆਪਣੇ ਪੁੱਤਰ ਨੂੰ ਸਾਰੀਆਂ ਚੀਜ਼ਾਂ ਦਾ ਉੱਤਰਾਧਿਕਾਰੀ ਹੋਣ ਲਈ ਚੁਣਿਆ। 3 ਪੁੱਤਰ ਪਰਮੇਸ਼ੁਰ ਦੀ ਮਹਿਮਾ ਨੂੰ ਦਰਸ਼ਾਉਂਦਾ ਹੈ। ਉਹ ਪਰਮੇਸ਼ੁਰ ਦੇ ਸੁਭਾ ਦੀ ਸੰਪੂਰਣ ਨਕਲ ਹੈ। ਪੁੱਤਰ ਆਪਣੇ ਸ਼ਕਤੀ ਸ਼ਾਲੀ ਆਦੇਸ਼ ਰਾਹੀਂ ਹਰ ਚੀਜ਼ ਨੂੰ ਬੰਨ੍ਹ ਕੇ ਰੱਖਦਾ ਹੈ। ਪੁੱਤਰ ਨੇ ਲੋਕਾਂ ਨੂੰ ਉਨ੍ਹਾਂ ਦੇ ਪਾਪਾਂ ਤੋਂ ਸਾਫ਼ ਕਰ ਦਿੱਤਾ। ਫ਼ੇਰ ਉਹ ਸਵਰਗ ਵਿੱਚ ਰਹਿਣ ਵਾਲੇ ਮਹਾਂ ਪੁਰੱਖ ਦੇ ਸੱਜੇ ਹੱਥ ਬੈਠ ਗਿਆ। 4 ਪਰਮੇਸ਼ੁਰ ਨੇ ਉਸ ਨੂੰ ਉਹ ਨਾਮ ਦਿੱਤਾ ਜਿਹੜਾ ਕਿਸੇ ਵੀ ਦੂਤ ਦੇ ਨਾਂ ਨਾਲੋਂ ਮਹਾਨ ਸੀ। ਅਤੇ ਉਹ ਦੂਤ ਨਾਲੋਂ ਵੀ ਕਿੰਨਾ ਵੱਧੇਰੇ ਮਹਾਨ ਬਣ ਗਿਆ। 5 ਪਰਮੇਸ਼ੁਰ ਨੇ ਆਪਣੇ ਕਿਸੇ ਵੀ ਦੂਤ ਨੂੰ ਅਜਿਹੀਆਂ ਗੱਲਾਂ ਨਹੀਂ ਆਖੀਆਂ: “ਤੂੰ ਮੇਰਾ ਪੁੱਤਰ ਹੈਂ; ਅੱਜ ਮੈਂ ਤੇਰਾ ਪਿਤਾ ਬਣ ਗਿਆ ਹਾਂ।” ਪਰਮੇਸ਼ੁਰ ਨੇ ਕਦੇ ਵੀ ਕਿਸੇ ਦੂਤ ਨੂੰ ਨਹੀਂ ਆਖਿਆ, “ਮੈਂ ਉਸਦਾ ਪਿਤਾ ਹੋਵਾਂਗਾ, ਅਤੇ ਉਹ ਮੇਰਾ ਪੁੱਤਰ ਬਣੇਗਾ।” 6 ਅਤੇ ਜਦੋਂ ਪਰਮੇਸ਼ੁਰ ਆਪਣੇ ਪਹਿਲਾਂ ਜਨਮੇ ਪੁੱਤਰ ਨੂੰ ਦੁਨੀਆਂ ਅੰਦਰ ਲਿਆਵੇਗਾ, ਤਾਂ ਆਖਦਾ ਹੈ, “ਪਰਮੇਸ਼ੁਰ ਦੇ ਸਾਰੇ ਦੂਤ ਪੁੱਤਰ ਦੀ ਉਪਾਸਨਾ ਕਰਨ।” 7 ਦੂਤਾਂ ਬਾਰੇ ਪਰਮੇਸ਼ੁਰ ਨੇ ਇਹ ਆਖਿਆ, “ਪਰਮੇਸ਼ੁਰ ਆਪਣੇ ਦੂਤਾਂ ਨੂੰ ਹਵਾਵਾਂ ਵਰਗਾ ਬਣਾਉਂਦਾ ਹੈ ਅਤੇ ਆਪਣੇ ਸੇਵਕਾਂ ਨੂੰ ਅੱਗ ਦੀਆਂ ਲਾਟਾਂ ਵਰਗਾ ਬਣਾਉਂਦਾ ਹੈ।” 8 ਪਰ ਪਰਮੇਸ਼ੁਰ ਨੇ ਆਪਣੇ ਪੁੱਤਰ ਬਾਰੇ ਇਹ ਆਖਿਆ: “ਹੇ ਪਰਮੇਸ਼ੁਰ, ਤੇਰਾ ਤਖਤ ਸਦਾ ਸਦਾ ਲਈ ਸਲਾਮਤ ਰਹੇਗਾ, ਤੂੰ ਆਪਣੀ ਬਾਦਸ਼ਾਹਤ ਉੱਪਰ ਸਹੀ ਨਿਆਂ ਵਾਲੀ ਹਕੂਮਤ ਕਰੇਗਾ। 9 ਤੂੰ ਉਸੇ ਨੂੰ ਪਿਆਰ ਕੀਤਾ ਜੋ ਸਹੀ ਹੈ ਅਤੇ ਉਸ ਨੂੰ ਨਫ਼ਰਤ ਕੀਤੀ ਜੋ ਗਲਤ ਹੈ। ਇਸੇ ਲਈ, ਪਰਮੇਸ਼ੁਰ ਨੇ, ਤੇਰੇ ਪਰਮੇਸ਼ੁਰ ਨੇ, ਤੈਨੂੰ ਤੇਰੇ ਸਾਥੀਆਂ ਨਾਲੋਂ ਵੱਧੇਰੇ ਆਨੰਦ ਦਿੱਤਾ ਹੈ।” 10 ਪਰਮੇਸ਼ੁਰ ਇਹ ਵੀ ਆਖਦਾ ਹੈ, “ਹੇ ਪ੍ਰਭੂ, ਮੁੱਢ ਵਿੱਚ ਤੂੰ ਧਰਤੀ ਨੂੰ ਸਾਜਿਆ ਅਤੇ ਤੇਰੇ ਹੱਥਾਂ ਨੇ ਅਕਾਸ਼ ਨੂੰ ਸਾਜਿਆ। 11 ਇਹ ਚੀਜ਼ਾਂ ਅਲੋਪ ਹੋ ਜਾਣਗੀਆਂ ਪਰ ਤੂੰ ਰਹੇਗਾ। ਸਾਰੀਆਂ ਚੀਜ਼ਾਂ ਕੱਪੜਿਆਂ ਵਾਂਗ ਪੁਰਾਣੀਆਂ ਹੋ ਜਾਣਗੀਆਂ। 12 ਤੂੰ ਉਨ੍ਹਾਂ ਦੀ ਕੋਟ ਵਾਂਗ ਤਹਿ ਲਾਵੇਂਗਾ। ਅਤੇ ਉਹ ਕੱਪੜਿਆਂ ਵਾਂਗ ਤਬਦੀਲ ਹੋ ਜਾਣਗੀਆਂ। ਪਰ ਤੂੰ ਕਦੇ ਤਬਦੀਲ ਨਹੀਂ ਹੋਵੇਗਾ। ਅਤੇ ਤੇਰੇ ਜੀਵਨ ਦਾ ਕਦੇ ਅੰਤ ਨਹੀਂ ਹੋਵੇਗਾ।” 13 ਅਤੇ ਪਰਮੇਸ਼ੁਰ ਨੇ ਇਹ ਕਦੇ ਵੀ ਆਪਣੇ ਕਿਸੇ ਵੀ ਦੂਤ ਨੂੰ ਨਹੀਂ ਆਖਿਆ: “ਉਦੋਂ ਤੱਕ ਮੇਰੇ ਸੱਜੇ ਪਾਸੇ ਬੈਠ ਜਦੋਂ ਤੱਕ ਮੈਂ ਤੇਰੇ ਦੁਸ਼ਮਣਾਂ ਨੂੰ ਤੇਰੇ ਨਿਯੰਤ੍ਰਣ ਹੇਠਾਂ ਨਾ ਕਰ ਦੇਵਾਂ।” 14 ਸਾਰੇ ਦੂਤ, ਜਿਹੜੇ ਪਰਮੇਸ਼ੁਰ ਦੀ ਸੇਵਾ ਕਰਦੇ ਹਨ, ਆਤਮਾ ਹਨ ਅਤੇ ਉਹ ਉਨ੍ਹਾਂ ਲੋਕਾਂ ਦੀ ਸਹਾਇਤਾ ਕਰਨ ਲਈ ਭੇਜੇ ਗਏ ਹਨ ਜੋ ਮੁਕਤੀ ਪ੍ਰਾਪਤ ਕਰਦੇ ਹਨ। |
Punjabi Holy Bible: Easy-to-Read Version
All rights reserved.
© 2002 Bible League International
Bible League International