Aanlyn Bybel

- Advertensies -

ਕਹਾਉਤਾਂ 6 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਹੋਰ ਚੇਤਾਵਨੀਆਂ

1 ਹੇ ਮੇਰੇ ਪੁੱਤਰ, ਜੇ ਤੂੰ ਆਪਣੇ ਗੁਆਂਢੀ ਦਾ ਜ਼ਮਾਨਤੀ ਹੋਇਆ ਜਾਂ ਕਿਸੇ ਪਰਾਏ ਦੇ ਲਈ ਹੱਥ ਉੱਤੇ ਹੱਥ ਮਾਰ ਕੇ ਜ਼ਿੰਮੇਵਾਰੀ ਲਈ ਹੋਵੇ,

2 ਤਾਂ ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫਸ ਗਿਆ, ਤੂੰ ਆਪਣੇ ਹੀ ਮੂੰਹ ਦੇ ਬਚਨਾਂ ਨਾਲ ਫੜ੍ਹਿਆ ਗਿਆ।

3 ਸੋ ਹੇ ਮੇਰੇ ਪੁੱਤਰ, ਜਦੋਂ ਤੂੰ ਆਪਣੇ ਗੁਆਂਢੀ ਦੇ ਹੱਥ ਪੈ ਗਿਆ, ਹੁਣ ਅਜਿਹਾ ਕਰ ਤਾਂ ਤੂੰ ਛੁਟੇਂਗਾ, ਜਾ, ਨੀਵਾਂ ਹੋ ਕੇ ਆਪਣੇ ਗੁਆਂਢੀ ਨੂੰ ਮਨਾ ਲੈ।

4 ਨਾ ਆਪਣੀਆਂ ਅੱਖਾਂ ਵਿੱਚ ਨੀਂਦ ਆਉਣ ਦੇ, ਨਾ ਆਪਣੀਆਂ ਪਲਕਾਂ ਨੂੰ ਝਪਕਣ ਦੇ।

5 ਜਿਵੇਂ ਸ਼ਿਕਾਰੀ ਦੇ ਹੱਥੋਂ ਹਿਰਨੀ ਅਤੇ ਚਿੜ੍ਹੀਮਾਰ ਦੇ ਹੱਥੋਂ ਚਿੜ੍ਹੀ, ਉਸੇ ਤਰ੍ਹਾਂ ਹੀ ਆਪਣੇ ਆਪ ਨੂੰ ਛੁਡਾ ਲੈ।

6 ਹੇ ਆਲਸੀ, ਤੂੰ ਕੀੜੀ ਕੋਲ ਜਾ, ਉਹ ਦੇ ਰਾਹਾਂ ਨੂੰ ਵੇਖ ਅਤੇ ਬੁੱਧਵਾਨ ਬਣ,

7 ਜਿਸ ਦਾ ਨਾ ਕੋਈ ਆਗੂ, ਨਾ ਪ੍ਰਧਾਨ, ਨਾ ਹਾਕਮ ਹੈ,

8 ਉਹ ਆਪਣਾ ਭੋਜਨ ਗਰਮੀਆਂ ਵਿੱਚ ਜੋੜਦੀ ਅਤੇ ਵਾਢੀ ਦੇ ਵੇਲੇ ਆਪਣੀਆਂ ਖਾਣ ਵਾਲੀਆਂ ਵਸਤਾਂ ਇਕੱਠੀਆਂ ਕਰਦੀ ਹੈ।

9 ਹੇ ਆਲਸੀ, ਤੂੰ ਕਦੋਂ ਤੱਕ ਪਿਆ ਰਹੇਂਗਾ? ਤੂੰ ਕਦੋਂ ਆਪਣੀ ਨੀਂਦ ਤੋਂ ਉੱਠੇਂਗਾ?

10 ਰੱਤੀ ਕੁ ਨੀਂਦ, ਰੱਤੀ ਕੁ ਊਂਘ, ਰੱਤੀ ਕੁ ਹੱਥ ਇਕੱਠੇ ਕਰਕੇ ਲੰਮਾ ਪੈਣਾ,

11 ਇਸੇ ਤਰ੍ਹਾਂ ਗਰੀਬੀ ਡਾਕੂ ਵਾਂਗੂੰ, ਅਤੇ ਤੰਗੀ ਸ਼ਸਤਰਧਾਰੀ ਵਾਂਗੂੰ ਤੇਰੇ ਉੱਤੇ ਆ ਪਵੇਗੀ!

12 ਨਿਕੰਮਾ ਆਦਮੀ ਅਤੇ ਬੁਰਾ ਮਨੁੱਖ, ਪੁੱਠੀਆਂ ਗੱਲਾਂ ਬਕਦਾ ਹੈ।

13 ਉਹ ਅੱਖਾਂ ਮਾਰਦਾ ਹੈ ਅਤੇ ਪੈਰਾਂ ਨੂੰ ਘਸਾਉਂਦਾ, ਅਤੇ ਉਂਗਲਾਂ ਨਾਲ ਇਸ਼ਾਰੇ ਕਰਦਾ ਹੈ।

14 ਉਹ ਦਾ ਮਨ ਟੇਢਾ ਹੈ, ਉਹ ਨਿੱਤ ਬੁਰਿਆਈ ਦੀਆਂ ਜੁਗਤਾਂ ਕਰਦਾ, ਅਤੇ ਝਗੜੇ ਪਾਉਂਦਾ ਹੈ,

15 ਇਸ ਲਈ ਬਿਪਤਾ ਅਚਾਨਕ ਹੀ ਉਹ ਦੇ ਉੱਤੇ ਆ ਪਵੇਗੀ, ਇੱਕ ਪਲ ਵਿੱਚ ਹੀ ਉਹ ਨਾਸ ਹੋ ਜਾਵੇਗਾ ਅਤੇ ਬਚਣ ਦਾ ਕੋਈ ਉਪਾਅ ਨਾ ਹੋਵੇਗਾ।

16 ਛੇ ਗੱਲਾਂ ਨਾਲ ਯਹੋਵਾਹ ਵੈਰ ਰੱਖਦਾ ਹੈ, ਸਗੋਂ ਸੱਤ ਹਨ ਜਿਹੜੀਆਂ ਉਹ ਨੂੰ ਘਿਣਾਉਣੀਆਂ ਲੱਗਦੀਆਂ ਹਨ,

17 ਉੱਚੀਆਂ ਅੱਖਾਂ, ਝੂਠੀ ਜੀਭ, ਅਤੇ ਬੇਦੋਸ਼ ਦਾ ਖ਼ੂਨ ਕਰਨ ਵਾਲੇ ਹੱਥ,

18 ਉਹ ਮਨ ਜਿਹੜਾ ਖੋਟੀਆਂ ਜੁਗਤਾਂ ਕਰਦਾ ਹੈ, ਉਹ ਪੈਰ ਜਿਹੜੇ ਬੁਰਿਆਈ ਕਰਨ ਨੂੰ ਫੁਰਤੀ ਨਾਲ ਭੱਜਦੇ ਹਨ,

19 ਝੂਠਾ ਗਵਾਹ ਜਿਹੜਾ ਝੂਠ ਮਾਰਦਾ ਹੈ ਅਤੇ ਭਾਈਆਂ ਵਿੱਚ ਝਗੜਾ ਪਾਉਣ ਵਾਲਾ।


ਵਿਭਚਾਰ ਦੇ ਵਿਰੁੱਧ ਚੇਤਾਵਨੀ

20 ਹੇ ਮੇਰੇ ਪੁੱਤਰ ਤੂੰ ਆਪਣੇ ਪਿਤਾ ਦੀ ਆਗਿਆ ਮੰਨ ਅਤੇ ਆਪਣੀ ਮਾਤਾ ਦੀ ਸਿੱਖਿਆ ਨੂੰ ਨਾ ਛੱਡ।

21 ਉਹਨਾਂ ਨੂੰ ਸਦਾ ਆਪਣੇ ਮਨ ਵਿੱਚ ਬੰਨ੍ਹੀ ਰੱਖ, ਅਤੇ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ ਲੈ।

22 ਜਦ ਤੂੰ ਕਿਤੇ ਜਾਵੇਂਗਾ ਤਾਂ ਉਹ ਤੇਰੀ ਅਗਵਾਈ ਕਰਨਗੀਆਂ, ਜਦ ਤੂੰ ਲੰਮਾ ਪਵੇਂਗਾ ਤਾਂ ਉਹ ਤੇਰੀ ਰਾਖੀ ਕਰਨਗੀਆਂ,

23 ਕਿਉਂ ਜੋ ਹੁਕਮ ਦੀਵਾ, ਸਿੱਖਿਆ ਜੋਤ, ਅਤੇ ਸਿਖਾਉਣ ਵਾਲੇ ਦੀ ਤਾੜ ਜੀਵਨ ਦਾ ਰਾਹ ਹੈ।

24 ਤਾਂ ਜੋ ਉਹ ਤੈਨੂੰ ਬੁਰੀ ਔਰਤ ਤੋਂ, ਅਤੇ ਓਪਰੀ ਦੀ ਜੀਭ ਦੀਆਂ ਭਰਮਾਉਣ ਵਾਲੀਆਂ ਗੱਲਾਂ ਤੋਂ ਬਚਾਉਣ।

25 ਆਪਣੇ ਦਿਲ ਵਿੱਚ ਉਹ ਦੇ ਸੁਹੱਪਣ ਦੀ ਕਾਮਨਾ ਨਾ ਕਰ, ਨਾ ਉਹ ਆਪਣੀਆਂ ਪਲਕਾਂ ਨਾਲ ਤੈਨੂੰ ਫਸਾ ਲਵੇ,

26 ਕਿਉਂ ਜੋ ਵੇਸਵਾ ਦੇ ਕਾਰਨ ਆਦਮੀ ਰੋਟੀ ਦੇ ਟੁੱਕੜੇ ਤੱਕ ਮੋਹਤਾਜ਼ ਹੋ ਜਾਂਦਾ ਹੈ ਅਤੇ ਪਰਾਈ ਔਰਤ ਅਣਮੋਲ ਜੀਵਨ ਦਾ ਸ਼ਿਕਾਰ ਕਰ ਲੈਂਦੀ ਹੈ।

27 ਭਲਾ, ਕੋਈ ਮਨੁੱਖ ਆਪਣੀ ਬੁੱਕਲ ਵਿੱਚ ਅੱਗ ਲੈ ਸਕਦਾ ਹੈ, ਅਤੇ ਉਹ ਦੇ ਕੱਪੜੇ ਨਾ ਸੜਨ?

28 ਕੋਈ ਅੰਗਿਆਰਿਆਂ ਉੱਤੇ ਤੁਰੇ, ਅਤੇ ਉਹ ਦੇ ਪੈਰ ਨਾ ਝੁਲਸਣ?

29 ਅਜਿਹਾ ਹੀ ਉਹ ਹੈ ਜੋ ਆਪਣੇ ਗੁਆਂਢੀ ਦੀ ਔਰਤ ਕੋਲ ਜਾਂਦਾ ਹੈ, ਜੋ ਕੋਈ ਉਹ ਨੂੰ ਹੱਥ ਲਾਵੇ ਉਹ ਬਿਨ੍ਹਾਂ ਦੰਡ ਭੋਗੇ ਨਾ ਛੁੱਟੇਗਾ।

30 ਚੋਰ ਜਿਹੜਾ ਭੁੱਖ ਦੇ ਮਾਰੇ ਢਿੱਡ ਭਰਨ ਨੂੰ ਚੋਰੀ ਕਰਦਾ ਹੈ, ਉਹ ਨੂੰ ਲੋਕ ਬੁਰਾ ਨਹੀਂ ਜਾਣਦੇ,

31 ਪਰ ਜੇ ਫੜ੍ਹਿਆ ਜਾਵੇ, ਤਾਂ ਉਹ ਨੂੰ ਸੱਤ ਗੁਣਾ ਭਰਨਾ, ਸਗੋਂ ਆਪਣੇ ਘਰ ਦਾ ਸਾਰਾ ਮਾਲ ਦੇਣਾ ਪਵੇਗਾ।

32 ਜਿਹੜਾ ਕਿਸੇ ਔਰਤ ਨਾਲ ਭੋਗ ਕਰਦਾ ਹੈ ਉਹ ਨਿਰਬੁੱਧ ਹੈ, ਜਿਹੜਾ ਇਹ ਕਰਦਾ ਹੈ, ਉਹ ਆਪਣੀ ਜਾਨ ਦਾ ਨਾਸ ਕਰਦਾ ਹੈ।

33 ਉਹ ਦੇ ਲਈ ਜ਼ਖਮ ਅਤੇ ਬੇਇੱਜ਼ਤੀ ਹੋਵੇਗੀ, ਅਤੇ ਉਹ ਦੀ ਬਦਨਾਮੀ ਕਦੇ ਨਾ ਮਿਟੇਗੀ।

34 ਅਣਖ ਤਾਂ ਮਰਦ ਨੂੰ ਕ੍ਰੋਧਿਤ ਕਰਦੀ ਹੈ, ਅਤੇ ਬਦਲਾ ਲੈਣ ਦੇ ਸਮੇਂ ਉਹ ਤਰਸ ਨਹੀਂ ਖਾਵੇਗਾ।

35 ਉਹ ਕੋਈ ਮੁਆਵਜ਼ਾ ਕਬੂਲ ਨਹੀਂ ਕਰੇਗਾ, ਅਤੇ ਭਾਵੇਂ ਤੂੰ ਬਹੁਤ ਹਰਜ਼ਾਨਾ ਦੇਵੇਂ ਪਰ ਉਹ ਨਹੀਂ ਮੰਨੇਗਾ।

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies