ਕਹਾਉਤਾਂ 30 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਆਗੂਰ ਦੇ ਵਚਨ 1 ਯਾਕਹ ਦੇ ਪੁੱਤਰ ਆਗੂਰ ਦੀਆਂ ਕਹਾਉਤਾਂ, ਉਹ ਮਨੁੱਖ ਈਥੀਏਲ, ਹਾਂ ਈਥੀਏਲ ਅਤੇ ਉੱਕਾਲ ਨੂੰ ਆਖਦਾ, 2 ਸੱਚੀਂ ਮੁੱਚੀਂ ਮੈਂ ਹੋਰ ਮਨੁੱਖਾਂ ਨਾਲੋਂ ਪਸ਼ੂ ਵਰਗਾ ਹਾਂ, ਅਤੇ ਮੇਰੇ ਵਿੱਚ ਆਦਮੀ ਜਿਹੀ ਸਮਝ ਨਹੀਂ ਹੈ। 3 ਮੈਂ ਬੁੱਧ ਦੀ ਸਿੱਖਿਆ ਨਹੀਂ ਪਾਈ, ਨਾ ਹੀ ਮੈਨੂੰ ਪਵਿੱਤਰ ਪੁਰਖ ਦਾ ਗਿਆਨ ਹੈ। 4 ਅਕਾਸ਼ ਉੱਤੇ ਕੌਣ ਚੜਿਆ ਅਤੇ ਫੇਰ ਹੇਠਾਂ ਉਤਰਿਆ? ਕਿਹ ਨੇ ਪੌਣ ਨੂੰ ਆਪਣੀ ਮੁੱਠੀ ਵਿੱਚ ਸਮੇਟਿਆ? ਕਿਹ ਨੇ ਪਾਣੀਆਂ ਨੂੰ ਚਾਦਰ ਵਿੱਚ ਬੰਨਿਆ? ਕਿਹ ਨੇ ਧਰਤੀ ਦੇ ਸਾਰੇ ਬੰਨੇ ਠਹਿਰਾਏ? ਉਹ ਦਾ ਕੀ ਨਾਮ ਅਤੇ ਉਹ ਦੇ ਪੁੱਤਰ ਦਾ ਕੀ ਨਾਮ ਹੈ? ਜੇ ਤੂੰ ਜਾਣਦਾ ਹੈਂ, ਤਾਂ ਦੱਸ! 5 ਪਰਮੇਸ਼ੁਰ ਦਾ ਹਰੇਕ ਬਚਨ ਤਾਇਆ ਹੋਇਆ ਹੈ, ਜਿਹੜੇ ਉਹ ਦੀ ਸ਼ਰਨ ਵਿੱਚ ਆਉਂਦੇ ਹਨ ਉਹ ਉਹਨਾਂ ਦੀ ਢਾਲ਼ ਹੈ। 6 ਤੂੰ ਉਹ ਦੇ ਬਚਨਾਂ ਵਿੱਚ ਕੁਝ ਨਾ ਵਧਾ, ਕਿਤੇ ਐਉਂ ਨਾ ਹੋਵੇ ਭਈ ਉਹ ਤੈਨੂੰ ਤਾੜਨਾ ਦੇਵੇ ਅਤੇ ਤੂੰ ਝੂਠਾ ਨਿੱਕਲੇਂ। ਹੋਰ ਕਹਾਉਤਾਂ 7 ਮੈਂ ਤੇਰੇ ਤੋਂ ਦੋ ਵਰ ਮੰਗੇ ਹਨ, ਮੇਰੇ ਮਰਨ ਤੋਂ ਪਹਿਲਾਂ ਉਹਨਾਂ ਨੂੰ ਮੈਨੂੰ ਦੇਣ ਤੋਂ ਨਾ ਮੁੱਕਰੀਂ। 8 ਮਿੱਥਿਆ ਅਤੇ ਝੂਠ ਨੂੰ ਮੇਰੇ ਤੋਂ ਦੂਰ ਕਰ ਦੇ, ਮੈਨੂੰ ਨਾ ਤਾਂ ਗਰੀਬੀ ਨਾ ਧਨ ਦੇ, ਮੇਰੀ ਰੋਜ਼ ਦੀ ਰੋਟੀ ਮੈਨੂੰ ਖਿਲਾ, 9 ਕਿਤੇ ਮੈਂ ਰੱਜ ਪੁੱਜ ਕੇ ਮੁੱਕਰ ਜਾਂਵਾਂ ਅਤੇ ਆਖਾਂ “ਯਹੋਵਾਹ ਕੌਣ ਹੈ?” ਅਥਵਾ ਕਿਤੇ ਮੈਂ ਥੁੜਿਆ ਹੋਇਆ ਹੋਵਾਂ ਤੇ ਚੋਰੀ ਕਰਾਂ, ਅਤੇ ਆਪਣੇ ਪਰਮੇਸ਼ੁਰ ਦੇ ਨਾਮ ਦੀ ਬਦਨਾਮੀ ਕਰਾਂਵਾਂ। 10 ਦਾਸ ਦੀ ਉਹ ਦੇ ਸੁਆਮੀ ਦੇ ਅੱਗੇ ਨਿੰਦਿਆ ਨਾ ਕਰ, ਕਿਤੇ ਉਹ ਤੈਨੂੰ ਸਰਾਪ ਦੇਵੇ ਅਤੇ ਤੂੰ ਦੋਸ਼ੀ ਠਹਿਰੇਂ। 11 ਅਜਿਹੇ ਲੋਕ ਵੀ ਹਨ ਜਿਹੜੇ ਆਪਣੇ ਪਿਉ ਨੂੰ ਫਿਟਕਾਰਦੇ, ਅਤੇ ਆਪਣੀ ਮਾਂ ਨੂੰ ਮੁਬਾਰਕ ਨਹੀਂ ਕਹਿੰਦੇ। 12 ਅਜਿਹੇ ਲੋਕ ਵੀ ਹਨ ਜਿਹੜੇ ਆਪਣੀ ਨਿਗਾਹ ਵਿੱਚ ਤਾਂ ਸ਼ੁੱਧ ਹਨ, ਪਰ ਉਨ੍ਹਾਂ ਦੀ ਪਲੀਤੀ ਧੋਤੀ ਨਹੀਂ ਗਈ। 13 ਅਜਿਹੀ ਪੀੜ੍ਹੀ ਵੀ ਹੈ! ਉਹਨਾਂ ਦੀ ਦ੍ਰਿਸ਼ਟ ਕਿਹੀ ਘਮੰਡ ਭਰੀ ਹੈ, ਅਤੇ ਉਹਨਾਂ ਦੀਆਂ ਪਲਕਾਂ ਕੇਹੀਆਂ ਉਤਾਹਾਂ ਨੂੰ ਉੱਠੀਆਂ ਰਹਿੰਦੀਆਂ ਹਨ! 14 ਅਜਿਹੀ ਪੀੜ੍ਹੀ ਵੀ ਹੈ ਜਿਨ੍ਹਾਂ ਦੇ ਦੰਦ ਤਲਵਾਰਾਂ ਅਤੇ ਦਾੜਾਂ ਛੁਰੀਆਂ ਹਨ, ਭਈ ਓਹ ਮਸਕੀਨਾਂ ਨੂੰ ਧਰਤੀ ਉੱਤੋਂ ਅਤੇ ਕੰਗਾਲਾਂ ਨੂੰ ਆਦਮੀਆਂ ਵਿੱਚੋਂ ਖਾ ਜਾਣ। 15 ਜੋਕ ਦੀਆਂ ਦੋ ਧੀਆਂ ਹਨ ਜੋ ਦੇ, ਦੇ ਆਖਦੀਆਂ ਰਹਿੰਦੀਆਂ ਹਨ। ਤਿੰਨ ਚੀਜ਼ਾਂ ਹਨ ਜੋ ਕਦੀ ਰੱਜਦੀਆਂ ਹੀ ਨਹੀਂ ਸਗੋਂ ਚਾਰ ਹਨ ਜੋ ਕਦੀ ਬਸ ਨਹੀਂ ਆਖਦੀਆਂ, 16 ਪਤਾਲ ਅਤੇ ਬਾਂਝ ਦੀ ਕੁੱਖ, ਧਰਤੀ ਜੋ ਜਲ ਨਾਲ ਤ੍ਰਿਪਤ ਨਹੀਂ ਹੁੰਦੀ, ਅਤੇ ਅੱਗ ਜੋ ਕਦੀ “ਬਸ” ਨਹੀਂ ਆਖਦੀ। 17 ਜਿਹੜੀ ਅੱਖ ਪਿਉ ਦਾ ਮਖ਼ੌਲ ਉਡਾਉਂਦੀ ਹੈ, ਅਤੇ ਆਪਣੀ ਮਾਂ ਦੀ ਆਗਿਆਕਾਰੀ ਨੂੰ ਤੁੱਛ ਜਾਣਦੀ ਹੈ, ਵਾਦੀ ਦੇ ਕਾਂ ਉਹ ਨੂੰ ਖੋਦ-ਖੋਦ ਕੱਢਣਗੇ, ਅਤੇ ਗਿਰਝਾਂ ਦੇ ਬੱਚੇ ਉਹ ਨੂੰ ਖਾ ਜਾਣਗੇ। 18 ਇਹ ਤਿੰਨ ਗੱਲਾਂ ਮੇਰੇ ਲਈ ਬਾਹਲੀਆਂ ਅਚਰਜ਼ ਹਨ, ਸਗੋਂ ਚਾਰ ਹਨ ਜੋ ਮੇਰੀ ਸਮਝ ਵਿੱਚ ਨਹੀਂ ਆਉਂਦੀਆਂ, 19 ਅਕਾਸ਼ ਵਿੱਚ ਉਕਾਬ ਦਾ ਰਾਹ, ਚੱਟਾਨ ਉੱਤੇ ਸੱਪ ਦਾ ਰਾਹ, ਸਮੁੰਦਰ ਵਿੱਚ ਜਹਾਜ਼ ਦਾ ਰਾਹ, ਅਤੇ ਕੁਆਰੀ ਨਾਲ ਮਨੁੱਖ ਦੀ ਚਾਲ। 20 ਵਿਭਚਾਰਨ ਦੀ ਚਾਲ ਵੀ ਇਸ ਤਰ੍ਹਾਂ ਦੀ ਹੈ, ਉਹ ਖਾਂਦੀ ਹੈ ਅਤੇ ਮੂੰਹ ਪੂੰਝ ਲੈਂਦੀ, ਤੇ ਆਖਦੀ ਹੈ, ਮੈਂ ਕੋਈ ਬੁਰਿਆਈ ਨਹੀਂ ਕੀਤੀ। 21 ਤਿੰਨ ਗੱਲਾਂ ਕਰਕੇ ਧਰਤੀ ਕੰਬਦੀ ਹੈ ਸਗੋਂ ਚਾਰ ਗੱਲਾਂ ਕਰਕੇ, ਜਿਹੜੀਆਂ ਉਸ ਤੋਂ ਨਹੀਂ ਸਹਾਰੀਆਂ ਜਾਂਦੀਆਂ, 22 ਦਾਸ ਜਦ ਉਹ ਰਾਜਾ ਬਣ ਜਾਵੇ, ਮੂਰਖ ਜਦ ਉਹ ਰੋਟੀ ਨਾਲ ਰੱਜ ਗਿਆ ਹੋਵੇ, 23 ਘਿਣਾਉਣੀ ਔਰਤ ਜਦ ਉਹ ਵਿਆਹੀ ਜਾਵੇ, ਅਤੇ ਗੋਲੀ ਜਦ ਉਹ ਆਪਣੀ ਮਾਲਕਣ ਦੀ ਵਾਰਿਸ ਬਣੇ। 24 ਧਰਤੀ ਉੱਤੇ ਚਾਰ ਵਸਤਾਂ ਨਿੱਕੀਆਂ ਜਿਹੀਆਂ ਹਨ, ਪਰ ਤਾਂ ਵੀ ਬੜੀਆਂ ਸਿਆਣੀਆਂ ਹਨ, 25 ਕੀੜੀਆਂ ਨਿਰਬਲ ਤਾਂ ਹਨ, ਤਾਂ ਵੀ ਗਰਮੀ ਵਿੱਚ ਆਪਣਾ ਅਨਾਜ਼ ਇਕੱਠਾ ਕਰ ਲੈਂਦੀਆਂ ਹਨ, 26 ਪਹਾੜੀ ਬਿੱਜੂ ਭਾਵੇਂ ਨਿਰਬਲ ਹਨ, ਪਰ ਚਟਾਨਾਂ ਵਿੱਚ ਆਪਣਾ ਘਰ ਬਣਾਉਂਦੇ ਹਨ, 27 ਟਿੱਡੀ ਦਲ ਦਾ ਕੋਈ ਰਾਜਾ ਨਹੀਂ, ਤਾਂ ਵੀ ਓਹ ਸੱਭੇ ਦਲ ਬੰਨ ਕੇ ਨਿੱਕਲਦੀਆਂ ਹਨ, 28 ਕਿਰਲੀ ਤੂੰ ਹੱਥਾਂ ਵਿੱਚ ਫੜ ਸਕਦਾ ਹੈਂ, ਤਾਂ ਵੀ ਸ਼ਾਹੀ ਮਹਿਲਾਂ ਵਿੱਚ ਰਹਿੰਦੀ ਹੈ। 29 ਇਹ ਤਿੰਨ ਵਸਤਾਂ ਹਨ ਜਿਨ੍ਹਾਂ ਦੀ ਤੋਰ ਠਾਠ ਵਾਲੀ ਹੈ, ਸਗੋਂ ਚਾਰ ਹਨ ਜਿਨ੍ਹਾਂ ਦੀ ਚਾਲ ਸੋਹਣੀ ਹੈ, 30 ਇੱਕ ਤਾਂ ਬੱਬਰ ਸ਼ੇਰ ਜਿਹੜਾ ਸਾਰਿਆਂ ਪਸ਼ੂਆਂ ਵਿੱਚੋਂ ਜ਼ੋਰਾਵਰ ਹੈ, ਅਤੇ ਕਿਸੇ ਦੇ ਅੱਗੇ ਪਿੱਠ ਨਹੀਂ ਭੁਆਉਂਦਾ, 31 ਸ਼ਿਕਾਰੀ ਕੁੱਤਾ ਅਤੇ ਬੱਕਰਾ, ਅਤੇ ਰਾਜਾ ਜਦ ਸੈਨਾਂ ਉਹ ਦੇ ਨਾਲ ਹੈ। 32 ਜੇ ਤੂੰ ਆਪਣੇ ਆਪ ਨੂੰ ਉੱਚਿਆਂ ਕਰਕੇ ਮੂਰਖਤਾ ਕੀਤੀ ਹੈ, ਜਾਂ ਕੋਈ ਬੁਰਾ ਮਤਾ ਪਕਾਇਆ ਹੈ ਤਾਂ ਆਪਣੇ ਮੂੰਹ ਉੱਤੇ ਹੱਥ ਰੱਖ, 33 ਕਿਉਂ ਜੋ ਦੁੱਧ ਰਿੜਕਣ ਨਾਲ ਮੱਖਣ ਨਿੱਕਲਦਾ ਹੈ, ਅਤੇ ਨੱਕ ਮਰੋੜਨ ਨਾਲ ਲਹੂ ਨਿੱਕਲਦਾ ਹੈ, ਅਤੇ ਕ੍ਰੋਧ ਭੜਕਾਉਣ ਨਾਲ ਝਗੜਾ ਪੈਦਾ ਹੁੰਦਾ ਹੈ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.