ਕਹਾਉਤਾਂ 3 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਜਵਾਨਾਂ ਨੂੰ ਸਲਾਹ 1 ਹੇ ਮੇਰੇ ਪੁੱਤਰ, ਤੂੰ ਮੇਰੀ ਸਿੱਖਿਆ ਨੂੰ ਨਾ ਭੁੱਲ, ਸਗੋਂ ਆਪਣਾ ਮਨ ਲਗਾ ਕੇ ਮੇਰੇ ਹੁਕਮਾਂ ਦੀ ਪਾਲਣਾ ਕਰ, 2 ਕਿਉਂ ਜੋ ਅਜਿਹਾ ਕਰਨ ਨਾਲ ਤੇਰੀ ਉਮਰ ਅਤੇ ਜੀਵਨ ਦੇ ਸਾਲਾਂ ਵਿੱਚ ਵਾਧਾ ਹੋਵੇਗਾ ਅਤੇ ਤੂੰ ਸ਼ਾਂਤੀ ਵਿੱਚ ਵੱਸੇਂਗਾ। 3 ਦਯਾ ਅਤੇ ਸਚਿਆਈ ਤੇਰੇ ਤੋਂ ਅਲੱਗ ਨਾ ਹੋਣ, ਸਗੋਂ ਤੂੰ ਉਹਨਾਂ ਨੂੰ ਆਪਣੇ ਗਲ਼ ਦਾ ਹਾਰ ਬਣਾ, ਉਹਨਾਂ ਨੂੰ ਆਪਣੇ ਦਿਲ ਦੀ ਤਖ਼ਤੀ ਉੱਤੇ ਲਿਖ ਲੈ, 4 ਤਦ ਤੂੰ ਪਰਮੇਸ਼ੁਰ ਅਤੇ ਮਨੁੱਖਾਂ ਦੀਆਂ ਨਜ਼ਰਾਂ ਵਿੱਚ ਕਿਰਪਾ ਅਤੇ ਨੇਕਨਾਮੀ ਪਾਵੇਂਗਾ। 5 ਆਪਣੇ ਪੂਰੇ ਦਿਲ ਨਾਲ ਯਹੋਵਾਹ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਅਤਬਾਰ ਨਾ ਕਰ। 6 ਆਪਣੇ ਸਾਰਿਆਂ ਰਾਹਾਂ ਵਿੱਚ ਉਹ ਨੂੰ ਯਾਦ ਰੱਖ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। 7 ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾਹ ਦਾ ਭੈਅ ਰੱਖ ਅਤੇ ਬੁਰਿਆਈ ਤੋਂ ਦੂਰ ਰਹਿ। 8 ਇਸ ਤੋਂ ਤੇਰਾ ਸਰੀਰ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ। 9 ਆਪਣੇ ਸਾਰੇ ਮਾਲ ਅਤੇ ਆਪਣੀ ਸਾਰੀ ਪੈਦਾਵਾਰ ਦੇ ਪਹਿਲੇ ਫਲ ਨਾਲ ਯਹੋਵਾਹ ਦੀ ਮਹਿਮਾ ਕਰ, 10 ਤਾਂ ਤੇਰੇ ਖੱਤੇ ਪੈਦਾਵਾਰ ਨਾਲ ਭਰੇ-ਪੂਰੇ ਰਹਿਣਗੇ ਅਤੇ ਤੇਰੇ ਦਾਖਾਂ ਦੇ ਹੌਦ ਨਵੇਂ ਰਸ ਨਾਲ ਛਲਕਣਗੇ। 11 ਹੇ ਮੇਰੇ ਪੁੱਤਰ, ਤੂੰ ਯਹੋਵਾਹ ਦੀ ਤਾੜ ਨੂੰ ਤੁੱਛ ਨਾ ਜਾਣ ਅਤੇ ਜਦ ਉਹ ਤੈਨੂੰ ਝਿੜਕੇ ਤਾਂ ਤੂੰ ਬੁਰਾ ਨਾ ਮੰਨੀ, 12 ਕਿਉਂ ਜੋ ਯਹੋਵਾਹ ਉਸੇ ਨੂੰ ਤਾੜਦਾ ਹੈ, ਜਿਸ ਦੇ ਨਾਲ ਪਿਆਰ ਕਰਦਾ ਹੈ, ਜਿਵੇਂ ਪਿਤਾ ਉਸ ਪੁੱਤਰ ਨੂੰ ਜਿਸ ਤੋਂ ਉਹ ਪ੍ਰਸੰਨ ਹੈ। 13 ਧੰਨ ਹੈ ਉਹ ਮਨੁੱਖ ਜਿਸ ਨੂੰ ਬੁੱਧ ਲੱਭਦੀ ਹੈ ਅਤੇ ਉਹ ਪੁਰਸ਼ ਜਿਸ ਨੂੰ ਸਮਝ ਪ੍ਰਾਪਤ ਹੁੰਦੀ ਹੈ, 14 ਕਿਉਂ ਜੋ ਉਹ ਦੀ ਪ੍ਰਾਪਤੀ ਚਾਂਦੀ ਦੀ ਪ੍ਰਾਪਤੀ ਨਾਲੋਂ ਅਤੇ ਉਹ ਦਾ ਲਾਭ ਚੋਖੇ ਸੋਨੇ ਨਾਲੋਂ ਚੰਗਾ ਹੈ। 15 ਉਹ ਤਾਂ ਹੀਰੇ-ਮੋਤੀਆਂ ਨਾਲੋਂ ਵੀ ਬੇਸ਼ਕੀਮਤੀ ਹਨ ਅਤੇ ਜਿੰਨ੍ਹੀਆਂ ਵਸਤਾਂ ਦੀ ਤੈਨੂੰ ਚਾਹਤ ਹੈ, ਉਹਨਾਂ ਵਿੱਚੋਂ ਕੋਈ ਵੀ ਉਹ ਦੇ ਤੁੱਲ ਨਹੀਂ। 16 ਲੰਮੀ ਉਮਰ ਉਹ ਦੇ ਸੱਜੇ ਹੱਥ ਵਿੱਚ ਹੈ ਅਤੇ ਖੱਬੇ ਹੱਥ ਵਿੱਚ ਧਨ ਅਤੇ ਆਦਰ ਹੈ। 17 ਉਹ ਦੇ ਰਾਹ ਮਨਭਾਉਂਦੇ ਅਤੇ ਉਹ ਦੇ ਸਾਰੇ ਮਾਰਗ ਸ਼ਾਂਤੀ ਦੇ ਹਨ। 18 ਜਿਹੜੇ ਉਹ ਨੂੰ ਗ੍ਰਹਿਣ ਕਰਦੇ ਹਨ, ਉਹ ਉਹਨਾਂ ਲਈ ਜੀਵਨ ਦਾ ਰੁੱਖ ਹੈ ਅਤੇ ਜੋ ਕੋਈ ਉਹ ਨੂੰ ਫੜ੍ਹੀ ਰੱਖਦਾ ਹੈ, ਉਹ ਖੁਸ਼ ਰਹਿੰਦਾ ਹੈ। 19 ਯਹੋਵਾਹ ਨੇ ਬੁੱਧ ਨਾਲ ਧਰਤੀ ਦੀ ਨੀਂਹ ਧਰੀ ਅਤੇ ਸਮਝ ਨਾਲ ਅਕਾਸ਼ ਨੂੰ ਕਾਇਮ ਕੀਤਾ। 20 ਉਹ ਦੇ ਗਿਆਨ ਨਾਲ ਹੀ ਡੁੰਘਿਆਈਆਂ ਫੁੱਟ ਨਿੱਕਲੀਆਂ ਅਤੇ ਬੱਦਲਾਂ ਵਿੱਚੋਂ ਤ੍ਰੇਲ ਪੈਂਦੀ ਹੈ। 21 ਹੇ ਮੇਰੇ ਪੁੱਤਰ, ਬੁੱਧ ਅਤੇ ਵਿਵੇਕ ਨੂੰ ਸੰਭਾਲ ਕੇ ਰੱਖ, ਇਹਨਾਂ ਨੂੰ ਆਪਣੀਆਂ ਅੱਖੀਆਂ ਤੋਂ ਓਹਲੇ ਨਾ ਹੋਣ ਦੇ। 22 ਤਦ ਇਨ੍ਹਾਂ ਤੋਂ ਤੈਨੂੰ ਜੀਵਨ ਮਿਲੇਗਾ ਅਤੇ ਤੇਰੇ ਗਲ਼ ਲਈ ਸ਼ਿੰਗਾਰ ਹੋਣਗੀਆਂ। 23 ਤਦ ਤੂੰ ਆਪਣੇ ਰਾਹ ਵਿੱਚ ਨਿਡਰ ਚੱਲੇਂਗਾ ਅਤੇ ਤੇਰਾ ਪੈਰ ਠੇਡਾ ਨਾ ਖਾਵੇਗਾ। 24 ਜਿਸ ਵੇਲੇ ਤੂੰ ਲੰਮਾ ਪਵੇਂਗਾ ਤਾਂ ਤੈਨੂੰ ਡਰ ਨਾ ਲੱਗੇਗਾ, ਹਾਂ, ਤੂੰ ਲੰਮਾ ਪਵੇਂਗਾ ਅਤੇ ਤੇਰੀ ਨੀਂਦ ਮਿੱਠੀ ਹੋਵੇਗੀ। 25 ਅਚਾਨਕ ਆਉਣ ਵਾਲੇ ਭੈਅ ਤੋਂ ਨਾ ਡਰੀਂ ਅਤੇ ਨਾ ਹੀ ਦੁਸ਼ਟਾਂ ਉੱਤੇ ਆਉਣ ਵਾਲੀ ਬਿਪਤਾ ਤੋਂ, 26 ਕਿਉਂ ਜੋ ਯਹੋਵਾਹ ਤੇਰੀ ਆਸ ਹੋਵੇਗਾ ਅਤੇ ਉਹ ਤੇਰੇ ਪੈਰ ਨੂੰ ਫਾਹੀ ਵਿੱਚ ਫਸਣ ਤੋਂ ਬਚਾਵੇਗਾ। 27 ਜੇ ਤੇਰੇ ਵੱਸ ਵਿੱਚ ਹੋਵੇ, ਤਾਂ ਜਿਨ੍ਹਾਂ ਦਾ ਹੱਕ ਹੈ, ਉਨ੍ਹਾਂ ਦਾ ਭਲਾ ਕਰਨ ਤੋਂ ਨਾ ਰੁਕੀਂ। 28 ਜੇ ਤੇਰੇ ਕੋਲ ਹੋਵੇ ਤਾਂ ਆਪਣੇ ਗੁਆਂਢੀ ਨੂੰ ਇਹ ਨਾ ਆਖੀਂ, ਕਿ ਤੂੰ ਜਾ, ਫੇਰ ਆਵੀਂ, ਮੈਂ ਕੱਲ ਤੈਨੂੰ ਦਿਆਂਗਾ। 29 ਜਦ ਤੇਰਾ ਗੁਆਂਢੀ ਨਿਸ਼ਚਿੰਤ ਤੇਰੇ ਕੋਲ ਵੱਸਦਾ ਹੈ, ਤਾਂ ਉਹ ਦੀ ਹਾਨੀ ਦੀ ਜੁਗਤ ਨਾ ਕਰ। 30 ਜਿਸ ਨੇ ਤੇਰਾ ਕੋਈ ਵਿਗਾੜ ਨਾ ਕੀਤਾ ਹੋਵੇ, ਉਸ ਦੇ ਨਾਲ ਐਂਵੇਂ ਹੀ ਝਗੜਾ ਨਾ ਕਰ। 31 ਜ਼ਾਲਮ ਦੀ ਰੀਸ ਨਾ ਕਰ, ਨਾ ਉਹ ਦੀਆਂ ਸਾਰੀਆਂ ਗੱਲਾਂ ਵਿੱਚੋਂ ਕਿਸੇ ਉੱਤੇ ਨਾ ਚੱਲ, 32 ਕਿਉਂ ਜੋ ਟੇਡੇ ਮਨੁੱਖਾਂ ਤੋਂ ਯਹੋਵਾਹ ਨੂੰ ਘਿਣ ਆਉਂਦੀ ਹੈ, ਪਰ ਸਚਿਆਰਾਂ ਨਾਲ ਉਹ ਦੀ ਦੋਸਤੀ ਹੈ। 33 ਦੁਸ਼ਟਾਂ ਦੇ ਘਰ ਉੱਤੇ ਯਹੋਵਾਹ ਦਾ ਸਰਾਪ ਪੈਂਦਾ ਹੈ, ਪਰ ਧਰਮੀਆਂ ਦੇ ਨਿਵਾਸ ਨੂੰ ਉਹ ਬਰਕਤ ਦਿੰਦਾ ਹੈ। 34 ਸੱਚੀਂ ਮੁੱਚੀਂ ਠੱਠਾ ਕਰਨ ਵਾਲਿਆਂ ਉੱਤੇ ਉਹ ਠੱਠਾ ਮਾਰਦਾ ਹੈ, ਪਰ ਹਲੀਮਾਂ ਉੱਤੇ ਉਹ ਕਿਰਪਾ ਕਰਦਾ ਹੈ। 35 ਬੁੱਧਵਾਨ ਆਦਰ ਦੇ ਵਾਰਿਸ ਹੋਣਗੇ, ਪਰ ਮੂਰਖਾਂ ਦੀ ਤਰੱਕੀ ਸਿਰਫ਼ ਸ਼ਰਮ ਹੀ ਹੋਵੇਗੀ! |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.