ਗਿਣਤੀ 23 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਬਿਲਆਮ ਦਾ ਪਹਿਲਾ ਅਸੀਸ ਦਾ ਬਚਨ 1 ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਬਲ਼ਦ ਤੇ ਸੱਤ ਭੇਡੂ ਤਿਆਰ ਕਰ। 2 ਤਦ ਜਿਵੇਂ ਬਿਲਆਮ ਬੋਲਿਆ ਸੀ ਉਸੇ ਤਰ੍ਹਾਂ ਹੀ ਬਾਲਾਕ ਨੇ ਕੀਤਾ ਅਤੇ ਬਾਲਾਕ ਅਤੇ ਬਿਲਆਮ ਨੇ ਹਰ ਜਗਵੇਦੀ ਉੱਤੇ ਇੱਕ-ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ। 3 ਤਦ ਬਿਲਆਮ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਖੜ੍ਹਾ ਹੋ ਜਾ ਅਤੇ ਮੈਂ ਜਾਂਵਾਂਗਾ, ਸ਼ਾਇਦ ਯਹੋਵਾਹ ਮੈਨੂੰ ਮਿਲਣ ਆਵੇ। ਜਿਹੜੀ ਗੱਲ ਉਹ ਮੈਨੂੰ ਵਿਖਾਵੇਗਾ ਉਹ ਮੈਂ ਤੈਨੂੰ ਦੱਸਾਂਗਾ। ਤਦ ਉਹ ਇੱਕ ਪਰਬਤ ਉੱਤੇ ਗਿਆ। 4 ਅਤੇ ਪਰਮੇਸ਼ੁਰ ਬਿਲਆਮ ਨੂੰ ਮਿਲਿਆ ਅਤੇ ਉਹ ਨੇ ਉਸ ਨੂੰ ਆਖਿਆ, ਮੈਂ ਉਨ੍ਹਾਂ ਸੱਤਾਂ ਜਗਵੇਦੀਆਂ ਨੂੰ ਸੁਆਰ ਕੇ ਰੱਖਿਆ ਹੈ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ-ਇੱਕ ਭੇਡੂ ਚੜ੍ਹਾਇਆ ਹੈ। 5 ਤਦ ਯਹੋਵਾਹ ਨੇ ਇੱਕ ਵਾਕ ਬਿਲਆਮ ਦੇ ਮੂੰਹ ਵਿੱਚ ਪਾਇਆ ਅਤੇ ਆਖਿਆ, ਬਾਲਾਕ ਦੇ ਕੋਲ ਜਾਂ ਕੇ ਇਸ ਤਰ੍ਹਾਂ ਬੋਲੀ। 6 ਉਹ ਉਸ ਦੇ ਕੋਲ ਆਇਆ ਅਤੇ ਵੇਖੋ, ਉਹ ਆਪਣੀ ਹੋਮ ਬਲੀ ਲਈ ਖੜ੍ਹਾ ਸੀ ਅਤੇ ਉਹ ਦੇ ਨਾਲ ਮੋਆਬ ਦੇ ਸਾਰੇ ਪ੍ਰਧਾਨ ਸਨ। 7 ਉਸ ਨੇ ਆਪਣਾ ਅਗੰਮ ਵਾਕ ਆਖਿਆ, ਅਰਾਮ ਤੋਂ ਬਾਲਾਕ ਮੈਨੂੰ ਲਿਆਇਆ, ਮੋਆਬ ਦਾ ਰਾਜਾ ਪੂਰਬ ਦੇ ਪਰਬਤ ਤੋਂ, ਆ, ਮੇਰੇ ਲਈ ਯਾਕੂਬ ਨੂੰ ਸਰਾਪ ਦੇ, ਅਤੇ ਆ, ਇਸਰਾਏਲ ਨੂੰ ਘਟਾ! 8 ਮੈਂ ਕਿਵੇਂ ਉਹ ਨੂੰ ਫਿਟਕਾਰਾਂ, ਜਿਸ ਨੂੰ ਪਰਮੇਸ਼ੁਰ ਨੇ ਨਹੀਂ ਫਿਟਕਾਰਿਆ? ਅਤੇ ਮੈਂ ਕਿਵੇਂ ਉਹ ਨੂੰ ਘਟਾਵਾਂ, ਜਿਸ ਨੂੰ ਯਹੋਵਾਹ ਨੇ ਨਹੀਂ ਘਟਾਇਆ? 9 ਚੱਟਾਨ ਦੀਆਂ ਟੀਸੀਆਂ ਤੋਂ ਮੈਂ ਉਹ ਨੂੰ ਵੇਖਦਾ ਹਾਂ, ਅਤੇ ਪਰਬਤਾਂ ਤੋਂ ਮੈਂ ਉਸ ਉੱਤੇ ਨਿਗਾਹ ਮਾਰਦਾ ਹਾਂ। ਇਹ ਪਰਜਾ ਇਕੱਲੀ ਵੱਸਦੀ ਹੈ, ਅਤੇ ਕੌਮਾਂ ਦੇ ਵਿੱਚ ਉਹ ਆਪਣੇ ਆਪ ਨੂੰ ਨਹੀਂ ਗਿਣਦੀ। 10 ਯਾਕੂਬ ਦੀ ਧੂੜ ਦੇ ਕਿਣਕਿਆਂ ਨੂੰ ਕਿਸ ਨੇ ਗਿਣਿਆ? ਜਾਂ ਕਿਸ ਨੇ ਇਸਰਾਏਲ ਦੀ ਚੌਥਾਈ ਦੀ ਗਿਣਤੀ ਕੀਤੀ? ਮੈਂ ਧਰਮੀਆਂ ਦੀ ਮੌਤ ਦੀ ਤਰ੍ਹਾਂ ਮਰਾਂ, ਅਤੇ ਮੇਰਾ ਅੰਤ ਉਸ ਵਰਗਾ ਹੋਵੇ! 11 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਤੂੰ ਮੇਰੇ ਨਾਲ ਕੀ ਕੀਤਾ? ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਲਿਆਂਦਾ ਅਤੇ ਵੇਖ, ਤੂੰ ਉਨ੍ਹਾਂ ਨੂੰ ਬਰਕਤ ਹੀ ਬਰਕਤ ਦੇ ਦਿੱਤੀ! 12 ਉਸ ਨੇ ਉੱਤਰ ਦਿੱਤਾ, ਕੀ ਮੈਂ ਉਸ ਵਾਕ ਨੂੰ ਨਾ ਮੰਨਾ ਜਿਹੜਾ ਯਹੋਵਾਹ ਨੇ ਮੇਰੇ ਮੂੰਹ ਵਿੱਚ ਪਾਇਆ? ਬਿਲਆਮ ਦਾ ਦੂਸਰਾ ਅਸੀਸ ਦਾ ਬਚਨ 13 ਤਾਂ ਬਾਲਾਕ ਨੇ ਉਸ ਨੂੰ ਆਖਿਆ, ਤੂੰ ਮੇਰੇ ਨਾਲ ਦੂਜੇ ਥਾਂ ਨੂੰ ਚੱਲ ਜਿੱਥੋਂ ਤੂੰ ਉਨ੍ਹਾਂ ਨੂੰ ਵੇਖੇਂ। ਤੂੰ ਉਨ੍ਹਾਂ ਦਾ ਬਾਹਰਲਾ ਹਿੱਸਾ ਹੀ ਵੇਖੇਂ ਪਰ ਉਨ੍ਹਾਂ ਨੂੰ ਸਾਰਾ ਨਾ ਵੇਖੇਂ ਅਤੇ ਉੱਥੋਂ ਉਨ੍ਹਾਂ ਨੂੰ ਮੇਰੇ ਲਈ ਸਰਾਪ ਦੇ। 14 ਫੇਰ ਉਹ ਉਸ ਨੂੰ ਸੋਫ਼ੀਮ ਦੇ ਮੈਦਾਨ ਵਿੱਚ ਜਿਹੜੀ ਪਿਸਗਾਹ ਦੀ ਟੀਸੀ ਉੱਤੇ ਹੈ ਲੈ ਗਿਆ ਅਤੇ ਉਹ ਨੇ ਸੱਤ ਜਗਵੇਦੀਆਂ ਬਣਾ ਕੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ। 15 ਤਾਂ ਉਸ ਨੇ ਬਾਲਾਕ ਨੂੰ ਆਖਿਆ, ਆਪਣੇ ਚੜ੍ਹਾਵੇ ਕੋਲ ਇੱਥੇ ਖੜ੍ਹਾ ਹੋ ਜਾ ਜਦ ਤੱਕ ਮੈਂ ਯਹੋਵਾਹ ਨੂੰ ਉੱਥੇ ਨਾ ਮਿਲਾਂ। 16 ਤਾਂ ਯਹੋਵਾਹ ਬਿਲਆਮ ਨੂੰ ਮਿਲਿਆ ਅਤੇ ਉਸ ਦੇ ਮੂੰਹ ਵਿੱਚ ਇੱਕ ਵਾਕ ਪਾਇਆ ਅਤੇ ਆਖਿਆ, ਬਾਲਾਕ ਨੂੰ ਜਾ ਕੇ ਇਸ ਤਰ੍ਹਾਂ ਆਖੀਂ 17 ਤਾਂ ਉਹ ਉਸ ਦੇ ਕੋਲ ਗਿਆ ਅਤੇ ਵੇਖੋ ਉਹ ਆਪਣੇ ਚੜ੍ਹਾਵੇ ਕੋਲ ਮੋਆਬ ਦੇ ਹਾਕਮਾਂ ਨਾਲ ਖੜ੍ਹਾ ਸੀ, ਤਾਂ ਬਾਲਾਕ ਨੇ ਉਸ ਨੂੰ ਆਖਿਆ, ਯਹੋਵਾਹ ਦਾ ਵਾਕ ਕੀ ਹੈ? ਉਸ ਨੇ ਆਪਣਾ ਅਗੰਮ ਵਾਕ ਬੋਲਿਆ, 18 ਹੇ ਬਾਲਾਕ, ਉੱਠ ਅਤੇ ਸੁਣ, ਹੇ ਸਿੱਪੋਰ ਦੇ ਪੁੱਤਰ, ਮੇਰੀਆਂ ਗੱਲਾਂ ਉੱਤੇ ਧਿਆਨ ਦੇ। 19 ਪਰਮੇਸ਼ੁਰ ਇਨਸਾਨ ਨਹੀਂ ਕਿ ਝੂਠ ਬੋਲੇ, ਨਾ ਆਦਮੀ ਦੁਆਰਾ ਜੰਮਿਆ ਹੈ ਕਿ ਉਹ ਪਛਤਾਵੇ। ਕੀ ਉਸ ਨੇ ਕੁਝ ਆਖਿਆ ਹੋਵੇ ਅਤੇ ਨਾ ਕਰੇ? ਜਾਂ ਉਹ ਬੋਲਿਆ ਹੋਵੇ ਅਤੇ ਉਹ ਪੂਰਾ ਨਾ ਹੋਇਆ ਹੋਵੇ? 20 ਵੇਖੋ, ਮੈਨੂੰ ਬਰਕਤ ਦੇਣ ਦੀ ਆਗਿਆ ਹੋਈ ਹੈ, ਉਸ ਨੇ ਬਰਕਤ ਦਿੱਤੀ, ਇਸ ਨੂੰ ਮੈਂ ਮੋੜ ਨਹੀਂ ਸਕਦਾ। 21 ਉਸ ਨੇ ਯਾਕੂਬ ਵਿੱਚ ਬੁਰਿਆਈ ਨਹੀਂ ਦੇਖੀ, ਨਾ ਇਸਰਾਏਲ ਵਿੱਚ ਚਲਾਕੀ ਵੇਖੀ। ਯਹੋਵਾਹ ਉਹ ਦਾ ਪਰਮੇਸ਼ੁਰ ਉਹ ਦੇ ਨਾਲ ਹੈ, ਅਤੇ ਰਾਜੇ ਦੀ ਲਲਕਾਰ ਉਹ ਦੇ ਵਿੱਚ ਹੈ। 22 ਪਰਮੇਸ਼ੁਰ ਉਹ ਨੂੰ ਮਿਸਰ ਤੋਂ ਲਿਆ ਰਿਹਾ ਹੈ, ਉਹਨਾਂ ਵਿੱਚ ਸਾਨ੍ਹ ਜਿਨ੍ਹਾਂ ਜ਼ੋਰ ਹੈ। 23 ਯਾਕੂਬ ਉੱਤੇ ਜਾਦੂ ਨਹੀਂ ਚੱਲਦਾ, ਨਾ ਇਸਰਾਏਲ ਉੱਤੇ ਟੂਣਾ। ਹੁਣ ਯਾਕੂਬ ਅਤੇ ਇਸਰਾਏਲ ਵਿਖੇ ਆਖਿਆ ਜਾਵੇਗਾ, ਪਰਮੇਸ਼ੁਰ ਨੇ ਕੀ ਕੀਤਾ! 24 ਇਹ ਪਰਜਾ ਸ਼ੇਰਨੀ ਵਾਂਗੂੰ ਉੱਠੇਗੀ, ਅਤੇ ਸ਼ੇਰ ਵਾਂਗੂੰ ਆਪਣੇ ਆਪ ਨੂੰ ਖੜ੍ਹਾ ਕਰੇਗੀ, ਉਹ ਨਹੀਂ ਲੇਟੇਗੀ ਜਦ ਤੱਕ ਸ਼ਿਕਾਰ ਨਾ ਖਾ ਲਵੇ, ਅਤੇ ਸ਼ਿਕਾਰ ਦਾ ਲਹੂ ਨਾ ਪੀ ਲਵੇ। 25 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਨਾ ਉਹ ਨੂੰ ਸਰਾਪ ਦੇ ਅਤੇ ਨਾ ਉਹ ਨੂੰ ਬਰਕਤ ਹੀ ਦੇ! 26 ਪਰ ਬਿਲਆਮ ਨੇ ਬਾਲਾਕ ਨੂੰ ਉੱਤਰ ਦਿੱਤਾ, ਕੀ ਮੈਂ ਤੈਨੂੰ ਨਹੀਂ ਦੱਸਿਆ ਕਿ ਜੋ ਕੁਝ ਯਹੋਵਾਹ ਮੈਨੂੰ ਆਖਦਾ ਹੈ ਮੈਨੂੰ ਉਹੀ ਕਰਨਾ ਪੈਂਦਾ ਹੈ? ਬਿਲਆਮ ਦਾ ਤੀਸਰਾ ਅਸੀਸ ਦਾ ਬਚਨ 27 ਤਾਂ ਬਾਲਾਕ ਨੇ ਬਿਲਆਮ ਨੂੰ ਆਖਿਆ, ਚੱਲ, ਮੈਂ ਤੈਨੂੰ ਇੱਕ ਹੋਰ ਥਾਂ ਲੈ ਜਾਂਵਾਂ। ਸ਼ਾਇਦ ਪਰਮੇਸ਼ੁਰ ਦੀ ਨਿਗਾਹ ਵਿੱਚ ਚੰਗਾ ਲੱਗੇ ਕਿ ਤੂੰ ਉੱਥੋਂ ਮੇਰੇ ਲਈ ਉਹਨਾਂ ਨੂੰ ਸਰਾਪ ਦੇਵੇਂ। 28 ਤਾਂ ਬਾਲਾਕ ਬਿਲਆਮ ਨੂੰ ਪੇਓਰ ਦੀ ਟੀਸੀ ਉੱਤੇ ਲੈ ਗਿਆ ਜਿਹੜੀ ਹੇਠਾਂ ਦੇ ਵੱਲ ਝੁੱਕੀ ਹੋਈ ਸੀ। 29 ਫੇਰ ਬਿਲਆਮ ਨੇ ਬਾਲਾਕ ਨੂੰ ਆਖਿਆ, ਇੱਥੇ ਮੇਰੇ ਲਈ ਸੱਤ ਜਗਵੇਦੀਆਂ ਬਣਾ ਅਤੇ ਮੇਰੇ ਲਈ ਇੱਥੇ ਸੱਤ ਬਲ਼ਦ ਅਤੇ ਸੱਤ ਭੇਡੂ ਤਿਆਰ ਕਰ। 30 ਤਾਂ ਬਾਲਾਕ ਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਬਿਲਆਮ ਨੇ ਆਖਿਆ ਅਤੇ ਹਰ ਜਗਵੇਦੀ ਉੱਤੇ ਇੱਕ ਬਲ਼ਦ ਅਤੇ ਇੱਕ ਭੇਡੂ ਚੜ੍ਹਾਇਆ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.