ਗਿਣਤੀ 15 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਬਲੀਦਾਨ ਦੇ ਬਾਰੇ ਨਿਯਮ 1 ਯਹੋਵਾਹ ਨੇ ਮੂਸਾ ਨੂੰ ਆਖਿਆ, 2 ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਦੇਸ ਵਿੱਚ ਪਹੁੰਚ ਜਾਓ ਜੋ ਤੁਹਾਡੇ ਵੱਸਣ ਲਈ ਮੈਂ ਤੁਹਾਨੂੰ ਦਿੰਦਾ ਹਾਂ। 3 ਅਤੇ ਜਦ ਤੁਸੀਂ ਯਹੋਵਾਹ ਲਈ ਅੱਗ ਦੀ ਭੇਟ ਭਾਵੇਂ ਹੋਮ ਦੀ ਭਾਵੇਂ ਬਲੀ ਦੀ ਚੜ੍ਹਾਓ ਤਾਂ ਜੋ ਤੁਸੀਂ ਸੁੱਖਣਾ ਪੂਰੀ ਕਰੋ ਜਾਂ ਖੁਸ਼ੀ ਦੀ ਭੇਟ ਵਾਂਗੂੰ ਜਾਂ ਤੁਹਾਡੇ ਠਹਿਰਾਏ ਹੋਏ ਪਰਬਾਂ ਵਿੱਚ ਦੀ ਭੇਟ ਵਾਂਗੂੰ ਤਾਂ ਜੋ ਯਹੋਵਾਹ ਲਈ ਸੁਗੰਧਤਾ ਚੋਣੇ ਤੋਂ ਜਾਂ ਇੱਜੜ ਤੋਂ ਹੋਵੇ। 4 ਤਾਂ ਚੜ੍ਹਾਉਣ ਵਾਲਾ ਯਹੋਵਾਹ ਲਈ ਮੈਦੇ ਦੀ ਭੇਟ ਲਈ ਏਫਾਹ ਦਾ ਦਸਵਾਂ ਹਿੱਸਾ ਮੈਦੇ ਦਾ ਹੀਨ ਦਾ ਚੌਥਾ ਹਿੱਸਾ ਤੇਲ ਮਿਲਿਆ ਹੋਇਆ ਚੜ੍ਹਾਵੇ। 5 ਅਤੇ ਪੀਣ ਦੀ ਭੇਟ ਲਈ ਹੀਨ ਦੀ ਚੌਥਾਈ ਮਧ ਹਰ ਭੇਡ ਦੇ ਬੱਚੇ ਪਿੱਛੇ ਤੂੰ ਉਸ ਹੋਮ ਦੀ ਭੇਟ ਨਾਲ ਜਾਂ ਬਲੀ ਨਾਲ ਤਿਆਰ ਕਰ। 6 ਭੇਡੂ ਦੇ ਨਾਲ ਮੈਦੇ ਦੀ ਭੇਟ ਦੋ ਦਸਵੇਂ ਹਿੱਸੇ ਮੈਦੇ ਦੇ ਹੀਨ ਦੀ ਤਿਹਾਈ ਤੇਲ ਮਿਲਿਆ ਹੋਇਆ ਤਿਆਰ ਕਰ। 7 ਅਤੇ ਪੀਣ ਦੀ ਭੇਟ ਲਈ ਹੀਨ ਦੀ ਤਿਹਾਈ ਮਧ ਯਹੋਵਾਹ ਲਈ ਸੁਗੰਧਤਾ ਦੀ ਭੇਟ ਕਰਕੇ ਚੜ੍ਹਾ। 8 ਜਦ ਤੂੰ ਹੋਮ ਦੀ ਭੇਟ ਜਾਂ ਬਲੀ ਲਈ ਮੇਂਢਾ ਤਿਆਰ ਕਰੇਂ ਤਾਂ ਜੋ ਸੁੱਖਣਾ ਪੂਰੀ ਹੋਵੇ ਜਾਂ ਯਹੋਵਾਹ ਲਈ ਸੁੱਖ-ਸਾਂਦ ਦੀਆਂ ਭੇਟਾਂ ਹੋਣ। 9 ਤਾਂ ਉਹ ਉਸ ਵਹਿੜੇ ਦੇ ਨਾਲ ਮੈਦੇ ਦੀ ਭੇਟ ਤਿੰਨ ਦਸਵੇਂ ਹਿੱਸੇ ਮੈਦੇ ਦੇ ਅੱਧਾ ਹੀਨ ਤੇਲ ਮਿਲਿਆ ਹੋਇਆ ਚੜ੍ਹਾਵੇ। 10 ਅਤੇ ਤੂੰ ਪੀਣ ਦੀ ਭੇਟ ਲਈ ਅੱਧਾ ਹੀਨ ਮਧ ਚੜ੍ਹਾ। ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਹੋਵੇ। 11 ਇਸ ਤਰ੍ਹਾਂ ਹਰੇਕ ਬਲ਼ਦ, ਹਰ ਭੇਡੂ, ਹਰ ਭੇਡ ਦਾ ਬੱਚਾ, ਅਤੇ ਹਰ ਮੇਮਣੇ ਲਈ ਕੀਤਾ ਜਾਵੇ। 12 ਉਨ੍ਹਾਂ ਦੀ ਗਿਣਤੀ ਅਨੁਸਾਰ ਜਿਹੜੇ ਤੁਸੀਂ ਤਿਆਰ ਕਰਦੇ ਹੋ, ਇਸੇ ਤਰ੍ਹਾਂ ਹੀ ਤੁਸੀਂ ਹਰ ਇੱਕ ਲਈ ਉਨ੍ਹਾਂ ਦੀ ਗਿਣਤੀ ਅਨੁਸਾਰ ਕਰੋ। 13 ਸਾਰੇ ਦੇਸੀ ਉਨ੍ਹਾਂ ਨਾਲ ਜਦ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਉਣ ਇਸੇ ਤਰ੍ਹਾਂ ਹੀ ਕਰਨ। 14 ਅਤੇ ਜੇ ਕੋਈ ਤੁਹਾਡੇ ਵਿੱਚ ਟਿਕਿਆ ਹੋਇਆ ਪਰਦੇਸੀ ਜਾਂ ਜੇ ਕੋਈ ਤੁਹਾਡੇ ਵਿੱਚ ਤੁਹਾਡੀਆਂ ਪੀੜ੍ਹੀਆਂ ਤੋਂ ਰਹਿੰਦਾ ਹੋਵੇ ਅਤੇ ਉਹ ਯਹੋਵਾਹ ਲਈ ਅੱਗ ਦੀ ਸੁਗੰਧਤਾ ਚੜ੍ਹਾਵੇ ਤਾਂ ਜਿਵੇਂ ਤੁਸੀਂ ਕਰਦੇ ਹੋ ਉਹ ਵੀ ਕਰੇ। 15 ਸਭਾ ਲਈ ਇੱਕੋ ਹੀ ਬਿਧੀ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੋਵੇ ਅਤੇ ਇਹ ਬਿਧੀ ਤੁਹਾਡੀ ਪੀੜ੍ਹੀਓਂ ਪੀੜ੍ਹੀ ਸਦਾ ਲਈ ਹੋਵੇ ਜਿਵੇਂ ਤੁਸੀਂ ਉਸੇ ਤਰ੍ਹਾਂ ਪਰਦੇਸੀ ਯਹੋਵਾਹ ਅੱਗੇ ਹੋ 16 ਇੱਕੋ ਬਿਵਸਥਾ ਅਤੇ ਇੱਕੋ ਹੀ ਕਨੂੰਨ ਤੁਹਾਡੇ ਲਈ ਅਤੇ ਉਸ ਪਰਦੇਸੀ ਲਈ ਹੈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੋਇਆ ਹੋਵੇ। 17 ਯਹੋਵਾਹ ਮੂਸਾ ਨਾਲ ਬੋਲਿਆ, 18 ਤੂੰ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਜਦ ਤੁਸੀਂ ਉਸ ਧਰਤੀ ਵਿੱਚ ਵੜੋ ਜਿੱਥੇ ਮੈਂ ਤੁਹਾਨੂੰ ਲਈ ਜਾਂਦਾ ਹਾਂ 19 ਤਾਂ ਅਜਿਹਾ ਹੋਵੇਗਾ ਕਿ ਜਦ ਤੁਸੀਂ ਉਸ ਧਰਤੀ ਦੀ ਰੋਟੀ ਤੋਂ ਖਾਓ ਤਾਂ ਤੁਸੀਂ ਯਹੋਵਾਹ ਲਈ ਹਿਲਾਉਣ ਦੀ ਭੇਟ ਚੜ੍ਹਾਇਓ। 20 ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਪੇੜੇ ਦਾ ਫੁਲਕਾ ਹਿਲਾਉਣ ਦੀ ਭੇਟ ਕਰਕੇ ਚੜ੍ਹਾਓ। ਜਿਵੇਂ ਪਿੜ ਦੀ ਹਿਲਾਉਣ ਦੀ ਭੇਟ ਹੈ ਉਸੇ ਤਰ੍ਹਾਂ ਇਹ ਨੂੰ ਹਿਲਾਓ। 21 ਆਪਣੇ ਗੁੰਨੇ ਹੋਏ ਆਟੇ ਦੇ ਪਹਿਲੇ ਦਾ ਪਹਿਲਾ ਪੇੜਾ ਯਹੋਵਾਹ ਲਈ ਆਪਣੀ ਪੀੜ੍ਹੀਓਂ ਪੀੜ੍ਹੀ ਹਿਲਾਉਣ ਦੀ ਭੇਟ ਕਰਕੇ ਦਿਆ ਕਰੋ। ਅਣਜਾਣੇ ਵਿੱਚ ਕੀਤਾ ਗਿਆ ਪਾਪ 22 ਜਦ ਤੁਸੀਂ ਭੁੱਲੋ ਅਤੇ ਇਹ ਸਾਰੇ ਹੁਕਮ ਪੂਰੇ ਨਾ ਕਰੋ ਜਿਹੜੇ ਯਹੋਵਾਹ ਨੇ ਮੂਸਾ ਨੂੰ ਆਖਿਆ ਹੈ। 23 ਅਰਥਾਤ ਜੋ ਕੁਝ ਯਹੋਵਾਹ ਨੇ ਮੂਸਾ ਦੇ ਰਾਹੀਂ ਤੁਹਾਨੂੰ ਹੁਕਮ ਦਿੱਤਾ ਸੀ ਜਿਸ ਦਿਨ ਤੋਂ ਯਹੋਵਾਹ ਨੇ ਹੁਕਮ ਦਿੱਤਾ ਉਸ ਤੋਂ ਅੱਗੇ ਤੁਹਾਡੀ ਪੀੜ੍ਹੀਓਂ ਪੀੜ੍ਹੀ। 24 ਤਾਂ ਇਹ ਜੇ ਉਹ ਭੁੱਲ ਕੇ ਮੰਡਲੀ ਦੀਆਂ ਅੱਖਾਂ ਤੋਂ ਦੂਰ ਕੀਤਾ ਗਿਆ ਹੋਵੇ ਤਾਂ ਸਾਰੀ ਮੰਡਲੀ ਇੱਕ ਮੇਂਢਾ ਹੋਮ ਦੀ ਬਲੀ ਲਈ ਚੜ੍ਹਾਵੇ ਜਿਹੜੀ ਯਹੋਵਾਹ ਲਈ ਸੁਗੰਧਤਾ ਹੋਵੇ ਉਸ ਦੀ ਮੈਦੇ ਦੀ ਭੇਟ ਅਤੇ ਪੀਣ ਦੀ ਭੇਟ ਸਮੇਤ ਕਨੂੰਨ ਦੇ ਅਨੁਸਾਰ ਨਾਲੇ ਪਾਪ ਬਲੀ ਲਈ ਇੱਕ ਬੱਕਰਾ। 25 ਫੇਰ ਜਾਜਕ ਇਸਰਾਏਲੀਆਂ ਦੀ ਸਾਰੀ ਮੰਡਲੀ ਲਈ ਪ੍ਰਾਸਚਿਤ ਕਰੇ ਤਾਂ ਉਹ ਮਾਫ਼ ਕੀਤੇ ਜਾਣਗੇ ਕਿਉਂ ਜੋ ਉਹ ਭੁੱਲ ਸੀ, ਉਹ ਆਪਣਾ ਅੱਗ ਦਾ ਚੜ੍ਹਾਵਾ ਅਤੇ ਪਾਪ ਬਲੀ ਆਪਣੀ ਭੁੱਲ ਲਈ ਯਹੋਵਾਹ ਅੱਗੇ ਲਿਆਵੇ। 26 ਤਾਂ ਇਸਰਾਏਲੀਆਂ ਦੀ ਸਾਰੀ ਮੰਡਲੀ ਮਾਫ਼ ਕੀਤੀ ਜਾਵੇਗੀ ਨਾਲੇ ਉਹ ਪਰਦੇਸੀ ਜਿਹੜਾ ਉਨ੍ਹਾਂ ਦੇ ਵਿੱਚ ਰਹਿ ਰਿਹਾ ਹੈ ਕਿਉਂ ਜੋ ਉਹ ਸਾਰੀ ਪਰਜਾ ਦੀ ਭੁੱਲ ਨਾਲ ਹੋਇਆ ਸੀ। 27 ਜੇ ਇੱਕੋ ਹੀ ਮਨੁੱਖ ਭੁੱਲ ਨਾਲ ਪਾਪ ਕਰੇ ਤਾਂ ਪਾਪ ਬਲੀ ਲਈ ਉਹ ਇੱਕ ਸਾਲ ਦੀ ਬੱਕਰੀ ਚੜ੍ਹਾਵੇ। 28 ਫੇਰ ਜਾਜਕ ਉਸ ਮਨੁੱਖ ਲਈ ਜਿਹੜਾ ਭੁੱਲ ਕੇ ਪਾਪ ਕਰੇ ਪ੍ਰਾਸਚਿਤ ਕਰੇ ਜਦ ਉਹ ਯਹੋਵਾਹ ਅੱਗੇ ਭੁੱਲ ਕੇ ਪਾਪ ਕਰੇ, ਉਹ ਦੇ ਲਈ ਪ੍ਰਾਸਚਿਤ ਹੋਵੇ ਤਾਂ ਉਹ ਮਾਫ਼ੀ ਪਾਵੇਗਾ। 29 ਇਸਰਾਏਲੀਆਂ ਦੇ ਦੇਸੀ ਅਤੇ ਪਰਦੇਸੀ ਲਈ ਜਿਹੜਾ ਤੁਹਾਡੇ ਵਿੱਚ ਰਹਿ ਰਿਹਾ ਹੈ ਤੁਹਾਡੇ ਲਈ ਇੱਕੋ ਹੀ ਬਿਵਸਥਾ ਹੋਵੇ ਜੇ ਕੋਈ ਭੁੱਲ ਕੇ ਪਾਪ ਕਰੇ। 30 ਜਿਹੜਾ ਮਨੁੱਖ ਜ਼ਬਰਦਸਤੀ ਕੁਝ ਕਰੇ, ਭਾਵੇਂ ਦੇਸੀ ਭਾਵੇਂ ਪਰਦੇਸੀ, ਉਹ ਯਹੋਵਾਹ ਦੇ ਵਿਰੁੱਧ ਕੁਫ਼ਰ ਬਕਦਾ ਹੈ। ਉਹ ਮਨੁੱਖ ਆਪਣਿਆਂ ਲੋਕਾਂ ਵਿੱਚੋਂ ਛੇਕਿਆ ਜਾਵੇ। 31 ਇਸ ਲਈ ਕਿ ਉਸ ਨੇ ਯਹੋਵਾਹ ਦੀ ਬਾਣੀ ਦਾ ਅਪਮਾਨ ਕੀਤਾ ਅਤੇ ਉਸ ਦਾ ਹੁਕਮ ਤੋੜਿਆ ਹੈ, ਉਹ ਮਨੁੱਖ ਜ਼ਰੂਰ ਹੀ ਛੇਕਿਆ ਜਾਵੇ। ਉਸ ਦੀ ਸਜ਼ਾ ਉਸ ਦੇ ਉੱਤੇ ਹੋਵੇਗੀ। ਸਬਤ ਦੇ ਨਿਯਮ ਦੀ ਉਲੰਘਣਾ 32 ਜਦ ਇਸਰਾਏਲੀ ਉਜਾੜ ਵਿੱਚ ਸਨ ਤਾਂ ਉਨ੍ਹਾਂ ਨੂੰ ਇੱਕ ਮਨੁੱਖ ਸਬਤ ਦੇ ਦਿਨ ਵਿੱਚ ਲੱਕੜੀਆਂ ਚੁਗਦਾ ਹੋਇਆ ਮਿਲਿਆ। 33 ਤਾਂ ਜਿਨ੍ਹਾਂ ਨੂੰ ਉਹ ਲੱਕੜੀਆਂ ਚੁਗਦਿਆਂ ਮਿਲਿਆ ਸੀ ਉਹ ਉਸ ਨੂੰ ਮੂਸਾ, ਹਾਰੂਨ ਅਤੇ ਸਾਰੀ ਮੰਡਲੀ ਦੇ ਕੋਲ ਲਿਆਏ। 34 ਤਾਂ ਉਨ੍ਹਾਂ ਨੇ ਉਸ ਨੂੰ ਬੰਦੀਖ਼ਾਨੇ ਦੇ ਵਿੱਚ ਰੱਖਿਆ ਕਿਉਂ ਜੋ ਅਜੇ ਤੱਕ ਇਹ ਨਹੀਂ ਪਤਾ ਸੀ ਅਜਿਹੇ ਮਨੁੱਖ ਨਾਲ ਕੀ ਕਰਨਾ ਚਾਹੀਦਾ ਹੈ। 35 ਤਾਂ ਯਹੋਵਾਹ ਨੇ ਮੂਸਾ ਨੂੰ ਫ਼ਰਮਾਇਆ ਕਿ ਉਹ ਮਨੁੱਖ ਮਾਰਿਆ ਜਾਵੇ। ਸਾਰੀ ਮੰਡਲੀ ਉਹ ਨੂੰ ਪੱਥਰਾਂ ਨਾਲ ਡੇਰੇ ਤੋਂ ਬਾਹਰ ਮਾਰੇ। 36 ਸੋ ਸਾਰੀ ਮੰਡਲੀ ਉਹ ਨੂੰ ਡੇਰੇ ਤੋਂ ਬਾਹਰ ਲੈ ਗਈ ਅਤੇ ਉਹ ਨੂੰ ਪੱਥਰਾਂ ਨਾਲ ਮਾਰਿਆ ਤਾਂ ਉਹ ਮਰ ਗਿਆ ਜਿਵੇਂ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ। ਯਾਦ ਕਰਾਉਣ ਵਾਲੀ ਝਾਲਰ 37 ਯਹੋਵਾਹ ਨੇ ਮੂਸਾ ਨੂੰ ਆਖਿਆ, 38 ਇਸਰਾਏਲੀਆਂ ਨਾਲ ਗੱਲ ਕਰ ਅਤੇ ਉਨ੍ਹਾਂ ਨੂੰ ਆਖ ਕਿ ਉਹ ਆਪਣੇ ਬਸਤਰ ਦੀ ਕਿਨਾਰੀ ਉੱਤੇ ਝਾਲਰ ਆਪਣੀਆਂ ਪੀੜ੍ਹੀਆਂ ਤੱਕ ਲਾਉਣ ਅਤੇ ਨੀਲਾ ਫੀਤਾ ਹਰ ਕਿਨਾਰੀ ਦੀ ਝਾਲਰ ਉੱਤੇ ਜੜਨ। 39 ਅਤੇ ਉਹ ਤੁਹਾਡੇ ਲਈ ਇੱਕ ਝਾਲਰ ਹੋਵੇ ਤਾਂ ਜੋ ਤੁਸੀਂ ਉਹ ਨੂੰ ਵੇਖ ਕੇ ਯਹੋਵਾਹ ਦੇ ਸਾਰੇ ਹੁਕਮ ਚੇਤੇ ਰੱਖੋ ਅਤੇ ਉਨ੍ਹਾਂ ਦੇ ਅਨੁਸਾਰ ਕੰਮ ਕਰੋ ਅਤੇ ਤੁਸੀਂ ਆਪਣੇ ਮਨਾਂ ਅਤੇ ਅੱਖਾਂ ਦੀ ਲੋਚਨਾ ਅਨੁਸਾਰ ਧੋਖਾ ਨਾ ਕਰੋ ਜਿਵੇਂ ਤੁਸੀਂ ਕਰਦੇ ਆਏ ਹੋ। 40 ਤਾਂ ਜੋ ਤੁਸੀਂ ਮੇਰੇ ਹੁਕਮ ਯਾਦ ਰੱਖੋ ਅਤੇ ਉਨ੍ਹਾਂ ਉੱਤੇ ਚੱਲੋ। ਇਸ ਤਰ੍ਹਾਂ ਤੁਸੀਂ ਆਪਣੇ ਪਰਮੇਸ਼ੁਰ ਲਈ ਪਵਿੱਤਰ ਹੋਵੋ। 41 ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ ਜੋ ਤੁਹਾਨੂੰ ਮਿਸਰ ਦੇਸ ਤੋਂ ਲਿਆਇਆ ਹਾਂ ਤਾਂ ਜੋ ਮੈਂ ਤੁਹਾਡਾ ਪਰਮੇਸ਼ੁਰ ਹੋਵਾਂ। ਮੈਂ ਯਹੋਵਾਹ ਤੁਹਾਡਾ ਪਰਮੇਸ਼ੁਰ ਹਾਂ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.