Aanlyn Bybel

- Advertensies -

ਗਿਣਤੀ 13 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਕਨਾਨ ਦੇਸ ਵਿੱਚ ਜਸੂਸ
ਬਿਵਸਥਾ 1:19-33

1 ਯਹੋਵਾਹ ਨੇ ਮੂਸਾ ਨੂੰ ਆਖਿਆ,

2 ਤੂੰ ਮਨੁੱਖਾਂ ਨੂੰ ਭੇਜ ਕਿ ਉਹ ਕਨਾਨ ਦੇਸ ਦਾ ਭੇਤ ਲੈਣ ਜਿਹੜਾ ਮੈਂ ਇਸਰਾਏਲੀਆਂ ਨੂੰ ਦਿੰਦਾ ਹਾਂ। ਉਨ੍ਹਾਂ ਦੇ ਪੁਰਖਿਆਂ ਦੀਆਂ ਗੋਤਾਂ ਤੋਂ ਇੱਕ-ਇੱਕ ਮਨੁੱਖ ਜਿਹੜਾ ਉਨ੍ਹਾਂ ਵਿੱਚ ਪ੍ਰਧਾਨ ਹੋਵੇ ਤੁਸੀਂ ਉਸ ਨੂੰ ਭੇਜੋ।

3 ਤਦ ਮੂਸਾ ਨੇ ਉਨ੍ਹਾਂ ਨੂੰ ਪਾਰਾਨ ਦੇ ਨਾਮ ਦੀ ਉਜਾੜ ਤੋਂ ਯਹੋਵਾਹ ਦੇ ਹੁਕਮ ਅਨੁਸਾਰ ਭੇਜਿਆ। ਇਹ ਸਾਰੇ ਮਨੁੱਖ ਇਸਰਾਏਲੀਆਂ ਦੇ ਮੁਖੀਏ ਸਨ।

4 ਅਤੇ ਉਹਨਾਂ ਦੇ ਨਾਮ ਇਹ ਸਨ - ਰਊਬੇਨ ਦੇ ਗੋਤ ਤੋਂ ਜ਼ੱਕੂਰ ਦਾ ਪੁੱਤਰ ਸ਼ੰਮੂਆ।

5 ਸ਼ਿਮਓਨ ਦੇ ਗੋਤ ਤੋਂ ਹੋਰੀ ਦਾ ਪੁੱਤਰ ਸ਼ਾਫਾਟ।

6 ਯਹੂਦਾਹ ਦੇ ਗੋਤ ਤੋਂ ਯਫ਼ੁੰਨਹ ਦਾ ਪੁੱਤਰ ਕਾਲੇਬ।

7 ਯਿੱਸਾਕਾਰ ਦੇ ਗੋਤ ਤੋਂ ਯੂਸੁਫ਼ ਦਾ ਪੁੱਤਰ ਯਿਗਾਲ।

8 ਇਫ਼ਰਾਈਮ ਦੇ ਗੋਤ ਤੋਂ ਨੂਨ ਦਾ ਪੁੱਤਰ ਹੋਸ਼ੇਆ।

9 ਬਿਨਯਾਮੀਨ ਦੇ ਗੋਤ ਤੋਂ ਰਾਫ਼ੂ ਦਾ ਪੁੱਤਰ ਪਲਟੀ।

10 ਜ਼ਬੂਲੁਨ ਦੇ ਗੋਤ ਤੋਂ ਸੋਦੀ ਦਾ ਪੁੱਤਰ ਗੱਦੀਏਲ।

11 ਯੂਸੁਫ਼ ਦੇ ਗੋਤ ਤੋਂ ਅਰਥਾਤ ਮਨੱਸ਼ਹ ਦੇ ਗੋਤ ਤੋਂ ਸੂਸੀ ਦਾ ਪੁੱਤਰ ਗੱਦੀ।

12 ਦਾਨ ਦੇ ਗੋਤ ਤੋਂ ਗਮੱਲੀ ਦਾ ਪੁੱਤਰ ਅੰਮੀਏਲ।

13 ਆਸ਼ੇਰ ਦੇ ਗੋਤ ਤੋਂ ਮੀਕਾਏਲ ਦਾ ਪੁੱਤਰ ਸਥੂਰ।

14 ਨਫ਼ਤਾਲੀ ਦੇ ਗੋਤ ਤੋਂ ਵਾਫ਼ਸੀ ਦਾ ਪੁੱਤਰ ਨਹਬੀ।

15 ਗਾਦ ਦੇ ਗੋਤ ਤੋਂ ਮਾਕੀ ਦਾ ਪੁੱਤਰ ਗਊਏਲ।

16 ਇਹ ਉਨ੍ਹਾਂ ਮਨੁੱਖਾਂ ਦੇ ਨਾਮ ਹਨ ਜਿਨ੍ਹਾਂ ਨੂੰ ਮੂਸਾ ਨੇ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਮੂਸਾ ਨੇ ਨੂਨ ਦੇ ਪੁੱਤਰ ਹੋਸ਼ੇਆ ਦਾ ਨਾਮ ਯਹੋਸ਼ੁਆ ਰੱਖਿਆ।

17 ਸੋ ਮੂਸਾ ਨੇ ਉਨ੍ਹਾਂ ਨੂੰ ਕਨਾਨ ਦੇਸ ਦਾ ਭੇਤ ਲੈਣ ਲਈ ਭੇਜਿਆ ਅਤੇ ਉਨ੍ਹਾਂ ਨੂੰ ਆਖਿਆ, ਇੱਧਰ ਦੱਖਣ ਵੱਲ ਉੱਪਰ ਨੂੰ ਜਾਓ ਅਤੇ ਪਰਬਤ ਉੱਤੇ ਚੜ੍ਹੋ।

18 ਅਤੇ ਉਸ ਦੇਸ ਨੂੰ ਵੇਖੋ, ਕਿ ਉਹ ਕਿਸ ਤਰ੍ਹਾਂ ਦਾ ਹੈ ਅਤੇ ਉਹ ਲੋਕ ਜਿਹੜੇ ਉਸ ਵਿੱਚ ਵੱਸਦੇ ਹਨ ਤਕੜੇ ਹਨ ਜਾਂ ਕਮਜ਼ੋਰ ਹਨ ਅਤੇ ਥੋੜ੍ਹੇ ਹਨ ਜਾਂ ਬਹੁਤ ਸਾਰੇ ਹਨ।

19 ਅਤੇ ਉਹ ਧਰਤੀ ਕਿਸ ਤਰ੍ਹਾਂ ਹੈ, ਜਿਹ ਦੇ ਵਿੱਚ ਉਹ ਵੱਸਦੇ ਹਨ, ਚੰਗੀ ਹੈ ਜਾਂ ਮਾੜੀ ਅਤੇ ਸ਼ਹਿਰ ਕਿਸ ਤਰ੍ਹਾਂ ਦੇ ਹਨ ਜਿਨ੍ਹਾਂ ਵਿੱਚ ਉਹ ਵੱਸਦੇ ਹਨ, ਤੰਬੂਆਂ ਵਾਲੇ ਹਨ ਜਾਂ ਗੜ੍ਹਾਂ ਵਾਲੇ ਹਨ।

20 ਅਤੇ ਧਰਤੀ ਕਿਹੋ ਜਿਹੀ ਹੈ, ਫ਼ਲਦਾਰ ਜਾਂ ਬੰਜਰ ਅਤੇ ਉਹ ਦੇ ਵਿੱਚ ਰੁੱਖ ਹਨ ਕਿ ਨਹੀਂ। ਤੁਸੀਂ ਤਕੜੇ ਹੋਵੋ ਅਤੇ ਉਸ ਧਰਤੀ ਦੇ ਫ਼ਲ ਤੋਂ ਕੁਝ ਲੈ ਕੇ ਆਇਓ ਕਿਉਂ ਜੋ ਉਹ ਮੌਸਮ ਪਹਿਲੀ ਪੱਕੀ ਦਾਖ਼ ਦਾ ਸੀ।

21 ਸੋ ਉਨ੍ਹਾਂ ਉੱਪਰ ਜਾ ਕੇ ਦੇਸ ਦੀ ਖ਼ੋਜ ਕੀਤੀ ਜੋ ਸੀਨ ਦੀ ਉਜਾੜ ਤੋਂ ਰਹੋਬ ਤੱਕ ਜਿਹੜਾ ਹਮਾਥ ਦੇ ਰਾਹ ਉੱਤੇ ਹੈ।

22 ਤਾਂ ਉਹ ਦੱਖਣ ਵੱਲ ਚੜ੍ਹੇ ਅਤੇ ਹਬਰੋਨ ਤੱਕ ਆਏ ਅਤੇ ਉੱਥੇ ਅਨਾਕ ਦੀ ਅੰਸ ਦੇ ਅਹੀਮਾਨ ਸ਼ੇਸ਼ਈ ਅਤੇ ਤਲਮਈ ਸਨ ਅਤੇ ਹਬਰੋਨ ਮਿਸਰ ਦੇ ਸੋਆਨ ਤੋਂ ਸੱਤ ਸਾਲ ਪਹਿਲਾਂ ਬਣਿਆ ਸੀ।

23 ਫੇਰ ਉਹ ਅਸ਼ਕੋਲ ਦੀ ਘਾਟੀ ਤੱਕ ਆਏ ਅਤੇ ਉੱਥੇ ਦਾਖ਼ ਦੇ ਗੁੱਛੇ ਦੀ ਟਹਿਣੀ ਤੋੜੀ ਅਤੇ ਉਹ ਨੂੰ ਇੱਕ ਲਾਠੀ ਉੱਤੇ ਦੋ ਮਨੁੱਖ ਚੁੱਕ ਕੇ ਲਿਆਏ ਨਾਲੇ ਅਨਾਰ ਅਤੇ ਹੰਜ਼ੀਰ ਨੂੰ ਵੀ ਲਿਆਏ।

24 ਅਤੇ ਉਸ ਗੁੱਛੇ ਦੇ ਕਾਰਨ ਜਿਹੜਾ ਇਸਰਾਏਲੀਆਂ ਨੇ ਉੱਥੋਂ ਤੋੜਿਆ ਸੀ ਉਸ ਥਾਂ ਦਾ ਨਾਮ ਅਸ਼ਕੋਲ ਦੀ ਘਾਟੀ ਪੈ ਗਿਆ।

25 ਉਹ ਉਸ ਦੇਸ ਦਾ ਭੇਤ ਜਾਣ ਕੇ ਚਾਲ੍ਹੀਆਂ ਦਿਨਾਂ ਪਿੱਛੋਂ ਮੁੜੇ।

26 ਉਹ ਤੁਰ ਕੇ ਮੂਸਾ ਹਾਰੂਨ ਅਤੇ ਇਸਰਾਏਲੀਆਂ ਦੀ ਸਾਰੀ ਮੰਡਲੀ ਕੋਲ ਪਾਰਾਨ ਦੀ ਉਜਾੜ ਵਿੱਚ ਕਾਦੇਸ਼ ਕੋਲ ਆਏ ਅਤੇ ਸਾਰੀ ਮੰਡਲੀ ਲਈ ਖ਼ਬਰ ਲਿਆਏ ਨਾਲੇ ਉਸ ਧਰਤੀ ਦਾ ਫ਼ਲ ਵਿਖਾਇਆ।

27 ਅਤੇ ਉਨ੍ਹਾਂ ਨੇ ਉਹ ਨੂੰ ਨਿਰਣਾ ਕਰ ਕੇ ਆਖਿਆ ਕਿ ਅਸੀਂ ਉਸ ਦੇਸ ਨੂੰ ਗਏ ਜਿੱਥੇ ਤੁਸੀਂ ਸਾਨੂੰ ਭੇਜਿਆ ਸੀ। ਉੱਥੇ ਸੱਚ-ਮੁੱਚ ਦੁੱਧ ਅਤੇ ਸ਼ਹਿਦ ਵਗਦਾ ਹੈ ਅਤੇ ਇਹ ਉਹ ਦਾ ਫਲ ਹੈ।

28 ਪਰੰਤੂ ਉਸ ਦੇਸ ਦੇ ਵਾਸੀ ਬਲਵਾਨ ਹਨ ਅਤੇ ਉਸ ਦੇ ਸ਼ਹਿਰ ਗੜ੍ਹਾਂ ਵਾਲੇ ਅਤੇ ਵੱਡੇ-ਵੱਡੇ ਹਨ ਅਤੇ ਅਸੀਂ ਉੱਥੇ ਅਨਾਕ ਦੇ ਵਾਸੀਆਂ ਨੂੰ ਵੀ ਵੇਖਿਆ।

29 ਉਸ ਦੇਸ ਦੇ ਦੱਖਣ ਵੱਲ ਅਮਾਲੇਕੀ ਵੱਸਦੇ ਹਨ ਅਤੇ ਹਿੱਤੀ, ਯਬੂਸੀ, ਅਤੇ ਅਮੋਰੀ ਪਰਬਤ ਉੱਤੇ ਵੱਸਦੇ ਹਨ ਅਤੇ ਕਨਾਨੀ ਸਮੁੰਦਰ ਕੋਲ ਯਰਦਨ ਦੇ ਆਲੇ-ਦੁਆਲੇ ਵੱਸਦੇ ਹਨ।

30 ਤਦ ਕਾਲੇਬ ਨੇ ਮੂਸਾ ਦੇ ਅੱਗੇ ਪਰਜਾ ਨੂੰ ਚੁੱਪ ਕਰਾਇਆ ਅਤੇ ਆਖਿਆ, ਜ਼ਰੂਰ ਅਸੀਂ ਉੱਪਰ ਜਾਈਏ ਅਤੇ ਉਸ ਦੇਸ ਉੱਤੇ ਕਬਜ਼ਾ ਕਰੀਏ ਕਿਉਂ ਜੋ ਅਸੀਂ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਅਸੀਂ ਜ਼ਰੂਰ ਹੀ ਉਹ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ।

31 ਪਰ ਉਨ੍ਹਾਂ ਮਨੁੱਖਾਂ ਨੇ ਜਿਹੜੇ ਉਹ ਦੇ ਨਾਲ ਉੱਪਰ ਗਏ ਸਨ ਆਖਿਆ ਭਈ ਅਸੀਂ ਉਨ੍ਹਾਂ ਲੋਕਾਂ ਦੇ ਵਿਰੁੱਧ ਉੱਪਰ ਨਹੀਂ ਜਾ ਸਕਦੇ ਕਿਉਂ ਜੋ ਉਹ ਸਾਡੇ ਤੋਂ ਬਲਵਾਨ ਹਨ।

32 ਉਹ ਇਸਰਾਏਲੀਆਂ ਕੋਲ ਉਸ ਦੇਸ ਦੀ ਬੁਰੀ ਖ਼ਬਰ ਲਿਆਏ ਜਿਸ ਦਾ ਉਨ੍ਹਾਂ ਨੇ ਭੇਤ ਪਾਇਆ ਸੀ ਅਤੇ ਆਖਣ ਲੱਗੇ, ਕਿ ਜਿਸ ਦੇਸ ਦੇ ਵਿੱਚ ਦੀ ਅਸੀਂ ਲੰਘੇ, ਉਸ ਦਾ ਭੇਤ ਜਾਣੀਏ, ਉਹ ਅਜਿਹਾ ਦੇਸ ਹੈ ਜਿਹੜਾ ਆਪਣੇ ਵਾਸੀਆਂ ਨੂੰ ਖਾਂਦਾ ਹੈ ਨਾਲੇ ਸਾਰੇ ਲੋਕ ਜਿਨ੍ਹਾਂ ਨੂੰ ਅਸੀਂ ਉਸ ਵਿੱਚ ਵੇਖਿਆ ਉਹ ਵੱਡੇ-ਵੱਡੇ ਕੱਦਾਂ ਵਾਲੇ ਮਨੁੱਖ ਹਨ।

33 ਅਤੇ ਉੱਥੇ ਅਸੀਂ ਨਫ਼ੀਲੀਮ ਤੋਂ ਜਿਹੜੀ ਅਨਾਕ ਦੀ ਅੰਸ ਹੈ, ਉੱਥੇ ਦੈਂਤ ਵੇਖੇ ਅਤੇ ਅਸੀਂ ਆਪਣੀ ਨਜਰ ਵਿੱਚ ਉਹਨਾਂ ਦੇ ਅੱਗੇ ਟਿੱਡੀਆਂ ਵਰਗੇ ਹਾਂ ਅਤੇ ਅਸੀਂ ਕੁਝ ਵੀ ਨਹੀਂ ਹਾਂ।

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies