Aanlyn Bybel

- Advertensies -

ਵਿਰਲਾਪ 3 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਸਜ਼ਾ, ਤੋਬਾ ਅਤੇ ਆਸ

1 ਮੈਂ ਉਹ ਮਨੁੱਖ ਹਾਂ ਜਿਸ ਨੇ ਪਰਮੇਸ਼ੁਰ ਦੇ ਕ੍ਰੋਧ ਦੇ ਡੰਡੇ ਨਾਲ ਕਸ਼ਟ ਭੋਗਿਆ ਹੈ,

2 ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈਨੂੰ ਚਾਨਣ ਵਿੱਚ ਨਹੀਂ ਸਗੋਂ ਹਨੇਰੇ ਵਿੱਚ ਚਲਾਇਆ।

3 ਸੱਚ-ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ!

4 ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ, ਉਸ ਨੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ।

5 ਉਸ ਨੇ ਮੇਰੇ ਵਿਰੁੱਧ ਕਿਲ੍ਹਾ ਬਣਾਇਆ, ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ।

6 ਉਸ ਨੇ ਮੈਨੂੰ ਲੰਬੇ ਸਮੇਂ ਤੋਂ ਮਰ ਚੁੱਕੇ ਲੋਕਾਂ ਵਾਂਗੂੰ ਹਨੇਰੇ ਸਥਾਨਾਂ ਵਿੱਚ ਵਸਾਇਆ ਹੈ।

7 ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਹੀਂ ਨਿੱਕਲ ਸਕਦਾ, ਉਸ ਨੇ ਮੇਰੀਆਂ ਸੰਗਲਾਂ ਭਾਰੀਆਂ ਕਰ ਦਿੱਤੀਆਂ ਹਨ।

8 ਹਾਂ, ਜਦ ਮੈਂ ਦੁਹਾਈ ਦਿੰਦਾ ਅਤੇ ਚਿੱਲਾਉਂਦਾ ਹਾਂ, ਉਹ ਮੇਰੀ ਪ੍ਰਾਰਥਨਾ ਨਹੀਂ ਸੁਣਦਾ।

9 ਉਹ ਨੇ ਮੇਰੇ ਰਾਹ ਨੂੰ ਘੜ੍ਹੇ ਹੋਏ ਪੱਥਰਾਂ ਨਾਲ ਬੰਦ ਕੀਤਾ, ਉਸ ਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ।

10 ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ, ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ।

11 ਉਸ ਨੇ ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ, ਅਤੇ ਮੇਰੇ ਟੁੱਕੜੇ-ਟੁੱਕੜੇ ਕਰਕੇ ਮੈਨੂੰ ਬਰਬਾਦ ਕੀਤਾ।

12 ਉਸ ਨੇ ਆਪਣਾ ਧਣੁੱਖ ਖਿੱਚਿਆ, ਅਤੇ ਮੈਨੂੰ ਤੀਰਾਂ ਦੇ ਨਿਸ਼ਾਨੇ ਵਾਂਗੂੰ ਖੜ੍ਹਾ ਕੀਤਾ।

13 ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ।

14 ਮੈਂ ਆਪਣੇ ਸਾਰੇ ਲੋਕਾਂ ਲਈ ਮਖੌਲ, ਅਤੇ ਸਾਰਾ ਦਿਨ ਉਨ੍ਹਾਂ ਦੇ ਤਾਹਨਿਆਂ ਦਾ ਗੀਤ ਹੋ ਗਿਆ ਹਾਂ।

15 ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ, ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ।

16 ਉਸ ਨੇ ਮੇਰੇ ਦੰਦ ਰੋੜਿਆਂ ਨਾਲ ਤੋੜ ਦਿੱਤੇ, ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ ਹੈ।

17 ਤੂੰ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ, ਮੈਂ ਸੁੱਖ ਨੂੰ ਭੁੱਲ ਗਿਆ ਹਾਂ।

18 ਇਸ ਲਈ ਮੈਂ ਆਖਿਆ, ਮੇਰਾ ਬਲ ਨਾਸ ਹੋ ਗਿਆ, ਅਤੇ ਯਹੋਵਾਹ ਵੱਲੋਂ ਮੇਰੀ ਆਸ ਵੀ ਟੁੱਟ ਗਈ।

19 ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ, ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ!

20 ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ, ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ।

21 ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ, ਇਸ ਲਈ ਮੈਨੂੰ ਆਸ ਹੈ।

22 ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ, ਕਿਉਂ ਜੋ ਉਸ ਦੀ ਦਯਾ ਅਟੁੱਟ ਹੈ!

23 ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ, ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ।

24 ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ, ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ।

25 ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ, ਉਸ ਦੇ ਲਈ ਯਹੋਵਾਹ ਭਲਾ ਹੈ।

26 ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਓ ਲਈ ਆਸ ਰੱਖੇ।

27 ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ।

28 ਉਹ ਇਕੱਲਾ ਅਤੇ ਚੁੱਪ ਰਹੇ, ਕਿਉਂ ਜੋ ਪਰਮੇਸ਼ੁਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ।

29 ਉਹ ਆਪਣਾ ਮੂੰਹ ਮਿੱਟੀ ਵਿੱਚ ਰੱਖੇ, ਸ਼ਾਇਦ ਕੁਝ ਆਸ ਹੋਵੇ!

30 ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ, ਉਹ ਨਿੰਦਿਆ ਸਹਿ ਲਵੇ!

31 ਕਿਉਂ ਜੋ ਪ੍ਰਭੂ ਸਦਾ ਲਈ ਨਹੀਂ ਛੱਡੇਗਾ।

32 ਭਾਵੇਂ ਉਹ ਦੁੱਖ ਵੀ ਦੇਵੇ, ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ।

33 ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ, ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ।

34 ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ,

35 ਅੱਤ ਮਹਾਨ ਦੇ ਸਨਮੁਖ ਕਿਸੇ ਮਨੁੱਖ ਦਾ ਹੱਕ ਮਾਰਨਾ,

36 ਅਤੇ ਕਿਸੇ ਆਦਮੀ ਦਾ ਮੁਕੱਦਮਾ ਵਿਗਾੜਨਾ, ਪ੍ਰਭੂ ਵੇਖ ਨਹੀਂ ਸਕਦਾ!

37 ਕੌਣ ਕੁਝ ਆਖੇ ਅਤੇ ਉਹ ਪੂਰਾ ਹੋ ਜਾਵੇ, ਜਦ ਪ੍ਰਭੂ ਨੇ ਉਸ ਦਾ ਹੁਕਮ ਹੀ ਨਾ ਦਿੱਤਾ ਹੋਵੇ?

38 ਕੀ ਦੁੱਖ ਅਤੇ ਸੁੱਖ ਦੋਵੇਂ ਅੱਤ ਮਹਾਨ ਦੇ ਵੱਲੋਂ ਨਹੀਂ ਆਉਂਦੇ?

39 ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ, ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ?

40 ਆਓ, ਅਸੀਂ ਆਪਣੇ ਰਾਹਾਂ ਨੂੰ ਧਿਆਨ ਨਾਲ ਪਰਖੀਏ ਅਤੇ ਬਦਲੀਏ, ਅਤੇ ਯਹੋਵਾਹ ਵੱਲ ਮੁੜੀਏ!

41 ਅਸੀਂ ਆਪਣੇ ਮਨਾਂ ਅਤੇ ਆਪਣੇ ਹੱਥਾਂ ਨੂੰ ਸਵਰਗ ਦੇ ਪਰਮੇਸ਼ੁਰ ਵੱਲ ਚੁੱਕੀਏ ਅਤੇ ਆਖੀਏ,

42 ਅਸੀਂ ਅਪਰਾਧ ਅਤੇ ਵਿਦਰੋਹ ਕੀਤਾ, ਅਤੇ ਤੂੰ ਮੁਆਫ਼ ਨਹੀਂ ਕੀਤਾ।

43 ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ, ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ।

44 ਤੂੰ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ, ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ।

45 ਤੂੰ ਸਾਨੂੰ ਕੌਮਾਂ ਦੇ ਵਿਚਕਾਰ ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ।

46 ਸਾਡੇ ਸਾਰੇ ਵੈਰੀਆਂ ਨੇ ਸਾਡੇ ਵਿਰੁੱਧ ਆਪਣਾ ਮੂੰਹ ਪਸਾਰਿਆ ਹੈ,

47 ਡਰ ਅਤੇ ਫੰਦਾ, ਬਰਬਾਦੀ ਅਤੇ ਵਿਨਾਸ਼ ਸਾਡੇ ਉੱਤੇ ਆ ਪਏ ਹਨ।

48 ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਹੰਝੂਆਂ ਦੀਆਂ ਨਦੀਆਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ।

49 ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁੱਕਣਗੇ ਨਹੀਂ,

50 ਜਦ ਤੱਕ ਯਹੋਵਾਹ ਸਵਰਗ ਤੋਂ ਮੇਰੇ ਵੱਲ ਨਿਗਾਹ ਮਾਰ ਕੇ ਨਾ ਵੇਖੇ।

51 ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ, ਮੇਰੀ ਅੱਖ ਮੇਰੇ ਦਿਲ ਨੂੰ ਦੁੱਖੀ ਕਰਦੀ ਹੈ।

52 ਜਿਹੜੇ ਬਿਨ੍ਹਾਂ ਕਾਰਨ ਮੇਰੇ ਵੈਰੀ ਹਨ, ਉਹਨਾਂ ਨੇ ਚਿੜ੍ਹੀ ਦੀ ਤਰ੍ਹਾਂ ਮੇਰਾ ਪਿੱਛਾ ਕੀਤਾ ਹੈ।

53 ਉਹਨਾਂ ਨੇ ਮੈਨੂੰ ਟੋਏ ਵਿੱਚ ਸੁੱਟ ਦਿੱਤਾ, ਅਤੇ ਮੈਨੂੰ ਮਾਰਨ ਲਈ ਪੱਥਰ ਮੇਰੇ ਉੱਤੇ ਸੁੱਟੇ ਹਨ।

54 ਪਾਣੀ ਮੇਰੇ ਸਿਰ ਦੇ ਉੱਤੋਂ ਵਗੇ, ਮੈਂ ਆਖਿਆ, ਮੈਂ ਮਰ ਮਿਟਿਆ ਹਾਂ!

55 ਹੇ ਯਹੋਵਾਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ,

56 ਤੂੰ ਮੇਰੀ ਅਵਾਜ਼ ਸੁਣੀ, ਆਪਣਾ ਕੰਨ ਮੇਰੀਆਂ ਆਹਾਂ ਅਤੇ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ!

57 ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ, ਤੂੰ ਆਖਿਆ, ਨਾ ਡਰ!

58 ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ, ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ।

59 ਹੇ ਯਹੋਵਾਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ, ਤੂੰ ਮੇਰਾ ਨਿਆਂ ਕਰ!

60 ਤੂੰ ਉਹਨਾਂ ਦਾ ਬਦਲਾ ਵੇਖਿਆ ਹੈ, ਅਤੇ ਉਹ ਯੋਜਨਾਵਾਂ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ।

61 ਹੇ ਯਹੋਵਾਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ, ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ।

62 ਮੇਰੇ ਵਿਰੋਧੀਆਂ ਦੀਆਂ ਗੱਲਾਂ, ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈਂ।

63 ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ! ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹਾਂ।

64 ਹੇ ਯਹੋਵਾਹ, ਤੂੰ ਉਹਨਾਂ ਨੂੰ, ਉਹਨਾਂ ਦੇ ਹੱਥਾਂ ਦੇ ਕੰਮਾਂ ਅਨੁਸਾਰ ਬਦਲਾ ਦੇਵੇਂਗਾ।

65 ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ, ਤੇਰਾ ਸਰਾਪ ਉਹਨਾਂ ਦੇ ਉੱਤੇ ਹੋਵੇਗਾ।

66 ਹੇ ਯਹੋਵਾਹ, ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ, ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ।

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies