Aanlyn Bybel

- Advertensies -

ਯਿਰਮਿਯਾਹ 9 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ

1 ਕਾਸ਼ ਕਿ ਮੇਰਾ ਸਿਰ ਪਾਣੀ ਹੁੰਦਾ, ਅਤੇ ਮੇਰੀਆਂ ਅੱਖਾਂ ਅੰਝੂਆਂ ਦਾ ਸੋਤਾ! ਤਾਂ ਮੈਂ ਆਪਣੀ ਪਰਜਾ ਦੀ ਧੀ ਦੇ ਵੱਢਿਆਂ ਹੋਇਆਂ ਨੂੰ ਦਿਨ ਰਾਤ ਰੋਂਦਾ ਰਹਿੰਦਾ!

2 ਕਾਸ਼ ਕਿ ਮੇਰੇ ਕੋਲ ਉਜਾੜ ਵਿੱਚ ਰਾਹੀਆਂ ਲਈ ਟਿਕਾਣਾ ਹੁੰਦਾ! ਤਦ ਮੈਂ ਪਰਜਾ ਨੂੰ ਛੱਡ ਦਿੰਦਾ, ਅਤੇ ਉਹਨਾਂ ਵਿੱਚੋਂ ਚੱਲਿਆ ਜਾਂਦਾ! ਕਿਉਂ ਜੋ ਉਹ ਸਾਰਿਆਂ ਦੇ ਸਾਰੇ ਵਿਭਚਾਰੀ ਹਨ, ਉਹ ਬੇਈਮਾਨਾਂ ਦੀ ਟੋਲੀ ਹਨ।

3 ਉਹ ਆਪਣੀ ਜੀਭ ਨੂੰ ਧਣੁੱਖ ਵਾਂਗੂੰ ਝੂਠ ਲਈ ਲਿਫਾਉਂਦੇ ਹਨ, ਉਹ ਦੇਸ ਵਿੱਚ ਸੂਰਮੇ ਹਨ, ਪਰ ਸਚਿਆਈ ਲਈ ਨਹੀਂ, ਕਿਉਂ ਜੋ ਉਹ ਬਦੀ ਤੋਂ ਬਦੀ ਤੱਕ ਵਧਦੇ ਜਾਂਦੇ ਹਨ, ਉਹ ਮੈਨੂੰ ਨਹੀਂ ਜਾਣਦੇ ਯਹੋਵਾਹ ਦਾ ਵਾਕ ਹੈ।

4 ਤੁਹਾਡੇ ਵਿੱਚੋਂ ਹਰੇਕ ਆਪਣੇ ਗੁਆਂਢੀ ਤੋਂ ਚੌਕਸ ਰਹੇ, ਤੁਸੀਂ ਕਿਸੇ ਭਰਾ ਉੱਤੇ ਭਰੋਸਾ ਨਾ ਰੱਖੋ, ਹਰੇਕ ਭਰਾ ਤਾਂ ਦੂਜੇ ਦਾ ਥਾਂ ਖੋਹ ਲੈਂਦਾ ਹੈ, ਹਰ ਗੁਆਂਢੀ ਚੁਗਲਖ਼ੋਰ ਹੈ।

5 ਹਰੇਕ ਆਪਣੇ ਗੁਆਂਢੀ ਨਾਲ ਠੱਠਾ ਮਾਰਦਾ ਹੈ, ਕੋਈ ਸੱਚ ਨਹੀਂ ਬੋਲਦਾ। ਉਹਨਾਂ ਆਪਣੀ ਜੀਭ ਨੂੰ ਝੂਠ ਬੋਲਣਾ ਸਿਖਾਲਿਆ ਹੈ, ਉਹ ਬਦੀ ਕਰਨ ਨਾਲ ਥੱਕ ਜਾਂਦੇ ਹਨ। ਤੇਰਾ ਵਸੇਬਾ ਧੋਖੇ ਦੇ ਵਿਚਕਾਰ ਹੈ,

6 ਧੋਖੇ ਦੇ ਕਾਰਨ ਉਹ ਮੇਰੇ ਜਾਣਨ ਤੋਂ ਇਨਕਾਰ ਕਰਦੇ ਹਨ, ਯਹੋਵਾਹ ਦਾ ਵਾਕ ਹੈ।

7 ਇਸ ਲਈ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਉਹਨਾਂ ਨੂੰ ਤਾਵਾਂਗਾ ਅਤੇ ਉਹਨਾਂ ਨੂੰ ਪਰਖਾਂਗਾ, ਆਪਣੀ ਪਰਜਾ ਲਈ ਮੇਰੇ ਅੱਗੇ ਕਰਨ ਨੂੰ ਹੋਰ ਕੀ ਹੈ?

8 ਉਹਨਾਂ ਦੀ ਜੀਭ ਮਾਰ ਸੁੱਟਣ ਵਾਲਾ ਤੀਰ ਹੈ, ਉਹ ਧੋਖੇ ਦੀ ਗੱਲ ਕਰਦੀ ਹੈ। ਹਰੇਕ ਆਪਣੇ ਮੂੰਹ ਤੋਂ ਆਪਣੇ ਗੁਆਂਢੀ ਨੂੰ ਸ਼ਾਂਤੀ ਆਖਦਾ ਹੈ, ਪਰ ਆਪਣੇ ਦਿਲ ਵਿੱਚ ਉਹ ਉਸ ਦੀ ਤਾੜ ਵਿੱਚ ਲੱਗਾ ਹੋਇਆ ਹੈ।

9 ਯਹੋਵਾਹ ਦਾ ਵਾਕ ਹੈ, - ਕੀ ਇਸ ਗੱਲ ਦੇ ਕਾਰਨ ਮੈਂ ਉਹਨਾਂ ਦੀ ਖ਼ਬਰ ਨਾ ਲਵਾਂਗਾ? ਕੀ ਅਜਿਹੀ ਕੌਮ ਤੋਂ ਮੇਰੀ ਜਾਨ ਬਦਲਾ ਨਾ ਲਵੇਗੀ?

10 ਮੈਂ ਪਹਾੜਾਂ ਲਈ ਰੋਵਾਂਗਾ ਅਤੇ ਕੁਰਲਾਵਾਂਗਾ, ਅਤੇ ਉਜਾੜ ਦੀਆਂ ਚਾਰਗਾਹਾਂ ਲਈ ਸਿਆਪਾ ਕਰਾਂਗਾ, ਉਹ ਤਾਂ ਸੜ ਗਏ ਹਨ ਸੋ ਉਹਨਾਂ ਦੇ ਵਿੱਚ ਵੀ ਕੋਈ ਨਹੀਂ ਲੰਘਦਾ, ਵੱਗਾਂ ਦੀ ਅਵਾਜ਼ ਸੁਣਾਈ ਨਹੀਂ ਦਿੰਦੀ। ਅਕਾਸ਼ ਦੇ ਪੰਛੀਆਂ ਤੋਂ ਲੈ ਕੇ ਡੰਗਰਾਂ ਤੱਕ ਉਹ ਨੱਠ ਗਏ ਹਨ, ਉਹ ਚੱਲੇ ਗਏ ਹਨ।

11 ਮੈਂ ਯਰੂਸ਼ਲਮ ਨੂੰ ਬਰਬਾਦ ਹੋਏ ਪੱਥਰਾਂ ਦਾ ਢੇਰ, ਅਤੇ ਗਿੱਦੜਾਂ ਦੀ ਖੋਹ ਬਣਾ ਦਿਆਂਗਾ। ਮੈਂ ਯਹੂਦਾਹ ਦੇ ਸ਼ਹਿਰਾਂ ਨੂੰ ਵਿਰਾਨ ਕਰ ਦਿਆਂਗਾ, ਜਿੱਥੇ ਕੋਈ ਵੱਸਣ ਵਾਲਾ ਨਹੀਂ।

12 ਉਹ ਕਿਹੜਾ ਬੁੱਧਵਾਨ ਹੈ ਜਿਹੜਾ ਇਸ ਗੱਲ ਨੂੰ ਸਮਝ ਸਕੇ? ਜਿਹ ਨੂੰ ਯਹੋਵਾਹ ਦਾ ਮੂੰਹ ਬੋਲਿਆ ਹੈ, ਉਹ ਉਸ ਨੂੰ ਦੱਸੇ। ਧਰਤੀ ਕਿਉਂ ਬਰਬਾਦ ਹੋਈ ਅਤੇ ਉਜਾੜ ਵਾਂਗੂੰ ਜਲ ਗਈ ਕਿ ਉਹ ਦੇ ਵਿੱਚ ਦੀ ਕੋਈ ਨਹੀਂ ਲੰਘਦਾ?

13 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਇਸ ਲਈ ਕਿ ਉਹਨਾਂ ਨੇ ਮੇਰੀ ਬਿਵਸਥਾ ਨੂੰ ਛੱਡ ਦਿੱਤਾ ਜਿਹੜੀ ਮੈਂ ਉਹਨਾਂ ਦੇ ਅੱਗੇ ਰੱਖੀ ਸੀ ਅਤੇ ਮੇਰੀ ਆਵਾਜ਼ ਨੂੰ ਨਹੀਂ ਸੁਣਿਆ ਅਤੇ ਨਾ ਹੀ ਉਹ ਦੇ ਉੱਤੇ ਚੱਲੇ ਹਨ

14 ਪਰ ਆਪਣੇ ਹੀ ਦਿਲ ਦੇ ਹਠ ਵਿੱਚ ਚੱਲਦੇ ਹਨ ਅਤੇ ਬਆਲੀਮ ਦੇ ਮਗਰ ਲੱਗੇ ਹਨ ਜਿਵੇਂ ਉਹਨਾਂ ਦੇ ਪੁਰਖਿਆਂ ਨੇ ਉਹਨਾਂ ਨੂੰ ਸਿਖਾਇਆ ਸੀ

15 ਇਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਪਰਜਾ ਨੂੰ ਅੱਕ ਦੀ ਜੜ੍ਹ ਖੁਆਵਾਂਗਾ ਅਤੇ ਇਹਨਾਂ ਨੂੰ ਵਿਹੁ ਵਾਲਾ ਪਾਣੀ ਪਿਲਾਵਾਂਗਾ

16 ਮੈਂ ਉਹਨਾਂ ਨੂੰ ਉਹਨਾਂ ਕੌਮਾਂ ਵਿੱਚ ਜਿਹਨਾਂ ਨੂੰ ਨਾ ਉਹ ਜਾਣਦੇ ਹਨ, ਨਾ ਉਹਨਾਂ ਦੇ ਪੁਰਖੇ ਜਾਣਦੇ ਸਨ ਖੇਰੂੰ-ਖੇਰੂੰ ਕਰ ਦਿਆਂਗਾ, ਅਤੇ ਮੈਂ ਉਹਨਾਂ ਦੇ ਅੱਗੇ ਤਲਵਾਰ ਭੇਜਾਂਗਾ ਜਿੰਨਾਂ ਚਿਰ ਉਹਨਾਂ ਦਾ ਨਾਸ ਨਾ ਕਰ ਦੇ।


ਯਰੂਸ਼ਲਮ ਦੇ ਲਈ ਵਿਰਲਾਪ

17 ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੁਸੀਂ ਸੋਚੋ ਅਤੇ ਸਿਆਪਾ ਕਰਨ ਵਾਲੀਆਂ ਔਰਤਾਂ ਨੂੰ ਸੱਦੋ ਭਈ ਉਹ ਆਉਣ, ਬੁੱਧਵਾਨ ਔਰਤਾਂ ਨੂੰ ਸੱਦ ਘੱਲੋ ਜੋ ਉਹ ਆਉਣ।

18 ਉਹ ਛੇਤੀ ਕਰਨ ਅਤੇ ਸਾਡੇ ਉੱਤੇ ਵੈਣ ਚੁੱਕਣ, ਭਈ ਸਾਡੀਆਂ ਅੱਖਾਂ ਤੋਂ ਅੱਥਰੂ ਵਗਣ, ਅਤੇ ਸਾਡੀਆਂ ਅੱਖਾਂ ਦੀਆਂ ਪਲਕਾਂ ਤੋਂ ਪਾਣੀ ਛਮਾ-ਛਮ ਚੋਵੇ।

19 ਵੈਣ ਪਾਉਣ ਦੀ ਅਵਾਜ਼ ਸੀਯੋਨ ਤੋਂ ਸੁਣਾਈ ਦਿੰਦੀ ਹੈ, ਅਸੀਂ ਕੇਹੇ ਲੁੱਟੇ ਗਏ! ਅਸੀਂ ਡਾਢੇ ਸ਼ਰਮਿੰਦੇ ਹੋਏ! ਕਿਉਂ ਜੋ ਅਸੀਂ ਦੇਸ ਨੂੰ ਛੱਡ ਛੱਡਿਆ ਹੈ, ਉਹਨਾਂ ਨੇ ਸਾਡੇ ਵਸੇਬਿਆਂ ਨੂੰ ਢਾਹ ਜੋ ਸੁੱਟਿਆ ਹੈ।

20 ਹੇ ਇਸਤਰੀਓ, ਤੁਸੀਂ ਯਹੋਵਾਹ ਦਾ ਬਚਨ ਸੁਣੋ, ਤੁਹਾਡਾ ਕੰਨ ਉਹ ਦੇ ਮੂੰਹ ਦੀ ਗੱਲ ਸੁਣੇ! ਆਪਣੀਆਂ ਧੀਆਂ ਨੂੰ ਵੈਣ, ਅਤੇ ਹਰੇਕ ਆਪਣੀ ਗੁਆਂਢਣ ਨੂੰ ਸਿਆਪਾ ਸਿਖਾਵੇ!

21 ਮੌਤ ਤਾਂ ਸਾਡੀਆਂ ਤਾਕੀਆਂ ਵਿੱਚ ਚੜ੍ਹ ਆਈ ਹੈ, ਇਹ ਸਾਡਿਆਂ ਮਹਿਲਾਂ ਵਿੱਚ ਵੜ ਗਈ ਹੈ, ਭਈ ਗਲੀਆਂ ਵਿੱਚੋਂ ਮੁੰਡਿਆਂ ਨੂੰ, ਅਤੇ ਚੌਕਾਂ ਵਿੱਚੋਂ ਜੁਆਨਾਂ ਨੂੰ ਕੱਟ ਦੇਵੇ।

22 ਬੋਲੋ, ਯਹੋਵਾਹ ਦਾ ਵਾਕ ਇਸ ਤਰ੍ਹਾਂ ਹੈ, - ਆਦਮੀ ਦੀਆਂ ਲੋਥਾਂ ਖੁੱਲ੍ਹਿਆਂ ਖੇਤਾਂ ਵਿੱਚ ਮਲੀਹ ਵਾਂਗੂੰ ਡਿੱਗਣਗੀਆਂ, ਅਤੇ ਵਾਢਿਆਂ ਦੇ ਮਗਰ ਇੱਕ ਰੁੱਗ ਵਾਂਗੂੰ, ਜਿਸ ਨੂੰ ਕੋਈ ਇਕੱਠਾ ਨਹੀਂ ਕਰਦਾ।

23 ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਬੁੱਧਵਾਨ ਆਪਣੀ ਬੁੱਧ ਉੱਤੇ ਮਾਣ ਨਾ ਕਰੇ, ਨਾ ਬਲਵਾਨ ਆਪਣੇ ਬਲ ਉੱਤੇ ਮਾਣ ਕਰੇ, ਨਾ ਧਨੀ ਆਪਣੇ ਧਨ ਉੱਤੇ ਮਾਣ ਕਰੇ

24 ਪਰ ਜਿਹੜਾ ਮਾਣ ਕਰਦਾ ਹੈ ਉਹ ਇਸ ਉੱਤੇ ਮਾਣ ਕਰੇ ਭਈ ਉਹ ਮੈਨੂੰ ਸਮਝਦਾ ਹੈ ਅਤੇ ਜਾਣਦਾ ਹੈ ਕਿ ਮੈਂ ਯਹੋਵਾਹ ਹਾਂ ਜਿਹੜਾ ਧਰਤੀ ਉੱਤੇ ਦਯਾ, ਇਨਸਾਫ਼ ਅਤੇ ਧਰਮ ਦੇ ਕੰਮ ਕਰਦਾ ਹਾਂ ਕਿਉਂ ਜੋ ਮੇਰੀ ਖੁਸ਼ੀ ਉਹਨਾਂ ਵਿੱਚ ਹੈ, ਯਹੋਵਾਹ ਦਾ ਵਾਕ ਹੈ

25 ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਮੈਂ ਸਾਰੇ ਸੁੰਨਤੀਆਂ ਨੂੰ ਅਸੁੰਨਤੀਆਂ ਨਾਲ ਸਜ਼ਾ ਦਿਆਂਗਾ

26 ਮਿਸਰ ਨੂੰ, ਯਹੂਦਾਹ ਨੂੰ, ਅਦੋਮ ਨੂੰ ਅਤੇ ਅੰਮੋਨ ਦੇ ਪੁੱਤਰਾਂ ਨੂੰ ਅਤੇ ਮੋਆਬ ਨੂੰ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਅਤੇ ਆਪਣੀਆਂ ਦਾੜ੍ਹੀਆਂ ਦੀਆਂ ਨੁੱਕਰਾਂ ਕੱਟਦੇ ਹਨ ਕਿਉਂ ਜੋ ਇਹ ਸਾਰੀਆਂ ਕੌਮਾਂ ਅਸੁੰਨਤੀਆਂ ਹਨ ਅਤੇ ਇਸਰਾਏਲ ਦੇ ਸਾਰੇ ਘਰਾਣੇ ਦੇ ਲੋਕਾਂ ਨੇ ਦਿਲ ਤੋਂ ਮੇਰੀ ਵਿਧੀਆਂ ਵੱਲ ਧਿਆਨ ਨਾ ਲਗਾਇਆ l

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies