Aanlyn Bybel

- Advertensies -

ਯਿਰਮਿਯਾਹ 7 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਹੈਕਲ ਦੇ ਵਿੱਚ ਯਿਰਮਿਯਾਹ ਦਾ ਪ੍ਰਵਚਨ

1 ਇਹ ਉਹ ਬਚਨ ਹੈ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਆਇਆ ਕਿ

2 ਤੂੰ ਯਹੋਵਾਹ ਦੇ ਭਵਨ ਦੇ ਫਾਟਕ ਵਿੱਚ ਖਲੋ ਕੇ ਉੱਥੇ ਇਸ ਗੱਲ ਲਈ ਪੁਕਾਰ ਅਤੇ ਆਖ ਕਿ ਹੇ ਯਹੂਦਾਹ ਦੇ ਸਾਰਿਓ, ਯਹੋਵਾਹ ਦਾ ਬਚਨ ਸੁਣੋ, ਤੁਸੀਂ ਜਿਹੜੇ ਇਹਨਾਂ ਫਾਟਕਾਂ ਥਾਣੀ ਯਹੋਵਾਹ ਨੂੰ ਮੱਥਾ ਟੇਕਣ ਲਈ ਵੜਦੇ ਹੋ

3 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਠੀਕ ਕਰੋ ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਵੱਸਣ ਦਿਆਂਗਾ

4 ਤੁਸੀਂ ਇਹਨਾਂ ਝੂਠੀਆਂ ਗੱਲਾਂ ਉੱਤੇ ਭਰੋਸਾ ਨਾ ਰੱਖੋ ਕਿ ਇਹ ਯਹੋਵਾਹ ਦਾ ਭਵਨ ਹੈ, ਇਹ ਯਹੋਵਾਹ ਦਾ ਭਵਨ ਹੈ, ਇਹ ਯਹੋਵਾਹ ਦਾ ਭਵਨ ਹੈ!

5 ਜੇ ਤੁਸੀਂ ਆਪਣਿਆਂ ਰਾਹਾਂ ਅਤੇ ਆਪਣੇ ਕੰਮਾਂ ਨੂੰ ਪੱਕੀ ਤਰ੍ਹਾਂ ਨਾਲ ਠੀਕ ਕਰੋ ਅਤੇ ਜੇ ਤੁਸੀਂ ਪੱਕੀ ਤਰ੍ਹਾਂ ਨਾਲ ਮਨੁੱਖ ਅਤੇ ਉਸ ਦੇ ਗੁਆਂਢੀ ਵਿੱਚ ਇਨਸਾਫ਼ ਕਰੋ

6 ਜੇ ਤੁਸੀਂ ਪਰਦੇਸੀ, ਯਤੀਮ ਅਤੇ ਵਿਧਵਾ ਨੂੰ ਦੁੱਖ ਨਾ ਦਿਓ ਅਤੇ ਇਸ ਸਥਾਨ ਵਿੱਚ ਬੇਦੋਸ਼ੇ ਦਾ ਲਹੂ ਨਾ ਵਹਾਓ, ਨਾ ਦੂਜੇ ਦੇਵਤਿਆਂ ਦੇ ਪਿੱਛੇ ਆਪਣੇ ਨੁਕਸਾਨ ਲਈ ਜਾਓ

7 ਤਾਂ ਮੈਂ ਤੁਹਾਨੂੰ ਇਸ ਸਥਾਨ ਵਿੱਚ ਅਤੇ ਇਸ ਦੇਸ ਵਿੱਚ ਜਿਹੜਾ ਮੈਂ ਤੁਹਾਡਿਆਂ ਪੁਰਖਿਆਂ ਨੂੰ ਸਦਾ ਲਈ ਦਿੱਤਾ ਹੈ ਵੱਸਣ ਦਿਆਂਗਾ।

8 ਵੇਖੋ, ਤੁਸੀਂ ਝੂਠੀਆਂ ਗੱਲਾਂ ਉੱਤੇ ਭਰੋਸਾ ਕਰਦੇ ਹੋ ਜਿਹਨਾਂ ਤੋਂ ਕੁਝ ਲਾਭ ਨਹੀਂ

9 ਕੀ ਤੁਸੀਂ ਚੋਰੀ ਕਰੋਗੇ, ਖੂਨ ਕਰੋਗੇ, ਵਿਭਚਾਰ ਕਰੋਗੇ, ਝੂਠੀ ਸਹੁੰ ਖਾਓਗੇ, ਬਆਲ ਲਈ ਧੂਪ ਧੁਖਾਓਗੇ ਅਤੇ ਦੂਜੇ ਦੇਵਤਿਆਂ ਦੇ ਪਿੱਛੇ ਜਾਓਗੇ ਜਿਹਨਾਂ ਨੂੰ ਤੁਸੀਂ ਨਹੀਂ ਜਾਣਦੇ?

10 ਤਦ ਤੁਸੀਂ ਆਓਗੇ ਅਤੇ ਮੇਰੇ ਸਨਮੁਖ ਇਸ ਭਵਨ ਵਿੱਚ ਖਲੋਵੋਗੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਅਤੇ ਆਖੋਗੇ ਕਿ ਅਸੀਂ ਛੁਟਕਾਰਾ ਪਾਇਆ ਹੈ, ਭਈ ਇਹ ਸਾਰੇ ਘਿਣਾਉਣੇ ਕੰਮ ਤੁਸੀਂ ਕਰਦੇ ਜਾਓ?

11 ਕੀ ਇਹ ਘਰ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਤੁਹਾਡੀ ਨਿਗਾਹ ਵਿੱਚ ਧਾੜਵੀਆਂ ਦੀ ਗੁਫਾ ਬਣ ਗਿਆ ਹੈ? ਵੇਖੋ, ਇਹ ਮੈਂ ਵੀ ਵੇਖਿਆ ਹੈ, ਯਹੋਵਾਹ ਦਾ ਵਾਕ ਹੈ।

12 ਪਰ ਹੁਣ ਤੁਸੀਂ ਉਸ ਸਥਾਨ ਨੂੰ ਜਾਓ ਜਿਹੜਾ ਸ਼ੀਲੋਹ ਵਿੱਚ ਹੈ ਜਿੱਥੇ ਮੈਂ ਪਹਿਲਾਂ ਆਪਣੇ ਨਾਮ ਨੂੰ ਵਸਾਇਆ ਸੀ ਅਤੇ ਵੇਖੋ ਕਿ ਮੈਂ ਆਪਣੀ ਪਰਜਾ ਇਸਰਾਏਲ ਦੀ ਬੁਰਿਆਈ ਦੇ ਬਦਲੇ ਕੀ ਕੀਤਾ!

13 ਹੁਣ ਇਸ ਲਈ ਕਿ ਤੁਸੀਂ ਇਹ ਸਾਰੇ ਕੰਮ ਕੀਤੇ, ਯਹੋਵਾਹ ਦਾ ਵਾਕ ਹੈ, ਅਤੇ ਜਦ ਮੈਂ ਤੁਹਾਡੇ ਨਾਲ ਮੂੰਹ ਅਨ੍ਹੇਰੇ ਬੋਲਦਾ ਰਿਹਾ, ਤੁਸੀਂ ਮੇਰੀ ਗੱਲ ਨਾ ਸੁਣੀ ਅਤੇ ਜਦ ਮੈਂ ਤੁਹਾਨੂੰ ਸੱਦਿਆ, ਤੁਸੀਂ ਉੱਤਰ ਨਾ ਦਿੱਤਾ

14 ਤਦ ਮੈਂ ਇਸ ਘਰ ਨਾਲ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਜਿਹ ਦੇ ਉੱਤੇ ਤੁਹਾਡਾ ਭਰੋਸਾ ਹੈ, ਜਿਹੜਾ ਮੈਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤਾ ਉਹ ਕਰਾਂਗਾ ਜੋ ਮੈਂ ਸ਼ੀਲੋਹ ਵਿੱਚ ਕੀਤਾ

15 ਮੈਂ ਤੁਹਾਨੂੰ ਆਪਣੇ ਅੱਗੋਂ ਕੱਢ ਦਿਆਂਗਾ ਜਿਵੇਂ ਮੈਂ ਤੁਹਾਡੇ ਸਾਰੇ ਭਰਾਵਾਂ ਨੂੰ ਇਫ਼ਰਾਈਮ ਦੀ ਸਾਰੀ ਅੰਸ ਨੂੰ ਕੱਢ ਦਿੱਤਾ ਹੈ।


ਪਰਜਾ ਦੁਆਰਾ ਆਗਿਆ ਦਾ ਉਲੰਘਣ

16 ਤੂੰ ਇਸ ਪਰਜਾ ਲਈ ਪ੍ਰਾਰਥਨਾ ਨਾ ਕਰੀਂ, ਨਾ ਉਹਨਾਂ ਲਈ ਆਪਣੀ ਅਵਾਜ਼ ਚੁੱਕੀ, ਨਾ ਪ੍ਰਾਰਥਨਾ ਕਰੀਂ, ਨਾ ਮੇਰੇ ਕੋਲ ਅਰਦਾਸ ਕਰੀਂ, ਮੈਂ ਤੇਰੀ ਨਹੀਂ ਸੁਣਾਂਗਾ

17 ਕੀ ਤੂੰ ਨਹੀਂ ਦੇਖਦਾ ਜੋ ਕੁਝ ਉਹ ਯਹੂਦਾਹ ਦੇ ਸ਼ਹਿਰਾਂ ਵਿੱਚ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚ ਕਰ ਰਹੇ ਹਨ?

18 ਬੱਚੇ ਲੱਕੜੀਆਂ ਚੁੱਗਦੇ ਹਨ, ਪਿਉ ਅੱਗ ਧੁਖਾਉਂਦੇ ਹਨ ਅਤੇ ਔਰਤਾਂ ਆਟਾ ਗੁੰਨ੍ਹਦੀਆਂ ਹਨ ਜੋ ਦੇਵੀ ਲਈ ਰੋਟੀਆਂ ਪਕਾਉਣ ਕਿ ਦੂਜੇ ਦੇਵਤਿਆਂ ਅੱਗੇ ਪੀਣ ਦੀ ਭੇਟ ਚੜ੍ਹਾਉਣ ਅਤੇ ਮੇਰੇ ਗੁੱਸੇ ਨੂੰ ਭੜਕਾਉਣ!

19 ਕੀ ਉਹ ਮੈਂ ਹਾਂ ਜਿਹ ਨੂੰ ਉਹ ਗੁੱਸਾ ਚੜ੍ਹਾਉਂਦੇ ਹਨ? ਯਹੋਵਾਹ ਦਾ ਵਾਕ ਹੈ, ਕੀ ਉਹ ਆਪਣੀ ਗੜਬੜ ਲਈ ਆਪਣੇ ਆਪ ਨੂੰ ਗੁੱਸਾ ਨਹੀਂ ਚੜ੍ਹਾਉਂਦੇ?

20 ਇਸ ਲਈ ਪ੍ਰਭੂ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੇਰਾ ਕ੍ਰੋਧ ਅਤੇ ਮੇਰਾ ਗੁੱਸਾ ਇਸ ਸਥਾਨ ਉੱਤੇ, ਆਦਮੀਆਂ ਉੱਤੇ, ਡੰਗਰਾਂ ਉੱਤੇ, ਰੁੱਖਾਂ ਉੱਤੇ, ਖੇਤਾਂ ਉੱਤੇ, ਜ਼ਮੀਨ ਦੇ ਫਲਾਂ ਉੱਤੇ ਵਹਾਇਆ ਜਾਵੇਗਾ। ਉਹ ਬਲ ਉੱਠੇਗਾ ਅਤੇ ਬੁਝੇਗਾ ਨਹੀਂ।

21 ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਆਪਣੀਆਂ ਹੋਮ ਦੀਆਂ ਭੇਟਾਂ ਨਾਲ ਆਪਣੀਆਂ ਬਲੀਆਂ ਵਧਾਓ ਅਤੇ ਮਾਸ ਖਾਓ।

22 ਕਿਉਂਕਿ ਜਿਸ ਦਿਨ ਮੈਂ ਉਹਨਾਂ ਨੂੰ ਮਿਸਰ ਦੇ ਦੇਸ ਵਿੱਚੋਂ ਕੱਢ ਲਿਆਂਦਾ ਮੈਂ ਉਹਨਾਂ ਦੇ ਪੁਰਖਿਆਂ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਦੇ ਬਾਰੇ ਨਾ ਆਖਿਆ, ਨਾ ਹੁਕਮ ਦਿੱਤਾ

23 ਪਰ ਇਸ ਗੱਲ ਦਾ ਮੈਂ ਉਹਨਾਂ ਨੂੰ ਹੁਕਮ ਦਿੱਤਾ ਕਿ ਮੇਰੀ ਅਵਾਜ਼ ਸੁਣੋ ਤਾਂ ਮੈਂ ਤੁਹਾਡਾ ਪਰਮੇਸ਼ੁਰ ਹੋਵਾਂਗਾ ਤੇ ਤੁਸੀਂ ਮੇਰੀ ਪਰਜਾ ਹੋਵੋਗੇ, ਅਤੇ ਮੇਰੇ ਸਾਰੇ ਰਾਹਾਂ ਵਿੱਚ ਚੱਲੋ ਜਿਨ੍ਹਾਂ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਤਾਂ ਜੋ ਤੁਹਾਡਾ ਭਲਾ ਹੋਵੇ

24 ਨਾ ਉਹਨਾਂ ਨੇ ਸੁਣਿਆ ਨਾ ਕੰਨ ਲਾਇਆ, ਪਰ ਉਹ ਆਪਣਿਆਂ ਮਨ ਮੱਤਿਆਂ ਅਤੇ ਆਪਣੇ ਬੁਰੇ ਦਿਲ ਦੀ ਆਕੜ ਵਿੱਚ ਚੱਲਦੇ ਰਹੇ। ਉਹ ਪਿਛਾਹਾਂ ਨੂੰ ਗਏ ਪਰ ਅੱਗੇ ਨਾ ਵਧੇ।

25 ਇਸ ਲਈ ਉਸ ਦਿਨ ਤੋਂ ਕਿ ਤੁਹਾਡੇ ਪਿਉ-ਦਾਦੇ ਮਿਸਰ ਦੇ ਦੇਸ ਤੋਂ ਬਾਹਰ ਆਏ ਅੱਜ ਦੇ ਦਿਨ ਤੱਕ ਮੈਂ ਆਪਣੇ ਸਾਰੇ ਦਾਸ ਅਰਥਾਤ ਨਬੀਆਂ ਨੂੰ ਤੁਹਾਡੇ ਕੋਲ ਘੱਲਦਾ ਰਿਹਾ, ਮੈਂ ਮੂੰਹ ਅਨ੍ਹੇਰੇ ਉਹਨਾਂ ਨੂੰ ਨਿੱਤ ਘੱਲਦਾ ਰਿਹਾ

26 ਪਰ ਉਹਨਾਂ ਮੇਰੀ ਨਾ ਸੁਣੀ, ਨਾ ਆਪਣਾ ਕੰਨ ਲਾਇਆ, ਉਹਨਾਂ ਆਪਣੀ ਧੌਣ ਅਕੜਾਈ ਅਤੇ ਆਪਣੇ ਪੁਰਖਿਆਂ ਨਾਲੋਂ ਵਧ ਕੇ ਬਦੀ ਕੀਤੀ।

27 ਤੂੰ ਉਹਨਾਂ ਨੂੰ ਇਹ ਸਾਰੀਆਂ ਗੱਲਾਂ ਆਖੇਂਗਾ ਪਰ ਉਹ ਤੇਰੀ ਨਾ ਸੁਣਨਗੇ। ਤੂੰ ਉਹਨਾਂ ਨੂੰ ਸੱਦੇਂਗਾ ਪਰ ਉਹ ਉੱਤਰ ਨਾ ਦੇਣਗੇ।

28 ਤੂੰ ਉਹਨਾਂ ਨੂੰ ਆਖੇਂਗਾ, ਇਹ ਉਹ ਕੌਮ ਹੈ ਜਿਸ ਯਹੋਵਾਹ ਆਪਣੇ ਪਰਮੇਸ਼ੁਰ ਦੀ ਅਵਾਜ਼ ਨਾ ਸੁਣੀ, ਨਾ ਉਹ ਦੀ ਸਿੱਖਿਆ ਲਈ। ਸਚਿਆਈ ਮਿਟ ਗਈ ਅਤੇ ਉਹਨਾਂ ਦੇ ਮੂੰਹ ਤੋਂ ਜਾਂਦੀ ਰਹੀ।

29 ਤੂੰ ਆਪਣੇ ਨਜ਼ੀਰ ਹੋਣ ਦੇ ਬਾਲ ਮੁਨਾ, ਅਤੇ ਉਨ੍ਹਾਂ ਨੂੰ ਪਰੇ ਸੁੱਟ ਛੱਡ, ਨੰਗਿਆਂ ਟਿੱਬਿਆਂ ਉੱਤੇ ਵੈਣ ਚੁੱਕ, ਯਹੋਵਾਹ ਨੇ ਤਾਂ ਆਪਣੇ ਗਜ਼ਬ ਦੀ ਪੀੜ੍ਹੀ ਨੂੰ ਰੱਦ ਕਰ ਦਿੱਤਾ ਅਤੇ ਛੱਡ ਦਿੱਤਾ ਹੈ।


ਬਨ-ਹਿੰਨੋਮ ਦੀ ਵਾਦੀ ਦੇ ਭਰਿਸ਼ਟ ਕੰਮ

30 ਯਹੂਦਾਹ ਦੀ ਅੰਸ ਨੇ ਤਾਂ ਉਹ ਕੀਤਾ ਜੋ ਮੇਰੀ ਨਿਗਾਹ ਵਿੱਚ ਬੁਰਾ ਸੀ, ਯਹੋਵਾਹ ਦਾ ਵਾਕ ਹੈ। ਉਹਨਾਂ ਉਸ ਭਵਨ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਘਿਣਾਉਣੀਆਂ ਚੀਜ਼ਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ

31 ਉਹਨਾਂ ਨੇ ਤੋਫਥ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਅੱਗ ਵਿੱਚ ਸਾੜਨ, ਜਿਹ ਦਾ ਨਾ ਮੈਂ ਹੁਕਮ ਦਿੱਤਾ, ਨਾ ਹੀ ਮੇਰੇ ਮਨ ਵਿੱਚ ਇਹ ਆਇਆ।

32 ਇਸ ਲਈ ਵੇਖੋ, ਉਹ ਦਿਨ ਆ ਰਹੇ ਹਨ, ਯਹੋਵਾਹ ਦਾ ਵਾਕ ਹੈ, ਕਿ ਅੱਗੇ ਨੂੰ ਇਹ ਤੋਫਥ ਨਾ ਅਖਵਾਏਗੀ ਅਤੇ ਨਾ ਬਨ-ਹਿੰਨੋਮ ਦੀ ਵਾਦੀ, ਸਗੋਂ “ਕਤਲ ਦੀ ਵਾਦੀ,” ਕਿਉਂ ਜੋ ਉਹ ਤੋਫਥ ਵਿੱਚ ਦੱਬਣਗੇ ਕਿਉਂਕਿ ਹੋਰ ਕੋਈ ਥਾਂ ਨਾ ਹੋਵੇਗਾ।

33 ਅਤੇ ਇਸ ਪਰਜਾ ਦੀਆਂ ਲੋਥਾਂ ਅਕਾਸ਼ ਦੇ ਪੰਛੀ ਅਤੇ ਧਰਤੀ ਦੇ ਦਰਿੰਦੇ ਖਾਣਗੇ ਅਤੇ ਉਹਨਾਂ ਨੂੰ ਕੋਈ ਨਾ ਡਰਾਵੇਗਾ।

34 ਤਦ ਮੈਂ ਯਹੂਦਾਹ ਦੇ ਸ਼ਹਿਰਾਂ ਅਤੇ ਯਰੂਸ਼ਲਮ ਦੀਆਂ ਗਲੀਆਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼ ਅਤੇ ਲਾੜੀ ਦੀ ਅਵਾਜ਼ ਬੰਦ ਕਰ ਦਿਆਂਗਾ ਕਿਉਂ ਜੋ ਇਹ ਦੇਸ ਉਜਾੜ ਬਣ ਜਾਵੇਗਾ।

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies