ਯਿਰਮਿਯਾਹ 5 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਯਰੂਸ਼ਲਮ ਦਾ ਪਾਪ 1 ਤੁਸੀਂ ਯਰੂਸ਼ਲਮ ਦੀਆਂ ਗਲੀਆਂ ਵਿੱਚ ਐਧਰ ਉੱਧਰ ਨੱਸੋ, ਵੇਖੋ ਅਤੇ ਜਾਣੋ ਅਤੇ ਉਹ ਦੇ ਚੌਕਾਂ ਵਿੱਚ ਭਾਲੋ, ਜੇ ਕੋਈ ਮਨੁੱਖ ਤੁਹਾਨੂੰ ਮਿਲ ਸਕੇ, ਜਿਹੜਾ ਇਨਸਾਫ਼ ਕਰਨ ਵਾਲਾ, ਅਤੇ ਸਚਿਆਈ ਦਾ ਭਾਲਣ ਵਾਲਾ ਹੋਵੇ, ਤਾਂ ਮੈਂ ਉਹ ਨੂੰ ਮਾਫ਼ ਕਰ ਦਿਆਂਗਾ। 2 ਭਾਵੇਂ ਉਹ ਆਖਦੇ ਹਨ “ਜੀਉਂਦੇ ਯਹੋਵਾਹ ਦੀ ਸਹੁੰ,” ਉਹ ਜ਼ਰੂਰ ਝੂਠੀ ਸਹੁੰ ਖਾਂਦੇ ਹਨ। 3 ਹੇ ਯਹੋਵਾਹ, ਕੀ ਤੇਰੀਆਂ ਅੱਖਾਂ ਸਚਿਆਈ ਦੇ ਉੱਤੇ ਨਹੀਂ ਹਨ? ਤੂੰ ਉਹਨਾਂ ਨੂੰ ਮਾਰਿਆ ਕੁੱਟਿਆ, ਪਰ ਉਹ ਨਹੀਂ ਝੁਰੇ, ਤੂੰ ਉਹਨਾਂ ਨੂੰ ਮੁਕਾ ਦਿੱਤਾ, ਪਰ ਉਹ ਸਿੱਖਿਆ ਲੈਣ ਤੋਂ ਮੁੱਕਰ ਗਏ। ਉਹਨਾਂ ਨੇ ਆਪਣੇ ਚਿਹਰਿਆਂ ਨੂੰ ਪੱਥਰ ਨਾਲੋਂ ਵੀ ਸਖ਼ਤ ਕੀਤਾ ਹੈ, ਪਰ ਉਹ ਮੁੜਨ ਤੋਂ ਮੁੱਕਰ ਗਏ ਹਨ। 4 ਤਦ ਮੈਂ ਆਖਿਆ, ਇਹ ਸੱਚ-ਮੁੱਚ ਗਰੀਬ ਹਨ, ਇਹ ਬੇਅਕਲ ਹਨ, ਤਾਂ ਯਹੋਵਾਹ ਦੇ ਰਾਹ ਨੂੰ ਨਹੀਂ ਜਾਣਦੇ, ਨਾ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ। 5 ਮੈਂ ਵੱਡਿਆਂ ਕੋਲ ਜਾਂਵਾਂਗਾ, ਮੈਂ ਉਹਨਾਂ ਦੇ ਨਾਲ ਬੋਲਾਂਗਾ, ਉਹ ਤਾਂ ਯਹੋਵਾਹ ਦੇ ਰਾਹ ਨੂੰ ਜਾਣਦੇ ਹਨ, ਅਤੇ ਆਪਣੇ ਪਰਮੇਸ਼ੁਰ ਦੇ ਇਨਸਾਫ਼ ਨੂੰ ਵੀ। ਪਰ ਉਹਨਾਂ ਨੇ ਰਲ ਮਿਲ ਕੇ ਜੂਲਾ ਭੰਨ ਸੁੱਟਿਆ ਹੈ, ਅਤੇ ਬੰਧਨਾਂ ਨੂੰ ਤੋੜ ਛੱਡਿਆ ਹੈ। 6 ਇਸ ਲਈ ਜੰਗਲ ਦਾ ਬੱਬਰ ਸ਼ੇਰ ਉਹਨਾਂ ਨੂੰ ਮਾਰ ਸੁੱਟੇਗਾ, ਅਤੇ ਉਜਾੜ ਦਾ ਬਘਿਆੜ ਉਹਨਾਂ ਨੂੰ ਨਾਸ ਕਰੇਗਾ, ਚੀਤਾ ਉਹਨਾਂ ਦੇ ਸ਼ਹਿਰਾਂ ਦੀ ਘਾਤ ਵਿੱਚ ਰਹਿੰਦਾ ਹੈ, - ਹਰੇਕ ਜਿਹੜਾ ਉਹਨਾਂ ਵਿੱਚੋਂ ਬਾਹਰ ਜਾਵੇ ਪਾੜਿਆ ਜਾਵੇਗਾ, ਕਿਉਂ ਜੋ ਉਹਨਾਂ ਦੇ ਅਪਰਾਧ ਬਹੁਤ ਹੋ ਗਏ, ਉਹਨਾਂ ਦੀਆਂ ਫਿਰਤਾਂ ਵਧ ਗਈਆਂ ਹਨ। 7 ਮੈਂ ਤੈਨੂੰ ਕਿਵੇਂ ਮਾਫ਼ ਕਰ ਸਕਦਾ ਹਾਂ? ਤੇਰੇ ਪੁੱਤਰਾਂ ਨੇ ਮੈਨੂੰ ਤਿਆਗ ਦਿੱਤਾ ਹੈ, ਅਤੇ ਉਹਨਾਂ ਦੀ ਸਹੁੰ ਖਾਧੀ ਹੈ ਜਿਹੜੇ ਦੇਵਤੇ ਵੀ ਨਹੀਂ! ਜਦ ਮੈਂ ਉਹਨਾਂ ਨੂੰ ਰਜਾ ਕੇ ਖੁਆਇਆ, ਉਹਨਾਂ ਨੇ ਵਿਭਚਾਰ ਕੀਤਾ, ਉਹ ਟੋਲੀਆਂ ਬਣ ਕੇ ਕੰਜਰੀਆਂ ਦੇ ਘਰ ਵਿੱਚ ਇਕੱਠੇ ਹੋਏ! 8 ਉਹ ਰੱਜੇ ਹੋਏ ਘੋੜਿਆਂ ਵਾਂਗੂੰ ਫਿਰਦੇ ਸਨ, ਹਰੇਕ ਆਪਣੇ ਗੁਆਂਢੀ ਦੀ ਔਰਤ ਉੱਤੇ ਹਿਣਕਦਾ ਹੈ। 9 ਕੀ ਮੈਂ ਇਹਨਾਂ ਗੱਲਾਂ ਦੀ ਖ਼ਬਰ ਨਾ ਲਵਾਂਗਾ? ਯਹੋਵਾਹ ਦਾ ਵਾਕ ਹੈ, ਅਤੇ ਮੇਰੀ ਜਾਨ ਅਜਿਹੀ ਕੌਮ ਕੋਲੋਂ ਬਦਲਾ ਨਾ ਲਵੇਗੀ? 10 ਤੁਸੀਂ ਉਹ ਦੀਆਂ ਕੰਧਾਂ ਉੱਤੇ ਚੜ੍ਹ ਜਾਓ ਅਤੇ ਨਾਸ ਕਰੋ, ਪਰ ਉਹ ਨੂੰ ਮੂਲੋਂ ਹੀ ਨਾ ਮੁਕਾ ਦਿਓ। ਉਹ ਦੀਆਂ ਡਾਲੀਆਂ ਛਾਂਗ ਸੁੱਟੋ, ਉਹ ਯਹੋਵਾਹ ਦੀਆਂ ਨਹੀਂ ਹਨ। 11 ਇਸਰਾਏਲ ਦੇ ਘਰਾਣੇ ਅਤੇ ਯਹੂਦਾਹ ਦੇ ਘਰਾਣੇ ਮੇਰੇ ਨਾਲ ਬੜਾ ਦਗ਼ਾ ਕੀਤਾ, ਯਹੋਵਾਹ ਦਾ ਵਾਕ ਹੈ। ਪਰਮੇਸ਼ੁਰ ਦਾ ਇਸਰਾਏਲ ਨੂੰ ਤਿਆਗ ਦੇਣਾ 12 ਉਹਨਾਂ ਨੇ ਯਹੋਵਾਹ ਦਾ ਇਨਕਾਰ ਕੀਤਾ, ਅਤੇ ਆਖਿਆ ਇਹ ਉਹ ਨਹੀਂ, ਸਾਡੇ ਉੱਤੇ ਕੋਈ ਬੁਰਿਆਈ ਨਹੀਂ ਆਵੇਗੀ, ਅਸੀਂ ਨਾ ਤਲਵਾਰ ਨਾ ਕਾਲ ਵੇਖਾਂਗੇ। 13 ਨਬੀ ਹਵਾ ਬਣ ਜਾਣਗੇ, ਬਚਨ ਉਹਨਾਂ ਵਿੱਚ ਹੈ ਨਹੀਂ, ਐਉਂ ਉਹਨਾਂ ਨਾਲ ਹੋ ਜਾਵੇਗਾ। 14 ਸੋ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਐਉਂ ਫਰਮਾਉਂਦਾ ਹੈ, ਇਸ ਲਈ ਕਿ ਤੁਸੀਂ ਇਹ ਬਚਨ ਆਖਿਆ ਹੈ, ਵੇਖ, ਮੈਂ ਇਹਨਾਂ ਗੱਲਾਂ ਨੂੰ ਤੇਰੇ ਮੂੰਹ ਵਿੱਚ ਅੱਗ ਬਣਾ ਦਿੰਦਾ ਹਾਂ, ਅਤੇ ਇਸ ਪਰਜਾ ਨੂੰ ਲੱਕੜੀ, ਇਹ ਉਹਨਾਂ ਨੂੰ ਖਾ ਜਾਵੇਗੀ। 15 ਹੇ ਇਸਰਾਏਲ ਦੇ ਘਰਾਣੇ, ਵੇਖੋ, ਦੂਰੋਂ ਇੱਕ ਕੌਮ ਨੂੰ ਤੁਹਾਡੇ ਉੱਤੇ ਚੜ੍ਹਾ ਲਿਆਵਾਂਗਾ, ਯਹੋਵਾਹ ਦਾ ਵਾਕ ਹੈ। ਉਹ ਇੱਕ ਸੂਰਮੀ ਕੌਮ ਹੈ, ਉਹ ਇੱਕ ਸਨਾਤਨੀ ਕੌਮ ਹੈ, ਇੱਕ ਕੌਮ ਜਿਹ ਦੀ ਬੋਲੀ ਤੂੰ ਨਹੀਂ ਜਾਣਦਾ, ਅਤੇ ਨਾ ਸਮਝ ਸਕਦਾ ਹੈ ਕਿ ਉਹ ਕੀ ਬੋਲਦੀ ਹੈ। 16 ਉਹਨਾਂ ਦਾ ਤਰਕਸ਼ ਖੁੱਲ੍ਹੀ ਗੋਰ ਹੈ, ਉਹ ਸਾਰਿਆਂ ਦੇ ਸਾਰੇ ਸੂਰਮੇ ਹਨ। 17 ਉਹ ਤੇਰੀ ਫ਼ਸਲ ਅਤੇ ਤੇਰੀ ਰੋਟੀ ਖਾ ਜਾਣਗੇ, ਉਹ ਤੇਰੇ ਇੱਜੜਾਂ ਨੂੰ ਅਤੇ ਤੇਰੇ ਵੱਗਾਂ ਨੂੰ ਖਾ ਜਾਣਗੇ, ਉਹ ਤੇਰੇ ਅੰਗੂਰ ਅਤੇ ਤੇਰੀ ਹੰਜ਼ੀਰ ਚੱਟ ਕਰ ਲੈਣਗੇ, ਉਹ ਤੇਰੇ ਗੜ੍ਹ ਵਾਲੇ ਸ਼ਹਿਰ ਜਿਹਨਾਂ ਉੱਤੇ ਤੇਰਾ ਮਾਣ ਹੈ ਤਲਵਾਰ ਨਾਲ ਢਾਹ ਦੇਣਗੇ। 18 ਪਰ ਉਹਨਾਂ ਦਿਨਾਂ ਵਿੱਚ ਵੀ ਮੈਂ ਤੈਨੂੰ ਮੂਲੋਂ ਹੀ ਨਾ ਮੁਕਾਵਾਂਗਾ, ਯਹੋਵਾਹ ਦਾ ਵਾਕ ਹੈ 19 ਤਾਂ ਇਸ ਤਰ੍ਹਾਂ ਹੋਇਆ ਕਿ ਜਦ ਉਹ ਆਖਣਗੇ, ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਇਹ ਕਿਉਂ ਕੀਤਾ ਹੈ? ਤਦ ਤੁਸੀਂ ਉਹਨਾਂ ਨੂੰ ਆਖੋਗੇ, ਜਿਵੇਂ ਤੁਸੀਂ ਮੈਨੂੰ ਤਿਆਗ ਦਿੱਤਾ ਅਤੇ ਆਪਣੇ ਦੇਸ ਵਿੱਚ ਓਪਰੇ ਦੇਵਤੇ ਦੀ ਪੂਜਾ ਕੀਤੀ ਤਿਵੇਂ ਤੁਸੀਂ ਪਰਾਇਆਂ ਦੀ ਸੇਵਾ ਉਸੇ ਦੇਸ ਵਿੱਚ ਜਿਹੜਾ ਤੁਹਾਡਾ ਨਹੀਂ ਹੈ ਕਰੋਗੇ। ਆਪਣੇ ਲੋਕਾਂ ਨੂੰ ਪਰਮੇਸ਼ੁਰ ਦੀ ਚੇਤਾਵਨੀ 20 ਯਾਕੂਬ ਦੇ ਘਰਾਣੇ ਵਿੱਚ ਇਹ ਦੱਸੋ, ਅਤੇ ਯਹੂਦਾਹ ਵਿੱਚ ਇਹ ਸੁਣਾਓ, 21 ਹੇ ਮੂਰਖ ਅਤੇ ਬੇਸਮਝ ਲੋਕੋ, ਇਹ ਨੂੰ ਸੁਣੋ ਤਾਂ, ਤੁਸੀਂ ਜਿਹਨਾਂ ਦੀਆਂ ਅੱਖਾਂ ਤਾਂ ਹਨ ਪਰ ਵੇਖਦੇ ਨਹੀਂ, ਜਿਹਨਾਂ ਦੇ ਕੰਨ ਤਾਂ ਹਨ ਪਰ ਸੁਣਦੇ ਨਹੀਂ, 22 ਕੀ ਤੁਸੀਂ ਮੈਥੋਂ ਨਹੀਂ ਡਰਦੇ? ਯਹੋਵਾਹ ਦਾ ਵਾਕ ਹੈ, ਕੀ ਤੁਸੀਂ ਮੇਰੇ ਅੱਗੇ ਨਾ ਕੰਬੋਗੇ, ਜਿਹਨੇ ਰੇਤ ਨੂੰ ਸਮੁੰਦਰ ਦੇ ਬੰਨੇ ਉੱਤੇ, ਸਦਾ ਦੀ ਬਿਧੀ ਕਰਕੇ ਰੱਖਿਆ ਹੈ, ਭਈ ਉਹ ਉਸ ਤੋਂ ਲੰਘ ਨਹੀਂ ਸਕਦਾ? ਭਾਵੇਂ ਉਹ ਦੀਆਂ ਲਹਿਰਾਂ ਉੱਛਲਣ ਪਰ ਉਹ ਨੂੰ ਦਬਾ ਨਹੀਂ ਸਕਦੀਆਂ, ਭਾਵੇਂ ਉਹ ਗੱਜਣ ਪਰ ਉਹ ਉਸ ਤੋਂ ਲੰਘ ਨਹੀਂ ਸਕਦੀਆਂ। 23 ਪਰ ਇਸ ਪਰਜਾ ਦਾ ਦਿਲ ਜ਼ਿੱਦੀ ਅਤੇ ਆਕੀ ਹੈ, ਉਹ ਇੱਕ ਪਾਸੇ ਹੋ ਕੇ ਚਲੇ ਗਏ। 24 ਉਹ ਆਪਣੇ ਮਨ ਵਿੱਚ ਨਹੀਂ ਆਖਦੇ ਕਿ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਡਰੀਏ, ਜਿਹੜਾ ਸਾਨੂੰ ਰੁੱਤ ਸਿਰ ਮੀਂਹ ਦਿੰਦਾ ਹੈ, ਪਹਿਲਾ ਅਤੇ ਪਿਛਲਾ ਮੀਂਹ, ਉਹ ਫ਼ਸਲ ਦੇ ਮਿੱਥੇ ਹੋਏ ਹਫ਼ਤਿਆਂ ਨੂੰ ਸਾਡੇ ਲਈ ਸਾਂਭ ਕੇ ਰੱਖਦਾ ਹੈ। 25 ਤੁਹਾਡੀਆਂ ਬੁਰਿਆਈਆਂ ਨੇ ਇਹ ਚੀਜ਼ਾਂ ਤੁਹਾਥੋਂ ਦੂਰ ਕਰ ਦਿੱਤੀਆਂ ਹਨ, ਤੁਹਾਡੇ ਪਾਪਾਂ ਨੇ ਇਹ ਚੰਗੀਆਂ ਚੀਜ਼ਾਂ ਤੁਹਾਥੋਂ ਡੱਕ ਲਈਆਂ ਹਨ। 26 ਮੇਰੀ ਪਰਜਾ ਵਿੱਚ ਤਾਂ ਦੁਸ਼ਟ ਪਾਏ ਗਏ, ਉਹ ਫਾਂਧੀਆਂ ਵਾਂਗੂੰ ਘਾਤ ਵਿੱਚ ਬੈਠਦੇ ਹਨ, ਉਹ ਫਾਹੀ ਲਾਉਂਦੇ ਹਨ, ਉਹ ਮਨੁੱਖਾਂ ਨੂੰ ਫੜ੍ਹਦੇ ਹਨ। 27 ਜਿਵੇਂ ਪਿੰਜਰਾ ਪੰਛੀਆਂ ਨਾਲ ਭਰਿਆ ਹੋਇਆ ਹੁੰਦਾ ਹੈ, ਤਿਵੇਂ ਉਹਨਾਂ ਦੇ ਘਰ ਮੱਕਾਰੀ ਨਾਲ ਭਰੇ ਹੋਏ ਹਨ, ਇਸੇ ਲਈ ਉਹ ਵੱਡੇ ਅਤੇ ਧਨੀ ਹੋ ਗਏ ਹਨ। 28 ਉਹ ਮੋਟੇ ਹੋ ਗਏ ਅਤੇ ਫਿੱਟ ਗਏ, ਨਾਲੇ ਉਹ ਬੁਰੀਆਂ ਗੱਲਾਂ ਵਿੱਚ ਵਧ ਗਏ, ਉਹ ਇਨਸਾਫ਼ ਵੀ ਨਹੀਂ ਕਰਦੇ, ਨਾ ਹੀ ਯਤੀਮਾਂ ਦਾ, ਭਈ ਉਹ ਸਫ਼ਲ ਹੋਣ, ਉਹ ਕੰਗਾਲਾਂ ਦਾ ਇਨਸਾਫ਼ ਨਾਲ ਨਿਆਂ ਨਹੀਂ ਕਰਦੇ। 29 ਕੀ ਮੈਂ ਇਹਨਾਂ ਗੱਲਾਂ ਦੀ ਸਜ਼ਾ ਨਾ ਦਿਆਂਗਾ? ਯਹੋਵਾਹ ਦਾ ਵਾਕ ਹੈ, ਕੀ ਮੈਂ ਆਪ ਹੀ ਵੱਟਾ ਨਾ ਲਵਾਂਗਾ, ਅਜਿਹੀ ਕੌਮ ਤੋਂ ਜਿਵੇਂ ਇਹ ਹੈ? 30 ਇੱਕ ਅਚਰਜ਼ ਅਤੇ ਭਿਆਨਕ ਗੱਲ ਦੇਸ ਵਿੱਚ ਹੋਈ ਹੈ, 31 ਨਬੀ ਝੂਠੇ ਅਗੰਮ ਵਾਚਦੇ ਹਨ, ਜਾਜਕ ਉਹਨਾਂ ਦੇ ਕਾਰਨ ਹੁਕਮ ਚਲਾਉਂਦੇ ਹਨ, ਅਤੇ ਮੇਰੀ ਪਰਜਾ ਐਉਂ ਹੀ ਪਸੰਦ ਕਰਦੀ ਹੈ! ਪਰ ਜਦ ਓੜਕ ਹੋਵੇਗਾ ਤਾਂ ਤੁਸੀਂ ਕੀ ਕਰੋਗੇ?। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.