ਯਿਰਮਿਯਾਹ 21 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਯਰੂਸ਼ਲਮ ਦੇ ਪਤਨ ਦੀ ਭਵਿੱਖਬਾਣੀ 1 ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੋਵਾਹ ਵੱਲੋਂ ਆਇਆ ਜਦ ਸਿਦਕੀਯਾਹ ਰਾਜਾ ਨੇ ਮਲਕੀਯਾਹ ਦੇ ਪੁੱਤਰ ਪਸ਼ਹੂਰ ਨੂੰ ਮਆਸੇਯਾਹ ਦੇ ਪੁੱਤਰ ਸਫ਼ਨਯਾਹ ਜਾਜਕਾਂ ਨੂੰ ਉਹ ਦੇ ਕੋਲ ਇਹ ਆਖਣ ਲਈ ਭੇਜਿਆ 2 ਭਈ ਯਹੋਵਾਹ ਕੋਲੋਂ ਸਾਡੇ ਲਈ ਪੁੱਛੀਂ ਕਿਉਂ ਜੋ ਬਾਬਲ ਦਾ ਰਾਜਾ ਨਬੂਕਦਨੱਸਰ ਸਾਡੇ ਉੱਤੇ ਚੜ੍ਹਾਈ ਕਰ ਰਿਹਾ ਹੈ। ਸ਼ਾਇਦ ਯਹੋਵਾਹ ਸਾਡੇ ਨਾਲ ਆਪਣੇ ਸਾਰੇ ਅਚਰਜ਼ ਕੰਮਾਂ ਅਨੁਸਾਰ ਵਰਤਾਓ ਕਰੇ ਅਤੇ ਉਹ ਨੂੰ ਸਾਡੇ ਕੋਲੋਂ ਮੋੜ ਦੇਵੇ। 3 ਤਾਂ ਯਿਰਮਿਯਾਹ ਨੇ ਉਹਨਾਂ ਨੂੰ ਆਖਿਆ, ਤੁਸੀਂ ਸਿਦਕੀਯਾਹ ਨੂੰ ਐਉਂ ਆਖੋ 4 ਕਿ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਲੜਾਈ ਦੇ ਸ਼ਸਤਰਾਂ ਨੂੰ ਮੋੜ ਦਿਆਂਗਾ ਜਿਹੜੇ ਤੁਹਾਡੇ ਹੱਥਾਂ ਵਿੱਚ ਹਨ ਜਿਹਨਾਂ ਨਾਲ ਤੁਸੀਂ ਬਾਬਲ ਦੇ ਰਾਜਾ ਅਤੇ ਕਸਦੀਆਂ ਨਾਲ ਲੜਦੇ ਹੋ ਜਿਹਨਾਂ ਨੇ ਤੁਹਾਨੂੰ ਕੰਧਾਂ ਦੇ ਬਾਹਰ ਘੇਰਿਆ ਹੋਇਆ ਹੈ ਅਤੇ ਮੈਂ ਉਹਨਾਂ ਨੂੰ ਇਸ ਸ਼ਹਿਰ ਦੇ ਵਿਚਕਾਰ ਇਕੱਠਾ ਕਰਾਂਗਾ 5 ਮੈਂ ਆਪ ਆਪਣੇ ਵਧਾਏ ਹੋਏ ਹੱਥ ਅਤੇ ਤਕੜੀ ਬਾਂਹ ਨਾਲ ਤੁਹਾਡੇ ਵਿਰੁੱਧ ਲੜਾਂਗਾ, - ਹਾਂ, ਕ੍ਰੋਧ ਅਤੇ ਗੁੱਸੇ ਅਤੇ ਵੱਡੇ ਕੋਪ ਨਾਲ 6 ਮੈਂ ਇਸ ਸ਼ਹਿਰ ਦੇ ਵਾਸੀਆਂ ਨੂੰ, ਆਦਮੀਆਂ ਅਤੇ ਪਸ਼ੂਆਂ ਨੂੰ ਮਾਰਾਂਗਾ। ਉਹ ਵੱਡੀ ਬਵਾ ਨਾਲ ਮਰ ਜਾਣਗੇ 7 ਇਸ ਤੋਂ ਪਿੱਛੋਂ, ਯਹੋਵਾਹ ਦਾ ਵਾਕ ਹੈ, ਮੈਂ ਯਹੂਦਾਹ ਦੇ ਸਿਦਕੀਯਾਹ ਨੂੰ ਅਤੇ ਉਸ ਦੇ ਟਹਿਲੂਆਂ ਨੂੰ ਅਤੇ ਲੋਕਾਂ ਨੂੰ, ਹਾਂ, ਜਿਹੜੇ ਇਸ ਸ਼ਹਿਰ ਵਿੱਚ ਬਵਾ, ਤਲਵਾਰ ਅਤੇ ਕਾਲ ਤੋਂ ਬਚ ਰਹਿਣਗੇ, ਬਾਬਲ ਦੇ ਰਾਜਾ ਨਬੂਕਦਨੱਸਰ ਦੇ ਹੱਥ ਵਿੱਚ ਅਤੇ ਉਹਨਾਂ ਦੇ ਵੈਰੀਆਂ ਦੇ ਹੱਥਾਂ ਵਿੱਚ ਅਤੇ ਉਹਨਾਂ ਦੀ ਜਾਨ ਦੀ ਤਾਂਘ ਕਰਨ ਵਾਲਿਆਂ ਦੇ ਹੱਥਾਂ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਤਲਵਾਰ ਦੀ ਧਾਰ ਨਾਲ ਮਾਰੇਗਾ। ਉਹ ਉਹਨਾਂ ਉੱਤੇ ਨਾ ਤਰਸ ਖਾਏਗਾ, ਨਾ ਉਹ ਉਹਨਾਂ ਨੂੰ ਛੱਡੇਗਾ, ਨਾ ਰਹਮ ਕਰੇਗਾ। 8 ਤਦ ਤੂੰ ਇਸ ਪਰਜਾ ਨੂੰ ਆਖੇਂਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਤੁਹਾਡੇ ਅੱਗੇ ਜੀਵਨ ਦਾ ਰਾਹ ਅਤੇ ਮੌਤ ਦਾ ਰਾਹ ਰੱਖਦਾ ਹਾਂ 9 ਜਿਹੜਾ ਇਸ ਸ਼ਹਿਰ ਵਿੱਚ ਰਹੇਗਾ, ਉਹ ਤਲਵਾਰ ਅਤੇ ਕਾਲ ਅਤੇ ਬਵਾ ਨਾਲ ਮਰੇਗਾ, ਅਤੇ ਜਿਹੜਾ ਇਹ ਦੇ ਵਿੱਚੋਂ ਨਿੱਕਲ ਜਾਵੇਗਾ ਅਤੇ ਆਪ ਨੂੰ ਕਸਦੀਆਂ ਦੇ ਹਵਾਲੇ ਕਰ ਦੇਵੇਗਾ, ਜਿਹਨਾਂ ਨੇ ਤੁਹਾਨੂੰ ਘੇਰਿਆ ਹੋਇਆ ਹੈ, ਉਹ ਜੀਉਂਦਾ ਰਹੇਗਾ ਅਤੇ ਉਹ ਦੀ ਜਾਨ ਉਹ ਦੇ ਲਈ ਇੱਕ ਲੁੱਟ ਦਾ ਮਾਲ ਹੋਵੇਗੀ 10 ਕਿਉਂ ਜੋ ਮੈਂ ਆਪਣਾ ਮੂੰਹ ਇਸ ਸ਼ਹਿਰ ਦੇ ਵਿਰੁੱਧ ਕੀਤਾ ਹੈ ਕਿ ਮੈਂ ਇਸ ਨਾਲ ਬੁਰਿਆਈ, ਨਾ ਭਲਿਆਈ ਕਰਾਂ, ਯਹੋਵਾਹ ਦਾ ਵਾਕ ਹੈ। ਇਹ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਇਸ ਨੂੰ ਅੱਗ ਨਾਲ ਸਾੜ ਸੁੱਟੇਗਾ। ਯਹੂਦਾਹ ਦੇ ਰਾਜ ਵੰਸ਼ ਉੱਤੇ ਸਜ਼ਾ 11 ਯਹੂਦਾਹ ਦੇ ਰਾਜਾ ਦੇ ਘਰਾਣੇ ਦੇ ਵਿਖੇ, ਯਹੋਵਾਹ ਦਾ ਬਚਨ ਸੁਣੋ, 12 ਹੇ ਦਾਊਦ ਦੇ ਘਰਾਣੇ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਸਵੇਰ ਦੇ ਵੇਲੇ ਨਿਆਂ ਨੂੰ ਪੂਰਾ ਕਰੋ, ਦੁੱਖ ਦੇਣ ਵਾਲਿਆਂ ਦੇ ਹੱਥੋਂ ਉਹ ਨੂੰ ਜਿਹੜਾ ਲੁੱਟਿਆ ਗਿਆ ਹੈ ਛੁਡਾਓ, ਮਤੇ ਮੇਰਾ ਗੁੱਸਾ ਅੱਗ ਵਾਂਗੂੰ ਬਾਹਰ ਨਿੱਕਲੇ, ਅਤੇ ਤੁਹਾਡਿਆਂ ਬੁਰਿਆਂ ਕੰਮਾਂ ਦੇ ਕਾਰਨ ਉਹ ਅਜਿਹਾ ਬਲੇ ਕਿ ਕੋਈ ਉਹ ਨੂੰ ਬੁਝਾ ਨਾ ਸਕੇ। 13 ਵੇਖ, ਹੇ ਦੂਣ ਦੀਏ ਵਾਸਣੇ, ਮੈਂ ਤੇਰੇ ਵਿਰੁੱਧ ਹਾਂ, ਹੇ ਮੈਦਾਨ ਦੀਏ ਚੱਟਾਨੇ! ਯਹੋਵਾਹ ਦਾ ਵਾਕ ਹੈ, ਤੁਸੀਂ ਜੋ ਆਖਦੇ ਹੋ ਕਿ ਕੌਣ ਸਾਡੇ ਵਿਰੁੱਧ ਚੜ੍ਹਾਈ ਕਰੇਗਾ? ਅਤੇ ਕੌਣ ਸਾਡੇ ਵਾਸਾਂ ਵਿੱਚ ਆ ਵੜੇਗਾ? 14 ਮੈਂ ਤੁਹਾਡੀਆਂ ਕਰਤੂਤਾਂ ਦੇ ਫਲਾਂ ਅਨੁਸਾਰ ਤੁਹਾਡੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ, ਮੈਂ ਉਹ ਦੇ ਜੰਗਲ ਵਿੱਚ ਅੱਗ ਲਾਵਾਂਗਾ, ਜਿਹੜੀ ਆਲੇ-ਦੁਆਲੇ ਦਾ ਸਭ ਕੁਝ ਭੱਖ ਲਵੇਗੀ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.