ਯਿਰਮਿਯਾਹ 20 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਯਿਰਮਿਯਾਹ ਅਤੇ ਪਸ਼ਹੂਰ ਜਾਜਕ ਦੇ ਵਿਚਕਾਰ ਵਿਵਾਦ 1 ਇੰਮੇਰ ਜਾਜਕ ਦੇ ਪੁੱਤਰ ਪਸ਼ਹੂਰ ਨੇ ਜਿਹੜਾ ਯਹੋਵਾਹ ਦੇ ਭਵਨ ਦਾ ਵੱਡਾ ਪ੍ਰਧਾਨ ਸੀ ਯਿਰਮਿਯਾਹ ਨੂੰ ਅਗੰਮ ਵਾਕ ਦੀਆਂ ਇਹ ਗੱਲਾਂ ਕਰਦੇ ਸੁਣਿਆ 2 ਤਦ ਪਸ਼ਹੂਰ ਨੇ ਯਿਰਮਿਯਾਹ ਨਬੀ ਨੂੰ ਮਾਰਿਆ ਅਤੇ ਉਹ ਨੂੰ ਉਸ ਕਾਠ ਵਿੱਚ ਪਾਇਆ ਜਿਹੜਾ ਬਿਨਯਾਮੀਨ ਦੇ ਉੱਪਰਲੇ ਫਾਟਕ ਵਿੱਚ ਯਹੋਵਾਹ ਦੇ ਭਵਨ ਦੇ ਕੋਲ ਸੀ 3 ਤਾਂ ਇਸ ਤਰ੍ਹਾਂ ਹੋਇਆ ਕਿ ਜਾਂ ਦੂਜੇ ਦਿਨ ਪਸ਼ਹੂਰ ਨੇ ਯਿਰਮਿਯਾਹ ਨੂੰ ਕਾਠ ਤੋਂ ਬਾਹਰ ਕੱਢਿਆ ਤਾਂ ਯਿਰਮਿਯਾਹ ਨੇ ਉਹ ਨੂੰ ਆਖਿਆ, ਯਹੋਵਾਹ ਨੇ ਤੇਰਾ ਨਾਮ ਪਸ਼ਹੂਰ ਨਹੀਂ ਸਗੋਂ “ਚੌਹੀਂ ਪਾਸੀਂ ਭੈਅ” ਰੱਖਿਆ ਹੈ। 4 ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ, ਵੇਖ, ਮੈਂ ਤੈਨੂੰ ਤੇਰੇ ਲਈ ਅਤੇ ਤੇਰੇ ਸਾਰੇ ਪ੍ਰੇਮੀਆਂ ਲਈ ਭੈਅ ਦਾ ਕਾਰਨ ਬਣਾਵਾਂਗਾ। ਉਹ ਆਪਣੇ ਵੈਰੀਆਂ ਦੀ ਤਲਵਾਰ ਨਾਲ ਡਿੱਗਣਗੇ ਅਤੇ ਇਹ ਤੇਰੀਆਂ ਅੱਖਾਂ ਵੇਖਣਗੀਆਂ। ਮੈਂ ਸਾਰੇ ਯਹੂਦਾਹ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਗ਼ੁਲਾਮ ਕਰਕੇ ਬਾਬਲ ਨੂੰ ਲੈ ਜਾਵੇਗਾ ਅਤੇ ਉਹਨਾਂ ਨੂੰ ਤਲਵਾਰ ਨਾਲ ਮਾਰੇਗਾ 5 ਨਾਲੇ ਮੈਂ ਇਸ ਸ਼ਹਿਰ ਦਾ ਸਾਰਾ ਧਨ, ਉਹ ਦੀ ਸਾਰੀ ਖੱਟੀ ਅਤੇ ਉਹ ਦੀਆਂ ਸਾਰੀਆਂ ਬਹੁਮੁੱਲੀਆਂ ਚੀਜ਼ਾਂ, ਹਾਂ, ਯਹੂਦਾਹ ਦੇ ਰਾਜਿਆਂ ਦੇ ਸਾਰੇ ਖਜ਼ਾਨੇ ਉਹਨਾਂ ਦੇ ਵੈਰੀਆਂ ਦੇ ਹੱਥ ਵਿੱਚ ਦੇ ਦਿਆਂਗਾ। ਉਹ ਉਹਨਾਂ ਨੂੰ ਲੁੱਟ ਲੈਣਗੇ ਅਤੇ ਉਹਨਾਂ ਨੂੰ ਫੜ੍ਹ ਕੇ ਬਾਬਲ ਨੂੰ ਲੈ ਜਾਣਗੇ 6 ਹੇ ਪਸ਼ਹੂਰ, ਤੂੰ ਅਤੇ ਉਹ ਸਾਰੇ ਜਿਹੜੇ ਤੇਰੇ ਘਰ ਵਿੱਚ ਰਹਿੰਦੇ ਹਨ ਗ਼ੁਲਾਮ ਹੋ ਕੇ ਬਾਬਲ ਨੂੰ ਜਾਓਗੇ। ਤੂੰ ਉੱਥੇ ਜਾਏਂਗਾ ਅਤੇ ਉੱਥੇ ਮਰੇਗਾ ਅਤੇ ਉੱਥੇ ਤੂੰ ਦਫ਼ਨਾਇਆ ਜਾਵੇਂਗਾ, ਤੂੰ ਅਤੇ ਤੇਰੇ ਸਾਰੇ ਪ੍ਰੇਮੀ ਜਿਹਨਾਂ ਨਾਲ ਤੂੰ ਝੂਠੇ ਅਗੰਮ ਵਾਕ ਕੀਤੇ। ਯਿਰਮਿਯਾਹ ਦੀ ਪਰਮੇਸ਼ੁਰ ਨੂੰ ਸ਼ਿਕਾਇਤ 7 ਹੇ ਯਹੋਵਾਹ, ਤੂੰ ਮੈਨੂੰ ਭਰਮਾਇਆ ਤਾਂ ਮੈਂ ਭਰਮਾਇਆ ਗਿਆ ਹਾਂ, ਤੂੰ ਮੇਰੇ ਨਾਲੋਂ ਤਕੜਾ ਹੈ, ਤੂੰ ਮੇਰੇ ਉੱਤੇ ਪਰਬਲ ਪੈ ਗਿਆ ਹੈ, ਮੈਂ ਸਾਰਾ ਦਿਨ ਹਾਸਾ ਬਣ ਗਿਆ ਹਾਂ, ਸਾਰੇ ਹੀ ਮੇਰਾ ਠੱਠਾ ਉਡਾਉਂਦੇ ਹਨ। 8 ਜਦ ਕਦੀ ਮੈਂ ਗੱਲ ਕਰਦਾ ਹਾਂ ਮੈਂ ਚਿੱਲਾਉਂਦਾ ਹਾਂ, - “ਜ਼ੁਲਮ ਅਤੇ ਬਰਬਾਦੀ!” ਪੁਕਾਰਦਾ ਹਾਂ। ਯਹੋਵਾਹ ਦਾ ਬਚਨ ਤਾਂ ਮੇਰੇ ਲਈ ਸਾਰੇ ਦਿਨ ਦਾ ਮਿਹਣਾ ਅਤੇ ਠੱਠਾ ਬਣ ਗਿਆ ਹੈ। 9 ਜੇ ਮੈਂ ਆਖਾਂ, ਮੈਂ ਉਹ ਦਾ ਜਿਕਰ ਨਾ ਕਰਾਂਗਾ, ਨਾ ਉਹ ਦਾ ਨਾਮ ਲੈ ਕੇ ਅੱਗੇ ਨੂੰ ਗੱਲ ਕਰਾਂਗਾ, ਤਾਂ ਉਹ ਮੇਰੇ ਦਿਲ ਵਿੱਚ ਬਲਦੀ ਅੱਗ ਵਾਂਗੂੰ ਹੁੰਦਾ ਹੈ, ਜਿਹੜੀ ਮੇਰੀਆਂ ਹੱਡੀਆਂ ਵਿੱਚ ਲੁੱਕੀ ਹੋਈ ਹੈ, ਮੈਂ ਇਹ ਨੂੰ ਰੱਖਦਾ-ਰੱਖਦਾ ਥੱਕ ਗਿਆ ਹਾਂ, ਮੈਂ ਸਹਿ ਨਹੀਂ ਸਕਦਾ। 10 ਮੈਂ ਤਾਂ ਬਹੁਤਿਆਂ ਦੀ ਬੁਰੀ ਖ਼ਬਰ ਸੁਣੀ ਹੈ, ਚੌਹੀਂ ਪਾਸੀਂ ਭੈਅ ਹੈ! ਉਸ ਉੱਤੇ ਦੋਸ਼ ਲਾਓ! ਆਓ, ਅਸੀਂ ਉਸ ਉੱਤੇ ਦੋਸ਼ ਲਾਈਏ! ਸਾਰੇ ਮੇਰੇ ਮਿੱਤਰ ਮੇਰੇ ਅੱਗੇ ਡਿੱਗਣ ਦੀ ਤਾੜ ਵਿੱਚ ਹਨ। ਖ਼ਬਰੇ ਉਹ ਭਰਮਾਇਆ ਜਾਵੇ, ਤਾਂ ਅਸੀਂ ਉਹ ਦੇ ਉੱਤੇ ਪਰਬਲ ਲੈ ਜਾਂਵਾਂਗੇ, ਅਤੇ ਉਹ ਦੇ ਕੋਲੋਂ ਆਪਣਾ ਬਦਲਾ ਲੈ ਲਵਾਂਗੇ! 11 ਪਰ ਯਹੋਵਾਹ ਇੱਕ ਡਰਾਉਣੇ ਯੋਧੇ ਵਾਂਗੂੰ ਮੇਰੇ ਸੰਗ ਹੈ, ਇਸ ਲਈ ਮੇਰੇ ਸਤਾਉਣ ਵਾਲੇ ਠੋਕਰ ਖਾਣਗੇ, ਉਹ ਪਰਬਲ ਨਾ ਪੈ ਸਕਣਗੇ! ਉਹ ਬਹੁਤ ਲੱਜਿਆਵਾਨ ਹੋਣਗੇ, ਉਹ ਸਫ਼ਲ ਨਾ ਹੋਣਗੇ, ਉਹਨਾਂ ਦੀ ਸ਼ਰਮਿੰਦਗੀ ਸਦਾ ਦੀ ਹੋਵੇਗੀ, ਜੋ ਕਦੀ ਨਾ ਭੁੱਲੇਗੀ। 12 ਪਰ ਹੇ ਸੈਨਾਂ ਦੇ ਯਹੋਵਾਹ, ਜਿਹੜਾ ਧਰਮੀਆਂ ਨੂੰ ਪਰਖਦਾ ਹੈ, ਜਿਹੜਾ ਦਿਲ ਅਤੇ ਗੁਰਦਿਆਂ ਨੂੰ ਦੇਖਦਾ ਹੈ, ਜਿਹੜਾ ਬਦਲਾ ਤੂੰ ਉਹਨਾਂ ਕੋਲੋਂ ਲਵੇਂਗਾ ਉਹ ਮੈਨੂੰ ਵਿਖਾ, ਕਿਉਂ ਜੋ ਮੈਂ ਆਪਣਾ ਦਾਵਾ ਤੇਰੇ ਅੱਗੇ ਖੋਲ੍ਹ ਦਿੱਤਾ ਹੈ। 13 ਯਹੋਵਾਹ ਲਈ ਗਾਓ! ਤੁਸੀਂ ਯਹੋਵਾਹ ਨੂੰ ਵਡਿਆਓ! ਕਿਉਂ ਜੋ ਉਸ ਨੇ ਕੰਗਾਲ ਦੀ ਜਾਨ ਨੂੰ ਕੁਕਰਮੀਆਂ ਦੇ ਹੱਥੋਂ ਛੁਡਾਇਆ ਹੈ। 14 ਉਸ ਦਿਨ ਉੱਤੇ ਫਿਟਕਾਰ ਜਿਹ ਦੇ ਵਿੱਚ ਮੈਂ ਜੰਮਿਆ! ਉਹ ਦਿਨ ਜਿਹ ਦੇ ਵਿੱਚ ਮੇਰੀ ਮਾਂ ਨੇ ਮੈਨੂੰ ਜਨਮ ਦਿੱਤਾ ਮੁਬਾਰਕ ਨਾ ਹੋਵੇਗਾ! 15 ਫਿਟਕਾਰ ਉਸ ਮਨੁੱਖ ਉੱਤੇ, ਜਿਸ ਨੇ ਮੇਰੇ ਪਿਉ ਨੂੰ ਖ਼ਬਰ ਦਿੱਤੀ, ਕਿ ਤੇਰੇ ਲਈ ਇੱਕ ਪੁੱਤਰ ਜੰਮਿਆ, ਅਤੇ ਉਹ ਨੂੰ ਬਹੁਤ ਖੁਸ਼ ਕੀਤਾ। 16 ਉਹ ਮਨੁੱਖ ਉਹਨਾਂ ਸ਼ਹਿਰਾਂ ਵਾਂਗੂੰ ਹੋ ਜਾਵੇ, ਜਿਹਨਾਂ ਨੂੰ ਯਹੋਵਾਹ ਨੇ ਬਿਨ੍ਹਾਂ ਅਫ਼ਸੋਸ ਦੇ ਉਲਟਾ ਦਿੱਤਾ! ਉਹ ਸਵੇਰ ਨੂੰ ਚਿੱਲਾਉਣਾ ਸੁਣੇ, ਅਤੇ ਦੁਪਹਿਰ ਨੂੰ ਹਾਲ ਪੁਕਾਰ, 17 ਕਿਉਂ ਜੋ ਉਸ ਨੇ ਮੈਨੂੰ ਕੁੱਖ ਵਿੱਚ ਹੀ ਨਾ ਮਾਰਿਆ, ਤਦ ਮੇਰੀ ਮਾਤਾ ਮੇਰੀ ਕਬਰ ਹੁੰਦੀ, ਅਤੇ ਉਹ ਦੀ ਕੁੱਖ ਸਦਾ ਭਰੀ ਰਹਿੰਦੀ। 18 ਮੈਂ ਕਿਉਂ ਕੁੱਖੋਂ ਬਾਹਰ ਆਇਆ, ਕਸ਼ਟ ਅਤੇ ਗ਼ਮ ਵੇਖਣ ਲਈ, ਭਈ ਮੈ ਆਪਣੇ ਦਿਨ ਨਮੋਸ਼ੀ ਵਿੱਚ ਕੱਟਾਂ?। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.