Aanlyn Bybel

- Advertensies -

ਯਿਰਮਿਯਾਹ 15 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਯਹੂਦਾਹ ਦੇ ਲੋਕਾਂ ਦਾ ਪੂਰਨ ਤਿਆਗ

1 ਤਦ ਯਹੋਵਾਹ ਨੇ ਮੈਨੂੰ ਆਖਿਆ, ਭਾਵੇਂ ਮੂਸਾ ਅਤੇ ਸਮੂਏਲ ਮੇਰੇ ਸਨਮੁਖ ਖੜੇ ਹੁੰਦੇ ਤਾਂ ਵੀ ਮੇਰਾ ਜੀ ਇਸ ਪਰਜਾ ਵੱਲ ਨਾ ਝੁਕਦਾ। ਉਹਨਾਂ ਨੂੰ ਮੇਰੇ ਅੱਗੋਂ ਕੱਢ ਦੇ ਕਿ ਉਹ ਚਲੇ ਜਾਣ!

2 ਤਾਂ ਇਸ ਤਰ੍ਹਾਂ ਹੋਵੇਗਾ ਕਿ ਜਦ ਉਹ ਤੈਨੂੰ ਆਖਣ, ਅਸੀਂ ਕਿੱਧਰ ਜਾਈਏ? ਤਾਂ ਤੂੰ ਉਹਨਾਂ ਨੂੰ ਆਖ, ਯਹੋਵਾਹ ਐਉਂ ਆਖਦਾ ਹੈ, - ਜਿਹੜੇ ਮੌਤ ਲਈ ਹਨ ਉਹ ਮੌਤ ਵੱਲ, ਜਿਹੜੇ ਤਲਵਾਰ ਲਈ ਹਨ ਉਹ ਤਲਵਾਰ ਵੱਲ, ਜਿਹੜੇ ਕਾਲ ਲਈ ਹਨ ਉਹ ਕਾਲ ਵੱਲ, ਜਿਹੜੇ ਕੈਦ ਲਈ ਹਨ ਉਹ ਕੈਦ ਵੱਲ ਚਲੇ ਜਾਣ।

3 ਮੈਂ ਉਹਨਾਂ ਦੇ ਉੱਤੇ ਚਾਰ ਵਸਤੂਆਂ ਨੂੰ ਠਹਿਰਾਵਾਂਗਾ, ਯਹੋਵਾਹ ਦਾ ਵਾਕ ਹੈ, - ਤਲਵਾਰ ਨੂੰ ਵੱਢਣ ਲਈ, ਕੁੱਤਿਆਂ ਨੂੰ ਪਾੜਨ ਲਈ ਅਤੇ ਅਕਾਸ਼ ਦੇ ਪੰਛੀਆਂ ਨੂੰ ਅਤੇ ਧਰਤੀ ਦੇ ਦਰਿੰਦਿਆਂ ਨੂੰ ਖਾ ਲੈਣ ਅਤੇ ਨਾਸ ਕਰਨ ਲਈ

4 ਮੈਂ ਉਹਨਾਂ ਨੂੰ ਯਹੂਦਾਹ ਦੇ ਰਾਜਾ ਹਿਜ਼ਕੀਯਾਹ ਦੇ ਪੁੱਤਰ ਮਨੱਸ਼ਹ ਦੇ ਉਸ ਕੰਮ ਦੇ ਕਾਰਨ ਜੋ ਉਸ ਯਰੂਸ਼ਲਮ ਵਿੱਚ ਕੀਤਾ ਸਾਰੀ ਧਰਤੀ ਦੀਆਂ ਪਾਤਸ਼ਾਹੀਆਂ ਲਈ ਇੱਕ ਭੈਅ ਹੋਣ ਲਈ ਦਿਆਂਗਾ।

5 ਹੇ ਯਰੂਸ਼ਲਮ, ਕੌਣ ਤੇਰੇ ਉੱਤੇ ਤਰਸ ਖਾਵੇਗਾ? ਜਾਂ ਕੌਣ ਤੇਰਾ ਦਰਦੀ ਹੋਵੇਗਾ? ਜਾਂ ਕੌਣ ਤੇਰੀ ਸੁੱਖ-ਸਾਂਦ ਪੁੱਛਣ ਲਈ ਮੁੜੇਗਾ?

6 ਤੂੰ ਮੈਨੂੰ ਛੱਡ ਦਿੱਤਾ, ਯਹੋਵਾਹ ਦਾ ਵਾਕ ਹੈ, ਤੂੰ ਪਿੱਛੇ ਨੂੰ ਫਿਰ ਗਈ। ਮੈਂ ਤੇਰੇ ਵਿਰੁੱਧ ਆਪਣਾ ਹੱਥ ਚੁੱਕਾਂਗਾ ਅਤੇ ਤੈਨੂੰ ਨਾਸ ਕਰ ਦਿਆਂਗਾ, ਪਛਤਾਉਂਦਾ ਮੈਂ ਥੱਕ ਗਿਆ!

7 ਮੈਂ ਉਹਨਾਂ ਨੂੰ ਛੱਜਾਂ ਨਾਲ ਦੇਸ ਦੇ ਫਾਟਕਾਂ ਵਿੱਚ ਛੱਟਿਆ। ਮੈਂ ਉਹਨਾਂ ਨੂੰ ਔਂਤ ਕੀਤਾ, ਮੈਂ ਆਪਣੀ ਪਰਜਾ ਨੂੰ ਮਿਟਾ ਦਿੱਤਾ, ਉਹ ਆਪਣਿਆਂ ਰਾਹਾਂ ਤੋਂ ਨਹੀਂ ਮੁੜੇ।

8 ਉਹਨਾਂ ਦੀਆਂ ਵਿਧਵਾਂ ਮੇਰੇ ਅੱਗੇ, ਸਮੁੰਦਰ ਦੀ ਰੇਤ ਨਾਲੋਂ ਵੱਧ ਗਈਆਂ। ਮੈਂ ਦੁਪਹਿਰ ਦੇ ਵੇਲੇ ਜੁਆਨਾਂ ਦੀਆਂ ਮਾਵਾਂ ਦੇ ਵਿਰੁੱਧ ਇੱਕ ਲੁਟੇਰਾ ਲਿਆਂਦਾ ਹਾਂ, ਮੈਂ ਉਹ ਦੇ ਉੱਤੇ ਕਸ਼ਟ ਅਤੇ ਡਰ ਅੱਚਨਚੇਤ ਪਾਇਆ।

9 ਉਹ ਜਿਸ ਨੇ ਸੱਤ ਜਣੇ ਸਨ ਮਾੜੀ ਹੋ ਗਈ ਹੈ, ਉਸ ਜਾਨ ਦੇ ਦਿੱਤੀ, ਜਦ ਅਜੇ ਦਿਨ ਹੀ ਸੀ ਉਹ ਦਾ ਸੂਰਜ ਲਹਿ ਗਿਆ, ਉਹ ਸ਼ਰਮਿੰਦੀ ਅਤੇ ਬੇਪਤ ਹੋਈ, ਮੈਂ ਉਹਨਾਂ ਦੇ ਰਹਿੰਦੇ-ਖੂਹੰਦੇ ਨੂੰ ਉਹਨਾਂ ਦੇ ਵੈਰੀਆਂ ਦੇ ਸਾਹਮਣੇ ਤਲਵਾਰ ਦੇ ਹਵਾਲੇ ਕਰਾਂਗਾ, ਯਹੋਵਾਹ ਦਾ ਵਾਕ ਹੈ।


ਯਿਰਮਿਯਾਹ ਦਾ ਵਿਰਲਾਪ

10 ਹਾਏ ਮੇਰੇ ਉੱਤੇ! ਹੇ ਮੇਰੀ ਮਾਤਾ ਕਿ ਤੂੰ ਮੈਨੂੰ ਜਣਿਆ ਜੋ ਸਾਰੇ ਦੇਸ ਲਈ ਇੱਕ ਲੜਾਕਾ ਮਨੁੱਖ ਅਤੇ ਇੱਕ ਫਸਾਦੀ ਮਨੁੱਖ ਹਾਂ। ਨਾ ਮੈਂ ਉਧਾਰ ਦਿੱਤਾ, ਨਾ ਉਧਾਰ ਲਿਆ, ਤਾਂ ਵੀ ਸਾਰੇ ਮੈਨੂੰ ਫਿਟਕਾਰਦੇ ਹਨ!

11 ਯਹੋਵਾਹ ਨੇ ਆਖਿਆ, ਮੈਂ ਸੱਚ-ਮੁੱਚ ਤੈਨੂੰ ਭਲਿਆਈ ਲਈ ਛੁਡਾਵਾਂਗਾ, ਮੈਂ ਸੱਚ-ਮੁੱਚ ਬੁਰਿਆਈ ਦੇ ਸਮੇਂ ਵਿੱਚ ਅਤੇ ਦੁੱਖ ਦੇ ਸਮੇਂ ਵਿੱਚ ਵੈਰੀਆਂ ਕੋਲੋਂ ਤੇਰੇ ਅੱਗੇ ਤਰਲੇ ਕਰਾਵਾਂਗਾ

12 ਕੀ ਕੋਈ ਲੋਹੇ ਨੂੰ, ਹਾਂ, ਉੱਤਰੀ ਲੋਹੇ ਜਾਂ ਪਿੱਤਲ ਨੂੰ ਤੋੜ ਸਕਦਾ ਹੈ?

13 ਮੈਂ ਤੇਰੇ ਮਾਲ ਅਤੇ ਤੇਰੇ ਖ਼ਜ਼ਾਨਿਆਂ ਨੂੰ ਲੁੱਟ ਲਈ ਦਿਆਂਗਾ, ਮੁੱਲ ਲਈ ਨਹੀਂ, ਸਗੋਂ ਤੇਰੇ ਸਾਰੇ ਪਾਪਾਂ ਦੇ ਕਾਰਨ ਤੇਰੀਆਂ ਹੱਦਾਂ ਦੇ ਵਿੱਚ ਇਹ ਹੋਵੇਗਾ

14 ਮੈਂ ਉਹਨਾਂ ਨੂੰ ਤੇਰੇ ਵੈਰੀਆਂ ਦੇ ਨਾਲ ਇੱਕ ਅਜਿਹੇ ਦੇਸ ਵੱਲ ਲੰਘਾ ਦਿਆਂਗਾ ਜਿਹ ਨੂੰ ਤੂੰ ਨਹੀਂ ਜਾਣਦਾ ਕਿਉਂ ਜੋ ਮੇਰੇ ਕ੍ਰੋਧ ਵਿੱਚ ਅੱਗ ਮੱਚ ਉੱਠੀ ਹੈ ਜੋ ਤੁਹਾਡੇ ਉੱਤੇ ਮੱਚੇਗੀ।

15 ਹੇ ਯਹੋਵਾਹ, ਤੂੰ ਜਾਣਦਾ ਹੈਂ, ਮੈਨੂੰ ਚੇਤੇ ਕਰ ਅਤੇ ਮੇਰੀ ਖ਼ਬਰ ਲੈ, ਮੇਰੇ ਸਤਾਉਣ ਵਾਲਿਆਂ ਤੋਂ ਮੇਰਾ ਬਦਲਾ ਲੈ। ਆਪਣੀ ਧੀਰਜ ਵਿੱਚੋਂ ਮੈਨੂੰ ਨਾ ਚੁੱਕ ਲਈਂ, ਜਾਣ ਲੈ ਕਿ ਮੈਂ ਤੇਰੇ ਲਈ ਉਲਾਹਮਾ ਝੱਲਿਆ ਹੈ।

16 ਤੇਰੀਆਂ ਗੱਲਾਂ ਮੈਨੂੰ ਲੱਭੀਆਂ ਅਤੇ ਮੈਂ ਉਹਨਾਂ ਨੂੰ ਖਾ ਲਿਆ, ਤੇਰੀਆਂ ਗੱਲਾਂ ਮੇਰੇ ਲਈ ਖੁਸ਼ੀ, ਅਤੇ ਮੇਰੇ ਦਿਲ ਦਾ ਅਨੰਦ ਸਨ, ਕਿਉਂ ਜੋ ਮੈਂ ਤੇਰੇ ਨਾਮ ਦਾ ਅਖਵਾਉਂਦਾ ਹਾਂ, ਹੇ ਯਹੋਵਾਹ, ਸੈਨਾਂ ਦੇ ਪਰਮੇਸ਼ੁਰ।

17 ਮੈਂ ਰੰਗ ਰਲੀਆਂ ਮਨਾਉਣ ਵਾਲਿਆਂ ਦੀ ਸੰਗਤ ਵਿੱਚ ਨਾ ਬੈਠਿਆ, ਨਾ ਮੈਂ ਚੋਹਲ ਕੀਤਾ। ਮੈਂ ਇਕੱਲਾ ਬੈਠ ਰਿਹਾ ਕਿਉਂ ਜੋ ਤੇਰਾ ਹੱਥ ਮੇਰੇ ਉੱਤੇ ਸੀ, ਤੂੰ ਆਪਣੇ ਗਜ਼ਬ ਨਾਲ ਮੈਨੂੰ ਭਰ ਦਿੱਤਾ ਸੀ।

18 ਮੇਰੀ ਪੀੜ ਕਿਉਂ ਸਦਾ ਦੀ ਹੈ, ਅਤੇ ਮੇਰਾ ਫੱਟ ਕਿਉਂ ਅਸਾਧ ਹੈ, ਭਈ ਉਹ ਰਾਜੀ ਹੋਣ ਵਿੱਚ ਨਹੀਂ ਆਉਂਦਾ? ਕੀ ਤੂੰ ਮੇਰੇ ਲਈ ਝੂਠੀ ਨਦੀ ਵਰਗਾ ਹੋਵੇਂਗਾ? ਜਾਂ ਉਹਨਾਂ ਪਾਣੀਆਂ ਵਾਂਗੂੰ ਜਿਹੜੇ ਠਹਿਰਦੇ ਨਹੀਂ?।

19 ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਜੇ ਤੂੰ ਮੁੜੇ ਤਾਂ ਮੈਂ ਤੈਨੂੰ ਮੋੜ ਲਿਆਵਾਂਗਾ, ਭਈ ਤੂੰ ਮੇਰੇ ਸਨਮੁਖ ਖਲੋ ਸਕੇਂ। ਜੇ ਤੂੰ ਮਹਿੰਗ ਮੁੱਲੇ ਨੂੰ ਨਖਿੱਧ ਨਾਲੋਂ ਅੱਡ ਕਰੇਂ, ਤਾਂ ਤੂੰ ਮੇਰੇ ਮੁੱਖ ਵਰਗਾ ਹੋਵੇਂਗਾ। ਉਹ ਤੇਰੀ ਵੱਲ ਮੁੜਨਗੇ, ਪਰ ਤੂੰ ਉਹਨਾਂ ਵੱਲ ਨਾ ਮੁੜੇਗਾ।

20 ਮੈਂ ਤੈਨੂੰ ਇਸ ਪਰਜਾ ਲਈ ਇੱਕ ਪੱਕੀ ਪਿੱਤਲ ਦੀ ਕੰਧ ਬਣਾਵਾਂਗਾ, ਉਹ ਤੇਰੇ ਨਾਲ ਲੜਨਗੇ, ਪਰ ਤੈਨੂੰ ਜਿੱਤ ਨਾ ਸਕਣਗੇ, ਮੈਂ ਤੇਰੇ ਨਾਲ ਜੋ ਹਾਂ, ਭਈ ਤੈਨੂੰ ਬਚਾਵਾਂ ਅਤੇ ਤੈਨੂੰ ਛੁਡਾਵਾਂ, ਯਹੋਵਾਹ ਦਾ ਵਾਕ ਹੈ।

21 ਮੈਂ ਬੁਰਿਆਰ ਦੇ ਹੱਥੋਂ ਤੈਨੂੰ ਛੁਡਾਵਾਂਗਾ, ਅਤੇ ਬੇਤਰਸ ਦੇ ਹੱਥੋਂ ਤੇਰਾ ਨਿਸਤਾਰਾ ਕਰਾਂਗਾ।

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies