Aanlyn Bybel

- Advertensies -

ਯਿਰਮਿਯਾਹ 13 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ


ਕਮਰ ਕੱਸੇ ਦਾ ਉਦਾਹਰਣ

1 ਯਹੋਵਾਹ ਨੇ ਮੈਨੂੰ ਇਸ ਤਰ੍ਹਾਂ ਆਖਿਆ ਕਿ ਜਾ ਅਤੇ ਆਪਣੇ ਲਈ ਇੱਕ ਕਤਾਨ ਦਾ ਕਮਰ ਕੱਸਾ ਮੁੱਲ ਲੈ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲੈ ਪਰ ਉਹ ਨੂੰ ਪਾਣੀ ਵਿੱਚ ਨਾ ਭੇਵੀਂ

2 ਸੋ ਮੈਂ ਯਹੋਵਾਹ ਦੇ ਬਚਨ ਦੇ ਅਨੁਸਾਰ ਇੱਕ ਕਮਰ ਕੱਸਾ ਮੁੱਲ ਲਿਆ ਅਤੇ ਉਹ ਨੂੰ ਆਪਣੇ ਲੱਕ ਉੱਤੇ ਪਾ ਲਿਆ

3 ਤਾਂ ਇਸ ਤਰ੍ਹਾਂ ਹੋਇਆ ਕਿ ਯਹੋਵਾਹ ਦਾ ਬਚਨ ਦੂਜੀ ਵਾਰ ਮੇਰੇ ਕੋਲ ਆਇਆ ਕਿ

4 ਜਿਹੜਾ ਕਮਰ ਕੱਸਾ ਤੂੰ ਮੁੱਲ ਲਿਆ ਹੈ ਅਤੇ ਜਿਹੜਾ ਤੇਰੇ ਲੱਕ ਉੱਤੇ ਹੈ ਉਹ ਨੂੰ ਲੈ, ਉੱਠ ਅਤੇ ਫ਼ਰਾਤ ਨੂੰ ਜਾ ਅਤੇ ਉੱਥੇ ਉਹ ਨੂੰ ਇੱਕ ਚੱਟਾਨ ਦੀ ਤੇੜ ਵਿੱਚ ਲੁਕਾ ਦੇ

5 ਸੋ ਮੈਂ ਗਿਆ ਅਤੇ ਉਹ ਫ਼ਰਾਤ ਕੋਲ ਲੁਕਾ ਦਿੱਤਾ ਜਿਵੇਂ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ

6 ਤਾਂ ਇਸ ਤਰ੍ਹਾਂ ਹੋਇਆ ਕਿ ਬਹੁਤ ਦਿਨਾਂ ਦੇ ਅੰਤ ਵਿੱਚ ਯਹੋਵਾਹ ਨੇ ਮੈਨੂੰ ਆਖਿਆ, ਉੱਠ ਕੇ ਫ਼ਰਾਤ ਨੂੰ ਜਾ ਅਤੇ ਉਸ ਕਮਰ ਕੱਸੇ ਨੂੰ ਉੱਥੋਂ ਲੈ ਲੈ ਜਿਹ ਦੇ ਲੁਕਾਉਣ ਦਾ ਮੈਂ ਤੈਨੂੰ ਹੁਕਮ ਦਿੱਤਾ ਸੀ

7 ਤਾਂ ਮੈਂ ਫ਼ਰਾਤ ਨੂੰ ਗਿਆ ਅਤੇ ਮੈਂ ਪੁੱਟਿਆ ਅਤੇ ਉਸ ਕਮਰ ਕੱਸੇ ਨੂੰ ਉਸ ਥਾਓਂ ਲਿਆ ਜਿੱਥੇ ਮੈਂ ਉਸ ਨੂੰ ਲੁਕਾਇਆ ਸੀ ਅਤੇ ਵੇਖੋ, ਉਹ ਵਿਗੜ ਗਿਆ ਸੀ, ਉਹ ਕਿਸੇ ਕੰਮ ਦਾ ਨਾ ਰਿਹਾ।

8 ਤਾਂ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ

9 ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਐਉਂ ਹੀ ਯਹੂਦਾਹ ਦੇ ਹੰਕਾਰ ਅਤੇ ਯਰੂਸ਼ਲਮ ਦੇ ਵੱਡੇ ਹੰਕਾਰ ਨੂੰ ਵਿਗਾੜ ਦਿਆਂਗਾ

10 ਇਹ ਬੁਰੀ ਪਰਜਾ ਜਿਹੜੀ ਮੇਰੀਆਂ ਗੱਲਾਂ ਸੁਣਨ ਤੋਂ ਮੁੱਕਰਦੀ ਹੈ ਅਤੇ ਆਪਣੇ ਦਿਲ ਦੀ ਆਕੜ ਵਿੱਚ ਚੱਲਦੀ ਹੈ, ਜਿਹੜੀ ਹੋਰਨਾਂ ਦੇਵਤਿਆਂ ਦੇ ਪਿੱਛੇ ਚੱਲਦੀ, ਉਹਨਾਂ ਦੀ ਪੂਜਾ ਕਰਦੀ ਅਤੇ ਉਹਨਾਂ ਨੂੰ ਮੱਥਾ ਟੇਕਦੀ ਹੈ, ਉਹ ਇਸ ਕਮਰ ਕੱਸੇ ਵਾਂਗੂੰ ਹੈ ਜਿਹੜਾ ਕਿਸੇ ਕੰਮ ਦਾ ਨਹੀਂ

11 ਕਿਉਂ ਜੋ ਜਿਵੇਂ ਕਮਰ ਕੱਸਾ ਕਿਸੇ ਮਨੁੱਖ ਦੇ ਲੱਕ ਨਾਲ ਬੱਝਾ ਰਹਿੰਦਾ ਹੈ ਤਿਵੇਂ ਇਸਰਾਏਲ ਦਾ ਸਾਰਾ ਘਰਾਣਾ ਅਤੇ ਯਹੂਦਾਹ ਦਾ ਸਾਰਾ ਘਰਾਣਾ ਮੇਰੇ ਨਾਲ ਬਝੇ ਰਹਿਣ, ਯਹੋਵਾਹ ਦਾ ਵਾਕ ਹੈ, ਭਈ ਉਹ ਮੇਰੇ ਲਈ ਪਰਜਾ, ਨਾਮ, ਉਸਤਤ ਅਤੇ ਸੁਹੱਪਣ ਹੋਣ ਪਰ ਉਹਨਾਂ ਨੇ ਨਾ ਮੰਨਿਆ l


ਸ਼ਹਿਦ ਨਾਲ ਭਰੇ ਕੁੱਪਿਆਂ ਦਾ ਉਦਾਹਰਣ

12 ਤੂੰ ਉਹਨਾਂ ਨੂੰ ਇਹ ਗੱਲ ਆਖ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਭਈ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ ਅਤੇ ਉਹ ਤੈਨੂੰ ਆਖਣਗੇ, ਕੀ ਅਸੀਂ ਸੱਚ-ਮੁੱਚ ਨਹੀਂ ਜਾਣਿਆ ਕਿ ਸਾਰੇ ਮਟਕੇ ਮਧ ਨਾਲ ਭਰੇ ਜਾਣਗੇ?

13 ਤਦ ਤੂੰ ਉਹਨਾਂ ਨੂੰ ਆਖ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਸ ਦੇ ਸਾਰੇ ਵਾਸੀਆਂ ਨੂੰ ਅਤੇ ਰਾਜਿਆਂ ਨੂੰ ਜਿਹੜੇ ਦਾਊਦ ਦੇ ਸਿੰਘਾਸਣ ਉੱਤੇ ਬੈਠਦੇ ਹਨ, ਜਾਜਕਾਂ ਨੂੰ, ਨਬੀਆਂ ਨੂੰ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਨੂੰ ਨਸ਼ੇ ਨਾਲ ਦਬਾ ਕੇ ਭਰ ਦਿਆਂਗਾ

14 ਮੈਂ ਉਹਨਾਂ ਸਾਰਿਆਂ ਨੂੰ ਟਕਰਾ ਦਿਆਂਗਾ, ਮਨੁੱਖ ਨੂੰ ਉਹ ਦੇ ਭਰਾ ਨਾਲ, ਪਿਉ ਨੂੰ ਪੁੱਤਰ ਨਾਲ, ਯਹੋਵਾਹ ਦਾ ਵਾਕ ਹੈ, ਨਾ ਮੈਂ ਤਰਸ ਕਰਾਂਗਾ, ਨਾ ਪੱਖ ਕਰਾਂਗਾ, ਨਾ ਰਹਮ ਕਰਾਂਗਾ ਭਈ ਮੈਂ ਉਹਨਾਂ ਨੂੰ ਨਾਸ ਨਾ ਕਰ ਦੇ।


ਘਮੰਡ ਦੇ ਵਿਰੋਧ ਵਿੱਚ ਚੇਤਾਵਨੀ

15 ਸੁਣੋ ਅਤੇ ਕੰਨ ਲਾਓ, ਹੰਕਾਰ ਨਾ ਕਰੋ, ਕਿਉਂ ਜੋ ਯਹੋਵਾਹ ਬੋਲਿਆ ਹੈ।

16 ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਵਡਿਆਈ ਦਿਓ, ਇਸ ਤੋਂ ਪਹਿਲਾਂ ਕਿ ਉਹ ਅਨ੍ਹੇਰਾ ਲਿਆਵੇ, ਇਸ ਤੋਂ ਪਹਿਲਾਂ ਭਈ ਤੁਹਾਡੇ ਪੈਰਾਂ ਨੂੰ ਠੇਡਾ ਲੱਗੇ, ਘੁਸਮੁਸੇ ਦੇ ਪਰਬਤ ਉੱਤੇ, ਜਦ ਤੁਸੀਂ ਚਾਨਣ ਨੂੰ ਉਡੀਕਦੇ ਹੋ, ਤਾਂ ਉਹ ਉਸ ਨੂੰ ਅਨ੍ਹੇਰੇ ਨਾਲ ਬਦਲ ਦੇਵੇ, ਅਤੇ ਉਸ ਨੂੰ ਮੌਤ ਦਾ ਸਾਯਾ ਕਰ ਦੇਵੇ।

17 ਪਰ ਜੇ ਤੁਸੀਂ ਨਾ ਸੁਣੋਗੇ, ਤਾਂ ਤੁਹਾਡੇ ਹੰਕਾਰ ਦੇ ਕਾਰਨ ਮੇਰੀ ਜਾਣ ਪੜਦੇ ਵਿੱਚ ਰੋਵੇਗੀ, ਮੇਰੀਆਂ ਅੱਖਾਂ ਫੁੱਟ-ਫੁੱਟ ਕੇ ਰੋਣਗੀਆਂ ਅਤੇ ਅੱਥਰੂ ਵਗਾਉਣਗੀਆਂ, ਕਿਉਂ ਜੋ ਯਹੋਵਾਹ ਦਾ ਇੱਜੜ ਫੜਿਆ ਗਿਆ।

18 ਰਾਜਾ ਅਤੇ ਰਾਣੀ ਨੂੰ ਆਖ, ਹੇਠਾਂ ਬੈਠੋ! ਕਿਉਂ ਜੋ ਤੁਹਾਡਾ ਸੋਹਣਾ ਮੁਕਟ ਤੁਹਾਡੇ ਸਿਰ ਤੋਂ ਹੇਠਾਂ ਡਿੱਗ ਪਿਆ ਹੈ।

19 ਦੱਖਣ ਦੇ ਸ਼ਹਿਰ ਬੰਦ ਹੋ ਗਏ, ਉਹਨਾਂ ਨੂੰ ਖੋਲ੍ਹਣ ਵਾਲਾ ਕੋਈ ਨਹੀਂ, ਯਹੂਦਾਹ ਗ਼ੁਲਾਮ ਹੋ ਗਿਆ, ਸਾਰੇ ਦੇ ਸਾਰੇ ਗ਼ੁਲਾਮ ਹੋ ਗਏ।

20 ਆਪਣੀਆਂ ਅੱਖਾਂ ਚੁੱਕ, ਤੇ ਉੱਤਰ ਵਲੋਂ ਆਉਣ ਵਾਲਿਆ ਨੂੰ ਵੇਖ! ਉਹ ਇੱਜੜ ਕਿੱਥੇ ਹੈ ਜਿਹੜਾ ਤੈਨੂੰ ਦਿੱਤਾ ਗਿਆ ਸੀ? ਹਾਂ, ਤੇਰਾ ਸੋਹਣਾ ਇੱਜੜ?

21 ਤੂੰ ਕੀ ਆਖੇਗੀ ਜਦ ਉਹ ਤੇਰੇ ਉੱਤੇ ਆਗੂ ਹੋਣ ਲਈ, ਉਹਨਾਂ ਨੂੰ ਠਹਿਰਾਵੇ ਜਿਹਨਾਂ ਨੂੰ ਤੂੰ ਆਪ ਸਿਖਾਇਆ, ਭਈ ਉਹ ਤੇਰੇ ਯਾਰ ਹੋਣ? ਕੀ ਤੈਨੂੰ ਪੀੜਾਂ ਨਾ ਲੱਗਣਗੀਆਂ? ਜਿਵੇਂ ਔਰਤ ਨੂੰ ਜਣਨ ਦੀਆਂ ਲੱਗਦੀਆਂ ਹਨ?

22 ਜੇ ਤੂੰ ਆਪਣੇ ਦਿਲ ਵਿੱਚ ਆਖੇ, ਇਹ ਗੱਲਾਂ ਮੇਰੇ ਉੱਤੇ ਕਿਉਂ ਆਈਆਂ? ਇਹ ਤੇਰੀ ਬਦੀ ਦੇ ਵਾਫ਼ਰ ਹੋਣ ਦੇ ਕਾਰਨ ਹੈ, ਕਿ ਤੇਰਾ ਲਹਿੰਗਾ ਚੁੱਕਿਆ ਗਿਆ, ਅਤੇ ਤੇਰੀਆਂ ਅੱਡੀਆਂ ਉੱਤੇ ਜ਼ੋਰ ਮਾਰਿਆ ਗਿਆ

23 ਭਲਾ, ਕੂਸ਼ੀ ਆਪਣੀ ਖੱਲ ਨੂੰ, ਜਾਂ ਚੀਤਾ ਆਪਣੇ ਦਾਗਾਂ ਨੂੰ ਬਦਲ ਸਕਦਾ ਹੈ? ਤਾਂ ਤੂੰ ਵੀ ਭਲਿਆਈ ਕਰ ਸਕਦਾ ਹੈਂ, ਜਿਸ ਨੇ ਬੁਰਿਆਈ ਸਿੱਖੀ ਹੋਈ ਹੈ!

24 ਮੈਂ ਉਹਨਾਂ ਨੂੰ ਭੋਹ ਵਾਂਗੂੰ ਖਿਲਾਰ ਦਿਆਂਗਾ, ਜਿਹੜਾ ਉਜਾੜ ਦੀ ਹਵਾ ਨਾਲ ਉੱਡਦਾ ਫਿਰਦਾ ਹੈ।

25 ਇਹ ਤੇਰਾ ਗੁਣਾ ਹੈ, ਮੇਰੇ ਵੱਲੋਂ ਤੇਰਾ ਮਿਣਿਆ ਹੋਇਆ ਭਾਗ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਤੂੰ ਮੈਨੂੰ ਵਿਸਾਰ ਦਿੱਤਾ, ਅਤੇ ਝੂਠ ਉੱਤੇ ਭਰੋਸਾ ਕੀਤਾ।

26 ਮੈਂ ਵੀ ਤੇਰਾ ਲਹਿੰਗਾ ਤੇਰੇ ਮੂੰਹ ਉੱਤੇ ਚੁੱਕ ਦਿਆਂਗਾ, ਸੋ ਤੇਰੀ ਸ਼ਰਮ ਵੇਖੀ ਜਾਵੇਗੀ।

27 ਤੇਰਾ ਵਿਭਚਾਰ, ਤੇਰਾ ਹਿਣਕਣਾ, ਤੇਰੇ ਗੁੰਡੇ ਵਿਭਚਾਰ, ਪੈਲੀਆਂ ਵਿੱਚ, ਟਿੱਬਿਆਂ ਉੱਤੇ, ਇਹ ਤੇਰੇ ਘਿਣਾਉਣੇ ਕੰਮ ਮੈਂ ਵੇਖੇ। ਹੇ ਯਰੂਸ਼ਲਮ, ਹਾਏ ਤੇਰੇ ਉੱਤੇ! ਤੂੰ ਪਾਕ ਸਾਫ਼ ਨਾ ਹੋਵੇਂਗਾ! ਕਿੰਨ੍ਹਾਂ ਸਮਾਂ ਅਜੇ ਹੋਰ ਹੈ?

PNB-IRV

Creative Commons License

Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.

Bridge Connectivity Solutions Pvt. Ltd.
Volg ons:



Advertensies