ਕੁਲੁੱਸੈ 2 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀ1 ਮੈਂ ਚਾਹੁੰਦਾ ਹਾਂ ਕਿ ਤੁਸੀਂ ਇਹ ਜਾਣੋ ਜੋ ਮੈਂ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਹਨ ਅਤੇ ਉਨ੍ਹਾਂ ਸਭਨਾਂ ਦੇ ਲਈ ਜਿਨ੍ਹਾਂ ਮੇਰਾ ਮੂੰਹ ਕਦੇ ਨਹੀਂ ਵੇਖਿਆ ਕਿੰਨੀ ਮਿਹਨਤ ਕਰਦਾ ਹਾਂ। 2 ਤਾਂ ਜੋ ਉਨ੍ਹਾਂ ਦੇ ਦਿਲਾਂ ਨੂੰ ਤਸੱਲੀ ਹੋਵੇ ਅਤੇ ਓਹ ਪਿਆਰ ਵਿੱਚ ਬਣੇ ਰਹਿਣ ਕਿ ਓਹ ਸਮਝ ਦੀ ਪੂਰੀ ਵਿਸ਼ਵਾਸ ਦੇ ਸਾਰੇ ਧਨ ਨੂੰ ਪ੍ਰਾਪਤ ਕਰ ਲੈਣ ਅਤੇ ਪਰਮੇਸ਼ੁਰ ਦੇ ਭੇਤ ਨੂੰ ਜਾਣ ਲੈਣ ਅਰਥਾਤ ਮਸੀਹ ਨੂੰ। 3 ਜਿਸ ਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖ਼ਜ਼ਾਨੇ ਲੁਕੇ ਹੋਏ ਹਨ। 4 ਮੈਂ ਇਹ ਆਖਦਾ ਹਾਂ ਕਿ ਭਰਮਾਉਣ ਵਾਲੀਆਂ ਗੱਲਾਂ ਨਾਲ ਕੋਈ ਤੁਹਾਨੂੰ ਗੁਮਰਾਹ ਨਾ ਕਰ ਲਵੇ। 5 ਕਿਉਂ ਜੋ ਮੈਂ ਭਾਵੇਂ ਸਰੀਰ ਕਰਕੇ ਤੁਹਾਡੇ ਤੋਂ ਦੂਰ ਹਾਂ ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ ਅਤੇ ਤੁਹਾਡੇ ਜੀਵਨ ਦੇ ਚਾਲ-ਚਲਣ ਅਤੇ ਤੁਹਾਡੀ ਮਸੀਹ ਉੱਤੇ ਵਿਸ਼ਵਾਸ ਦੀ ਦ੍ਰਿੜ੍ਹਤਾ ਵੇਖ ਕੇ ਅਨੰਦ ਹੁੰਦਾ ਹਾਂ। ਮਸੀਹ ਵਿੱਚ ਆਤਮਿਕ ਭਰਪੂਰੀ 6 ਸੋ ਜਿਵੇਂ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕੀਤਾ, ਤਿਵੇਂ ਤੁਸੀਂ ਉਹ ਦੇ ਵਿੱਚ ਚੱਲਦੇ ਜਾਓ। 7 ਅਤੇ ਜੜ੍ਹ ਫੜ੍ਹ ਕੇ ਵਧਦੇ ਜਾਓ ਅਤੇ ਆਪਣੀ ਵਿਸ਼ਵਾਸ ਵਿੱਚ ਮਜ਼ਬੂਤ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ, ਧੰਨਵਾਦ ਬਹੁਤਾ ਕਰਦੇ ਜਾਓ। 8 ਸਾਵਧਾਨ ਰਹੋ ਕਿ ਕੋਈ ਆਪਣੀ ਸਿੱਖਿਆ ਅਤੇ ਫ਼ਜ਼ੂਲ ਧੋਖੇ ਨਾਲ ਤੁਹਾਨੂੰ ਲੁੱਟ ਨਾ ਲਵੇ ਜੋ ਮਨੁੱਖਾਂ ਦੀਆਂ ਰੀਤਾਂ ਅਤੇ ਸੰਸਾਰ ਦੀਆਂ ਮੂਲ ਗੱਲਾਂ ਦੇ ਅਨੁਸਾਰ ਹਨ ਪਰ ਮਸੀਹ ਦੇ ਅਨੁਸਾਰ ਨਹੀਂ। 9 ਕਿਉਂ ਜੋ ਪਰਮੇਸ਼ੁਰ ਦੀ ਸਾਰੀ ਭਰਪੂਰੀ ਉਸੇ ਵਿੱਚ ਹੋ ਕੇ ਵੱਸਦੀ ਹੈ। 10 ਅਤੇ ਤੁਸੀਂ ਉਹ ਦੇ ਵਿੱਚ ਪੂਰੇ ਹੋ ਗਏ ਹੋ ਜਿਹੜਾ ਸਾਰੀ ਹਕੂਮਤ ਅਤੇ ਇਖ਼ਤਿਆਰ ਦਾ ਸਿਰ ਹੈ। 11 ਜਿਸ ਦੇ ਵਿੱਚ ਤੁਸੀਂ ਅਜਿਹੀ ਸੁੰਨਤ ਨਾਲ ਸੁੰਨਤੀ ਵੀ ਹੋਏ ਜੋ ਹੱਥਾਂ ਨਾਲ ਕੀਤੀ ਹੋਈ ਨਹੀਂ, ਅਰਥਾਤ ਮਸੀਹ ਵਾਲੀ ਸੁੰਨਤ ਹੈ, ਜਿਸ ਦੇ ਵਿੱਚ ਸਰੀਰਕ ਮਾਸ ਲਾਹ ਸੁੱਟੀਦਾ ਹੈ। 12 ਤੁਸੀਂ ਬਪਤਿਸਮੇ ਵਿੱਚ ਉਹ ਦੇ ਨਾਲ ਦੱਬੇ ਗਏ, ਜਿਹ ਦੇ ਵਿੱਚ ਪਰਮੇਸ਼ੁਰ ਦੇ ਕੰਮਾਂ ਉੱਤੇ ਵਿਸ਼ਵਾਸ ਰੱਖ ਕੇ ਜਿਵੇਂ ਉਸ ਨੇ ਉਹ ਨੂੰ ਮੁਰਦਿਆਂ ਵਿੱਚੋਂ ਜੀ ਉੱਠਾਇਆ, ਤੁਸੀਂ ਉਹ ਦੇ ਨਾਲ ਜਿਉਂਦੇ ਉੱਠਾਏ ਵੀ ਗਏ। 13 ਅਤੇ ਉਸ ਨੇ ਤੁਹਾਨੂੰ ਜਿਹੜੇ ਆਪਣੇ ਪਾਪ ਅਤੇ ਆਪਣੇ ਸਰੀਰ ਦੀ ਅਸੁੰਨਤ ਦੇ ਕਾਰਨ ਮਰੇ ਹੋਏ ਸੀ, ਉਹ ਦੇ ਨਾਲ ਜਿਉਂਦੇ ਹੋਏ ਕਿਉਂ ਜੋ ਉਸ ਨੇ ਸਾਡੇ ਸਾਰੇ ਪਾਪ ਸਾਨੂੰ ਮਾਫ਼ ਕੀਤੇ। 14 ਅਤੇ ਉਸ ਲਿਖਤ ਨੂੰ ਜਿਹੜੀ ਹੁਕਮਾਂ ਕਰਕੇ ਸਾਡੇ ਵਿਰੁੱਧ ਸੀ ਉਸ ਨੇ ਖ਼ਤਮ ਕਰ ਦਿੱਤਾ ਅਤੇ ਉਹ ਨੂੰ ਸਲੀਬ ਉੱਤੇ ਕਿੱਲਾਂ ਨਾਲ ਠੋਕ ਕੇ ਵਿੱਚੋਂ ਕੱਢ ਸੁੱਟਿਆ। 15 ਉਸ ਨੇ ਹਕੂਮਤਾਂ ਅਤੇ ਇਖ਼ਤਿਆਰਾਂ ਨੂੰ ਆਪਣੇ ਤੋਂ ਉਤਾਰ ਕੇ ਅਤੇ ਉਸੇ ਦੇ ਦੁਆਰਾ ਉਹਨਾਂ ਨੂੰ ਜਿੱਤ ਕੇ ਖੁੱਲਮ-ਖੁੱਲ੍ਹਾ ਤਮਾਸ਼ਾ ਬਣਾਇਆ। ਮਨੁੱਖੀ ਨਿਯਮਾਂ ਤੋਂ ਆਜ਼ਾਦੀ 16 ਇਸ ਲਈ ਖਾਣ-ਪੀਣ, ਤਿਉਹਾਰ, ਅਮੱਸਿਆ ਜਾਂ ਸਬਤਾਂ ਦੇ ਵਿਖੇ ਕੋਈ ਤੁਹਾਡੇ ਉੱਤੇ ਗਲਤ ਦੋਸ਼ ਨਾ ਲਾਵੇ। 17 ਇਹ ਤਾਂ ਹੋਣ ਵਾਲੀਆਂ ਗੱਲਾਂ ਦਾ ਪਰਛਾਵਾਂ ਹਨ, ਪਰ ਵਾਸਤਵਿਕਤਾ ਮਸੀਹ ਹੈ। 18 ਕੋਈ ਮਨੁੱਖ ਅਧੀਨਤਾਈ ਅਤੇ ਦੂਤਾਂ ਦੀ ਪੂਜਾ ਨੂੰ ਪਸੰਦ ਕਰ ਕੇ ਤੁਹਾਨੂੰ ਇਨਾਮ ਤੋਂ ਕਿਤੇ ਵਾਂਝਾ ਨਾ ਰੱਖੇ ਜਿਹੜਾ ਆਪਣੀ ਸਰੀਰਕ ਬੁੱਧ ਤੋਂ ਅਕਾਰਥ ਫੁੱਲ ਕੇ ਵੇਖੀਆਂ ਹੋਈਆਂ ਗੱਲਾਂ ਉੱਤੇ ਲੱਗਾ ਰਹਿੰਦਾ ਹੈ। 19 ਅਤੇ ਉਸ ਸਿਰ ਨੂੰ ਫੜ੍ਹੀ ਨਹੀਂ ਰੱਖਦਾ ਜਿਸ ਤੋਂ ਸਾਰੀ ਦੇਹੀ ਜੋੜਾਂ ਅਤੇ ਪੱਠਿਆਂ ਦੇ ਰਾਹੀਂ ਪਲ ਕੇ ਅਤੇ ਆਪਸ ਵਿੱਚ ਜੁੜ ਕੇ ਪਰਮੇਸ਼ੁਰ ਦੀ ਵੱਲੋਂ ਵਧਦੀ ਜਾਂਦੀ ਹੈ। ਮਸੀਹ ਦੇ ਨਾਲ ਮਰਨਾ ਅਤੇ ਜਿਉਣਾ 20 ਜੇ ਤੁਸੀਂ ਮਸੀਹ ਦੇ ਨਾਲ ਸੰਸਾਰ ਦੀਆਂ ਮੂਲ ਗੱਲਾਂ ਤੋਂ ਮਰ ਗਏ ਤਾਂ ਸੰਸਾਰ ਵਿੱਚ ਜਿਉਂਦਿਆਂ ਵਾਂਗੂੰ ਕਿਉਂ ਇਸ ਤਰ੍ਹਾਂ ਦੀਆਂ ਬਿਧੀਆਂ ਦੇ ਵੱਸ ਵਿੱਚ ਆਉਂਦੇ ਹੋ ਜਿਹੜੀਆਂ ਮਨੁੱਖਾਂ ਦੀਆਂ ਆਗਿਆ ਅਤੇ ਸਿੱਖਿਆ ਦੇ ਅਨੁਸਾਰ ਹਨ। 21 ਜਿਵੇਂ, ਹੱਥ ਨਾ ਲਾਵੀਂ, ਨਾ ਚੱਖੀਂ, ਨਾ ਛੋਹਵੀਂ? 22 ਇਹ ਸਾਰੀਆਂ ਵਸਤਾਂ ਵਰਤਣ ਨਾਲ ਹੀ ਨਾਸ ਹੋ ਜਾਣਗੀਆਂ। 23 ਭਾਵੇਂ ਇਹ ਗੱਲਾਂ ਮਨ ਮਰਜ਼ੀ ਦੀ ਪੂਜਾ ਅਤੇ ਅਧੀਨਤਾਈ ਅਤੇ ਦੇਹੀ ਦੀ ਤਪੱਸਿਆ ਕਰਕੇ ਸੂਝਵਾਨ ਨਾਮ ਦੇ ਤਾਂ ਹਨ ਪਰ ਸਰੀਰ ਦੀਆਂ ਕਾਮਨਾਂ ਦੇ ਰੋਕਣ ਲਈ ਇਹ ਕਿਸੇ ਕੰਮ ਦੀਆਂ ਨਹੀਂ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.