੨ ਇਤਿਹਾਸ 8 - ਇੰਡਿਅਨ ਰਿਵਾਇਜ਼ਡ ਵਰਜ਼ਨ (IRV) - ਪੰਜਾਬੀਸੁਲੇਮਾਨ ਦੀਆਂ ਪ੍ਰਾਪਤੀਆਂ 1 ਰਾਜਾ 9:10-28 1 ਵੀਹ ਸਾਲਾਂ ਦੇ ਅੰਤ ਵਿੱਚ ਜਿਨ੍ਹਾਂ ਵਿੱਚ ਸੁਲੇਮਾਨ ਨੇ ਯਹੋਵਾਹ ਦਾ ਭਵਨ ਅਤੇ ਆਪਣਾ ਮਹਿਲ ਬਣਾਇਆ ਸੀ 2 ਸੁਲੇਮਾਨ ਨੇ ਉਨ੍ਹਾਂ ਸ਼ਹਿਰਾਂ ਨੂੰ ਜੋ ਹੀਰਾਮ ਨੇ ਸੁਲੇਮਾਨ ਨੂੰ ਦਿੱਤੇ ਸਨ ਫੇਰ ਬਣਾਉਣ ਲੱਗਾ ਅਤੇ ਇਸਰਾਏਲੀਆਂ ਨੂੰ ਉੱਥੇ ਵਸਾਇਆ 3 ਸੁਲੇਮਾਨ ਹਮਾਥ ਸੋਬਾਹ ਨੂੰ ਗਿਆ ਅਤੇ ਉਹ ਨੂੰ ਜਿੱਤ ਲਿਆ 4 ਉਸ ਨੇ ਉਜਾੜ ਵਿੱਚ ਤਦਮੋਰ ਨੂੰ ਬਣਾਇਆ ਨਾਲੇ ਭੰਡਾਰ ਦੇ ਸਾਰੇ ਸ਼ਹਿਰਾਂ ਨੂੰ ਜੋ ਉਸ ਨੇ ਹਮਾਥ ਵਿੱਚ ਬਣਾਏ ਸਨ 5 ਅਤੇ ਉਸ ਨੇ ਉੱਪਰਲੇ ਬੈਤ-ਹੋਰੋਨ ਨੂੰ ਅਤੇ ਹੇਠਲੇ ਬੈਤ-ਹੋਰੋਨ ਨੂੰ ਬਣਾਇਆ ਜੋ ਕੰਧਾਂ, ਫਾਟਕਾਂ ਅਤੇ ਅਰਲਾਂ ਨਾਲ ਪੱਕੇ ਕੀਤੇ ਹੋਏ ਸ਼ਹਿਰ ਸਨ 6 ਨਾਲੇ ਬਆਲਾਥ ਅਤੇ ਭੰਡਾਰ ਦੇ ਸਾਰੇ ਸ਼ਹਿਰ ਜਿਹੜੇ ਸੁਲੇਮਾਨ ਦੇ ਸਨ ਅਤੇ ਰਥਾਂ ਦੇ ਸਾਰੇ ਸ਼ਹਿਰ ਅਤੇ ਸਵਾਰਾਂ ਦੇ ਸ਼ਹਿਰ ਨਾਲੇ ਜੋ ਕੁਝ ਸੁਲੇਮਾਨ ਯਰੂਸ਼ਲਮ ਅਤੇ ਲਬਾਨੋਨ ਅਤੇ ਆਪਣੇ ਰਾਜ ਦੇ ਸਾਰੇ ਦੇਸ ਵਿੱਚ ਆਪਣੀ ਖੁਸ਼ੀ ਨਾਲ ਬਣਾਉਣਾ ਚਾਹੁੰਦਾ ਸੀ। 7 ਉਹ ਸਾਰੇ ਲੋਕ ਜੋ ਹਿੱਤੀਆਂ ਅਤੇ ਅਮੋਰੀਆਂ ਅਤੇ ਫ਼ਰਿੱਜ਼ੀਆਂ ਅਤੇ ਹਿੱਵੀਆਂ ਅਤੇ ਯਬੂਸੀਆਂ ਵਿੱਚੋਂ ਬਾਕੀ ਰਹਿ ਗਏ ਸਨ ਅਤੇ ਇਸਰਾਏਲ ਵਿੱਚੋਂ ਨਹੀਂ ਸਨ 8 ਉਨ੍ਹਾਂ ਦੀ ਹੀ ਸੰਤਾਨ ਜਿਹੜੀ ਉਨ੍ਹਾਂ ਦੇ ਮਗਰੋਂ ਦੇਸ ਵਿੱਚ ਰਹਿ ਗਈ ਸੀ, ਜਿਨ੍ਹਾਂ ਦਾ ਇਸਰਾਏਲੀਆਂ ਨੇ ਪੂਰੀ ਤਰ੍ਹਾਂ ਦੇ ਨਾਲ ਨਾਸ ਨਹੀਂ ਕੀਤਾ ਸੀ, ਉਨ੍ਹਾਂ ਵਿੱਚੋਂ ਸੁਲੇਮਾਨ ਨੇ ਬੇਗਾਰੀ ਮੁਕੱਰਰ ਕੀਤੇ, ਜਿਵੇਂ ਅੱਜ ਦੇ ਦਿਨ ਤੱਕ ਹੈ 9 ਪਰ ਸੁਲੇਮਾਨ ਨੇ ਆਪਣੇ ਕੰਮ ਦੇ ਲਈ ਇਸਰਾਏਲੀਆਂ ਵਿੱਚੋਂ ਕਿਸੇ ਨੂੰ ਬੇਗਾਰੀ ਨਾ ਬਣਾਇਆ ਸਗੋਂ ਉਹ ਯੋਧੇ ਅਤੇ ਉਹ ਦੇ ਛੋਟੇ ਅਫ਼ਸਰਾਂ ਦੇ ਸਰਦਾਰ ਅਤੇ ਉਹ ਦੇ ਰਥਾਂ ਅਤੇ ਸਵਾਰਾਂ ਦੇ ਸਰਦਾਰ ਸਨ 10 ਅਤੇ ਸੁਲੇਮਾਨ ਪਾਤਸ਼ਾਹ ਦੇ ਇਹ ਖ਼ਾਸ ਸਰਦਾਰ ਸਨ ਜੋ ਲੋਕਾਂ ਉੱਤੇ ਮੁਕੱਰਰ ਸਨ, ਉਹ ਦੋ ਸੌ ਪੰਜਾਹ ਸਨ। 11 ਸੁਲੇਮਾਨ ਫ਼ਿਰਊਨ ਦੀ ਧੀ ਨੂੰ ਦਾਊਦ ਦੇ ਸ਼ਹਿਰ ਵਿੱਚੋਂ ਉਸ ਮਹਿਲ ਵਿੱਚ ਜੋ ਉਸ ਦੇ ਲਈ ਬਣਾਇਆ ਸੀ ਲੈ ਆਇਆ ਕਿਉਂ ਜੋ ਉਹ ਨੇ ਆਖਿਆ ਕਿ ਮੇਰੀ ਰਾਣੀ ਇਸਰਾਏਲ ਦੇ ਪਾਤਸ਼ਾਹ ਦਾਊਦ ਦੇ ਮਹਿਲ ਵਿੱਚ ਨਹੀਂ ਰਹੇਗੀ ਕਿਉਂ ਜੋ ਉਹ ਸਥਾਨ ਪਵਿੱਤਰ ਹਨ ਜਿਨ੍ਹਾਂ ਵਿੱਚ ਯਹੋਵਾਹ ਦਾ ਸੰਦੂਕ ਆ ਗਿਆ ਹੈ 12 ਤਦ ਸੁਲੇਮਾਨ ਯਹੋਵਾਹ ਦੇ ਲਈ ਯਹੋਵਾਹ ਦੀ ਉਸ ਜਗਵੇਦੀ ਉੱਤੇ ਜਿਸ ਨੂੰ ਉਸ ਨੇ ਡਿਉੜੀ ਦੇ ਸਾਹਮਣੇ ਬਣਾਇਆ ਸੀ ਹੋਮ ਦੀਆਂ ਬਲੀਆਂ ਚੜ੍ਹਾਉਣ ਲੱਗਾ 13 ਉਹ ਹਰ ਰੋਜ਼ ਦੇ ਫਰਜ਼ ਅਨੁਸਾਰ ਜਿਵੇਂ ਮੂਸਾ ਨੇ ਹੁਕਮ ਦਿੱਤਾ ਸੀ ਸਬਤਾਂ ਨੂੰ ਅਤੇ ਅਮੱਸਿਆ ਨੂੰ ਅਤੇ ਸਾਲ ਵਿੱਚ ਤਿੰਨ ਵਾਰ ਠਹਿਰਾਏ ਹੋਏ ਤਿਉਹਾਰਾਂ ਉੱਤੇ ਅਰਥਾਤ ਪਤੀਰੀ ਰੋਟੀ ਦੇ ਪਰਬ ਉੱਤੇ ਅਤੇ ਹਫ਼ਤਿਆਂ ਦੇ ਪਰਬ ਉੱਤੇ ਅਤੇ ਡੇਰਿਆਂ ਦੇ ਪਰਬ ਉੱਤੇ ਬਲੀਆਂ ਚੜ੍ਹਾਉਂਦਾ ਸੀ 14 ਅਤੇ ਉਸ ਨੇ ਆਪਣੇ ਪਿਤਾ ਦਾਊਦ ਦੇ ਹੁਕਮ ਨਾਲ ਜਾਜਕਾਂ ਦੀਆਂ ਵਾਰੀਆਂ ਨੂੰ ਉਨ੍ਹਾਂ ਦੀ ਉਪਾਸਨਾ ਅਨੁਸਾਰ ਅਤੇ ਲੇਵੀਆਂ ਨੂੰ ਵੀ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਅਨੁਸਾਰ ਠਹਿਰਾਇਆ ਤਾਂ ਜੋ ਉਹ ਜਾਜਕਾਂ ਦੇ ਸਾਹਮਣੇ ਨਿਤ ਨੇਮ ਉਸਤਤ ਤੇ ਸੇਵਾ ਕਰਨ ਅਤੇ ਦਰਬਾਨਾਂ ਨੂੰ ਵੀ ਉਨ੍ਹਾਂ ਦੀਆਂ ਵਾਰੀਆਂ ਅਨੁਸਾਰ ਹਰ ਇੱਕ ਫਾਟਕ ਉੱਤੇ ਲਾਇਆ ਕਿਉਂ ਜੋ ਪਰਮੇਸ਼ੁਰ ਦੇ ਬੰਦੇ ਦਾਊਦ ਨੇ ਐਉਂ ਹੀ ਹੁਕਮ ਦਿੱਤਾ ਸੀ 15 ਅਤੇ ਉਹ ਪਾਤਸ਼ਾਹ ਦੇ ਹੁਕਮ ਤੋਂ ਜਿਹੜਾ ਜਾਜਕ ਅਤੇ ਲੇਵੀਆਂ ਨੂੰ ਕਿਸੇ ਗੱਲ ਵਿਖੇ ਜਾਂ ਖਜ਼ਾਨਿਆਂ ਦੇ ਵਿਖੇ ਦਿੱਤਾ ਸੀ ਬਾਹਰ ਨਾ ਹੋਏ 16 ਸੁਲੇਮਾਨ ਦਾ ਸਾਰਾ ਕੰਮ ਯਹੋਵਾਹ ਦੇ ਭਵਨ ਦੀ ਨੀਂਹ ਰੱਖਣ ਦੇ ਦਿਨ ਤੋਂ ਉਸ ਦੇ ਤਿਆਰ ਹੋਣ ਤੱਕ ਪੂਰਾ ਹੋਇਆ ਅਤੇ ਏਵੇਂ ਯਹੋਵਾਹ ਦਾ ਭਵਨ ਸੰਪੂਰਨ ਹੋ ਗਿਆ। 17 ਤਦ ਸੁਲੇਮਾਨ ਅਸਯੋਨ-ਗਬਰ ਅਤੇ ਏਲੋਥ ਨੂੰ ਗਿਆ ਜੋ ਅਦੋਮ ਦੇਸ ਵਿੱਚ ਸਮੁੰਦਰ ਦੇ ਕੰਢੇ ਉੱਤੇ ਸਨ 18 ਅਤੇ ਹੀਰਾਮ ਨੇ ਆਪਣੇ ਨੌਕਰਾਂ ਦੇ ਹੱਥ ਜਹਾਜ਼ ਉੱਤੇ ਉਹ ਮਲਾਹ ਜੋ ਸਮੁੰਦਰ ਤੋਂ ਵਾਕਫ਼ ਸਨ ਉਸ ਦੇ ਕੋਲ ਭੇਜੇ ਅਤੇ ਉਹ ਸੁਲੇਮਾਨ ਦੇ ਨੌਕਰਾਂ ਦੇ ਨਾਲ ਓਫੀਰ ਵਿੱਚ ਆਏ ਅਤੇ ਉੱਥੋਂ ਛੇ ਸੌ ਪੰਝੱਤਰ ਮਣ ਸੋਨਾ ਲੈ ਕੇ ਸੁਲੇਮਾਨ ਪਾਤਸ਼ਾਹ ਦੇ ਕੋਲ ਲਿਆਏ। |
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.
Bridge Connectivity Solutions Pvt. Ltd.