ਤੀਤੁਸ ਨੂੰ 3 - ਪਵਿੱਤਰ ਬਾਈਬਲ (Revised Common Language North American Edition)ਮਸੀਹੀ ਵਿਵਹਾਰ 1 ਆਪਣੇ ਲੋਕਾਂ ਨੂੰ ਯਾਦ ਕਰਵਾਉਂਦਾ ਰਹਿ ਕਿ ਉਹ ਆਪਣੇ ਅਧਿਕਾਰੀਆਂ ਅਤੇ ਸਰਕਾਰਾਂ ਦੇ ਅਧੀਨ ਰਹਿਣ, ਉਹਨਾਂ ਦੀ ਆਗਿਆ ਮੰਨਣ ਅਤੇ ਹਰ ਭਲੇ ਕੰਮ ਦੇ ਲਈ ਤਿਆਰ ਰਹਿਣ । 2 ਉਹ ਕਿਸੇ ਦੀ ਨਿੰਦਾ ਨਾ ਕਰਨ, ਨਾ ਕਿਸੇ ਨਾਲ ਝਗੜਾ ਕਰਨ ਸਗੋਂ ਹਰ ਇੱਕ ਦੇ ਨਾਲ ਸਮਝਦਾਰੀ ਅਤੇ ਨਿਮਰਤਾ ਵਾਲਾ ਵਰਤਾਅ ਕਰਨ । 3 ਇੱਕ ਸਮਾਂ ਸੀ ਜਦੋਂ ਅਸੀਂ ਵੀ ਮੂਰਖ ਅਤੇ ਆਗਿਆ ਨਾ ਮੰਨਣ ਵਾਲੇ ਸੀ । ਅਸੀਂ ਆਪਣੇ ਅਸਲੀ ਰਾਹ ਤੋਂ ਭਟਕ ਗਏ ਸੀ ਅਤੇ ਕਈ ਤਰ੍ਹਾਂ ਦੀਆਂ ਲਾਲਸਾਵਾਂ ਅਤੇ ਭੋਗ ਵਿਲਾਸ ਦੇ ਗ਼ੁਲਾਮ ਸੀ । ਅਸੀਂ ਵੈਰ ਅਤੇ ਨਿੰਦਾ ਵਿੱਚ ਜੀਵਨ ਬਤੀਤ ਕਰ ਰਹੇ ਸੀ । ਉਸ ਸਮੇਂ ਅਸੀਂ ਦੂਜਿਆਂ ਦੇ ਨਾਲ ਅਤੇ ਦੂਜੇ ਸਾਡੇ ਨਾਲ ਨਫ਼ਰਤ ਕਰਦੇ ਸੀ । 4 ਪਰ ਜਦੋਂ ਸਾਡੇ ਮੁਕਤੀਦਾਤਾ ਪਰਮੇਸ਼ਰ ਨੇ ਆਪਣੀ ਦਇਆ ਅਤੇ ਪਿਆਰ, ਮਨੁੱਖਜਾਤੀ ਦੇ ਲਈ ਪ੍ਰਗਟ ਕੀਤਾ, 5 ਉਹਨਾਂ ਨੇ ਸਾਨੂੰ ਮੁਕਤੀ ਦਿੱਤੀ । ਇਹ ਸਾਡੇ ਕਿਸੇ ਨੇਕ ਕੰਮਾਂ ਦੇ ਕਾਰਨ ਨਹੀਂ ਸੀ ਸਗੋਂ ਇਸ ਲਈ ਕਿ ਉਹ ਆਪ ਦਇਆਵਾਨ ਹਨ । ਉਹਨਾਂ ਨੇ ਸਾਡੇ ਦਿਲਾਂ ਨੂੰ ਸ਼ੁੱਧ ਕਰ ਕੇ ਨਵਾਂ ਜਨਮ ਅਤੇ ਪਵਿੱਤਰ ਆਤਮਾ ਦੇ ਰਾਹੀਂ ਨਵਾਂ ਜੀਵਨ ਦਿੱਤਾ ਹੈ, 6 ਜਿਸ ਨੂੰ ਪਰਮੇਸ਼ਰ ਨੇ ਸਾਡੇ ਮੁਕਤੀਦਾਤਾ ਯਿਸੂ ਮਸੀਹ ਦੇ ਰਾਹੀਂ ਸਾਨੂੰ ਭਰਪੂਰੀ ਦੇ ਨਾਲ ਦਿੱਤਾ । 7 ਇਸ ਤਰ੍ਹਾਂ ਉਹਨਾਂ ਨੇ ਆਪਣੀ ਕਿਰਪਾ ਦੇ ਦੁਆਰਾ ਸਾਡਾ ਪਰਮੇਸ਼ਰ ਦੇ ਨਾਲ ਨੇਕ ਸੰਬੰਧ ਕਾਇਮ ਕੀਤਾ ਤਾਂ ਜੋ ਅਸੀਂ ਅਨੰਤ ਜੀਵਨ ਦੀ ਆਸ ਦੇ ਅਨੁਸਾਰ ਵਾਰਿਸ ਬਣ ਜਾਈਏ । 8 ਇਹ ਸ਼ਬਦ ਭਰੋਸੇਯੋਗ ਹਨ । ਮੈਂ ਚਾਹੁੰਦਾ ਹਾਂ ਕਿ ਤੂੰ ਇਹਨਾਂ ਗੱਲਾਂ ਉੱਤੇ ਖ਼ਾਸ ਜ਼ੋਰ ਦੇਵੇਂ ਤਾਂ ਜੋ ਉਹ ਜਿਹੜੇ ਪਰਮੇਸ਼ਰ ਵਿੱਚ ਵਿਸ਼ਵਾਸ ਕਰ ਚੁੱਕੇ ਹਨ ਭਲੇ ਕੰਮ ਕਰਨ ਵੱਲ ਧਿਆਨ ਦੇਣ । ਇਹ ਗੱਲਾਂ ਭਲੀਆਂ ਅਤੇ ਸਾਰਿਆਂ ਦੇ ਲਈ ਲਾਭਦਾਇਕ ਹਨ । 9 ਪਰ ਮੂਰਖਾਂ ਵਾਲੀ ਬਹਿਸ ਤੋਂ, ਵੰਸਾਵਲੀਆਂ ਤੋਂ ਅਤੇ ਵਾਦ-ਵਿਵਾਦ ਅਤੇ ਵਿਵਸਥਾ ਸੰਬੰਧੀ ਝਗੜਿਆਂ ਤੋਂ ਬਚ ਕਿਉਂਕਿ ਇਹ ਸਾਰੇ ਲਾਭਹੀਣ ਅਤੇ ਵਿਅਰਥ ਹਨ । 10 ਫੁੱਟ ਪਾਉਣ ਵਾਲੇ ਵਿਅਕਤੀ ਨੂੰ ਘੱਟ ਤੋਂ ਘੱਟ ਦੋ ਵਾਰ ਚਿਤਾਵਨੀ ਦੇ, ਉਸ ਦੇ ਬਾਅਦ ਉਸ ਦੇ ਨਾਲ ਕੋਈ ਸੰਬੰਧ ਨਾ ਰੱਖ । 11 ਤੂੰ ਜਾਣਦਾ ਹੈਂ ਕਿ ਅਜਿਹਾ ਵਿਅਕਤੀ ਸੱਚ ਤੋਂ ਭਟਕ ਚੁੱਕਾ ਹੈ ਅਤੇ ਪਾਪ ਕਰ ਕੇ ਆਪਣੇ ਆਪ ਨੂੰ ਦੋਸ਼ੀ ਸਿੱਧ ਕਰਦਾ ਹੈ । ਅੰਤਮ ਹਿਦਾਇਤਾਂ 12 ਜਦੋਂ ਮੈਂ ਤੇਰੇ ਕੋਲ ਅਰਤਿਮਾਸ ਜਾਂ ਤੁਖਿਕੁਸ ਨੂੰ ਭੇਜਾਂ ਤਾਂ ਤੂੰ ਮੇਰੇ ਕੋਲ ਨਿਕੁਪੁਲਿਸ ਵਿੱਚ ਆਉਣ ਦੀ ਪੂਰੀ ਕੋਸ਼ਿਸ਼ ਕਰੀਂ ਕਿਉਂਕਿ ਮੈਂ ਸਾਰਾ ਸਿਆਲ ਉੱਥੇ ਹੀ ਬਤੀਤ ਕਰਨ ਦਾ ਫ਼ੈਸਲਾ ਕੀਤਾ ਹੈ । 13 ਤੂੰ ਵਕੀਲ ਜ਼ੇਨਸ ਅਤੇ ਅਪੁੱਲੋਸ ਦੀ ਯਾਤਰਾ ਦੀ ਤਿਆਰੀ ਵਿੱਚ ਪੂਰੀ ਮਦਦ ਕਰੀਂ ਅਤੇ ਧਿਆਨ ਦੇਵੀਂ ਕਿ ਉਹਨਾਂ ਦੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ । 14 ਸਾਡੇ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਆਪ ਨੂੰ ਭਲੇ ਕੰਮਾਂ ਵਿੱਚ ਲਾਉਣਾ ਸਿੱਖਣ ਤਾਂ ਜੋ ਉਹ ਆਪਣੀਆਂ ਲੋੜਾਂ ਨੂੰ ਪੂਰਾ ਕਰ ਸਕਣ ਤਾਂ ਕਿ ਉਹਨਾਂ ਦੇ ਜੀਵਨ ਵਿਅਰਥ ਨਾ ਹੋਣ । 15 ਮੇਰੇ ਨਾਲ ਸਾਰੇ ਸਾਥੀ ਤੈਨੂੰ ਨਮਸਕਾਰ ਕਹਿੰਦੇ ਹਨ । ਜਿਹੜੇ ਵਿਸ਼ਵਾਸ ਵਿੱਚ ਸਾਨੂੰ ਪਿਆਰ ਕਰਦੇ ਹਨ ਉਹਨਾਂ ਨੂੰ ਸਾਡਾ ਨਮਸਕਾਰ ਕਹੀਂ । ਤੁਹਾਡੇ ਸਾਰਿਆਂ ਉੱਤੇ ਪਰਮੇਸ਼ਰ ਦੀ ਕਿਰਪਾ ਹੋਵੇ । |
Punjabi Common Language (North American Version):
Text © 2021 Canadian Bible Society and Bible Society of India
Bible Society of India