Aanlyn Bybel

- Advertensies -

ਰੋਮੀਆਂ 1 - ਪਵਿੱਤਰ ਬਾਈਬਲ (Revised Common Language North American Edition)

1 ਪੌਲੁਸ ਦੇ ਵੱਲੋਂ ਜਿਹੜਾ ਮਸੀਹ ਯਿਸੂ ਦਾ ਸੇਵਕ ਅਤੇ ਪਰਮੇਸ਼ਰ ਦੇ ਦੁਆਰਾ ਉਹਨਾਂ ਦਾ ਰਸੂਲ ਹੋਣ ਦੇ ਲਈ ਅਤੇ ਸ਼ੁਭ ਸਮਾਚਾਰ ਦੇ ਪ੍ਰਚਾਰ ਦੇ ਲਈ ਚੁਣਿਆ ਅਤੇ ਸੱਦਿਆ ਗਿਆ ਹੈ ।

2 ਸ਼ੁਭ ਸਮਾਚਾਰ ਦਾ ਵਾਅਦਾ ਪਰਮੇਸ਼ਰ ਨੇ ਪਹਿਲਾਂ ਤੋਂ ਹੀ ਆਪਣੇ ਨਬੀਆਂ ਦੁਆਰਾ ਕੀਤਾ ਜਿਵੇਂ ਪਵਿੱਤਰ-ਗ੍ਰੰਥ ਵਿੱਚ ਲਿਖਿਆ ਹੈ ।

3 ਇਹ ਵਾਅਦਾ ਉਹਨਾਂ ਦੇ ਪੁੱਤਰ ਸਾਡੇ ਪ੍ਰਭੂ ਯਿਸੂ ਮਸੀਹ ਦੇ ਬਾਰੇ ਹੈ ਜਿਹੜੇ ਸਰੀਰ ਦੇ ਅਨੁਸਾਰ ਤਾਂ ਦਾਊਦ ਦੇ ਵੰਸ ਵਿੱਚੋਂ ਪੈਦਾ ਹੋਏ

4 ਪਰ ਪਵਿੱਤਰਤਾ ਦੇ ਆਤਮਾ ਦੇ ਵੱਲੋਂ ਅਤੇ ਮੁਰਦਿਆਂ ਵਿੱਚੋਂ ਜੀਅ ਉੱਠਣ ਦੇ ਕਾਰਨ ਸਮਰੱਥਾ ਦੇ ਨਾਲ ਪਰਮੇਸ਼ਰ ਦੇ ਪੁੱਤਰ ਘੋਸ਼ਿਤ ਕੀਤੇ ਗਏ ।

5 ਉਹਨਾਂ ਦੇ ਦੁਆਰਾ ਹੀ ਪਰਮੇਸ਼ਰ ਨੇ ਬੜੀ ਕਿਰਪਾ ਨਾਲ ਸਾਨੂੰ ਰਸੂਲ ਹੋਣ ਦੀ ਸੇਵਾ ਦਿੱਤੀ ਕਿ ਉਹਨਾਂ ਦੇ ਨਾਮ ਵਿੱਚ ਅਸੀਂ ਸਾਰੀਆਂ ਕੌਮਾਂ ਨੂੰ ਆਗਿਆਕਾਰ ਅਤੇ ਵਿਸ਼ਵਾਸੀ ਬਣਾਈਏ ।

6 ਉਹਨਾਂ ਵਿੱਚ ਤੁਸੀਂ ਵੀ ਹੋ ਜਿਹਨਾਂ ਨੂੰ ਪਰਮੇਸ਼ਰ ਨੇ ਯਿਸੂ ਮਸੀਹ ਵਿੱਚ ਆਪਣਾ ਬਣਨ ਲਈ ਸੱਦਿਆ ਹੈ ।

7 ਇਸ ਲਈ ਤੁਹਾਨੂੰ ਸਾਰਿਆਂ ਨੂੰ ਜਿਹੜੇ ਰੋਮ ਵਿੱਚ ਹੋ ਜਿਹਨਾਂ ਨੂੰ ਪਰਮੇਸ਼ਰ ਪਿਆਰ ਕਰਦੇ ਹਨ ਅਤੇ ਜਿਹੜੇ ਉਹਨਾਂ ਦੇ ਆਪਣੇ ਹੋਣ ਦੇ ਲਈ ਸੱਦੇ ਗਏ ਹਨ, ਸਾਡੇ ਪਿਤਾ ਪਰਮੇਸ਼ਰ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ !


ਧੰਨਵਾਦੀ ਪ੍ਰਾਰਥਨਾ

8 ਸਭ ਤੋਂ ਪਹਿਲਾਂ ਮੈਂ ਯਿਸੂ ਮਸੀਹ ਦੇ ਰਾਹੀਂ ਸਾਰਿਆਂ ਦੇ ਲਈ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ ਕਿਉਂਕਿ ਤੁਹਾਡੇ ਵਿਸ਼ਵਾਸ ਦੀ ਚਰਚਾ ਸਾਰੇ ਸੰਸਾਰ ਵਿੱਚ ਹੋ ਰਹੀ ਹੈ ।

9 ਪਰਮੇਸ਼ਰ, ਜਿਹਨਾਂ ਦੀ ਸੇਵਾ ਮੈਂ ਆਪਣੀ ਆਤਮਾ ਦੇ ਨਾਲ ਉਹਨਾਂ ਦੇ ਪੁੱਤਰ ਦੇ ਸ਼ੁਭ ਸਮਾਚਾਰ ਸੁਣਾਉਣ ਦੇ ਰਾਹੀਂ ਕਰਦਾ ਹਾਂ, ਮੇਰੇ ਗਵਾਹ ਹਨ । ਉਹ ਜਾਣਦੇ ਹਨ ਕਿ ਕਿਸ ਤਰ੍ਹਾਂ ਮੈਂ ਲਗਾਤਾਰ ਤੁਹਾਨੂੰ,

10 ਆਪਣੀਆਂ ਪ੍ਰਾਰਥਨਾਵਾਂ ਵਿੱਚ ਯਾਦ ਕਰਦਾ ਹਾਂ । ਮੈਂ ਹਮੇਸ਼ਾ ਪਰਮੇਸ਼ਰ ਅੱਗੇ ਪ੍ਰਾਰਥਨਾ ਕਰਦਾ ਰਿਹਾ ਹਾਂ ਕਿ ਉਹ ਆਪਣੀ ਇੱਛਾ ਦੁਆਰਾ ਕੋਈ ਅਜਿਹਾ ਪ੍ਰਬੰਧ ਕਰਨ ਕਿ ਮੈਂ ਕਿਸੇ ਤਰ੍ਹਾਂ ਤੁਹਾਡੇ ਕੋਲ ਆ ਸਕਾਂ ।

11 ਮੇਰੀ ਤੁਹਾਨੂੰ ਦੇਖਣ ਦੀ ਬਹੁਤ ਤਾਂਘ ਹੈ । ਮੈਂ ਤੁਹਾਨੂੰ ਤੁਹਾਡੇ ਉਤਸ਼ਾਹ ਦੇ ਲਈ ਆਤਮਿਕ ਵਰਦਾਨ ਦੇਣਾ ਚਾਹੁੰਦਾ ਹਾਂ ।

12 ਮੇਰੇ ਕਹਿਣ ਦਾ ਭਾਵ ਇਹ ਹੈ ਕਿ ਅਸੀਂ ਇੱਕ ਦੂਜੇ ਦੇ ਵਿਸ਼ਵਾਸ ਦੁਆਰਾ ਉਤਸ਼ਾਹ ਪ੍ਰਾਪਤ ਕਰੀਏ, ਮੈਂ ਤੁਹਾਡੇ ਵਿਸ਼ਵਾਸ ਦੁਆਰਾ ਅਤੇ ਤੁਸੀਂ ਮੇਰੇ ਵਿਸ਼ਵਾਸ ਦੁਆਰਾ ।

13 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਬਹੁਤ ਵਾਰ ਮੈਂ ਤੁਹਾਡੇ ਕੋਲ ਆਉਣ ਦਾ ਵਿਚਾਰ ਕੀਤਾ ਪਰ ਹੁਣ ਤੱਕ ਕਿਸੇ ਨਾ ਕਿਸੇ ਤਰ੍ਹਾਂ ਰੁਕਿਆ ਰਿਹਾ । ਮੈਨੂੰ ਤੁਹਾਡੇ ਕੋਲੋਂ ਵੀ ਮਸੀਹ ਦੇ ਲਈ ਕੁਝ ਫਲ ਮਿਲਣ ਦੀ ਆਸ ਹੈ ਜਿਸ ਤਰ੍ਹਾਂ ਮੈਨੂੰ ਹੋਰ ਪਰਾਈਆਂ ਕੌਮਾਂ ਤੋਂ ਹੈ ।

14 ਮੇਰੀ ਜ਼ਿੰਮੇਵਾਰੀ ਯੂਨਾਨੀ ਅਤੇ ਗ਼ੈਰ ਯੂਨਾਨੀ, ਸਮਝਦਾਰਾਂ ਅਤੇ ਬੇਸਮਝਾਂ ਸਾਰਿਆਂ ਦੇ ਲਈ ਹੈ ।

15 ਇਸੇ ਲਈ ਮੈਂ ਤੁਹਾਨੂੰ, ਰੋਮ ਨਿਵਾਸੀਆਂ ਨੂੰ, ਸ਼ੁਭ ਸਮਾਚਾਰ ਸੁਣਾਉਣ ਦਾ ਵੀ ਚਾਹਵਾਨ ਹਾਂ ।


ਸ਼ੁਭ ਸਮਾਚਾਰ ਦੀ ਸਮਰੱਥਾ

16 ਮੈਂ ਸ਼ੁਭ ਸਮਾਚਾਰ ਤੋਂ ਸ਼ਰਮਾਉਂਦਾ ਨਹੀਂ ਕਿਉਂਕਿ ਇਹ ਪਰਮੇਸ਼ਰ ਦੀ ਸਮਰੱਥਾ ਹੈ ਜਿਹੜੀ ਹਰ ਇੱਕ ਵਿਸ਼ਵਾਸ ਕਰਨ ਵਾਲੇ ਦੀ ਮੁਕਤੀ ਲਈ ਹੈ । ਪਹਿਲਾਂ ਯਹੂਦੀਆਂ ਲਈ ਅਤੇ ਫਿਰ ਪਰਾਈਆਂ ਕੌਮਾਂ ਦੇ ਲਈ ।

17 ਸ਼ੁਭ ਸਮਾਚਾਰ ਦੁਆਰਾ ਹੀ ਪਰਮੇਸ਼ਰ ਦਾ ਪਾਪੀ ਨੂੰ ਨੇਕ ਠਹਿਰਾਉਣ ਦਾ ਰਾਹ ਪ੍ਰਗਟ ਹੋਇਆ ਹੈ ਜਿਹੜਾ ਆਦਿ ਤੋਂ ਅੰਤ ਤੱਕ ਵਿਸ਼ਵਾਸ ਉੱਤੇ ਹੀ ਆਧਾਰਿਤ ਹੈ, ਜਿਸ ਤਰ੍ਹਾਂ ਪਵਿੱਤਰ-ਗ੍ਰੰਥ ਕਹਿੰਦਾ ਹੈ, “ਉਹ ਜਿਹੜਾ ਪਰਮੇਸ਼ਰ ਦੇ ਸਾਹਮਣੇ ਵਿਸ਼ਵਾਸ ਦੇ ਦੁਆਰਾ ਨੇਕ ਠਹਿਰਦਾ ਹੈ, ਉਹ ਜਿਊਂਦਾ ਰਹੇਗਾ ।”


ਮਨੁੱਖਜਾਤੀ ਦਾ ਅਪਰਾਧ

18 ਸਵਰਗ ਤੋਂ ਪਰਮੇਸ਼ਰ ਦਾ ਕ੍ਰੋਧ ਮਨੁੱਖ ਦੇ ਸਾਰੇ ਕੁਧਰਮ ਅਤੇ ਦੁਸ਼ਟਤਾ ਦੇ ਕਾਰਨ ਪ੍ਰਗਟ ਹੋਇਆ ਹੈ, ਭਾਵ ਜਿਹਨਾਂ ਨੇ ਆਪਣੀ ਦੁਸ਼ਟਤਾ ਦੇ ਨਾਲ ਸੱਚਾਈ ਨੂੰ ਪ੍ਰਗਟ ਹੋਣ ਤੋਂ ਰੋਕ ਕੇ ਰੱਖਿਆ ਹੈ ।

19 ਕਿਉਂਕਿ ਜੋ ਕੁਝ ਮਨੁੱਖ ਪਰਮੇਸ਼ਰ ਦੇ ਬਾਰੇ ਜਾਣ ਸਕਦੇ ਹਨ, ਉਹ ਉਹਨਾਂ ਦੇ ਸਾਹਮਣੇ ਸਾਫ਼ ਪ੍ਰਗਟ ਹੈ ਕਿਉਂਕਿ ਪਰਮੇਸ਼ਰ ਨੇ ਆਪ ਇਸ ਨੂੰ ਉਹਨਾਂ ਉੱਤੇ ਪ੍ਰਗਟ ਕੀਤਾ ਹੈ ।

20 ਪਰਮੇਸ਼ਰ ਦੇ ਅਣਦੇਖੇ ਗੁਣ, ਉਹਨਾਂ ਦੀ ਸਦੀਵੀ ਸਮਰੱਥਾ ਅਤੇ ਉਹਨਾਂ ਦਾ ਪਰਮੇਸ਼ਰੀ ਸੁਭਾਅ ਸ਼ੁਰੂ ਤੋਂ ਹੀ ਸੰਸਾਰ ਦੀ ਰਚਨਾ ਵਿੱਚ ਦੇਖੇ ਜਾ ਸਕਦੇ ਹਨ । ਇਹ ਉਹਨਾਂ ਦੀਆਂ ਰਚੀਆਂ ਹੋਈਆਂ ਚੀਜ਼ਾਂ ਵਿੱਚ ਅਨੁਭਵ ਕੀਤੇ ਜਾ ਸਕਦੇ ਹਨ, ਇਸ ਲਈ ਉਹਨਾਂ ਕੋਲ ਕੋਈ ਬਹਾਨਾ ਨਹੀਂ ।

21 ਲੋਕਾਂ ਨੇ ਪਰਮੇਸ਼ਰ ਨੂੰ ਜਾਣਦੇ ਹੋਏ ਵੀ ਉਹਨਾਂ ਨੂੰ ਉਹ ਆਦਰ ਨਾ ਦਿੱਤਾ ਜਿਹੜਾ ਉਹਨਾਂ ਦਾ ਬਣਦਾ ਸੀ ਅਤੇ ਨਾ ਹੀ ਉਹਨਾਂ ਨੇ ਪਰਮੇਸ਼ਰ ਦਾ ਧੰਨਵਾਦ ਕੀਤਾ । ਇਸ ਲਈ ਉਹਨਾਂ ਦੀਆਂ ਸਭ ਸੋਚਾਂ ਨਿਕੰਮੀਆਂ ਹੋ ਗਈਆਂ ਅਤੇ ਉਹਨਾਂ ਦੇ ਮੂਰਖ ਦਿਲ ਹਨੇਰੇ ਹੋ ਗਏ ।

22 ਉਹਨਾਂ ਨੇ ਆਪਣੇ ਆਪ ਨੂੰ ਸਮਝਦਾਰ ਸਮਝਿਆ ਪਰ ਉਹ ਮੂਰਖ ਸਿੱਧ ਹੋਏ ।

23 ਉਹਨਾਂ ਨੇ ਅਵਿਨਾਸ਼ੀ ਪਰਮੇਸ਼ਰ ਦੀ ਵਡਿਆਈ ਕਰਨ ਦੀ ਥਾਂ ਨਾਸ਼ਵਾਨ ਮਨੁੱਖ, ਪੰਛੀਆਂ, ਪਸ਼ੂਆਂ ਅਤੇ ਸੱਪਾਂ ਦੀਆਂ ਮੂਰਤੀਆਂ ਦੀ ਵਡਿਆਈ ਕੀਤੀ ।

24 ਇਸ ਕਾਰਨ ਪਰਮੇਸ਼ਰ ਨੇ ਉਹਨਾਂ ਦੇ ਦਿਲਾਂ ਦੀਆਂ ਹੀ ਦੁਸ਼ਟ ਇੱਛਾਵਾਂ ਦੇ ਵਿੱਚ ਉਹਨਾਂ ਨੂੰ ਛੱਡ ਦਿੱਤਾ ਕਿ ਉਹ ਆਪਸ ਵਿੱਚ ਸ਼ਰਮਨਾਕ ਕੰਮ ਕਰ ਕੇ ਆਪਣੇ ਸਰੀਰਾਂ ਨੂੰ ਅਪਵਿੱਤਰ ਕਰਨ ।

25 ਉਹਨਾਂ ਨੇ ਪਰਮੇਸ਼ਰ ਦੀ ਸੱਚਾਈ ਨੂੰ ਝੂਠ ਵਿੱਚ ਬਦਲ ਦਿੱਤਾ । ਉਹਨਾਂ ਨੇ ਸ੍ਰਿਸ਼ਟੀ ਦੀ ਪੂਜਾ ਅਤੇ ਸੇਵਾ ਕੀਤੀ ਬਜਾਏ ਸ੍ਰਿਸ਼ਟੀ ਕਰਤਾ ਦੇ ਜਿਹੜੇ ਅਨੰਤਕਾਲ ਤੱਕ ਵਡਿਆਈ ਦੇ ਯੋਗ ਹਨ । ਆਮੀਨ ।

26 ਇਸ ਲਈ ਪਰਮੇਸ਼ਰ ਨੇ ਉਹਨਾਂ ਨੂੰ ਸ਼ਰਮਨਾਕ ਵਾਸਨਾਵਾਂ ਵਿੱਚ ਛੱਡ ਦਿੱਤਾ ਇੱਥੋਂ ਤੱਕ ਕਿ ਉਹਨਾਂ ਦੀਆਂ ਔਰਤਾਂ ਕੁਦਰਤੀ ਸੰਬੰਧ ਦੀ ਥਾਂ ਗ਼ੈਰ-ਕੁਦਰਤੀ ਸੰਬੰਧ ਰੱਖਣ ਲੱਗੀਆਂ ।

27 ਇਸੇ ਤਰ੍ਹਾਂ ਆਦਮੀ ਵੀ ਆਪਣੀਆਂ ਔਰਤਾਂ ਨਾਲੋਂ ਕੁਦਰਤੀ ਸੰਬੰਧ ਤੋੜ ਕੇ ਆਪਸ ਵਿੱਚ ਇੱਕ ਦੂਜੇ ਦੇ ਲਈ ਕਾਮਵਾਸ਼ਨਾ ਵਿੱਚ ਸੜਨ ਲੱਗੇ । ਇਸ ਤਰ੍ਹਾਂ ਆਦਮੀਆਂ ਨੇ ਆਦਮੀਆਂ ਦੇ ਨਾਲ ਹੀ ਦੁਸ਼ਟ ਕੰਮ ਕਰ ਕੇ ਆਪਣੇ ਕੰਮਾਂ ਦੀ ਠੀਕ ਸਜ਼ਾ ਪਾਈ ।

28 ਉਹਨਾਂ ਲੋਕਾਂ ਨੇ ਪਰਮੇਸ਼ਰ ਬਾਰੇ ਗਿਆਨ ਨੂੰ ਮਾਨਤਾ ਦੇਣਾ ਠੀਕ ਨਾ ਸਮਝਿਆ । ਇਸ ਲਈ ਪਰਮੇਸ਼ਰ ਨੇ ਵੀ ਉਹਨਾਂ ਨੂੰ ਉਹਨਾਂ ਦੀ ਭ੍ਰਿਸ਼ਟ ਬੁੱਧੀ ਦੇ ਸਹਾਰੇ ਛੱਡ ਦਿੱਤਾ ਕਿ ਉਹ ਅਜਿਹੇ ਕੰਮ ਕਰਨ ਜਿਹੜੇ ਉਹਨਾਂ ਨੂੰ ਨਹੀਂ ਕਰਨੇ ਚਾਹੀਦੇ ।

29 ਉਹ ਹਰ ਤਰ੍ਹਾਂ ਦੀ ਦੁਸ਼ਟਤਾ, ਬੁਰਾਈ, ਲੋਭ ਅਤੇ ਵੈਰ ਨਾਲ ਭਰ ਗਏ । ਉਹ ਈਰਖਾ, ਕਤਲ, ਝਗੜੇ, ਧੋਖਾ ਅਤੇ ਬਦਨੀਤੀ ਨਾਲ ਭਰਪੂਰ ਹੋ ਗਏ । ਉਹ ਚੁਗਲਖੋਰ,

30 ਨਿੰਦਕ, ਪਰਮੇਸ਼ਰ ਦੇ ਵੈਰੀ, ਢੀਠ, ਘਮੰਡੀ, ਸ਼ੇਖੀਬਾਜ਼, ਬਦੀਆਂ ਦੇ ਉਸਤਾਦ, ਮਾਤਾ-ਪਿਤਾ ਦਾ ਕਹਿਣਾ ਨਾ ਮੰਨਣ ਵਾਲੇ,

31 ਬੁੱਧੀਹੀਣ, ਅਵਿਸ਼ਵਾਸੀ, ਬਿਨਾਂ ਪਿਆਰ ਦੇ, ਬਿਨਾਂ ਦਇਆ ਦੇ ਹੋ ਗਏ ।

32 ਉਹ ਪਰਮੇਸ਼ਰ ਦੇ ਫ਼ੈਸਲੇ ਨੂੰ ਜਾਣਦੇ ਹੋਏ ਕਿ ਅਜਿਹੇ ਕੰਮ ਕਰਨ ਵਾਲਿਆਂ ਦੀ ਸਜ਼ਾ ਮੌਤ ਹੈ, ਉਹ ਨਾ ਕੇਵਲ ਆਪ ਅਜਿਹੇ ਕੰਮ ਕਰਦੇ ਹਨ ਸਗੋਂ ਇਸ ਤਰ੍ਹਾਂ ਦੇ ਕੰਮ ਕਰਨ ਵਾਲਿਆਂ ਨਾਲ ਸਹਿਮਤ ਵੀ ਹੁੰਦੇ ਹਨ ।

Punjabi Common Language (North American Version):

Text © 2021 Canadian Bible Society and Bible Society of India

Bible Society of India
Volg ons:



Advertensies