ਪ੍ਰਕਾਸ਼ ਪੱਤਰ 1 - ਪਵਿੱਤਰ ਬਾਈਬਲ (Revised Common Language North American Edition)1 ਇਹ ਯਿਸੂ ਮਸੀਹ ਦਾ ਪ੍ਰਕਾਸ਼ਨ ਹੈ ਜਿਹੜਾ ਪਰਮੇਸ਼ਰ ਨੇ ਪ੍ਰਭੂ ਯਿਸੂ ਨੂੰ ਆਪਣੇ ਸੇਵਕਾਂ ਦੇ ਉੱਤੇ ਪ੍ਰਗਟ ਕਰਨ ਦੇ ਲਈ ਦਿੱਤਾ । ਮਸੀਹ ਨੇ ਇਸ ਦੇ ਬਾਰੇ ਜੋ ਥੋੜ੍ਹੇ ਹੀ ਸਮੇਂ ਬਾਅਦ ਹੋਣ ਵਾਲਾ ਹੈ, ਆਪਣੇ ਸਵਰਗਦੂਤ ਨੂੰ ਭੇਜ ਕੇ ਆਪਣੇ ਸੇਵਕ ਯੂਹੰਨਾ ਦੇ ਉੱਤੇ ਪ੍ਰਗਟ ਕੀਤਾ 2 ਜਿਸ ਨੇ ਪਰਮੇਸ਼ਰ ਦੇ ਸੰਦੇਸ਼ ਅਤੇ ਮਸੀਹ ਯਿਸੂ ਦੇ ਬਾਰੇ ਜੋ ਕੁਝ ਦੇਖਿਆ ਉਸ ਦੀ ਗਵਾਹੀ ਦਿੱਤੀ ਹੈ । 3 ਧੰਨ ਹੈ ਉਹ ਜਿਹੜਾ ਇਸ ਭਵਿੱਖਬਾਣੀ ਦੇ ਵਚਨਾਂ ਨੂੰ ਪੜ੍ਹਦਾ ਹੈ ਅਤੇ ਧੰਨ ਹਨ ਉਹ ਜਿਹੜੇ ਇਸ ਨੂੰ ਸੁਣਦੇ ਅਤੇ ਇਸ ਵਿੱਚ ਲਿਖੀਆਂ ਗੱਲਾਂ ਦੀ ਪਾਲਣਾ ਕਰਦੇ ਹਨ ਕਿਉਂਕਿ ਅੰਤ ਦਾ ਸਮਾਂ ਨੇੜੇ ਹੈ । ਸੱਤ ਕਲੀਸੀਯਾਵਾਂ ਨੂੰ ਨਮਸਕਾਰ 4 ਯੂਹੰਨਾ ਦੇ ਵੱਲੋਂ ਏਸ਼ੀਆ ਦੀਆਂ ਸੱਤ ਕਲੀਸੀਯਾਵਾਂ ਦੇ ਨਾਂ, ਪਰਮੇਸ਼ਰ ਦੇ ਵੱਲੋਂ ਜਿਹੜੇ ਹਨ, ਜਿਹੜੇ ਸਨ ਅਤੇ ਜਿਹੜੇ ਆ ਰਹੇ ਹਨ ਅਤੇ ਉਹਨਾਂ ਸੱਤ ਆਤਮਾਵਾਂ ਦੇ ਵੱਲੋਂ ਜਿਹੜੀਆਂ ਪਰਮੇਸ਼ਰ ਦੇ ਸਿੰਘਾਸਣ ਦੇ ਸਾਹਮਣੇ ਹਨ 5 ਅਤੇ ਯਿਸੂ ਮਸੀਹ ਦੇ ਵੱਲੋਂ ਜਿਹੜੇ ਸੱਚੇ ਗਵਾਹ, ਮੁਰਦਿਆਂ ਵਿੱਚੋਂ ਸਾਰਿਆਂ ਤੋਂ ਪਹਿਲਾਂ ਜੀਅ ਉੱਠਣ ਵਾਲੇ ਅਤੇ ਸਾਰੀ ਧਰਤੀ ਦੇ ਰਾਜਿਆਂ ਦੇ ਅਧਿਕਾਰੀ ਹਨ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ । ਉਹ ਜਿਹੜੇ ਸਾਨੂੰ ਪਿਆਰ ਕਰਦੇ ਅਤੇ ਜਿਹਨਾਂ ਨੇ ਸਾਨੂੰ ਆਪਣੀ ਮੌਤ ਦੇ ਦੁਆਰਾ ਸਾਡੇ ਪਾਪਾਂ ਤੋਂ ਛੁਟਕਾਰਾ ਦਿੱਤਾ ਹੈ 6 ਅਤੇ ਜਿਹਨਾਂ ਨੇ ਸਾਨੂੰ ਆਪਣੇ ਪਰਮੇਸ਼ਰ ਅਤੇ ਪਿਤਾ ਦੀ ਸੇਵਾ ਦੇ ਲਈ ਇੱਕ ਰਾਜ ਅਤੇ ਪੁਰੋਹਿਤ ਬਣਾਇਆ, ਉਹਨਾਂ ਦੀ ਮਹਿਮਾ ਅਤੇ ਸਮਰੱਥਾ ਅਨੰਤਕਾਲ ਤੱਕ ਹੋਵੇ ! ਆਮੀਨ । 7 ਦੇਖੋ ! ਉਹ ਬੱਦਲਾਂ ਦੇ ਉੱਤੇ ਆ ਰਹੇ ਹਨ ! ਹਰ ਇੱਕ ਅੱਖ ਉਹਨਾਂ ਨੂੰ ਦੇਖੇਗੀ ਅਤੇ ਉਹ ਵੀ ਜਿਹਨਾਂ ਨੇ ਉਹਨਾਂ ਨੂੰ ਵਿੰਨ੍ਹਿਆ ਸੀ । ਧਰਤੀ ਦੀਆਂ ਸਾਰੀਆਂ ਕੌਮਾਂ ਉਹਨਾਂ ਦੇ ਲਈ ਸੋਗ ਮਨਾਉਣਗੀਆਂ । ਹਾਂ ਇਹ ਸੱਚ ਹੈ ! ਆਮੀਨ । 8 ਪ੍ਰਭੂ ਪਰਮੇਸ਼ਰ ਕਹਿੰਦੇ ਹਨ, “ਮੈਂ ਆਦਿ ਅਤੇ ਅੰਤ ਹਾਂ । ਮੈਂ ਸਰਵਸ਼ਕਤੀਮਾਨ ਹਾਂ, ਜਿਹੜਾ ਹੈ, ਜਿਹੜਾ ਸੀ ਅਤੇ ਜਿਹੜਾ ਆਉਣ ਵਾਲਾ ਹੈ ।” ਮਸੀਹ ਦਾ ਦਰਸ਼ਨ 9 ਮੈਂ ਯੂਹੰਨਾ ਤੁਹਾਡਾ ਭਰਾ, ਯਿਸੂ ਦੇ ਲਈ ਧੀਰਜ ਦੇ ਨਾਲ ਦੁੱਖ ਸਹਿਣ ਅਤੇ ਰਾਜ ਵਿੱਚ ਸਾਂਝੀ ਹਾਂ । ਮੈਂ ਪਰਮੇਸ਼ਰ ਦੇ ਵਚਨ ਦੇ ਪ੍ਰਚਾਰ ਕਰਨ ਅਤੇ ਯਿਸੂ ਦੀ ਗਵਾਹੀ ਦੇਣ ਦੇ ਕਾਰਨ ਪਾਤਮੁਸ ਟਾਪੂ ਦੇ ਉੱਤੇ ਸੀ । 10 ਪ੍ਰਭੂ ਦੇ ਦਿਨ ਭਾਵ ਹਫ਼ਤੇ ਦੇ ਪਹਿਲੇ ਦਿਨ ਮੈਂ ਪਵਿੱਤਰ ਆਤਮਾ ਵਿੱਚ ਆਪਣੇ ਪਿੱਛੇ ਇੱਕ ਤੁਰ੍ਹੀ ਵਰਗੀ ਉੱਚੀ ਆਵਾਜ਼ ਇਹ ਕਹਿੰਦੀ ਸੁਣੀ, 11 “ਜੋ ਕੁਝ ਤੂੰ ਦੇਖਦਾ ਹੈਂ ਉਸ ਨੂੰ ਇੱਕ ਸਕ੍ਰੋਲ ਵਿੱਚ ਲਿਖ ਅਤੇ ਇਹਨਾਂ ਸੱਤ ਕਲੀਸੀਯਾਵਾਂ ਅਫ਼ਸੁਸ, ਸਮੁਰਨੇ, ਪਰਗਮੁਮ, ਥੂਆਤੀਰਾ, ਸਾਰਦੀਸ, ਫ਼ਿਲਾਦੇਲਫ਼ੀਯਾ ਅਤੇ ਲਾਉਦੀਕਿਯਾ ਨੂੰ ਭੇਜ ।” 12 ਤਦ ਇਸ ਆਵਾਜ਼ ਨੂੰ ਸੁਣ ਕੇ, ਮੈਂ ਪਿੱਛੇ ਮੁੜ ਕੇ ਦੇਖਿਆ ਕਿ ਮੇਰੇ ਨਾਲ ਕੌਣ ਗੱਲ ਕਰ ਰਿਹਾ ਸੀ ਅਤੇ ਮੈਂ ਸੋਨੇ ਦੇ ਸੱਤ ਸ਼ਮਾਦਾਨ ਦੇਖੇ 13 ਅਤੇ ਉਹਨਾਂ ਦੇ ਵਿਚਕਾਰ ਮਨੁੱਖ ਦੇ ਪੁੱਤਰ ਵਰਗਾ ਕੋਈ ਸੀ ਜਿਹਨਾਂ ਨੇ ਪੈਰਾਂ ਤੱਕ ਇੱਕ ਲੰਮਾ ਚੋਗਾ ਪਾਇਆ ਹੋਇਆ ਸੀ ਅਤੇ ਛਾਤੀ ਦੇ ਦੁਆਲੇ ਮੋਢੇ ਤੋਂ ਲੈ ਕੇ ਲੱਕ ਤੱਕ ਸੋਨੇ ਦੀ ਪੇਟੀ ਪਾਈ ਹੋਈ ਸੀ । 14 ਉਹਨਾਂ ਦੇ ਸਿਰ ਦੇ ਵਾਲ ਉੱਨ ਦੀ ਤਰ੍ਹਾਂ ਅਤੇ ਬਰਫ਼ ਦੀ ਤਰ੍ਹਾਂ ਚਿੱਟੇ ਸਨ ਅਤੇ ਉਹਨਾਂ ਦੀਆਂ ਅੱਖਾਂ ਵਿੱਚ ਅੱਗ ਵਰਗੀ ਚਮਕ ਸੀ । 15 ਉਹਨਾਂ ਦੇ ਪੈਰ ਭੱਠੀ ਦੇ ਵਿੱਚ ਪਿਘਲਾ ਕੇ ਸਾਫ਼ ਕੀਤੀ ਹੋਈ ਕੀਮਤੀ ਧਾਤ ਵਰਗੇ ਚਮਕੀਲੇ ਸਨ ਅਤੇ ਉਹਨਾਂ ਦੀ ਆਵਾਜ਼ ਤੇਜ਼ ਵਗਦੇ ਪਾਣੀਆਂ ਦੀ ਜ਼ੋਰਦਾਰ ਆਵਾਜ਼ ਵਰਗੀ ਸੀ । 16 ਉਹਨਾਂ ਦੇ ਸੱਜੇ ਹੱਥ ਵਿੱਚ ਸੱਤ ਤਾਰੇ ਸਨ । ਉਹਨਾਂ ਦੇ ਮੂੰਹ ਵਿੱਚੋਂ ਦੋਧਾਰੀ ਤੇਜ਼ ਤਲਵਾਰ ਨਿੱਕਲ ਰਹੀ ਸੀ ਅਤੇ ਉਹਨਾਂ ਦਾ ਚਿਹਰਾ ਦੁਪਿਹਰ ਦੇ ਚਮਕਦੇ ਸੂਰਜ ਵਰਗਾ ਸੀ । 17 ਜਦੋਂ ਮੈਂ ਉਹਨਾਂ ਨੂੰ ਦੇਖਿਆ ਤਾਂ ਮੈਂ ਉਹਨਾਂ ਦੇ ਚਰਨਾਂ ਵਿੱਚ ਮੁਰਦੇ ਦੀ ਤਰ੍ਹਾਂ ਡਿੱਗ ਪਿਆ ਪਰ ਉਹਨਾਂ ਨੇ ਆਪਣਾ ਸੱਜਾ ਹੱਥ ਮੇਰੇ ਉੱਤੇ ਰੱਖ ਕੇ ਕਿਹਾ, “ਨਾ ਡਰ ! ਮੈਂ ਆਦਿ ਅਤੇ ਅੰਤ ਹਾਂ । 18 ਮੈਂ ਜਿਊਂਦਾ ਹਾਂ, ਮੈਂ ਮਰ ਗਿਆ ਸੀ ਅਤੇ ਦੇਖੋ, ਮੈਂ ਅਨੰਤਕਾਲ ਤੱਕ ਜਿਊਂਦਾ ਰਹਾਂਗਾ । ਮੌਤ ਅਤੇ ਪਤਾਲ ਦੀਆਂ ਕੁੰਜੀਆਂ ਮੇਰੇ ਕੋਲ ਹਨ । 19 ਇਸ ਲਈ ਜੋ ਕੁਝ ਤੂੰ ਦੇਖਿਆ ਹੈ, ਜੋ ਕੁਝ ਇਸ ਸਮੇਂ ਹੋ ਰਿਹਾ ਹੈ ਅਤੇ ਜੋ ਕੁਝ ਇਸ ਦੇ ਬਾਅਦ ਹੋਣ ਵਾਲਾ ਹੈ, ਉਸ ਨੂੰ ਲਿਖ । 20 ਇਹਨਾਂ ਸੱਤਾਂ ਤਾਰਿਆਂ ਦਾ, ਜਿਹੜੇ ਤੂੰ ਮੇਰੇ ਹੱਥ ਵਿੱਚ ਦੇਖੇ ਹਨ ਅਤੇ ਸੱਤ ਸ਼ਮਾਦਾਨਾਂ ਦਾ ਭੇਤ ਇਹ ਹੈ, ਇਹ ਸੱਤ ਤਾਰੇ, ਸੱਤ ਕਲੀਸੀਯਾਵਾਂ ਦੇ ਸੱਤ ਸਵਰਗਦੂਤ ਹਨ ਅਤੇ ਇਹ ਸੱਤ ਸ਼ਮਾਦਾਨ, ਸੱਤ ਕਲੀਸੀਯਾਵਾਂ ਹਨ ।” |
Punjabi Common Language (North American Version):
Text © 2021 Canadian Bible Society and Bible Society of India
Bible Society of India