ਫ਼ਿਲਿੱਪੈ 1 - ਪਵਿੱਤਰ ਬਾਈਬਲ (Revised Common Language North American Edition)1 ਪੌਲੁਸ ਅਤੇ ਤਿਮੋਥਿਉਸ ਦੇ ਵਲੋਂ, ਜਿਹੜੇਮਸੀਹ ਯਿਸੂ ਦੇ ਸੇਵਕ ਹਨ, ਫ਼ਿਲਿੱਪੈ ਦੇ ਸਾਰੇ ਲੋਕਾਂ, ਉਹਨਾਂ ਦੇ ਨਿਗਾਹਬਾਨਾਂ ਅਤੇ ਸੇਵਾਦਾਰਾਂ ਨੂੰ ਜਿਹੜੇ ਮਸੀਹ ਯਿਸੂ ਦੇ ਵਿੱਚ ਹੋਣ ਦੇ ਕਾਰਨ ਪਰਮੇਸ਼ਰ ਦੇ ਲੋਕ ਹਨ, 2 ਪਰਮੇਸ਼ਰ ਸਾਡੇ ਪਿਤਾ ਅਤੇ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਤੁਹਾਨੂੰ ਕਿਰਪਾ ਅਤੇ ਸ਼ਾਂਤੀ ਮਿਲੇ ! ਪੌਲੁਸ ਦੀ ਪ੍ਰਾਰਥਨਾ 3 ਜਦੋਂ ਵੀ ਮੈਨੂੰ ਤੁਹਾਡੀ ਸਭ ਦੀ ਯਾਦ ਆਉਂਦੀ ਹੈ ਤਾਂ ਮੈਂ ਆਪਣੇ ਪਰਮੇਸ਼ਰ ਦਾ ਧੰਨਵਾਦ ਕਰਦਾ ਹਾਂ । 4 ਮੈਂ ਹਮੇਸ਼ਾ ਤੁਹਾਡੇ ਲਈ ਪ੍ਰਾਰਥਨਾ ਕਰਦਾ ਹਾਂ ਅਤੇ ਮੇਰੀ ਪ੍ਰਾਰਥਨਾ ਅਨੰਦ ਨਾਲ ਭਰੀ ਹੁੰਦੀ ਹੈ । 5 ਕਿਉਂਕਿ ਪਹਿਲੇ ਦਿਨ ਤੋਂ ਲੈ ਕੇ ਇਸ ਸਮੇਂ ਤੱਕ ਤੁਸੀਂ ਸ਼ੁਭ ਸਮਾਚਾਰ ਦੇ ਪ੍ਰਚਾਰ ਵਿੱਚ ਮੇਰੇ ਸਾਂਝੀ ਰਹੇ ਹੋ । 6 ਮੇਰਾ ਇਹ ਪੱਕਾ ਭਰੋਸਾ ਹੈ ਕਿ ਜਿਸ ਪਰਮੇਸ਼ਰ ਨੇ ਤੁਹਾਡੇ ਵਿੱਚ ਇੱਕ ਭਲਾ ਕੰਮ ਸ਼ੁਰੂ ਕੀਤਾ ਹੈ, ਉਹ ਹੀ ਇਸ ਨੂੰ ਮਸੀਹ ਯਿਸੂ ਦੇ ਦਿਨ ਤੱਕ ਪੂਰਾ ਵੀ ਕਰਨਗੇ । 7 ਮੇਰੇ ਲਈ ਇਹ ਠੀਕ ਹੈ ਕਿ ਮੈਂ ਤੁਹਾਡੇ ਸਾਰਿਆਂ ਦੇ ਲਈ ਅਜਿਹੇ ਵਿਚਾਰ ਰੱਖਾਂ ਕਿਉਂਕਿ ਮੇਰੇ ਦਿਲ ਵਿੱਚ ਤੁਹਾਡੇ ਲਈ ਇੱਕ ਖ਼ਾਸ ਜਗ੍ਹਾ ਹੈ । ਤੁਸੀਂ ਮੇਰੇ ਨਾਲ ਕਿਰਪਾ ਦੇ ਵਿੱਚ ਸਾਂਝੀ ਰਹੇ ਹੋ । ਭਾਂਵੇ ਮੈਂ ਕੈਦ ਵਿੱਚ ਹਾਂ ਜਾਂ ਸ਼ੁਭ ਸਮਾਚਾਰ ਦੀ ਰੱਖਿਆ ਅਤੇ ਪੁਸ਼ਟੀ ਕਰਨ ਲਈ ਸੱਦਿਆ ਗਿਆ ਹਾਂ । 8 ਪਰਮੇਸ਼ਰ ਆਪ ਮੇਰੇ ਗਵਾਹ ਹਨ ਕਿ ਕਿਸ ਤਰ੍ਹਾਂ ਮਸੀਹ ਯਿਸੂ ਦੇ ਪਿਆਰ ਨਾਲ ਮੇਰੇ ਦਿਲ ਵਿੱਚ ਤੁਹਾਡੇ ਲਈ ਤਾਂਘ ਹੈ । 9 ਮੇਰੀ ਪ੍ਰਾਰਥਨਾ ਇਹ ਹੈ ਕਿ ਤੁਹਾਡਾ ਪਿਆਰ ਹੋਰ ਜ਼ਿਆਦਾ ਵੱਧਦਾ ਜਾਵੇ ਅਤੇ ਤੁਸੀਂ ਸੰਪੂਰਨ ਗਿਆਨ ਅਤੇ ਸਾਰੀ ਸਮਝ ਨਾਲ ਭਰਪੂਰ ਹੁੰਦੇ ਜਾਵੋ 10 ਤਾਂ ਜੋ ਤੁਸੀਂ ਜੋ ਉੱਤਮ ਹੈ ਉਸ ਦੀ ਪਰਖ ਕਰ ਸਕੋ ਅਤੇ ਮਸੀਹ ਦਾ ਦਿਨ ਆਉਣ ਤੱਕ ਸ਼ੁੱਧ ਅਤੇ ਨਿਰਦੋਸ਼ ਠਹਿਰੋ । 11 ਪਰਮੇਸ਼ਰ ਦੀ ਮਹਿਮਾ ਅਤੇ ਉਸਤਤ ਦੇ ਲਈ ਉਸ ਭਲਾਈ ਦਾ ਫਲ ਪੈਦਾ ਕਰੋ ਜਿਹੜਾ ਕੇਵਲ ਯਿਸੂ ਮਸੀਹ ਤੋਂ ਮਿਲ ਸਕਦਾ ਹੈ । ਸ਼ੁਭ ਸਮਾਚਾਰ ਦਾ ਵਾਧਾ 12 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਜੋ ਕੁਝ ਮੇਰੇ ਨਾਲ ਹੋਇਆ ਹੈ, ਇਸ ਦੇ ਦੁਆਰਾ ਸ਼ੁਭ ਸਮਾਚਾਰ ਦਾ ਵਾਧਾ ਹੀ ਹੋਇਆ ਹੈ । 13 ਇੱਥੋਂ ਤੱਕ ਕਿ ਮੇਰੇ ਉੱਤੇ ਲੱਗੇ ਪਹਿਰੇਦਾਰ ਅਤੇ ਬਾਕੀ ਸਾਰੇ ਲੋਕਾਂ ਉੱਤੇ ਪ੍ਰਗਟ ਹੋ ਗਿਆ ਹੈ ਕਿ ਮੈਂ ਮਸੀਹ ਦੇ ਕਾਰਨ ਹੀ ਕੈਦ ਵਿੱਚ ਹਾਂ । 14 ਮੇਰੀ ਕੈਦ ਦੇ ਰਾਹੀਂ ਬਹੁਤ ਸਾਰੇ ਹੋਰ ਮਸੀਹੀ ਭਰਾਵਾਂ ਅਤੇ ਭੈਣਾਂ ਨੂੰ ਨਿਡਰਤਾ ਅਤੇ ਦਲੇਰੀ ਨਾਲ ਪਰਮੇਸ਼ਰ ਦੇ ਸ਼ੁਭ ਸਮਾਚਾਰ ਨੂੰ ਸੁਣਾਉਣ ਦਾ ਉਤਸ਼ਾਹ ਮਿਲਿਆ ਹੈ । 15 ਉਹਨਾਂ ਵਿੱਚੋਂ ਕੁਝ ਤਾਂ ਕੇਵਲ ਆਪਣੀ ਈਰਖਾ ਅਤੇ ਵਿਰੋਧੀ ਭਾਵਨਾਵਾਂ ਦੇ ਕਾਰਨ ਹੀ ਪ੍ਰਚਾਰ ਕਰਦੇ ਹਨ ਪਰ ਕੁਝ ਅਜਿਹੇ ਵੀ ਹਨ ਜਿਹੜੇ ਸੱਚੇ ਦਿਲ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ 16 ਜਿਹੜੇ ਮਸੀਹੀ ਪਿਆਰ ਦੇ ਕਾਰਨ ਇਹ ਕੰਮ ਕਰਦੇ ਹਨ ਅਤੇ ਜਾਣਦੇ ਹਨ ਕਿ ਮੈਂ ਸ਼ੁਭ ਸਮਾਚਾਰ ਦੀ ਰੱਖਿਆ ਦੇ ਲਈ ਹੀ ਨਿਯੁਕਤ ਕੀਤਾ ਗਿਆ ਹਾਂ 17 ਪਰ ਕੁਝ ਅਜਿਹੇ ਵੀ ਹਨ ਜਿਹੜੇ ਸੱਚਾਈ ਨਾਲ ਨਹੀਂ ਸਗੋਂ ਸੁਆਰਥ ਨਾਲ ਮਸੀਹ ਦਾ ਪ੍ਰਚਾਰ ਕਰਦੇ ਹਨ ਕਿ ਇਸ ਤਰ੍ਹਾਂ ਕਰਨ ਨਾਲ ਉਹ ਮੇਰੇ ਕੈਦ ਦੇ ਦੁੱਖਾਂ ਵਿੱਚ ਵਾਧਾ ਕਰਨ । 18 ਫਿਰ ਕੀ ਹੋਇਆ ? ਹਰ ਹਾਲਤ ਵਿੱਚ ਭਾਵੇਂ ਸਹੀ ਭਾਵੇਂ ਗ਼ਲਤ ਇਰਾਦੇ ਨਾਲ, ਪ੍ਰਚਾਰ ਤਾਂ ਮਸੀਹ ਦਾ ਹੀ ਹੋ ਰਿਹਾ ਹੈ । ਇਸ ਦੇ ਲਈ ਮੈਂ ਅਨੰਦਿਤ ਹਾਂ ਅਤੇ ਅਨੰਦ ਕਰਦਾ ਰਹਾਂਗਾ 19 ਕਿਉਂਕਿ ਮੈਂ ਜਾਣਦਾ ਹਾਂ ਕਿ ਤੁਹਾਡੀਆਂ ਪ੍ਰਾਰਥਨਾਵਾਂ ਅਤੇ ਯਿਸੂ ਮਸੀਹ ਦੇ ਆਤਮਾ ਦੀ ਸਹਾਇਤਾ ਦੇ ਦੁਆਰਾ ਮੈਨੂੰ ਮੁਕਤੀ ਜ਼ਰੂਰ ਮਿਲੇਗੀ । 20 ਮੇਰੇ ਮਨ ਦੀ ਇੱਛਾ ਅਤੇ ਮੈਨੂੰ ਪੂਰੀ ਆਸ ਹੈ ਕਿ ਮੈਂ ਕਿਸੇ ਵੀ ਤਰ੍ਹਾਂ ਸ਼ਰਮਿੰਦਾ ਨਾ ਹੋਵਾਂ ਪਰ ਪੂਰੀ ਦਲੇਰੀ ਨਾਲ ਭਾਵੇਂ ਮੈਂ ਜੀਵਾਂ ਜਾਂ ਮਰਾਂ ਜਿਵੇਂ ਮੇਰੇ ਸਰੀਰ ਵਿੱਚ ਮਸੀਹ ਦੀ ਮਹਿਮਾ ਹੁੰਦੀ ਆਈ ਹੈ ਹਮੇਸ਼ਾ ਹੁੰਦੀ ਰਹੇ । 21 ਮੇਰੇ ਲਈ ਜਿਉੂਣਾ ਮਸੀਹ ਹੈ ਅਤੇ ਮਰਨਾ ਲਾਭ ਹੈ । 22 ਪਰ ਜੇਕਰ ਮੈਂ ਸਰੀਰ ਵਿੱਚ ਜਿਊਂਦਾ ਹਾਂ ਤਾਂ ਇਸ ਦਾ ਅਰਥ ਹੈ ਕਿ ਆਪਣੀ ਮਿਹਨਤ ਦਾ ਫਲ ਪ੍ਰਾਪਤ ਕਰਾਂ ਪਰ ਮੈਂ ਨਹੀਂ ਜਾਣਦਾ ਕਿ ਮੈਂ ਕਿਸ ਨੂੰ ਚੁਣਾਂ ! 23 ਮੈਂ ਦੁਬਿਧਾ ਵਿੱਚ ਫਸਿਆ ਹੋਇਆ ਹਾਂ । ਮੇਰੀ ਇੱਛਾ ਤਾਂ ਇਹ ਹੈ ਕਿ ਮੈਂ ਇਸ ਜੀਵਨ ਤੋਂ ਵਿਦਾ ਲਵਾਂ ਅਤੇ ਮਸੀਹ ਦੇ ਕੋਲ ਜਾ ਰਹਾਂ । ਇਹ ਮੇਰੇ ਲਈ ਸਭ ਤੋਂ ਉੱਤਮ ਹੈ । 24 ਪਰ ਤੁਹਾਡੀ ਖ਼ਾਤਰ ਇਹ ਹੋਰ ਵੀ ਜ਼ਰੂਰੀ ਹੈ ਕਿ ਮੈਂ ਜਿਊਂਦਾ ਰਹਾਂ । 25 ਇਸ ਦਾ ਮੈਨੂੰ ਪੱਕਾ ਭਰੋਸਾ ਹੈ ਅਤੇ ਮੈਂ ਜਾਣਦਾ ਹਾਂ ਕਿ ਮੈਂ ਜੀਵਾਂਗਾ ਅਤੇ ਤੁਹਾਡੀ ਮਦਦ ਅਤੇ ਤੁਹਾਡੇ ਵਿਸ਼ਵਾਸ ਦੇ ਵਾਧੇ ਦੀ ਖ਼ੁਸ਼ੀ ਲਈ ਤੁਹਾਡੇ ਕੋਲ ਰਹਾਂਗਾ । 26 ਇਸ ਲਈ ਜਦੋਂ ਮੈਂ ਦੁਬਾਰਾ ਤੁਹਾਡੇ ਕੋਲ ਆਵਾਂਗਾ ਤਾਂ ਮਸੀਹ ਯਿਸੂ ਵਿੱਚ ਤੁਸੀਂ ਮੇਰੇ ਉੱਤੇ ਹੋਰ ਵੀ ਜ਼ਿਆਦਾ ਮਾਣ ਕਰੋਗੇ । 27 ਜ਼ਰੂਰੀ ਗੱਲ ਕੇਵਲ ਇਹ ਹੈ ਕਿ ਤੁਹਾਡਾ ਦੂਜਿਆਂ ਨਾਲ ਹਰ ਰੋਜ਼ ਦਾ ਵਰਤਾਅ ਮਸੀਹ ਦੇ ਸ਼ੁਭ ਸਮਾਚਾਰ ਦੇ ਅਨੁਸਾਰ ਹੋਵੇ । ਭਾਵੇਂ ਮੈਂ ਆਪ ਆ ਕੇ ਤੁਹਾਨੂੰ ਦੇਖਾਂ ਜਾਂ ਤੁਹਾਡੇ ਤੋਂ ਦੂਰ ਹੋਵਾਂ ਪਰ ਹਰ ਹਾਲਤ ਵਿੱਚ ਮੈਂ ਤੁਹਾਡੇ ਬਾਰੇ ਇਹ ਹੀ ਸੁਣਾਂ ਕਿ ਤੁਸੀਂ ਪੂਰੀ ਤਰ੍ਹਾਂ ਨਾਲ ਇੱਕ ਮਨ ਹੋ ਕੇ ਸ਼ੁਭ ਸਮਾਚਾਰ ਦੇ ਵਿਸ਼ਵਾਸ ਲਈ ਸੰਘਰਸ਼ ਕਰਦੇ ਹੋ 28 ਆਪਣੇ ਵਿਰੋਧੀਆਂ ਤੋਂ ਕਿਸੇ ਵੀ ਗੱਲ ਵਿੱਚ ਨਾ ਡਰੋ । ਇਹ ਉਹਨਾਂ ਦੇ ਨਾਸ਼ ਦਾ ਪਰ ਤੁਹਾਡੀ ਮੁਕਤੀ ਦਾ ਸਬੂਤ ਹੈ । ਇਹ ਸਭ ਪਰਮੇਸ਼ਰ ਵੱਲੋਂ ਹੈ । 29 ਕਿਉਂਕਿ ਪਰਮੇਸ਼ਰ ਨੇ ਤੁਹਾਨੂੰ ਮਸੀਹ ਵਿੱਚ ਕੇਵਲ ਵਿਸ਼ਵਾਸ ਦਾ ਹੀ ਨਹੀਂ ਸਗੋਂ ਉਹਨਾਂ ਦੇ ਲਈ ਦੁੱਖ ਸਹਿਣ ਦਾ ਵੀ ਵਰਦਾਨ ਦਿੱਤਾ ਹੈ । 30 ਕਿਉਂਕਿ ਤੁਸੀਂ ਉਹ ਹੀ ਸੰਘਰਸ਼ ਕਰ ਰਹੇ ਹੋ ਜੋ ਤੁਸੀਂ ਮੈਨੂੰ ਕਰਦੇ ਦੇਖਿਆ ਹੈ ਅਤੇ ਹੁਣ ਤੁਸੀਂ ਸੁਣ ਰਹੇ ਹੋ, ਮੈਂ ਅਜੇ ਵੀ ਉਹ ਹੀ ਸੰਘਰਸ਼ ਕਰ ਰਿਹਾ ਹਾਂ । |
Punjabi Common Language (North American Version):
Text © 2021 Canadian Bible Society and Bible Society of India
Bible Society of India